Punjab State Board PSEB 7th Class Social Science Book Solutions Civics Chapter 20 ਰਾਜ ਸਰਕਾਰ Textbook Exercise Questions, and Answers.
PSEB Solutions for Class 7 Social Science Chapter 20 ਰਾਜ ਸਰਕਾਰ
Social Science Guide for Class 7 PSEB ਰਾਜ ਸਰਕਾਰ Textbook Questions, and Answers
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ ) ਵਿਚ ਲਿਖੋ-
ਪ੍ਰਸ਼ਨ 1.
ਭਾਰਤ ਦੇ ਉਨ੍ਹਾਂ ਪੰਜ ਰਾਜਾਂ ਦੇ ਨਾਂ ਦੱਸੋ ਜਿੱਥੇ ਦੋ-ਸਦਨੀ ਵਿਧਾਨਪਾਲਿਕਾ ਹੈ ?
ਉੱਤਰ-
ਬਿਹਾਰ, ਜੰਮੂ-ਕਸ਼ਮੀਰ, ਕਰਨਾਟਕਾ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ । ਨੋਟ-ਇਨ੍ਹਾਂ ਰਾਜਾਂ ਦੇ ਇਲਾਵਾ ਕੁੱਝ ਹੋਰ ਰਾਜਾਂ ਵਿਚ ਵੀ ਦੋ ਸਦਨੀ ਵਿਧਾਨਪਾਲਿਕਾ ਹੈ ।
ਪ੍ਰਸ਼ਨ 2.
ਐੱਮ. ਐੱਲ. ਏ. ਚੁਣੇ ਜਾਣ ਲਈ ਕਿਹੜੀਆਂ ਦੋ ਯੋਗਤਾਵਾਂ ਜ਼ਰੂਰੀ ਹਨ ?
ਉੱਤਰ-
ਐੱਮ. ਐੱਲ. ਏ. ਚੁਣੇ ਜਾਣ ਲਈ ਇਕ ਵਿਅਕਤੀ ਵਿਚ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਸਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ।
ਪ੍ਰਸ਼ਨ 3.
ਰਾਜਪਾਲ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਜ਼ਰੂਰੀ ਹਨ ?
ਉੱਤਰ-
ਕਿਸੇ ਵੀ ਰਾਜ ਦਾ ਰਾਜਪਾਲ ਬਣਨ ਲਈ ਜ਼ਰੂਰੀ ਹੈ ਕਿ ਉਹ ਵਿਅਕਤੀ-
- ਭਾਰਤ ਦਾ ਨਾਗਰਿਕ ਹੋਵੇ ।
- ਉਸਦੀ ਉਮਰ 35 ਸਾਲ ਜਾਂ ਇਸ ਤੋਂ ਵੱਧ ਹੋਵੇ ।
- ਉਹ ਮਾਨਸਿਕ ਅਤੇ ਸਰੀਰਕ ਤੌਰ ‘ਤੇ ਠੀਕ ਹੋਵੇ ।
- ਉਹ ਰਾਜ ਜਾਂ ਕੇਂਦਰੀ ਵਿਧਾਨਪਾਲਿਕਾ ਦਾ ਮੈਂਬਰ ਜਾਂ ਸਰਕਾਰੀ ਅਧਿਕਾਰੀ ਨਾ ਹੋਵੇ ।
ਪ੍ਰਸ਼ਨ 4.
ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ ?
ਉੱਤਰ-
ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਵਿਭਾਗੀ ਸਕੱਤਰ ਹੁੰਦਾ ਹੈ ।
ਪ੍ਰਸ਼ਨ 5.
ਤੁਹਾਡੇ ਰਾਜ ਦੇ ਮੁੱਖ ਮੰਤਰੀ ਅਤੇ ਰਾਜਪਾਲ ਕੌਣ ਹਨ ?
ਉੱਤਰ-
ਆਪਣੇ ਅਧਿਆਪਕ ਸਾਹਿਬਾਨ ਤੋਂ ਵਰਤਮਾਨ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰੋ ।
ਪ੍ਰਸ਼ਨ 6.
ਰਾਜ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਜ ਦਾ ਕਾਰਜਕਾਰੀ ਮੁਖੀ ਰਾਜਪਾਲ ਹੁੰਦਾ ਹੈ ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਰਾਜਪਾਲ ਦੇ ਕੰਮਾਂ ਬਾਰੇ ਦੱਸੋ ।
ਉੱਤਰ-
ਕੇਂਦਰ ਵਿਚ ਰਾਸ਼ਟਰਪਤੀ ਦੇ ਵਾਂਗ ਰਾਜਪਾਲ ਰਾਜ ਦਾ ਨਾਂ-ਮਾਤਰ ਮੁਖੀ ਹੁੰਦਾ ਹੈ । ਰਾਜ ਦੇ ਪ੍ਰਸ਼ਾਸਨ ਦੀ ਅਸਲ ਸ਼ਕਤੀ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਕੋਲ ਹੁੰਦੀ ਹੈ । ਰਾਜਪਾਲ ਦੀਆਂ ਸ਼ਕਤੀਆਂ ਵੀ ਰਾਸ਼ਟਰਪਤੀ ਦੇ ਵਾਂਗ ਹੀ ਹਨ । ਪਰ ਜਦੋਂ ਕਦੇ ਰਾਜ ਦੀ ਮਸ਼ੀਨਰੀ ਠੀਕ ਤਰ੍ਹਾਂ ਨਾਲ ਨਾ ਚੱਲਣ ਦੇ ਕਾਰਨ ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ, ਤਾਂ ਰਾਜਪਾਲ ਰਾਜ ਦਾ ਅਸਲ ਮੁਖੀ ਬਣ ਜਾਂਦਾ ਹੈ । ਰਾਜਪਾਲ ਦੀਆਂ ਮੁੱਖ ਸ਼ਕਤੀਆਂ ਹੇਠਾਂ ਦਿੱਤੀਆਂ ਗਈਆਂ ਹਨ ਕਾਰਜਕਾਰੀ ਸ਼ਕਤੀਆਂ –
- ਰਾਜਪਾਲ ਰਾਜ ਦਾ ਕਾਰਜਕਾਰੀ ਮੁਖੀ ਹੁੰਦਾ ਹੈ । ਰਾਜ ਦਾ ਸ਼ਾਸਨ ਉਸ ਦੇ ਨਾਂ ਉੱਤੇ ਚਲਾਇਆ ਜਾਂਦਾ ਹੈ ।
- ਉਹ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਸਾਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
- ਰਾਜ ਦੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਸਮੇਂ ਉਹ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।
ਵਿਧਾਨਿਕ ਸ਼ਕਤੀਆਂ
- ਵਿਧਾਨ ਮੰਡਲ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਨੂੰ ਰਾਜਪਾਲ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ ।
- ਜੇਕਰ ਵਿਧਾਨ ਮੰਡਲ ਦਾ ਇਜਲਾਸ ਨਾ ਚਲ ਰਿਹਾ ਹੋਵੇ ਅਤੇ ਕਿਸੇ ਕਾਨੂੰਨ ਦੀ ਲੋੜ ਪੈ ਜਾਏ ਤਾਂ ਰਾਜਪਾਲ ਆਰਡੀਨੈਂਸ ਜਾਰੀ ਕਰ ਸਕਦਾ ਹੈ ।
- ਕੋਈ ਵੀ ਵਿੱਤ ਬਿਲ ਰਾਜਪਾਲ ਦੀ ਪੂਰਵ ਮਨਜ਼ੂਰੀ ਨਾਲ ਹੀ ਸੰਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਸਕਦਾ ਹੈ ।
- ਉਹ ਰਾਜ ਵਿਧਾਨ ਮੰਡਲ ਦੀ ਬੈਠਕ ਬੁਲਾਉਂਦਾ ਹੈ ।
- ਹਰੇਕ ਸਾਲ ਵਿਧਾਨ ਮੰਡਲ ਦਾ ਪਹਿਲਾ ਇਜਲਾਸ ਰਾਜਪਾਲ ਦੇ ਭਾਸ਼ਨ ਨਾਲ ਹੀ ਆਰੰਭ ਹੁੰਦਾ ਹੈ ।
- ਜਿਹੜੇ ਰਾਜਾਂ ਵਿਚ ਵਿਧਾਨ ਮੰਡਲ ਦੇ ਦੋ ਸਦਨ ਹਨ, ਉੱਥੇ ਰਾਜਪਾਲ ਕੁੱਝ ਮੈਂਬਰਾਂ ਨੂੰ ਵਿਧਾਨ ਪਰਿਸ਼ਦ ਲਈ ਨਾਮਜ਼ਦ ਕਰਦਾ ਹੈ ।
- ਰਾਜਪਾਲ ਮੁੱਖ ਮੰਤਰੀ ਦੀ ਸਲਾਹ ‘ਤੇ ਵਿਧਾਨ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ।
ਇੱਛੁਕ ਸ਼ਕਤੀਆਂ-ਰਾਜਪਾਲ ਨੂੰ ਕੁੱਝ ਅਜਿਹੀਆਂ ਸ਼ਕਤੀਆਂ ਪ੍ਰਾਪਤ ਹਨ ਜਿਨ੍ਹਾਂ ਦੀ ਵਰਤੋਂ ਕਰਦੇ ਸਮੇਂ ਉਹ ਆਪਣੀ ਬੁੱਧੀ ਜਾਂ ਇੱਛਾ ਦੀ ਵਰਤੋਂ ਕਰ ਸਕਦਾ ਹੈ । ਇਹ ਰਾਜਪਾਲ ਦੀਆਂ ਇੱਛੁਕ ਸ਼ਕਤੀਆਂ ਅਖਵਾਉਂਦੀਆਂ ਹਨ । ਇਹ ਸ਼ਕਤੀਆਂ ਹੇਠ ਲਿਖੀਆਂ ਹਨ –
- ਜਦੋਂ ਵਿਧਾਨ ਸਭਾ ਵਿਚ ਕਿਸੇ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਰਾਜਪਾਲ ਆਪਣੀ ਸੂਝ-ਬੂਝ ਨਾਲ ਕਿਸੇ ਨੂੰ ਵੀ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਹੈ ।
- ਜੇਕਰ ਰਾਜਪਾਲ ਇਹ ਅਨੁਭਵ ਕਰੇ ਕਿ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਰਿਹਾ, ਤਾਂ ਉਹ ਇਸ ਦੀ ਰਿਪੋਰਟ ਰਾਸ਼ਟਰਪਤੀ ਨੂੰ ਦਿੰਦਾ ਹੈ । ਰਾਜਪਾਲ ਦੀ ਰਿਪੋਰਟ ‘ਤੇ ਰਾਸ਼ਟਰਪਤੀ ਉਸ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਦਾ ਹੈ ।
- ਰਾਜਪਾਲ ਸਥਿਤੀ ਅਨੁਸਾਰ ਵਿਧਾਨ ਸਭਾ ਨੂੰ ਭੰਗ ਕਰਨ ਦਾ ਫ਼ੈਸਲਾ ਕਰ ਸਕਦਾ ਹੈ । ਇਸ ਸੰਬੰਧ ਵਿਚ ਉਸ ਦੇ ਲਈ ਮੁੱਖ ਮੰਤਰੀ ਦੀ ਸਲਾਹ ਨੂੰ ਮੰਨਣਾ ਜ਼ਰੂਰੀ ਨਹੀਂ ਹੈ ।
- ਰਾਜਪਾਲ ਕਿਸੇ ਵੀ ਬਿਲ ਨੂੰ ਮੁੜ ਵਿਚਾਰ ਲਈ ਵਿਧਾਨ ਸਭਾ ਨੂੰ ਵਾਪਸ ਭੇਜ ਸਕਦਾ ਹੈ । ਉਹ ਕਿਸੇ ਵੀ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੁਰੱਖਿਅਤ ਵੀ ਰੱਖ ਸਕਦਾ ਹੈ ।
ਪ੍ਰਸ਼ਨ 2.
ਰਾਜ ਦੇ ਮੁੱਖ ਮੰਤਰੀ ਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਮੁੱਖ ਮੰਤਰੀ ਰਾਜ ਦਾ ਅਸਲ ਮੁਖੀ ਹੁੰਦਾ ਹੈ । ਉਸਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ –
- ਮੰਤਰੀ ਪਰਿਸ਼ਦ ਦਾ ਨਿਰਮਾਣ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕੀਤਾ ਜਾਂਦਾ ਹੈ । ਉਹ ਆਪਣੇ ਸਾਥੀਆਂ ਦੀ ਇਕ ਸੂਚੀ ਤਿਆਰ ਕਰਦਾ ਹੈ |ਰਾਜਪਾਲ ਉਸ ਸੂਚੀ ਵਿਚ ਅੰਕਿਤ ਸਾਰੇ ਵਿਅਕਤੀਆਂ ਨੂੰ ਮੰਤਰੀ ਨਿਯੁਕਤ ਕਰਦਾ ਹੈ ।
- ਮੁੱਖ ਮੰਤਰੀ, ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਉਨ੍ਹਾਂ ਦੇ ਵਿਭਾਗ ਬਦਲ ਵੀ ਸਕਦਾ ਹੈ ।
- ਮੁੱਖ ਮੰਤਰੀ ਮੰਤਰੀ ਪਰਿਸ਼ਦ ਨੂੰ ਭੰਗ ਕਰਕੇ ਨਵੀਂ ਮੰਤਰੀ ਪਰਿਸ਼ਦ ਬਣਾ ਸਕਦਾ ਹੈ ।
- ਮੁੱਖ ਮੰਤਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
- ਮੁੱਖ ਮੰਤਰੀ ਰਾਜਪਾਲ ਨੂੰ ਰਾਜ ਵਿਧਾਨ ਸਭਾ ਭੰਗ ਕਰਨ ਦੀ ਵੀ ਸਲਾਹ ਦੇ ਸਕਦਾ ਹੈ ।
- ਰਾਜਪਾਲ ਰਾਜ ਵਿਚ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕਰ ਸਕਦਾ ਹੈ ।
- ਮੁੱਖ ਮੰਤਰੀ ਰਾਜ ਵਿਧਾਨ ਮੰਡਲ ਦੀ ਅਗਵਾਈ ਕਰਦਾ ਹੈ ।
- ਉਹ ਰਾਜਪਾਲ ਅਤੇ ਮੰਤਰੀ ਪਰਿਸ਼ਦ ਵਿਚਾਲੇ ਕੜੀ ਦਾ ਕੰਮ ਕਰਦਾ ਹੈ ।
- ਰਾਜ ਵਿਧਾਨਪਾਲਿਕਾ ਅਤੇ ਮੰਤਰੀ ਪਰਿਸ਼ਦ ਦਾ ਮੁਖੀ ਹੋਣ ਦੇ ਕਾਰਨ ਮੁੱਖ ਮੰਤਰੀ ਰਾਜ ਸਰਕਾਰ ਵਲੋਂ ਕੇਂਦਰੀ ਸਰਕਾਰ ਪ੍ਰਤੀ ਜਵਾਬਦੇਹ ਹੁੰਦਾ ਹੈ ।ਉਹ ਕੇਂਦਰੀ ਸਰਕਾਰ ਨਾਲ ਚੰਗੇ ਸੰਬੰਧ ਬਣਾਉਣ ਦਾ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਯਤਨ ਕਰਦਾ ਹੈ ।
ਪ੍ਰਸ਼ਨ 3.
ਰਾਜ ਵਿਧਾਨ ਸਭਾ / ਵਿਧਾਨ ਪਰਿਸ਼ਦ ਦੀਆਂ ਚੋਣਾਂ ਸੰਬੰਧੀ ਸੰਖੇਪ ਵਿਚ ਲਿਖੋ ।
ਉੱਤਰ-
ਹਰੇਕ ਰਾਜ ਦੀ ਵਿਧਾਨਪਾਲਿਕਾ ਵਿਚ ਇਕ ਜਾਂ ਦੋ ਸਦਨ ਹੁੰਦੇ ਹਨ । ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ, ਨੂੰ ਵਿਧਾਨ ਸਭਾ ਅਤੇ ਉੱਚ ਸਦਨ ਨੂੰ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ । ਹੇਠਲਾ ਸਦਨ ਵਿਧਾਨ ਸਭਾ ਸਾਰੇ ਰਾਜਾਂ ਵਿਚ ਹੁੰਦਾ ਹੈ । | ਰਾਜ ਵਿਧਾਨ ਸਭਾ ਦੀਆਂ ਚੋਣਾਂ-ਰਾਜ ਵਿਧਾਨ ਸਭਾ ਦੇ ਮੈਂਬਰਾਂ ਨੂੰ ਐੱਮ. ਐੱਲ. ਏ. ਕਿਹਾ ਜਾਂਦਾ ਹੈ । ਇਹ ਮੈਂਬਰ ਸਿੱਧੇ (directly) ਲੋਕਾਂ ਦੁਆਰਾ ਬਾਲਗ ਮਤ ਅਧਿਕਾਰ ਅਤੇ ਗੁਪਤ ਮਤਦਾਨ ਦੁਆਰਾ ਚੁਣੇ ਜਾਂਦੇ ਹਨ । ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਵਿਧਾਨ ਸਭਾ ਦੇ ਹਰੇਕ ਚੋਣ ਹਲਕੇ ਵਿਚੋਂ ਇਕ-ਇਕ ਮੈਂਬਰ ਚੁਣਿਆ ਜਾਂਦਾ ਹੈ । ਵੱਖ-ਵੱਖ ਰਾਜਾਂ ਵਿਚ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 60 ਅਤੇ ਵੱਧ ਤੋਂ ਵੱਧ 500 ਤਕ ਹੋ ਸਕਦੀ ਹੈ । ਵਿਧਾਨ ਪਰਿਸ਼ਦ ਦੀਆਂ ਚੋਣਾਂ-ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਅਸਿੱਧੇ (Indirect) ਢੰਗ ਨਾਲ ਕੀਤੀ ਜਾਂਦੀ ਹੈ । ਇਸਦੇ 5/6 ਮੈਂਬਰਾਂ ਦੀ ਚੋਣ ਅਧਿਆਪਕਾਂ, ਸਥਾਨਿਕ ਸੰਸਥਾਵਾਂ ਦੇ ਮੈਂਬਰਾਂ, ‘ਵਿਧਾਨ ਸਭਾ ਦੇ ਮੈਂਬਰਾਂ ਅਤੇ ਗਰੈਜੁਏਟਾਂ ਦੁਆਰਾ ਕੀਤੀ ਜਾਂਦੀ ਹੈ । ਬਾਕੀ 1/6 ਮੈਂਬਰ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ।
ਪ੍ਰਸ਼ਨ 4.
ਰਾਜਪਾਲ ਦੀਆਂ ਦੋ ਸਵੈ-ਇੱਛੁਕ ਸ਼ਕਤੀਆਂ ਲਿਖੋ ।
ਉੱਤਰ-
ਰਾਜਪਾਲ ਦੇ ਕੌਲ ਕੁੱਝ ਸਵੈ-ਇੱਛੁਕ ਸ਼ਕਤੀਆਂ ਵੀ ਹੁੰਦੀਆਂ ਹਨ । ਇਨ੍ਹਾਂ ਦੀ ਵਰਤੋਂ ਉਹ ਬਿਨਾਂ ਮੰਤਰੀ ਪਰਿਸ਼ਦ ਦੀ ਸਲਾਹ ਦੇ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ । ਇਹ ਸ਼ਕਤੀਆਂ ਹਨ –
- ਰਾਜ ਵਿਧਾਨ ਸਭਾ ਵਿਚ ਕਿਸੇ ਵੀ ਦਲ ਨੂੰ ਬਹੁਮਤ ਨਾ ਪ੍ਰਾਪਤ ਹੋਣ ‘ਤੇ ਉਹ ਆਪਣੀ ਇੱਛਾ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ ।
- ਰਾਜ ਦੀ ਮਸ਼ੀਨਰੀ ਠੀਕ ਨਾ ਚੱਲਣ ਦੀ ਸਥਿਤੀ ਵਿਚ ਉਹ ਰਾਜ ਦੀ ਕਾਰਜਪਾਲਿਕਾ ਨੂੰ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਸਲਾਹ ਦੇ ਸਕਦਾ ਹੈ ।
ਪ੍ਰਸ਼ਨ 5.
ਰਾਜ ਦੇ ਪ੍ਰਬੰਧਕੀ ਕੰਮ ਕਿਹੜੇ-ਕਿਹੜੇ ਸਿਵਿਲ ਅਧਿਕਾਰੀ ਚਲਾਉਂਦੇ ਹਨ ?
ਉੱਤਰ-
ਰਾਜ ਵਿਚ ਸਿੱਖਿਆ, ਸਿੰਜਾਈ, ਆਵਾਜਾਈ, ਸਿਹਤ ਅਤੇ ਸਫ਼ਾਈ ਆਦਿ ਵਿਭਾਗ ਹੁੰਦੇ ਹਨ । ਸਰਕਾਰੀ ਅਧਿਕਾਰੀ ਇਨ੍ਹਾਂ ਅਲੱਗ-ਅਲੱਗ ਵਿਭਾਗਾਂ ਦੇ ਕੰਮ ਸੰਬੰਧਿਤ ਮੰਤਰੀਆਂ ਦੀ ਅਗਵਾਈ ਵਿਚ ਚਲਾਉਂਦੇ ਹਨ । ਹਰੇਕ ਵਿਭਾਗ ਦੇ ਸਰਕਾਰੀ ਅਧਿਕਾਰੀ ਅਫ਼ਸਰਸ਼ਾਹੀ ਨੂੰ ਸਕੱਤਰ ਕਿਹਾ ਜਾਂਦਾ ਹੈ । ਉਸਨੂੰ ਆਮ ਤੌਰ ‘ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਵਿਭਾਗ ਤੋਂ ਸੰਘੀ ਸੇਵਾ ਆਯੋਗ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ । ਸਕੱਤਰ ਆਪਣੇ ਵਿਭਾਗ ਦੀਆਂ ਮਹੱਤਵਪੂਰਨ
ਰਾਜ ਸਰਕਾਰ ਨੀਤੀਆਂ ਅਤੇ ਪ੍ਰਬੰਧਕੀ ਮਾਮਲਿਆਂ ਵਿਚ ਮੰਤਰੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਦੇ ਕੰਮ ਦੀ ਦੇਖਭਾਲ ਲਈ ਇਕ ਮੁੱਖ ਸਕੱਤਰ ਹੁੰਦਾ ਹੈ । ਸਕੱਤਰ ਦੇ ਦਫ਼ਤਰ ਨੂੰ ਸਕੱਤਰੇਤ ਕਿਹਾ ਜਾਂਦਾ ਹੈ ।
ਪ੍ਰਸ਼ਨ 6.
ਮੰਤਰੀ ਪਰਿਸ਼ਦ ਅਤੇ ਰਾਜ ਵਿਧਾਨਪਾਲਿਕਾ ਦੇ ਨਾਲ ਸੰਬੰਧਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
- ਮੰਤਰੀ ਪਰਿਸ਼ਦ-ਮੰਤਰੀ ਪਰਿਸ਼ਦ ਦਾ ਕਾਰਜਕਾਲ ਵਿਧਾਨ ਸਭਾ ਜਿੰਨਾ ਹੀ ਅਰਥਾਤ 5 ਸਾਲ ਹੁੰਦਾ ਹੈ । ਕਦੇ-ਕਦੇ ਮੁੱਖ ਮੰਤਰੀ ਦੁਆਰਾ ਤਿਆਗ-ਪੱਤਰ ਦੇਣ ‘ਤੇ ਜਾਂ ਉਸਦੀ ਮੌਤ ਹੋ ਜਾਣ ‘ਤੇ ਸਾਰੀ ਮੰਤਰੀ ਪਰਿਸ਼ਦ ਭੰਗ ਹੋ ਜਾਂਦੀ ਹੈ । ਮੰਤਰੀ ਪਰਿਸ਼ਦ ਨੂੰ ਵਿਧਾਨ ਸਭਾ ਵੀ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਭੰਗ ਕਰ ਸਕਦੀ ਹੈ ।
- ਰਾਜ ਵਿਧਾਨਪਾਲਿਕਾ-ਵਿਧਾਨ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਪਰ ਕਈ ਵਾਰ ਰਾਜਪਾਲ ਪਹਿਲਾਂ ਵੀ ਇਸਨੂੰ ਭੰਗ ਕਰ ਸਕਦਾ ਹੈ ।ਸੰਕਟਕਾਲ ਦੇ ਸਮੇਂ ਰਾਸ਼ਟਰਪਤੀ ਦੁਆਰਾ ਇਸਦੇ ਕਾਰਜਕਾਲ ਨੂੰ 6 ਮਹੀਨੇ ਵਧਾਇਆ ਵੀ ਜਾ ਸਕਦਾ ਹੈ । ਵਿਧਾਨ ਪਰਿਸ਼ਦ ਦਾ ਕਾਰਜਕਾਲ 6 ਸਾਲ ਹੁੰਦਾ ਹੈ । ਹਰੇਕ 2 ਸਾਲ ਦੇ ਬਾਅਦ ਇਸਦੇ 1/3 ਮੈਂਬਰ ਰਿਟਾਇਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰ ਚੁਣੇ ਜਾਂਦੇ ਹਨ ਪਰ ਵਿਧਾਨ ਸਭਾ ਵਾਂਗ ਵਿਧਾਨ ਪਰਿਸ਼ਦ ਨੂੰ ਭੰਗ ਨਹੀਂ ਕੀਤਾ ਜਾ ਸਕਦਾ । ਇਹ ਰਾਜ ਸਭਾ ਦੇ ਵਾਂਗ ਸਥਿਰ ਹੈ ।
ਪ੍ਰਸ਼ਨ 7.
ਸੜਕ ਹਾਦਸਿਆਂ ਦੇ ਕੋਈ ਪੰਜ ਮੁੱਖ ਕਾਰਨ ਦੱਸੋ ।
ਉੱਤਰ-
ਸੜਕ ਹਾਦਸਿਆਂ ਦੇ ਕਾਰਨ ਹੇਠ ਲਿਖੇ ਹਨ –
1. ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ-ਸੜਕ ਤੇ ਚਲਣ ਵਾਲੇ ਵਾਹਨ-ਚਾਲਕ ਤੇਜ਼ ਰਫ਼ਤਾਰ ਨਾਲ ਆਪਣੇ ਵਾਹਨ ਚਲਾਉਂਦੇ ਹਨ | ਭਾਵੇਂ ਕਿ ਕਈ ਥਾਂਵਾਂ ਤੇ ਵਾਹਨ ਦੀ ਰਫ਼ਤਾਰ ਦੀ ਹੱਦ ਦੱਸੀ ਗਈ ਹੁੰਦੀ ਹੈ ਪਰ ਕਈ ਵਾਰੀ ਸੜਕ ਦੀ ਮਾੜੀ ਦਸ਼ਾ ਜਾਂ ਵਧੇਰੇ ਟੈਫਿਕ ਹੋਣ ਕਾਰਨ ਜਾਂ ਮੌਸਮ ਦੀ ਖਰਾਬੀ ਜਾਂ ਵਾਹਨ ਚਾਲ ਦੀ ਮਾਨਸਿਕ ਜਾਂ ਸਰੀਰਕ ਸਥਿਤੀ ਕਾਰਨ ਹਾਦਸੇ ਹੋ ਜਾਂਦੇ ਹਨ | ਅਜਿਹੇ ਹਾਦਸਿਆਂ ਦਾ ਮੁੱਖ ਕਾਰਨ ਵਾਹਨਾਂ ਦੀ ਤੇਜ਼ ਰਫਤਾਰ ਹੈ ।
2. ਬਿਨਾਂ ਸਿਗਨਲ ਦਿੱਤੇ ਲੇਨ ਬਦਲਣ ਨਾਲ-ਸਾਰੇ ਵਾਹਨ ਚਾਲਕਾਂ ਨੂੰ ਸਪੀਡ ਦੀ ਲੇਨ ਦੇ ਹਿਸਾਬ ਨਾਲ ਚਲਣਾ ਪੈਂਦਾ ਹੈ ਪਰੰਤੂ ਕਈ ਵਾਰੀ ਬਿਨਾਂ ਸਿਗਨਲ ਦਿੱਤੇ ਲੇਨ ਬਦਲ ਕੇ, ਅੱਗੇ ਨਿਕਲਣ ਨਾਲ ਸੜਕ ਹਾਦਸੇ ਹੋ ਜਾਂਦੇ ਹਨ ।
3. ਸਿਗਨਲ ਨੂੰ ਨਾ ਮੰਨਣਾ-ਜਦੋਂ ਟੈਫਿਕ ਲਾਈਟਾਂ ਦੁਆਰਾ ਦਿੱਤੇ ਜਾਂਦੇ ਸਿਗਨਲ ਬਦਲਣ ਸਮੇਂ ਵਾਹਨ ਚਾਲਕ ਲਾਲ ਲਾਈਟ ਹੋਣ ਦੇ ਡਰ ਨਾਲ ਤੇਜ਼ੀ ਨਾਲ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਹਾਦਸਾ ਹੋਣ ਦਾ ਪੂਰਾ ਡਰ ਹੁੰਦਾ ਹੈ ।
4. ਵਾਹਨਾਂ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦਣਾ-ਵਾਹਨ ਚਾਲਕ ਕਈ ਵਾਰੀ ਆਪਣੇ ਵਾਹਨ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦ ਲੈਂਦੇ ਹਨ, ਜਿਸ ਕਾਰਨ ਦੂਜੇ ਵਾਹਨਾਂ ਨੂੰ ਰਸਤਾ ਸਾਫ਼ ਦਿਖਾਈ ਨਾ ਦੇਣ ਕਾਰਨ ਹਾਦਸਾ ਹੋ ਜਾਂਦਾ ਹੈ ।
5. ਸਪੱਸ਼ਟ ਦਿਖਾਈ ਨਾ ਦੇਣਾ-ਵਾਹਨ ਚਾਲਕਾਂ ਨੂੰ ਰਾਤ ਦੇ ਸਮੇਂ ਜਾਂ ਮੀਂਹ, ਬਰਫ਼, ਧੁੰਦ ਜਾਂ ਮੌਸਮ ਦੀ ਖਰਾਬੀ ਕਾਰਨ ਕਈ ਵਾਰ ਰਸਤਾ ਸਾਫ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਸੜਕ ਹਾਦਸਾ ਹੋ ਜਾਂਦਾ ਹੈ ।
6. ਸ਼ਰਾਬ ਪੀ ਕੇ ਵਾਹਨ ਚਲਾਉਣਾ-ਸ਼ਰਾਬ ਪੀਣ ਨਾਲ ਮਨੁੱਖ ਦੀ ਵਾਹਨ ਚਲਾਉਣ ਦੀ ਯੋਗਤਾ ਘੱਟ ਜਾਂਦੀ ਹੈ ਤੇ ਇਸਦੇ ਨਾਲ ਨਜ਼ਰ ਤੇ ਵੀ ਅਸਰ ਪੈਂਦਾ ਹੈ । ਡਰਾਈਵਰ ਨਸ਼ੇ ਵਿਚ ਹੋਣ ਕਾਰਨ ਵਾਹਨ ਨੂੰ ਸਹੀ ਤਰ੍ਹਾਂ ਨਹੀਂ ਚਲਾ ਸਕਦਾ ਜਿਸ ਕਾਰਨ ਸੜਕ ਹਾਦਸਾ ਹੋ ਜਾਂਦਾ ਹੈ ।
7. ਛੋਟੀ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ-18 ਸਾਲ ਤੋਂ ਘੱਟ ਉਮਰ ਦੇ ਬੱਚੇ ਕਈ ਵਾਰੀ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਲੱਗ ਪੈਂਦੇ ਹਨ ਜੋ ਕਿ ਉਹਨਾਂ ਦੇ ਜੀਵਨ ਲਈ ਅਤੇ ਦੂਜਿਆਂ ਲਈ ਵੀ ਖ਼ਤਰਨਾਕ ਹੁੰਦਾ ਹੈ ।
8. ਗਲਤ ਢੰਗ ਨਾਲ ਅੱਗੇ ਨਿਕਲਣਾ-ਕਈ ਵਾਰੀ ਵਾਹਨ ਗਲਤ ਢੰਗ ਨਾਲ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਆਹਮਣੇ-ਸਾਹਮਣੇ ਟਕਰਾ ਜਾਣ ਕਾਰਨ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ । ਅਜਿਹੇ ਹਾਦਸੇ ਪੈਦਲ ਚਾਲਕਾਂ ਅਤੇ ਦੂਜੇ ਚਾਲਕਾਂ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ ।
9. ਸੜਕ ਨਿਯਮਾਂ ਦਾ ਪਾਲਣ ਨਾ ਕਰਨਾ-ਸੜਕ ਹਾਦਸੇ ਸੜਕ ਨਿਯਮਾਂ ਜਿਵੇਂ ਕਿ ਹੈਲਮੈਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣਾ, ਗਲਤ ਥਾਂ ਤੇ ਆਪਣੇ ਵਾਹਨ ਖੜ੍ਹੇ ਕਰਨਾ, ਸੜਕ ਨਿਸ਼ਾਨਾਂ ਨੂੰ ਧਿਆਨ ਵਿਚ ਨਾ ਰੱਖਣਾ, ਵਾਹਨਾਂ ਵਿਚਕਾਰ ਸਹੀ ਫਾਸਲਾ ਨਾ ਰੱਖਣਾ, ਬਰੇਕ ਫੇਲ ਹੋ ਜਾਣਾ ਆਦਿ ਕਾਰਨ ਹਾਦਸੇ ਹੁੰਦੇ ਹਨ ।
10. ਹੋਰ ਕਾਰਨ-ਕਿਸੇ ਪੈਦਲ ਚਲਣ ਵਾਲੇ ਜਾਂ ਸਾਈਕਲ ਵਾਲੇ ਜਾਂ ਕਿਸੇ ਜਾਨਵਰ ਦੇ ਸੜਕ ਤੇ ਇਕਦਮ ਆ ਜਾਣ ਨਾਲ ਵੀ ਹਾਦਸੇ ਹੋ ਜਾਂਦੇ ਹਨ ।
ਨੋਟ-ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਪੰਜ ਕਾਰਨ ਲਿਖਣ ।
(ਈ) ਖਾਲੀ ਥਾਂਵਾਂ ਭਰੋ
ਪ੍ਰਸ਼ਨ 1.
ਵਿਧਾਨ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ …………. ਹੁੰਦੀ ਹੈ ।
ਉੱਤਰ-
500,
ਪ੍ਰਸ਼ਨ 2.
ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਗਿਣਤੀ ………. ਹੋ ਸਕਦੀ ਹੈ ।
ਉੱਤਰ-
60,
ਪ੍ਰਸ਼ਨ 3.
ਪੰਜਾਬ ਰਾਜ ਦੇ ਰਾਜਪਾਲ ਹਨ ।
ਉੱਤਰ-
ਸ਼ਿਵਰਾਜ ਪਾਟਿਲ,
ਪ੍ਰਸ਼ਨ 4.
ਪੰਜਾਬ ਵਿਧਾਨ ਪਾਲਿਕਾ …………… ਹੈ ।
ਉੱਤਰ-
ਇਕ ਸਦਨ ਵਾਲੀ,
ਪ੍ਰਸ਼ਨ 5.
ਧਨ ਬਿਲ ਰਾਜ ਦੀ ਵਿਧਾਨਪਾਲਿਕਾ ਦੇ ………….. ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ ।
ਉੱਤਰ-
ਹੇਠਲੇ,
ਪ੍ਰਸ਼ਨ 6.
ਕਿਸੇ ਵੀ ਬਿਲ ਦਾ ਕਾਨੂੰਨ ਬਣਨ ਲਈ ਅੰਤਿਮ ਪ੍ਰਵਾਨਗੀ …….. ਦੁਆਰਾ ਦਿੱਤੀ ਜਾਂਦੀ ਹੈ ।
ਉੱਤਰ-
ਰਾਜਪਾਲ,
ਪ੍ਰਸ਼ਨ 7.
ਰਾਜ ਵਿਧਾਨਪਾਲਿਕਾ ਦੇ ………… ਸਦਨ ਦੀ ਸਭਾ ਦੀ ਪ੍ਰਧਾਨਗੀ ਸਪੀਕਰ ਕਰਦਾ ਹੈ ।
ਉੱਤਰ-
ਹੇਠਲੇ,
ਪ੍ਰਸ਼ਨ 8.
…………….. ਰਾਜ ਦਾ ਸੰਵਿਧਾਨਕ ਮੁਖੀ ਹੈ ।
ਉੱਤਰ-
ਰਾਜਪਾਲ,
ਪ੍ਰਸ਼ਨ 9.
ਮੰਤਰੀ ਪਰਿਸ਼ਦ ਦਾ ਕਾਰਜਕਾਲ ……….. ਸਾਲ ਹੁੰਦਾ ਹੈ ।
ਉੱਤਰ-
ਪੰਜ,
ਪ੍ਰਸ਼ਨ 10.
ਵਿਧਾਨ ਪਰਿਸ਼ਦ ਦੇ ………… ਮੈਂਬਰ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ।
ਉੱਤਰ-
1/6.
(ਸ) ਹੇਠ ਲਿਖੇ ਵਾਕਾਂ ਵਿਚ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਾਓ
ਪ੍ਰਸ਼ਨ 1.
ਭਾਰਤ ਵਿਚ ਇਕ ਕੇਂਦਰੀ ਸਰਕਾਰ ; 28 ਰਾਜ ਸਰਕਾਰਾਂ ਅਤੇ 8 ਕੇਂਦਰੀ ਸ਼ਾਸਿਤ ਖੇਤਰ ਹਨ |
ਉੱਤਰ-
(✓)
ਪ੍ਰਸ਼ਨ 2.
ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ ।
ਉੱਤਰ-
(✗)
ਪ੍ਰਸ਼ਨ 3.
ਪੰਜਾਬ ਵਿਧਾਨਪਾਲਿਕਾ ਦੋ-ਸਦਨੀ ਹੈ ।
ਉੱਤਰ-
(✗)
ਪ੍ਰਸ਼ਨ 4.
ਰਾਜ ਦੀ ਮੁੱਖ ਕਾਰਜਕਾਰੀ ਸ਼ਕਤੀ ਰਾਜਪਾਲ ਕੋਲ ਹੁੰਦੀ ਹੈ ।
ਉੱਤਰ-
(✗)
ਪ੍ਰਸ਼ਨ 5.
ਜਾਇਦਾਦ ਦਾ ਅਧਿਕਾਰ ਮੌਲਿਕ ਅਧਿਕਾਰ ਹੈ ।
ਉੱਤਰ-
(✗)
(ਹ) ਬਹੁ-ਵਿਕਲਪੀ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਭਾਰਤ ਵਿਚ ਕਿੰਨੇ ਰਾਜ ਹਨ ?
(1) 21
(2) 25
(3) 29.
ਉੱਤਰ-
(3) 29,
ਪ੍ਰਸ਼ਨ 2.
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੱਸੋ ।
(1) 117
(2) 60
(3) 105.
ਉੱਤਰ-
(1) 117,
ਪ੍ਰਸ਼ਨ 3.
ਮੁੱਖ-ਮੰਤਰੀ ਦੀ ਨਿਯੁਕਤੀ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
(1) ਰਾਸ਼ਟਰਪਤੀ ਦੁਆਰਾ
(2) ਰਾਜਪਾਲ ਦੁਆਰਾ
(3) ਸਪੀਕਰ ਦੁਆਰਾ ॥
ਉੱਤਰ-
(2) ਰਾਜਪਾਲ ਦੁਆਰਾ ।
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਕਿੰਨੇ ਰਾਜ ਅਤੇ ਕਿੰਨੀਆਂ ਰਾਜ ਸਰਕਾਰਾਂ ਹਨ ?
ਉੱਤਰ-
ਭਾਰਤ ਵਿਚ 28 ਰਾਜ ਅਤੇ 28 ਰਾਜ ਸਰਕਾਰਾਂ ਹਨ ।
ਪ੍ਰਸ਼ਨ 2.
ਕੇਂਦਰੀ/ਰਾਜ ਸਰਕਾਰਾਂ ਦੇ ਕਿਹੜੇ-ਕਿਹੜੇ ਤਿੰਨ ਅੰਗ ਹਨ ?
ਉੱਤਰ-
ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ |
ਪ੍ਰਸ਼ਨ 3.
ਸਰਕਾਰ ਦੇ ਤਿੰਨ ਅੰਗਾਂ ਦੇ ਮੁੱਖ ਕੰਮ ਕਿਹੜੇ ਹਨ ?
ਉੱਤਰ-
- ਵਿਧਾਨਪਾਲਿਕਾ ਕਾਨੂੰਨ ਬਣਾਉਂਦੀ ਹੈ ।
- ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ ।
- ਨਿਆਂਪਾਲਿਕਾ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ।
ਪ੍ਰਸ਼ਨ 4.
ਕੇਂਦਰੀ ਸੂਚੀ ਅਤੇ ਰਾਜ ਸੂਚੀ ਵਿਚ ਕੀ ਅੰਤਰ ਹੈ ? ਸਾਂਝੀ ਸੂਚੀ ਕੀ ਹੈ ?
ਉੱਤਰ-
ਕੇਂਦਰ ਅਤੇ ਰਾਜਾਂ ਵਿਚਾਲੇ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ । ਦੇਸ਼ ਦੇ ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਅਤੇ ਰਾਜ ਦੇ ਮਹੱਤਵਪੂਰਨ ਵਿਸ਼ੇ ਰਾਜ ਸੂਚੀ ਵਿਚ ਰੱਖੇ ਗਏ ਹਨ । ਕੁੱਝ ਸਾਂਝੇ ਵਿਸ਼ੇ ਸਾਂਝੀ ਸੂਚੀ ਵਿਚ ਦਿੱਤੇ ਗਏ ਹਨ । ਰਾਜ ਸਰਕਾਰ ਰਾਜ-ਸੂਚੀ ਦੇ ਵਿਸ਼ਿਆਂ ‘ਤੇ ਕਾਨੂੰਨ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਰਾਜ ਵਿਚ ਲਾਗੂ ਕਰਦੀ ਹੈ । ਰਾਜ-ਸੁਚੀ ਦੇ ਮੁੱਖ ਵਿਸ਼ੇ ਖੇਤੀਬਾੜੀ, ਭੁਮੀ ਕਰ, ਪੁਲਿਸ ਅਤੇ ਸਿੱਖਿਆ ਆਦਿ ਹਨ ।
ਪ੍ਰਸ਼ਨ 5.
ਰਾਜ ਵਿਚ ਕੋਈ ਬਿਲ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਕੋਈ ਸਾਧਾਰਨ ਬਿਲ ਪਾਸ ਹੋਣ ਲਈ ਦੋਨਾਂ ਸਦਨਾਂ ਵਿਚ ਰੱਖਿਆ ਜਾ ਸਕਦਾ ਹੈ ਜਦਕਿ ਬਜਟ (ਵਿੱਤ ਬਿਲ ਸਿਰਫ਼ ਵਿਧਾਨ ਸਭਾ ਵਿਚ ਹੀ ਰੱਖਿਆ ਜਾ ਸਕਦਾ ਹੈ । ਕੋਈ ਵੀ ਬਿਲ ਦੋਨਾਂ ਸਦਨਾਂ ਵਿਚ ਪਾਸ ਹੋ ਜਾਣ ਦੇ ਬਾਅਦ ਰਾਜਪਾਲ ਦੀ ਮਨਜ਼ੂਰੀ ’ਤੇ ਕਾਨੂੰਨ ਬਣ ਜਾਂਦਾ ਹੈ । ਰਾਜ ਵਿਧਾਨਪਾਲਿਕਾ ਰਾਜ, ਦੀਆਂ ਲੋੜਾਂ ਦੇ ਅਨੁਸਾਰ ਰਾਜ-ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ‘ਤੇ ਕਾਨੂੰਨ ਬਣਾਉਂਦੀ ਹੈ । ਇਹ ਸਾਂਝੀ (ਸਮਵਰਤੀ ਸੂਚੀ ‘ਤੇ ਦਿੱਤੇ ਗਏ ਵਿਸ਼ਿਆਂ ‘ਤੇ ਵੀ ਕਾਨੂੰਨ ਬਣਾ ਸਕਦੀ ਹੈ ।
ਪ੍ਰਸ਼ਨ 6.
ਰਾਜ ਵਿਧਾਨਪਾਲਿਕਾ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਰਾਜ ਵਿਧਾਨਪਾਲਿਕਾ ਹੇਠ ਲਿਖੇ ਕੰਮ ਕਰਦੀ ਹੈ
- ਰਾਜ-ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ‘ਤੇ ਕਾਨੂੰਨ ਬਣਾਉਣਾ, ਪਰ ਜੇਕਰ ਕੇਂਦਰੀ ਸਰਕਾਰ ਦਾ ਕਾਨੂੰਨ ਇਸਦੇ ਵਿਰੁੱਧ ਹੋਵੇ ਤਾਂ ਕੇਂਦਰੀ ਕਾਨੂੰਨ ਹੀ ਲਾਗੂ ਹੁੰਦਾ ਹੈ ।
- ਵਿਧਾਨਪਾਲਿਕਾ ਦੇ ਮੈਂਬਰ ਵੱਖ-ਵੱਖ ਵਿਭਾਗਾਂ ਦੇ ਮੈਂਬਰਾਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ, ਜਿਨ੍ਹਾਂ ਦਾ ਉੱਤਰ ਮੰਤਰੀ ਪਰਿਸ਼ਦ ਨੂੰ ਦੇਣਾ ਪੈਂਦਾ ਹੈ ।
- ਇਸਦੇ ਮੈਂਬਰ ਸਰਕਾਰ ਦੇ ਵਿਰੁੱਧ ਅਵਿਸ਼ਵਾਸ ਦਾ ਮਤ ਵੀ ਪਾਸ ਕਰ ਸਕਦੇ ਹਨ ।
ਪ੍ਰਸ਼ਨ 7.
ਵਿਧਾਨ ਸਭਾ ਦੇ ਸਪੀਕਰ ਦੇ ਕੀ ਕੰਮ ਹੁੰਦੇ ਹਨ ?
ਉੱਤਰ-
- ਵਿਧਾਨ ਸਭਾ ਦਾ ਸਪੀਕਰ ਸਦਨ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ।
- ਉਹ ਬਿਲ ਪੇਸ਼ ਕਰਨ ਦੀ ਮਨਜ਼ੂਰੀ ਦਿੰਦਾ ਹੈ ।
- ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ ਅਤੇ ਮੰਤਰੀਆਂ ਨੂੰ ਬੋਲਣ ਦੀ ਆਗਿਆ ਦਿੰਦਾ ਹੈ ।
ਪ੍ਰਸ਼ਨ 8.
ਰਾਜਪਾਲ ਦੀ ਨਿਯੁਕਤੀ ਕਦੋਂ ਅਤੇ ਕਿੰਨੇ ਸਮੇਂ ਲਈ ਹੁੰਦੀ ਹੈ ?
ਉੱਤਰ-
ਰਾਜਪਾਲ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ । ਰਾਜਪਾਲ ਦਾ ਕਾਰਜਕਾਲ 5 ਸਾਲ ਹੁੰਦਾ ਹੈ ਪਰ ਉਹ ਰਾਸ਼ਟਰਪਤੀ ਦੀ ਇੱਛਾ ‘ਤੇ ਹੀ ਆਪਣੇ ਅਹੁਦੇ ‘ਤੇ ਬਣਿਆ ਰਹਿ ਸਕਦਾ ਹੈ । ਰਾਸ਼ਟਰਪਤੀ ਰਾਜਪਾਲ ਨੂੰ ਉਸਦੇ ਕਾਰਜਕਾਲ ਵਿਚ ਕਿਸੇ ਦੂਜੇ ਰਾਜ ਵਿਚ ਵੀ ਬਦਲੀ ਕਰ ਸਕਦਾ ਹੈ ।
ਪ੍ਰਸ਼ਨ 9.
ਮੁੱਖ ਮੰਤਰੀ ਅਤੇ ਉਸਦੀ ਮੰਤਰੀ ਪਰਿਸ਼ਦ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
ਉੱਤਰ-
ਵਿਧਾਨ ਸਭਾ ਦੀਆਂ ਚੋਣਾਂ ਦੇ ਬਾਅਦ ਬਹੁਮਤ ਪ੍ਰਾਪਤ ਦਲ ਦੇ ਨੇਤਾ ਨੂੰ ਰਾਜ ਦਾ ਰਾਜਪਾਲ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਫਿਰ ਉਸਦੀ ਸਹਾਇਤਾ ਨਾਲ ਰਾਜਪਾਲ ਬਾਕੀ ਮੰਤਰੀਆਂ ਦੀ ਸੂਚੀ ਤਿਆਰ ਕਰਦਾ ਹੈ, ਜਿਨ੍ਹਾਂ ਨੂੰ ਉਹ ਮੰਤਰੀ ਨਿਯੁਕਤ ਕਰਦਾ ਹੈ । ਕਈ ਵਾਰ ਚੋਣਾਂ ਵਿਚ ਕਿਸੇ ਇਕ ਦਲ ਨੂੰ ਬਹੁਮਤ ਨਹੀਂ ਮਿਲਦਾ ਤਦ ਇਕ ਤੋਂ ਵੱਧ ਦਲਾਂ ਦੇ ਮੈਂਬਰ ਆਪਸ ਵਿਚ ਮਿਲ ਕੇ ਆਪਣਾ ਨੇਤਾ ਚੁਣਦੇ ਹਨ, ਜਿਸ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ । ਅਜਿਹੀ ਸਥਿਤੀ ਵਿਚ ਮੰਤਰੀ ਪਰਿਸ਼ਦ ਕਈ ਦਲਾਂ ਦੇ ਸਹਿਯੋਗ ਨਾਲ ਬਣਦਾ ਹੈ । ਇਸ ਤਰ੍ਹਾਂ ਦੀ ਸਰਕਾਰ ਨੂੰ ਮਿਲੀ-ਜੁਲੀ ਸਰਕਾਰ ਕਿਹਾ ਜਾਂਦਾ ਹੈ । ਮੰਤਰੀ ਪਰਿਸ਼ਦ ਵਿਚ ਕਈ ਵਾਰ ਅਜਿਹਾ ਵੀ ਮੰਤਰੀ ਚੁਣਿਆ ਜਾਂਦਾ ਹੈ ਜਿਹੜਾ ਵਿਧਾਨਪਾਲਿਕਾ ਦਾ ਮੈਂਬਰ ਨਹੀਂ ਹੁੰਦਾ, ਉਸਨੂੰ 6 ਮਹੀਨੇ ਦੇ ਅੰਦਰ ਵਿਧਾਨਪਾਲਿਕਾ ਦੇ ਕਿਸੇ ਸਦਨ ਦਾ ਮੈਂਬਰ ਬਣਨਾ ਪੈਂਦਾ ਹੈ ।
ਪ੍ਰਸ਼ਨ 10.
ਰਾਜ ਦੀ ਮੰਤਰੀ ਪਰਿਸ਼ਦ ਦੀ ਬਣਾਵਟ ਅਤੇ ਕਾਰਜ ਪ੍ਰਣਾਲੀ ਸੰਬੰਧੀ ਇਕ ਟਿੱਪਣੀ ਲਿਖੋ ।
ਉੱਤਰ-
ਬਣਾਵਟ-ਰਾਜ ਦੀ ਮੰਤਰੀ ਪਰਿਸ਼ਦ ਵਿਚ ਤਿੰਨ ਤਰ੍ਹਾਂ ਦੇ ਮੰਤਰੀ ਹੁੰਦੇ ਹਨ-
- ਕੈਬਨਿਟ ਮੰਤਰੀ,
- ਰਾਜ ਮੰਤਰੀ
- ਉਪ ਮੰਤਰੀ ।
ਇਨ੍ਹਾਂ ਵਿਚੋਂ ਕੈਬਨਿਟ ਮੰਤਰੀ ਕੈਬਨਿਟ ਦੇ ਮੰਤਰੀ ਹੁੰਦੇ ਹਨ, ਜਿਨ੍ਹਾਂ ਦੇ ਸਮੂਹ ਨੂੰ ਮੰਤਰੀ ਮੰਡਲ ਕਿਹਾ ਜਾਂਦਾ ਹੈ, ਜੋ ਕਿ ਸਾਰੇ ਮਹੱਤਵਪੂਰਨ ਫ਼ੈਸਲੇ ਲੈਂਦੇ ਹਨ ।
ਕੈਬਨਿਟ ਮੰਤਰੀਆਂ ਕੋਲ ਅਲੱਗ-ਅਲੱਗ ਵਿਭਾਗ ਹੁੰਦੇ ਹਨ । ਰਾਜ ਮੰਤਰੀ ਅਤੇ ਉਪ ਮੰਤਰੀ ਕੈਬਨਿਟ ਮੰਤਰੀਆਂ ਦੀ ਸਹਾਇਤਾ ਕਰਦੇ ਹਨ । ਕਾਰਜ ਪ੍ਰਣਾਲੀ-ਰਾਜ ਮੰਤਰੀ ਪਰਿਸ਼ਦ ਇਕ ਟੀਮ ਦੇ ਰੂਪ ਵਿਚ ਕੰਮ ਕਰਦੀ ਹੈ । ਕਿਹਾ ਜਾਂਦਾ ਹੈ ਕਿ ਪਰਿਸ਼ਦ ਦੇ ਸਾਰੇ ਮੰਤਰੀ ਇਕ ਸਾਥ ਡੁੱਬਦੇ ਹਨ ਅਤੇ ਇਕ ਸਾਥ ਤੈਰਦੇ ਹਨ ।
ਇਸਦਾ ਕਾਰਨ ਇਹ ਹੈ ਕਿ ਕਿਸੇ ਇਕ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਮਤ ਪਾਸ ਹੋਣ ‘ਤੇ ਪੂਰੀ ਮੰਤਰੀ ਪਰਿਸ਼ਦ ਨੂੰ ਤਿਆਗ-ਪੱਤਰ ਦੇਣਾ ਪੈਂਦਾ ਹੈ । ਉਹ ਆਪਣੀਆਂ ਨੀਤੀਆਂ ਲਈ ਸਮੂਹਿਕ ਤੌਰ ‘ਤੇ ਵਿਧਾਨਪਾਲਿਕਾ ਪ੍ਰਤੀ ਜਵਾਬਦੇਹ ਹੁੰਦੇ ਹਨ । ਜੇਕਰ ਮੁੱਖ ਮੰਤਰੀ ਅਸਤੀਫ਼ਾ ਦਿੰਦਾ ਹੈ ਤਾਂ ਉਸਨੂੰ ਪੂਰੀ ਮੰਤਰੀ ਪਰਿਸ਼ਦ ਦਾ ਅਸਤੀਫਾ ਮੰਨਿਆ ਜਾਂਦਾ ਹੈ ।
ਵਸਤੁਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ
1. ਵਿਧਾਨ ਸਭਾ | (i) ਰਾਜ ਵਿਧਾਨਪਾਲਿਕਾ ਦਾ ਉੱਪਰਲਾ ਸਦਨ |
2. ਵਿਧਾਨ ਪਰਿਸ਼ਦ | (ii) ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ |
3. ਰਾਜਪਾਲ ਰਾਜ | (iii) ਰਾਜ ਵਿਧਾਨਪਾਲਿਕਾ ਦਾ ਹੇਠਲਾ ਸਦਨ |
4. ਮੁੱਖ ਮੰਤਰੀ | (iv) ਰਾਸ਼ਟਰਪਤੀ ਦੁਆਰਾ ਨਿਯੁਕਤੀ । |
ਉੱਤਰ-
1. ਵਿਧਾਨ ਸਭਾ | (iii) ਰਾਜ ਵਿਧਾਨਪਾਲਿਕਾਂ ਦਾ ਹੇਠਲਾ ਸਦਨ |
2. ਵਿਧਾਨ ਪਰਿਸ਼ਦ | (i) ਰਾਜ ਵਿਧਾਨਪਾਲਿਕਾ ਦਾ ਉੱਪਰਲਾ ਸਦਨ |
3. ਰਾਜਪਾਲ | (iv) ਰਾਸ਼ਟਰਪਤੀ ਦੁਆਰਾ ਨਿਯੁਕਤੀ |
4. ਮੁੱਖ ਮੰਤਰੀ | (ii) ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ ॥ |