Punjab State Board PSEB 8th Class Social Science Book Solutions History Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947 Textbook Exercise Questions and Answers.
PSEB Solutions for Class 8 Social Science History Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947
SST Guide for Class 8 PSEB ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947 Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਮਹਾਤਮਾ ਗਾਂਧੀ ਜੀ ਕਿਸ ਦੇਸ਼ ਤੋਂ ਅਤੇ ਕਦੋਂ ਵਾਪਸ ਆਏ ?
ਉੱਤਰ-
ਮਹਾਤਮਾ ਗਾਂਧੀ ਜੀ 1891 ਈ: ਵਿਚ ਇੰਗਲੈਂਡ ਤੋਂ ਅਤੇ 1915 ਈ: ਵਿਚ ਦੱਖਣੀ ਅਫ਼ਰੀਕਾ ਤੋਂ ਭਾਰਤ ਵਾਪਸ ਆਏ ।
ਪ੍ਰਸ਼ਨ 2.
ਸੱਤਿਆਗ੍ਰਹਿ ਅੰਦੋਲਨ ਤੋਂ ਕੀ ਭਾਵ ਹੈ ?
ਉੱਤਰ-
ਸੱਤਿਆਗ੍ਰਹਿ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਹਥਿਆਰ ਸੀ । ਇਸ ਦੇ ਅਨੁਸਾਰ ਉਹ ਆਪਣੀ ਗੱਲ ਮਨਵਾਉਣ ਲਈ ਧਰਨਾ ਦਿੰਦੇ ਸਨ ਜਾਂ ਵਰਤ ਰੱਖਦੇ ਸਨ । ਕਦੇ-ਕਦੇ ਉਹ ਮਰਨ ਵਰਤ ਵੀ ਰੱਖਦੇ ਸਨ ।
ਪ੍ਰਸ਼ਨ 3.
ਖਿਲਾਫ਼ਤ ਅੰਦੋਲਨ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਦੇ ਮੁਸਲਮਾਨ ਤੁਰਕੀ ਦੇ ਸੁਲਤਾਨ ਨੂੰ ਆਪਣਾ ਖ਼ਲੀਫ਼ਾ ਅਤੇ ਧਾਰਮਿਕ ਨੇਤਾ ਮੰਨਦੇ ਸਨ | ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਉਸ ਨਾਲ ਚੰਗਾ ਸਲੂਕ ਨਹੀਂ ਕੀਤਾ । ਇਸ ਲਈ ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਅੰਦੋਲਨ ਆਰੰਭ ਕਰ ਦਿੱਤਾ ਜਿਸ ਨੂੰ ਖਿਲਾਫ਼ਤ ਅੰਦੋਲਨ ਕਹਿੰਦੇ ਸਨ ।
ਪ੍ਰਸ਼ਨ 4.
ਨਾ-ਮਿਲਵਰਤਨ ਅੰਦੋਲਨ ਅਧੀਨ ਵਕਾਲਤ ਛੱਡਣ ਵਾਲੇ ਤਿੰਨ ਵਿਅਕਤੀਆਂ ਦੇ ਨਾਂ ਦੱਸੋ ।
ਉੱਤਰ-
ਮੋਤੀ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸੀ. ਆਰ. ਦਾਸ, ਸਰਦਾਰ ਪਟੇਲ, ਲਾਲਾ ਲਾਜਪਤ ਰਾਏ ਆਦਿ ।
ਪ੍ਰਸ਼ਨ 5.
ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ ?
ਜਾਂ
ਸਾਈਮਨ ਕਮਿਸ਼ਨ ’ਤੇ ਨੋਟ ਲਿਖੋ।
ਉੱਤਰ-
ਅੰਗਰੇਜ਼ੀ ਸਰਕਾਰ ਨੇ 1919 ਈ: ਦੇ ਸੁਧਾਰ ਐਕਟ ਦੀ ਜਾਂਚ ਲਈ 1928 ਈ: ਵਿਚ ਸਾਈਮਨ ਕਮਿਸ਼ਨ ਭਾਰਤ ਭੇਜਿਆ । ਇਸ ਕਮਿਸ਼ਨ ਦੇ ਸੱਤ ਮੈਂਬਰ ਸਨ, ਪਰ ਇਨ੍ਹਾਂ ਵਿਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ । ਇਸ ਲਈ ਇਸ ਕਮਿਸ਼ਨ ਦਾ ਕਾਲੀਆਂ ਝੰਡੀਆਂ ਅਤੇ ‘ਸਾਈਮਨ ਵਾਪਸ ਜਾ’’ ਦੇ ਨਾਅਰਿਆਂ ਨਾਲ ਜ਼ੋਰਦਾਰ ਵਿਰੋਧ ਕੀਤਾ ਗਿਆ । ਪੁਲਿਸ ਨੇ ਇਨ੍ਹਾਂ ਅੰਦੋਲਨਕਾਰੀਆਂ ‘ਤੇ ਲਾਠੀਚਾਰਜ ਕੀਤਾ । ਇਸ ਦੇ ਨਤੀਜੇ ਵਜੋਂ ਲਾਲਾ ਲਾਜਪਤ ਰਾਏ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ ।
ਪ੍ਰਸ਼ਨ 6.
ਸਿਵਿਲ-ਨਾ-ਫੁਰਮਾਨੀ ਅੰਦੋਲਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਤਮਾ ਗਾਂਧੀ ਨੇ ਸੁਤੰਤਰਤਾ-ਪ੍ਰਾਪਤੀ ਲਈ 1930 ਈ: ਤੋਂ 1934 ਈ: ਤਕ ਸਿਵਿਲ-ਨਾ-ਫੁਰਮਾਨੀ ਅੰਦੋਲਨ ਚਲਾਇਆ । ਉਨ੍ਹਾਂ ਨੇ ਇਸ ਅੰਦੋਲਨ ਨੂੰ ਸਫਲ ਕਰਨ ਲਈ ਨਮਕ ਸੱਤਿਆਗ੍ਰਹਿ ਆਰੰਭ ਕੀਤਾ । 12 ਮਾਰਚ, 1930 ਈ: ਨੂੰ ਗਾਂਧੀ ਜੀ ਨੇ ਆਪਣੇ 78 ਸਾਥੀਆਂ ਨਾਲ ਸਾਬਰਮਤੀ ਆਸ਼ਰਮ ਤੋਂ ਡਾਂਡੀ ਵਲ ਨੂੰ ਯਾਤਰਾ ਆਰੰਭ ਕੀਤੀ । 5 ਅਪਰੈਲ, 1930 ਈ: ਨੂੰ ਉਨ੍ਹਾਂ ਨੇ ਅਰਬ ਸਾਗਰ ਦੇ ਕੋਲ ਸਥਿਤ ਡਾਂਡੀ ਪਿੰਡ ਵਿਚ ਸਮੁੰਦਰ ਦੇ ਖਾਰੇ ਪਾਣੀ ਤੋਂ ਨਮਕ ਬਣਾ ਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ । ਉਨ੍ਹਾਂ ਵਲੋਂ ਦੇਖ ਕੇ ਸਾਰੇ ਭਾਰਤ ਦੇ ਲੋਕਾਂ ਨੇ ਖ਼ੁਦ ਨਮਕ ਬਣਾ ਕੇ ਨਮਕ ਕਾਨੂੰਨ ਨੂੰ ਭੰਗ ਕੀਤਾ । ਜਿੱਥੇ ਨਮਕ ਨਹੀਂ ਬਣਾਇਆ ਜਾ ਸਕਦਾ ਸੀ, ਉੱਥੇ ਹੋਰ ਕਾਨੂੰਨਾਂ ਦਾ ਉਲੰਘਣ ਕੀਤਾ ਗਿਆ । ਹਜ਼ਾਰਾਂ ਵਿਦਿਆਰਥੀਆਂ ਨੇ ਸਕੂਲਾਂ-ਕਾਲਜਾਂ ਵਿਚ ਜਾਣਾ ਬੰਦ ਕਰ ਦਿੱਤਾ । ਲੋਕਾਂ ਨੇ ਸਰਕਾਰੀ ਨੌਕਰੀਆਂ ਦਾ ਤਿਆਗ ਕਰ ਦਿੱਤਾ । ਔਰਤਾਂ ਨੇ ਵੀ ਇਸ ਅੰਦੋਲਨ ਵਿਚ ਹਿੱਸਾ ਲਿਆ । ਉਨ੍ਹਾਂ ਨੇ ਸ਼ਰਾਬ ਅਤੇ ਵਿਦੇਸ਼ੀ ਵਸਤੁਆਂ ਵੇਚਣ ਵਾਲੀਆਂ ਦੁਕਾਨਾਂ ਦੇ ਅੱਗੇ ਧਰਨੇ ਦਿੱਤੇ । ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਅਤੇ ਕਾਂਗਰਸ ਦੇ ਨੇਤਾਵਾਂ ਨੂੰ ਬੰਦੀ ਬਣਾ ਲਿਆ | ਪੁਲਿਸ ਨੇ ਅਨੇਕ ਥਾਂਵਾਂ ‘ਤੇ ਗੋਲੀ ਚਲਾਈ ਪਰ ਸਰਕਾਰ ਇਸ ਅੰਦੋਲਨ ਦਾ ਦਮਨ ਕਰਨ ਵਿਚ ਅਸਫਲ ਰਹੀ ।
ਪ੍ਰਸ਼ਨ 7.
ਭਾਰਤ ਛੱਡੋ ਅੰਦੋਲਨ ਕੀ ਸੀ ?
ਉੱਤਰ-
ਦੂਜੇ ਵਿਸ਼ਵ-ਯੁੱਧ ਵਿਚ ਇੰਗਲੈਂਡ ਜਾਪਾਨ ਦੇ ਵਿਰੁੱਧ ਲੜਿਆ ਸੀ । ਇਸ ਲਈ ਜਾਪਾਨ ਨੇ ਭਾਰਤ ‘ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਭਾਰਤ ‘ਤੇ ਅੰਗਰੇਜ਼ਾਂ ਦਾ ਸ਼ਾਸਨ ਸੀ । ਗਾਂਧੀ ਜੀ ਦਾ ਮੰਨਣਾ ਸੀ ਕਿ ਜੇਕਰ ਅੰਗਰੇਜ਼ ਭਾਰਤ ਛੱਡ ਕੇ ਚਲੇ ਜਾਣ ਤਾਂ ਜਾਪਾਨ ਭਾਰਤ ‘ਤੇ ਹਮਲਾ ਨਹੀਂ ਕਰੇਗਾ । ਇਸ ਲਈ 8 ਅਗਸਤ, 1942 ਨੂੰ ਗਾਂਧੀ ਜੀ ਨੇ ‘ਭਾਰਤ ਛੱਡੋ ਅੰਦੋਲਨ ਆਰੰਭ ਕੀਤਾ । ਸਰਕਾਰ ਨੇ 9 ਅਗਸਤ, 1942 ਨੂੰ ਗਾਂਧੀ ਜੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਬੰਦੀ ਬਣਾ ਲਿਆ । ਗੁੱਸੇ ਵਿਚ ਆ ਕੇ ਲੋਕਾਂ ਨੇ ਥਾਂ-ਥਾਂ ‘ਤੇ ਪੁਲਿਸ ਥਾਣਿਆਂ, ਸਰਕਾਰੀ ਇਮਾਰਤਾਂ, ਡਾਕਖ਼ਾਨਿਆਂ ਅਤੇ ਰੇਲਵੇ ਸਟੇਸ਼ਨਾਂ ਆਦਿ ਨੂੰ ਭਾਰੀ ਹਾਨੀ ਪਹੁੰਚਾਈ । ਸਰਕਾਰ ਨੇ ਕਠੋਰਤਾ ਦੀ ਨੀਤੀ ਅਪਣਾਈ ਪਰ ਉਹ ਅੰਦੋਲਨਕਾਰੀਆਂ ਨੂੰ ਦਬਾਉਣ ਵਿਚ ਸਫਲ ਨਾ ਹੋ ਸਕੀ ।
ਪ੍ਰਸ਼ਨ 8.
ਆਜ਼ਾਦ ਹਿੰਦ ਫ਼ੌਜ ‘ਤੇ ਨੋਟ ਲਿਖੋ ।
ਉੱਤਰ-
ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਸੁਭਾਸ਼ ਚੰਦਰ ਬੋਸ ਨੇ ਜਾਪਾਨ ਵਿਚ ਕੀਤੀ । ਇਸ ਦਾ ਉਦੇਸ਼ ਭਾਰਤ ਨੂੰ ਅੰਗਰੇਜ਼ੀ ਸ਼ਾਸਨ ਤੋਂ ਮੁਕਤ ਕਰਾਉਣਾ ਸੀ । ਆਜ਼ਾਦ ਹਿੰਦ ਫ਼ੌਜ ਵਿਚ ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੁਆਰਾ ਬੰਦੀ ਬਣਾਏ ਗਏ ਭਾਰਤੀ ਸੈਨਿਕ ਸ਼ਾਮਿਲ ਸਨ | ਸੁਭਾਸ਼ ਚੰਦਰ ਬੋਸ ਨੇ ‘ਦਿੱਲੀ ਚੱਲੋ’, ‘ਤੁਸੀਂ ਮੈਨੂੰ ਖੁਨ ਦਿਓ, ਮੈਂ ‘ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ ‘ਜੈ ਹਿੰਦ’ ਆਦਿ ਨਾਅਰੇ ਲਗਾਏ ਸਨ ਪਰ ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੀ ਹਾਰ ਹੋਈ । ਇਸ ਲਈ ਆਜ਼ਾਦ ਹਿੰਦ ਫ਼ੌਜ ਭਾਰਤ ਨੂੰ ਆਜ਼ਾਦ ਕਰਾਉਣ ਵਿਚ ਅਸਫਲ ਰਹੀ । ਸੁਭਾਸ਼ ਚੰਦਰ ਬੋਸ ਦੀ 1945 ਈ: ਵਿਚ ਇਕ ਹਵਾਈ ਜਹਾਜ਼ ਦੁਰਘਟਨਾ ਵਿਚ ਮੌਤ ਹੋ ਗਈ । ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫ਼ੌਜ ਦੇ ਸੈਨਿਕਾਂ ਨੂੰ ਬੰਦੀ ਬਣਾ ਲਿਆ । ਇਸ ਕਾਰਨ ਭਾਰਤੀ ਲੋਕਾਂ ਨੇ ਸਾਰੇ ਦੇਸ਼ ਵਿਚ ਹੜਤਾਲਾਂ ਅਤੇ ਜਲਸੇ ਕੀਤੇ । ਅੰਤ ਵਿਚ ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫ਼ੌਜ ਦੇ . ਸਾਰੇ ਸੈਨਿਕਾਂ ਨੂੰ ਮੁਕਤ ਕਰ ਦਿੱਤਾ ।
PSEB 8th Class Social Science Guide ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947 Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
‘ਰੌਲਟ ਐਕਟ’ ਕੀ ਸੀ ?
ਉੱਤਰ-
‘ਰੌਲਟ ਐਕਟ’ ਜਨਤਾ ਦੇ ਅੰਦੋਲਨ ਨੂੰ ਕੁਚਲਣ ਲਈ ਬਣਾਇਆ ਗਿਆ ਸੀ । ਇਸ ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਸਿਰਫ਼ ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ ।
ਪ੍ਰਸ਼ਨ 2.
(i) ‘ਸਾਈਮਨ ਕਮਿਸ਼ਨ’ ਭਾਰਤ ਵਿਚ ਕਦੋਂ ਆਇਆ ਅਤੇ
(ii) ਇਸਦੇ ਵਿਰੁੱਧ ਕੀਤੇ ਗਏ ਅੰਦੋਲਨ ਵਿਚ ਕਿਸ ਮਹਾਨ ਨੇਤਾ ਦੀ ਮੌਤ ਹੋ ਗਈ ?
ਉੱਤਰ-
(i) ਸਾਈਮਨ ਕਮਿਸ਼ਨ ਭਾਰਤ ਵਿਚ 1928 ਈ: ਨੂੰ ਆਇਆ ਅਤੇ
(ii) ਇਸ ਦੇ ਵਿਰੁੱਧ ਕੀਤੇ ਗਏ ਅੰਦੋਲਨ ਵਿਚ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ।
ਪ੍ਰਸ਼ਨ 3.
ਭਗਤ ਸਿੰਘ ਦੇ ਸਹਿਯੋਗੀਆਂ ਦੇ ਨਾਂ ਦੱਸੋ । ਉਨ੍ਹਾਂ ਨੂੰ ਕਿਸ ਸਾਲ ਫਾਂਸੀ ਦੀ ਸਜ਼ਾ ਦਿੱਤੀ ਗਈ ?
ਉੱਤਰ-
ਭਗਤ ਸਿੰਘ ਦੇ ਸਹਿਯੋਗੀ ਰਾਜਗੁਰੂ ਤੇ ਸੁਖਦੇਵ ਸਨ । ਉਨ੍ਹਾਂ ਨੂੰ 23 ਮਾਰਚ, 1931 ਈ: ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ।
ਪ੍ਰਸ਼ਨ 4.
ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਸਵਰਾਜ ਦੀ ਮੰਗ ਕਦੋਂ ਅਤੇ ਕਿੱਥੇ ਕੀਤੀ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਸਵਰਾਜ ਦੀ ਮੰਗ 1929 ਈ: ਵਿਚ ਆਪਣੇ ਲਾਹੌਰ ਦੇ ਇਜਲਾਸ ਵਿਚ ਕੀਤੀ ।
ਪ੍ਰਸ਼ਨ 5.
‘ਭਾਰਤ ਛੱਡੋ ਅੰਦੋਲਨ’ ਕਿਸ ਸਾਲ ਸ਼ੁਰੂ ਹੋਇਆ ? ਅੰਗਰੇਜ਼ ਸਰਕਾਰ ‘ਤੇ ਇਸ ਦਾ ਕੀ ਅਸਰ ਹੋਇਆ ?
ਜਾਂ
ਸੁਤੰਤਰਤਾ ਦੀ ਪ੍ਰਾਪਤੀ ਲਈ ਭਾਰਤ ਵਿੱਚ ਕਈ ਅੰਦੋਲਨ ਚਲਾਏ ਗਏ । ਕੀ ਤੁਸੀਂ ਦੱਸ ਸਕਦੇ ਹੋ ਕਿ ਗਾਂਧੀ ਜੀ ਵੱਲੋਂ ਚਲਾਇਆ ਗਿਆ ‘ਭਾਰਤ ਛੱਡੋ ਅੰਦੋਲਨ’ ਕਦੋਂ ਸ਼ੁਰੂ ਹੋਇਆ ਸੀ ?
ਉੱਤਰ-
ਭਾਰਤ ਛੱਡੋ ਅੰਦੋਲਨ 1942 ਈ: ਵਿਚ ਸ਼ੁਰੂ ਹੋਇਆ । ਸਰਕਾਰ ਨੇ ਇਸ ਅੰਦੋਲਨ ਨੂੰ ਪੂਰੀ ਸਖ਼ਤੀ ਨਾਲ ਦਬਾਉਣ ਦਾ ਯਤਨ ਕੀਤਾ ।
ਪ੍ਰਸ਼ਨ 6.
ਭਾਰਤੀ ਸੁਤੰਤਰਤਾ ਅਧਿਨਿਯਮ ਕਦੋਂ ਪਾਸ ਹੋਇਆ ?
ਉੱਤਰ-
ਭਾਰਤੀ ਸੁਤੰਤਰਤਾ ਅਧਿਨਿਯਮ 16 ਜੁਲਾਈ, 1947 ਈ: ਨੂੰ ਪਾਸ ਹੋਇਆ, ਪਰੰਤੂ ਇਸ ਨੂੰ ਅੰਤਿਮ ਮਨਜ਼ੂਰੀ ਦੋ ਦਿਨ ਬਾਅਦ ਮਿਲੀ ।
ਪ੍ਰਸ਼ਨ 7.
ਨਾ-ਮਿਲਵਰਤਨ ਅੰਦੋਲਨ ਕਦੋਂ ਵਾਪਸ ਲਿਆ ਗਿਆ ਅਤੇ ਇਸ ਦਾ ਕੀ ਕਾਰਨ ਸੀ ?
ਉੱਤਰ-
ਨਾ-ਮਿਲਵਰਤਨ ਅੰਦੋਲਨ 1922 ਵਿਚ ਵਾਪਸ ਲਿਆ ਗਿਆ । ਇਸਦਾ ਕਾਰਨ ਸੀ-ਉੱਤਰ ਪ੍ਰਦੇਸ਼ ਵਿਚ ਚੌਰੀ-ਚੌਰਾ ਦੇ ਸਥਾਨ ‘ਤੇ ਹੋਈ ਹਿੰਸਾਤਮਕ ਘਟਨਾ ।
ਪ੍ਰਸ਼ਨ 8.
ਸਵਰਾਜ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸਵਰਾਜ ਪਾਰਟੀ ਦੀ ਸਥਾਪਨਾ 1923 ਈ: ਵਿਚ ਪੰਡਿਤ ਮੋਤੀ ਲਾਲ ਨਹਿਰੂ ਅਤੇ ਸੀ. ਆਰ. ਦਾਸ ਨੇ ਕੀਤੀ ।
ਪ੍ਰਸ਼ਨ 9.
ਸਵਰਾਜ ਪਾਰਟੀ ਦਾ ਕੀ ਉਦੇਸ਼ ਸੀ ? ਕੀ ਉਹ ਆਪਣੇ ਉਦੇਸ਼ ਵਿਚ ਸਫਲ ਰਹੀ ?
ਉੱਤਰ-
ਸਵਰਾਜ ਪਾਰਟੀ ਦਾ ਮੁੱਖ ਉਦੇਸ਼ ਚੋਣਾਂ ਵਿਚ ਭਾਗ ਲੈਣਾ ਅਤੇ ਸੁਤੰਤਰਤਾ ਪ੍ਰਾਪਤੀ ਲਈ ਸੰਘਰਸ਼ ਕਰਨਾ ਸੀ ।
ਪ੍ਰਸ਼ਨ 10.
ਪੁਣੇ (ਪੂਨਾ) ਸਮਝੌਤਾ ਕਦੋਂ ਅਤੇ ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਪੁਣੇ (ਪੂਨਾ) ਸਮਝੌਤਾ ਸਤੰਬਰ, 1932 ਈ: ਵਿਚ ਮਹਾਤਮਾ ਗਾਂਧੀ ਅਤੇ ਡਾ: ਅੰਬੇਦਕਰ ਵਿਚਾਲੇ ਹੋਇਆ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਸਾਈਮਨ ਕਮਿਸ਼ਨ ਭਾਰਤ ਆਇਆ-
(i) 1918 ਈ:
(ii) 1919 ਈ:
(iii) 1928 ਈ:
(iv) 1920 ਈ:
ਉੱਤਰ-
(iii) 1928 ਈ:
ਪ੍ਰਸ਼ਨ 2.
ਹੇਠਾਂ ਲਿਖੇ ਨੇਤਾਵਾਂ ਵਿਚੋਂ ਕੌਣ ਗਰਮ ਦਲ ਦਾ ਨੇਤਾ ਸੀ ?
(i) ਬਾਲ ਗੰਗਾਧਰ ਤਿਲਕ
(ii) ਲਾਲਾ ਲਾਜਪਤ ਰਾਏ
(ii) ਵਿਪਿਨ ਚੰਦਰ ਪਾਲ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।
ਪ੍ਰਸ਼ਨ 3.
ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ-
(i) 15 ਅਗਸਤ, 1947 ਈ:
(ii) 8 ਅਗਸਤ, 1945 ਈ:
(iii) 8 ਅਗਸਤ, 1942 ਈ:
(iv) 15 ਅਗਸਤ, 1930 ਈ:
ਉੱਤਰ-
(iii) 8 ਅਗਸਤ, 1942 ਈ:
ਪ੍ਰਸ਼ਨ 4.
‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਅਜ਼ਾਦੀ ਦੇਵਾਂਗਾ’ ਨਾਅਰਾ ਦਿੱਤਾ-
(i) ਲਾਲਾ ਲਾਜਪਤ ਰਾਏ
(ii) ਮਹਾਤਮਾ ਗਾਂਧੀ
(iii) ਸਰਦਾਰ ਪਟੇਲ
(iv) ਸੁਭਾਸ਼ ਚੰਦਰ ਬੋਸ ।
ਉੱਤਰ-
(iv) ਸੁਭਾਸ਼ ਚੰਦਰ ਬੋਸ ।
ਪ੍ਰਸ਼ਨ 5.
ਮਾਰਚ 1946 ਵਿਚ ਭਾਰਤ ਆਇਆ-
(i) ਸਾਈਮਨ ਕਮਿਸ਼ਨ
(ii) ਕੈਬਿਨੇਟ ਮਿਸ਼ਨ
(iii) ਰਾਮ ਕ੍ਰਿਸ਼ਨ ਮਿਸ਼ਨ
(iv) ਜੈਤੋਂ ਮੋਰਚਾ ।
ਉੱਤਰ-
(ii) ਕੈਬਿਨੇਟ ਮਿਸ਼ਨ
ਪ੍ਰਸ਼ਨ 6.
‘ਦਿੱਲੀ ਚਲੋਂ’ ਅਤੇ ‘ਜੈ ਹਿੰਦ’ ਦੇ ਨਾਅਰੇ ਕਿਸਨੇ ਦਿੱਤੇ ?
(i) ਮਹਾਤਮਾ ਗਾਂਧੀ
(ii) ਲਾਲਾ ਲਾਜਪਤ ਰਾਏ
(iii) ਸੁਭਾਸ਼ ਚੰਦਰ ਬੋਸ
(iv) ਪੰਡਿਤ ਨਹਿਰੁ ।
ਉੱਤਰ-
(iii) ਸੁਭਾਸ਼ ਚੰਦਰ ਬੋਸ
ਪ੍ਰਸ਼ਨ 7.
ਚਾਬੀਆਂ ਦੇ ਮੋਰਚੇ ਦਾ ਸੰਬੰਧ ਕਿਹੜੇ ਗੁਰਦੁਆਰੇ ਨਾਲ ਸੀ ?
(i) ਸ੍ਰੀ ਹਰਿਮੰਦਰ ਸਾਹਿਬ
(ii) ਨਨਕਾਣਾ ਸਾਹਿਬ
(iii) ਗੁਰੂ ਕਾ ਬਾਗ਼
(iv) ਪੰਜਾ ਸਾਹਿਬ ।
ਉੱਤਰ-
(i) ਸ੍ਰੀ ਹਰਿਮੰਦਰ ਸਾਹਿਬ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਮਹਾਤਮਾ ਗਾਂਧੀ ਜੀ ਨੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਸਾਰੇ ਦੇਸ਼ ਵਿਚ …………………… ਅੰਦੋਲਨ ਸ਼ੁਰੂ ਕੀਤਾ ।
2. ਮਹਾਤਮਾ ਗਾਂਧੀ ਜੀ ਨੇ …………………………… ਵਿਚ ਨਾ-ਮਿਲਵਰਤਣ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ।
3. ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ …………………………… ਇੱਕ ਚਰਿੱਤਰਹੀਣ ਵਿਅਕਤੀ ਸੀ ।
4. 1928 ਈ: ਵਿੱਚ ਭੇਜੇ ਗਏ ਸਾਈਮਨ ਕਮਿਸ਼ਨ ਦੇ ਕੁੱਲ ……………………………. ਮੈਂਬਰ ਸਨ ।
5. 26 ਜਨਵਰੀ, 1930 ਈ: ਨੂੰ ਸਾਰੇ ਭਾਰਤ ਵਿਚ …………………….. ਦਿਵਸ ਮਨਾਇਆ ਗਿਆ ।
ਉੱਤਰ-
1. ਨਾ-ਮਿਲਵਰਤਨ
2. 1929 ਈ:
3. ਨਾਰਾਇਣ ਦਾਸ
4. ਸੱਤ
5. ਸੁਤੰਤਰਤਾ ।
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
1. ਨਾ-ਮਿਲਵਰਤਨ ਅੰਦੋਲਨ ਅਧੀਨ ਮਹਾਤਮਾ ਗਾਂਧੀ ਜੀ ਨੇ ਆਪਣੀ ਕੇਸਰ-ਏ-ਹਿੰਦ ਦੀ ਉਪਾਧੀ ਸਰਕਾਰ ਨੂੰ ਵਾਪਿਸ ਕਰ ਦਿੱਤੀ ।
2. ਸਵਰਾਜ ਪਾਰਟੀ ਦੀ ਸਥਾਪਨਾ ਮਹਾਤਮਾ ਗਾਂਧੀ ਜੀ ਨੇ ਕੀਤੀ ਸੀ ।
3. ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈ: ਵਿੱਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਕੀਤੀ ਸੀ ।
4. 5 ਅਪਰੈਲ, 1930 ਈ: ਨੂੰ ਮਹਾਤਮਾ ਗਾਂਧੀ ਜੀ ਨੇ ਡਾਂਡੀ (ਦਾਂਡੀ) ਪਿੰਡ ਵਿਚ ਸਮੁੰਦਰ ਦੇ ਪਾਣੀ ਤੋਂ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ।
ਉੱਤਰ-
1. (√)
2. (×)
3. (√)
4. (√)
(ਹ) ਸਹੀ ਜੋੜੇ ਬਣਾਓ :
1. ਅਹਿੰਸਾ | ਮਹਾਰਾਜਾ ਰਿਪੁਦਮਨ ਸਿੰਘ |
2. ਭਾਰਤ ਛੱਡੋ ਅੰਦੋਲਨ | ਮਹਾਤਮਾ ਗਾਂਧੀ |
3. ਕ੍ਰਾਂਤੀਕਾਰੀ ਲਹਿਰ | 8 ਅਗਸਤ, 1942 |
4. ਜੈਤੋ ਦਾ ਮੋਰਚਾ | ਸਰਦਾਰ ਭਗਤ ਸਿੰਘ |
ਉੱਤਰ-
1. ਅਹਿੰਸਾ | ਮਹਾਤਮਾ ਗਾਂਧੀ |
2. ਭਾਰਤ ਛੱਡੋ ਅੰਦੋਲਨ | 8 ਅਗਸਤ, 1942 |
3. ਕ੍ਰਾਂਤੀਕਾਰੀ ਲਹਿਰ | ਸਰਦਾਰ ਭਗਤ ਸਿੰਘ |
4. ਜੈਤੋ ਦਾ ਮੋਰਚਾ | ਮਹਾਰਾਜਾ ਰਿਪੁਦਮਨ ਸਿੰਘ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
1915 ਈ: ਤਕ ਗਾਂਧੀ ਜੀ ਦੇ ਜੀਵਨ ਦਾ ਵਰਣਨ ਕਰੋ ।
ਉੱਤਰ-
ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈ: ਨੂੰ ਦੀਵਾਨ ਕਰਮਚੰਦ ਗਾਂਧੀ ਜੀ ਦੇ ਘਰ ਕਾਠੀਆਵਾੜ (ਗੁਜਰਾਤ) ਦੇ ਨਗਰ ਪੋਰਬੰਦਰ ਵਿਚ ਹੋਇਆ ਸੀ । ਉਨ੍ਹਾਂ ਦੀ ਮਾਤਾ ਦਾ ਨਾਂ ਪੁਤਲੀ ਬਾਈ ਸੀ । ਗਾਂਧੀ ਜੀ ਦਸਵੀਂ ਦੀ ਪ੍ਰੀਖਿਆ ਪਾਸ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਏ । 1891 ਈ: ਵਿਚ ਇੰਗਲੈਂਡ ਤੋਂ ਵਕਾਲਤ ਪਾਸ ਕਰਨ ਤੋਂ ਬਾਅਦ ਉਹ ਭਾਰਤ ਵਾਪਸ ਆਏ । 1893 ਈ: ਵਿਚ ਗਾਂਧੀ ਜੀ ਦੱਖਣੀ ਅਫ਼ਰੀਕਾ ਵਿਚ ਗਏ । ਉੱਥੇ ਅੰਗਰੇਜ਼ ਲੋਕ ਰਹਿਣ ਵਾਲੇ ਭਾਰਤੀਆਂ ਨਾਲ ਬੁਰਾ ਸਲੂਕ ਕਰਦੇ ਸਨ । ਗਾਂਧੀ ਜੀ ਨੇ ਇਸ ਦੀ ਨਿੰਦਾ ਕੀਤੀ । ਉਨ੍ਹਾਂ ਨੇ ਸੱਤਿਆਗ੍ਰਹਿ ਅੰਦੋਲਨ ਚਲਾਇਆ ਅਤੇ ਭਾਰਤੀਆਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਏ । 1915 ਈ: ਵਿਚ ਗਾਂਧੀ ਜੀ ਭਾਰਤ ਵਾਪਸ ਆ ਗਏ ।
ਪ੍ਰਸ਼ਨ 2.
ਮਾਂਟੇਗੂ-ਚੈਮਸਫੋਰਡ ਰਿਪੋਰਟ ਦੇ ਆਧਾਰ ‘ਤੇ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ ? ਇਸ ਦੀ ਪ੍ਰਸਤਾਵਨਾ ਵਿਚ ਕੀ ਕਿਹਾ ਗਿਆ ਸੀ ?
ਉੱਤਰ-
ਪਹਿਲੇ ਵਿਸ਼ਵ ਯੁੱਧ ਵਿਚ ਭਾਰਤੀਆਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਇਸ ਲਈ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਮਾਂਟੇਗੂ-ਚੈਮਸਫੋਰਡ ਰਿਪੋਰਟ ਜਾਰੀ ਕੀਤੀ । ਇਸ ਰਿਪੋਰਟ ਦੇ ਆਧਾਰ ‘ਤੇ 1919 ਈ: ਵਿਚ ਇਕ ਐਕਟ ਪਾਸ ਕੀਤਾ । ਇਸ ਐਕਟ ਦੀ ਪ੍ਰਸਤਾਵਨਾ ਵਿਚ ਇਹ ਗੱਲਾਂ ਕਹੀਆਂ ਗਈਆਂ ਸਨ-
- ਭਾਰਤ ਬ੍ਰਿਟਿਸ਼ ਸਾਮਰਾਜ ਦਾ ਇਕ ਅੰਗ ਰਹੇਗਾ ।
- ਭਾਰਤ ਵਿਚ ਹੌਲੀ-ਹੌਲੀ ਉੱਤਰਦਾਈ ਸ਼ਾਸਨ ਸਥਾਪਿਤ ਕੀਤਾ ਜਾਵੇਗਾ ।
- ਰਾਜ-ਪ੍ਰਬੰਧ ਦੇ ਹਰੇਕ ਵਿਭਾਗ ਵਿਚ ਭਾਰਤੀ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ।
ਪ੍ਰਸ਼ਨ 3.
1919 ਦੇ ਐਕਟ ਦੀਆਂ ਕੀ ਧਾਰਾਵਾਂ ਸਨ ? ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸਦਾ ਵਿਰੋਧ ਕਿਉਂ ਕੀਤਾ ?
ਉੱਤਰ-
1919 ਈ: ਦੇ ਐਕਟ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-
- ਇਸ ਐਕਟ ਦੁਆਰਾ ਕੇਂਦਰ ਅਤੇ ਪ੍ਰਾਂਤਾਂ ਵਿਚਾਲੇ ਵਿਸ਼ਿਆਂ ਦੀ ਵੰਡ ਕਰ ਦਿੱਤੀ ਗਈ ।
- ਪ੍ਰਾਂਤਾਂ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ ।
- ਸੰਪਰਦਾਇਕ ਚੋਣ ਪ੍ਰਣਾਲੀ ਦਾ ਵਿਸਤਾਰ ਕੀਤਾ ਗਿਆ ।
- ਕੇਂਦਰ ਵਿਚ ਦੋ-ਸਦਨੀ ਵਿਧਾਨ ਪਰਿਸ਼ਦ (ਰਾਜ ਪਰਿਸ਼ਦ ਅਤੇ ਵਿਧਾਨ ਸਭਾ) ਦੀ ਵਿਵਸਥਾ ਕੀਤੀ ਗਈ ।
- ਰਾਜ ਪਰਿਸ਼ਦ ਦੀ ਮੈਂਬਰ ਸੰਖਿਆ 60 ਅਤੇ ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ 145 ਕਰ ਦਿੱਤੀ ਗਈ ।
- ਸੈਕਰੇਟਰੀ ਆਫ਼ ਸਟੇਟਸ ਦੇ ਅਧਿਕਾਰ ਅਤੇ ਸ਼ਕਤੀਆਂ ਨੂੰ ਘੱਟ ਕਰ ਦਿੱਤਾ ਗਿਆ । ਇਸ ਦੀ ਕੌਂਸਲ ਦੇ ਮੈਂਬਰਾਂ ਦੀ ਸੰਖਿਆ ਵੀ ਘਟਾ ਦਿੱਤੀ ਗਈ ।
1919 ਈ: ਦੇ ਐਕਟ ਦੇ ਅਨੁਸਾਰ ਕੀਤੇ ਗਏ ਸੁਧਾਰ ਭਾਰਤੀਆਂ ਨੂੰ ਖ਼ੁਸ਼ ਨਾ ਕਰ ਸਕੇ । ਅੰਤ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਐਕਟ ਦਾ ਵਿਰੋਧ ਕਰਨ ਲਈ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਸੱਤਿਆਗ੍ਰਹਿ ਅੰਦੋਲਨ ਆਰੰਭ ਕਰ ਦਿੱਤਾ ।
ਪ੍ਰਸ਼ਨ 4.
ਰੌਲਟ ਐਕਟ ’ਤੇ ਇਕ ਨੋਟ ਲਿਖੋ ।
ਉੱਤਰ-
ਭਾਰਤੀ ਲੋਕਾਂ ਨੇ 1919 ਈ: ਦੇ ਐਕਟ ਦੇ ਵਿਰੋਧ ਵਿਚ ਸੱਤਿਆਗ੍ਰਹਿ ਅੰਦੋਲਨ ਕਰਨਾ ਸ਼ੁਰੂ ਕਰ ਦਿੱਤਾ ਸੀ । ਇਸ ਲਈ ਅੰਗਰੇਜ਼ੀ ਸਰਕਾਰ ਨੇ ਸਥਿਤੀ ‘ਤੇ ਕਾਬੂ ਪਾਉਣ ਲਈ 1919 ਈ: ਵਿਚ ਰੌਲਟ ਐਕਟ ਪਾਸ ਕੀਤਾ । ਇਸ ਦੇ ਅਨੁਸਾਰ ਬਿਟਿਸ਼ ਸਰਕਾਰ ਬਿਨਾਂ ਵਾਰੰਟ ਜਾਰੀ ਕੀਤੇ ਜਾਂ ਬਿਨਾਂ ਕਿਸੇ ਸੁਣਵਾਈ ਦੇ ਕਿਸੇ ਵੀ ਵਿਅਕਤੀ ਨੂੰ ਬੰਦੀ ਬਣਾ ਸਕਦੀ ਸੀ । ਬੰਦੀ ਵਿਅਕਤੀ ਆਪਣੇ ਬੰਦੀਕਰਨ ਦੇ ਵਿਰੁੱਧ ਅਦਾਲਤ ਵਿਚ ਅਪੀਲ (ਪਾਰਥਨਾ) ਨਹੀਂ ਕਰ ਸਕਦਾ ਸੀ । ਇਸ ਲਈ ਇਸ ਐਕਟ ਦਾ ਜ਼ੋਰਦਾਰ ਵਿਰੋਧ ਹੋਇਆ | ਪੰਡਿਤ ਮੋਤੀ ਲਾਲ ਨਹਿਰੂ ਨੇ ‘ਨਾ ਅਪੀਲ, ਨਾ ਵਕੀਲ, ਨਾ ਦਲੀਲ’ ਕਹਿ ਕੇ ਰੌਲਟ ਐਕਟ ਦੀ ਨਿੰਦਾ ਕੀਤੀ । ਗਾਂਧੀ ਜੀ ਨੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਸਾਰੇ ਦੇਸ਼ ਵਿਚ ਸੱਤਿਆਗ੍ਰਹਿ ਅੰਦੋਲਨ ਆਰੰਭ ਕੀਤਾ ।
ਪ੍ਰਸ਼ਨ 5.
ਨਾ-ਮਿਲਵਰਤਨ ਅੰਦੋਲਨ ’ਤੇ ਇਕ ਨੋਟ ਲਿਖੋ ।
ਉੱਤਰ-
ਨਾ-ਮਿਲਵਰਤਨ ਅੰਦੋਲਨ ਗਾਂਧੀ ਜੀ ਨੇ 1920 ਈ: ਵਿਚ ਸਰਕਾਰ ਦੇ ਵਿਰੁੱਧ ਚਲਾਇਆ । ‘ਅੰਗਰੇਜ਼ੀ ਸਰਕਾਰ ਨੂੰ ਕੋਈ ਸਹਿਯੋਗ ਨਾ ਦਿੱਤਾ ਜਾਵੇ’-ਇਹ ਇਸ ਅੰਦੋਲਨ ਦਾ ਮੁੱਖ ਉਦੇਸ਼ ਸੀ । ਇਸ ਅੰਦੋਲਨ ਦੀ ਘੋਸ਼ਣਾ ਕਾਂਗਰਸ ਦੇ ਨਾਗਪੁਰ ਸੰਮੇਲਨ ਵਿਚ ਕੀਤੀ ਗਈ । ਗਾਂਧੀ ਜੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਸਹਿਯੋਗ ਨਾ ਦੇਣ । ਇਕ ਨਿਸਚਿਤ ਕਾਰਜਕੂਮ ਵੀ ਤਿਆਰ ਕੀਤਾ ਗਿਆ । ਇਸ ਦੇ ਅਨੁਸਾਰ ਲੋਕਾਂ ਨੇ ਸਰਕਾਰੀ ਨੌਕਰੀਆਂ ਅਤੇ ਉਪਾਧੀਆਂ ਤਿਆਗ ਦਿੱਤੀਆਂ । ਮਹਾਤਮਾ ਗਾਂਧੀ ਨੇ ਆਪਣੀ ਕੇਸਰ-ਏ-ਹਿੰਦ ਦੀ ਉਪਾਧੀ ਸਰਕਾਰ ਨੂੰ ਵਾਪਸ ਕਰ ਦਿੱਤੀ । ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿਚ ਜਾਣਾ ਬੰਦ ਕਰ ਦਿੱਤਾ । ਵਕੀਲਾਂ ਨੇ ਵਕਾਲਤ ਛੱਡ ਦਿੱਤੀ । ਵਿਦੇਸ਼ੀ ਵਸਤਾਂ ਦਾ ਤਿਆਗ ਕਰ ਦਿੱਤਾ ਗਿਆ ਤੇ ਲੋਕ ਸਵਦੇਸ਼ੀ ਮਾਲ ਦਾ ਪ੍ਰਯੋਗ ਕਰਨ ਲੱਗੇ । ਪਰ ਚੌਰੀ-ਚੌਰਾ ਨਾਮੀ ਥਾਂ ‘ਤੇ ਕੁੱਝ ਲੋਕਾਂ ਨੇ ਇਕ ਪੁਲਿਸ ਥਾਣੇ ਵਿਚ ਅੱਗ ਲਾ ਦਿੱਤੀ, ਜਿਸ ਨਾਲ ਕਈ ਪੁਲਿਸ ਵਾਲੇ ਮਾਰੇ ਗਏ । ਹਿੰਸਾ ਦਾ ਇਹ ਸਮਾਚਾਰ ਮਿਲਦੇ ਹੀ ਗਾਂਧੀ ਜੀ ਨੇ ਇਸ ਅੰਦੋਲਨ ਨੂੰ ਸਥਗਿਤ ਕਰ ਦਿੱਤਾ ।
ਪ੍ਰਸ਼ਨ 6.
ਗੁਰਦੁਆਰਿਆਂ ਦੇ ਸੰਬੰਧ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਵਧ ਰਹੇ ਤਣਾਅ ’ਤੇ ਨੋਟ ਲਿਖੋ ।
ਉੱਤਰ-
ਅੰਗਰੇਜ਼ ਗੁਰਦੁਆਰਿਆਂ ਦੇ ਮਹੰਤਾਂ ਨੂੰ ਉਤਸ਼ਾਹ ਦਿੰਦੇ ਸਨ । ਇਹ ਲੋਕ ਮਹੰਤ ਸੇਵਾਦਾਰਾਂ ਦੇ ਰੂਪ ਵਿਚ ਗੁਰਦੁਆਰਿਆਂ ਵਿਚ ਦਾਖ਼ਲ ਹੋਏ ਸਨ | ਪਰ ਅੰਗਰੇਜ਼ੀ ਰਾਜ ਵਿਚ ਉਹ ਇੱਥੋਂ ਦੇ ਸਥਾਈ ਅਧਿਕਾਰੀ ਬਣ ਗਏ । ਉਹ ਗੁਰਦੁਆਰਿਆਂ ਦੀ ਆਮਦਨ ਨੂੰ ਵਿਅਕਤੀਗਤ ਸੰਪੱਤੀ ਸਮਝਣ ਲੱਗੇ । ਮਹੰਤਾਂ ਨੂੰ ਅੰਗਰੇਜ਼ਾਂ ਦਾ ਅਸ਼ੀਰਵਾਦ ਪ੍ਰਾਪਤ ਸੀ । ਇਸ ਲਈ ਇਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਗੱਦੀ ਸੁਰੱਖਿਅਤ ਹੈ । ਇਸ ਲਈ ਉਹ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਨ ਲੱਗੇ । ਸਿੱਖ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਦੇ ਸਨ । ਇਸ ਲਈ ਗੁਰਦੁਆਰਿਆਂ ਦੇ ਸੰਬੰਧ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਤਣਾਅ ਵਧ ਰਿਹਾ ਸੀ ।
ਪ੍ਰਸ਼ਨ 7.
‘ਗੁਰੂ ਕਾ ਬਾਗ਼ ਦਾ ਮੋਰਚਾ’ ਦੀ ਘਟਨਾ ਦਾ ਵਰਣਨ ਕਰੋ ।
ਉੱਤਰ-
ਗੁਰਦੁਆਰਾ ‘ਗੁਰੂ ਕਾ ਬਾਗ਼` ਅੰਮ੍ਰਿਤਸਰ ਤੋਂ ਲਗਪਗ 13 ਕੁ ਮੀਲ ਦੂਰ ਅਜਨਾਲਾ ਤਹਿਸੀਲ ਵਿਚ ਹੈ । ਇਹ ਗੁਰਦੁਆਰਾ ਮਹੰਤ ਸੁੰਦਰ ਦਾਸ ਦੇ ਕੋਲ ਸੀ ਜੋ ਇਕ ਆਚਰਨ-ਹੀਣ ਵਿਅਕਤੀ ਸੀ । ਸ਼੍ਰੋਮਣੀ ਕਮੇਟੀ ਨੇ ਇਸ ਗੁਰਦੁਆਰੇ ਨੂੰ ਆਪਣੇ ਹੱਥਾਂ ਵਿਚ ਲੈਣ ਲਈ 23 ਅਗਸਤ, 1921 ਈ: ਨੂੰ ਸ: ਦਾਨ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਭੇਜਿਆ । ਅੰਗਰੇਜ਼ਾਂ ਨੇ ਇਸ ਜੱਥੇ ਦੇ ਮੈਂਬਰਾਂ ਨੂੰ ਕੈਦ ਕਰ ਲਿਆ । ਇਸ ਘਟਨਾ ਤੋਂ ਸਿੱਖ ਹੋਰ ਵੀ ਭੜਕ ਉੱਠੇ । ਸਿੱਖਾਂ ਨੇ ਕਈ ਹੋਰ ਜੱਥੇ ਭੇਜੇ, ਜਿਨ੍ਹਾਂ ਨਾਲ ਅੰਗਰੇਜ਼ਾਂ ਨੇ ਬਹੁਤ ਬੁਰਾ ਵਰਤਾਓ ਕੀਤਾ । ਸਾਰੇ ਦੇਸ਼ ਦੇ ਰਾਜਨੀਤਿਕ ਦਲਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਕੜੀ ਨਿੰਦਿਆ ਕੀਤੀ ।
ਪ੍ਰਸ਼ਨ 8.
‘ਜੈਤੋ ਦਾ ਮੋਰਚਾ’ ਦੀ ਘਟਨਾ ‘ਤੇ ਨੋਟ ਲਿਖੋ ।
ਉੱਤਰ-
ਜੁਲਾਈ, 1923 ਈ: ਵਿਚ ਅੰਗਰੇਜ਼ਾਂ ਨੇ ਨਾਭੇ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ ਗੱਦੀ ਉੱਤੋਂ ਲਾਹ ਦਿੱਤਾ । ਸ਼੍ਰੋਮਣੀ ਅਕਾਲੀ ਦਲ ਤੇ ਹੋਰ ਬਹੁਤ ਸਾਰੇ ਦੇਸ਼-ਭਗਤ ਸਿੱਖਾਂ ਨੇ ਸਰਕਾਰ ਦੇ ਇਸ ਕੰਮ ਦੀ ਨਿੰਦਾ ਕੀਤੀ । 21 ਫ਼ਰਵਰੀ, 1924 ਈ: ਨੂੰ ਪੰਜ ਸੌ ਅਕਾਲੀਆਂ ਦਾ ਇਕ ਜੱਥਾ ਗੁਰਦੁਆਰਾ ਗੰਗਸਰ ਜੈਤੋ) ਲਈ ਤੁਰ ਪਿਆ ! ਨਾਭੇ ਦੀ ਰਿਆਸਤ ਵਿਚ ਪਹੁੰਚਣ ਉੱਤੇ ਉਹਨਾਂ ਦਾ ਟਾਕਰਾ ਅੰਗਰੇਜ਼ੀ ਫ਼ੌਜ ਨਾਲ ਹੋਇਆ । ਇਸ ਸੰਘਰਸ਼ ਵਿਚ ਅਨੇਕ ਸਿੱਖ ਮਾਰੇ ਗਏ ਅਤੇ ਜ਼ਖ਼ਮੀ ਹੋਏ । ਆਖ਼ਿਰ ਵਿਚ, ਸਿੱਖਾਂ ਨੇ ਸਰਕਾਰ ਨੂੰ ਆਪਣੀ ਮੰਗ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ ।
ਪ੍ਰਸ਼ਨ 9.
ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਕਦੋਂ, ਕਿਉਂ ਤੇ ਕਿਸ ਤਰ੍ਹਾਂ ਹੋਈ ? ਇਕ ਸੰਖੇਪ ਨੋਟ ਲਿਖੋ ।
ਉੱਤਰ-
ਜਲ੍ਹਿਆਂਵਾਲੇ ਬਾਗ਼ ਦੀ ਦੁਰਘਟਨਾ ਅੰਮ੍ਰਿਤਸਰ ਵਿਖੇ 1919 ਈ: ਵਿਚ ਵਿਸਾਖੀ ਵਾਲੇ ਦਿਨ ਵਾਪਰੀ । ਇਸ ਦਿਨ ਅੰਮ੍ਰਿਤਸਰ ਦੀ ਜਨਤਾ ਜਲ੍ਹਿਆਂਵਾਲੇ ਬਾਗ਼ ਵਿਚ ਇਕ ਸਭਾ ਕਰ ਰਹੀ ਸੀ । ਇਹ ਸਭਾ ਅੰਮ੍ਰਿਤਸਰ ਵਿਚ ਲਾਗੂ ਮਾਰਸ਼ਲ ਲਾਅ ਦੇ ਵਿਰੋਧ ਵਿਚ ਸੀ । ਜਨਰਲ ਡਾਇਰ ਨੇ ਬਿਨਾਂ ਕਿਸੇ ਚਿਤਾਵਨੀ ਦੇ, ਇਸ ਸ਼ਾਂਤੀਪੂਰਨ ਸਭਾ ਉੱਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ । ਇਸ ਵਿਚ ਸੈਂਕੜੇ ਨਿਰਦੋਸ਼ ਲੋਕ ਮਾਰੇ ਗਏ ਅਤੇ ਅਨੇਕਾਂ ਫੱਟੜ ਹੋਏ । ਸਿੱਟੇ ਵਜੋਂ ਸਾਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲ ਗਈ ਅਤੇ ਸੁਤੰਤਰਤਾ ਸੰਗਰਾਮ ਨੇ ਇਕ ਨਵਾਂ ਮੋੜ ਲੈ ਲਿਆ । ਹੁਣ ਇਹ ਸਾਰੇ ਰਾਸ਼ਟਰ ਦੀ ਜਨਤਾ ਦਾ ਸੰਗਰਾਮ ਬਣ ਗਿਆ ।
ਪ੍ਰਸ਼ਨ 10.
ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਨੂੰ ਕਿਸ ਤਰ੍ਹਾਂ ਨਵਾਂ ਮੋੜ ਦਿੱਤਾ ?
ਉੱਤਰ-
ਜਲ੍ਹਿਆਂਵਾਲੇ ਬਾਗ਼ ਦੀ ਘਟਨਾ (13 ਅਪਰੈਲ, 1919 ਈ:) ਦੇ ਕਾਰਨ ਕਈ ਲੋਕ ਸ਼ਹੀਦ ਹੋਏ । ਇਸ ਘਟਨਾ ਦੇ ਖੂਨੀ ਸਾਕੇ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਕ ਨਵਾਂ ਮੋੜ ਲਿਆਂਦਾ । ਇਹ ਸੰਗਰਾਮ ਇਸ ਤੋਂ ਪਹਿਲਾਂ ਗਿਣੇਚੁਣੇ ਲੋਕਾਂ ਤਕ ਹੀ ਸੀਮਿਤ ਸੀ । ਇਸ ਤੋਂ ਬਾਅਦ ਇਹ ਜਨਤਾ ਦਾ ਸੰਗਰਾਮ ਬਣ ਗਿਆ । ਇਸ ਵਿਚ ਮਜ਼ਦੂਰ, ਕਿਸਾਨ, ਵਿਦਿਆਰਥੀ ਆਦਿ ਵੀ ਸ਼ਾਮਿਲ ਹੋਣ ਲੱਗ ਪਏ । ਦੂਜੇ, ਇਸ ਨਾਲ ਆਜ਼ਾਦੀ ਦੀ ਲਹਿਰ ਵਿਚ ਬੜਾ ਜੋਸ਼ ਭਰ ਗਿਆ ਅਤੇ ਸੰਘਰਸ਼ ਦੀ ਗਤੀ ਬਹੁਤ ਤੇਜ਼ ਹੋ ਗਈ ।
ਪ੍ਰਸ਼ਨ 11.
ਪੂਰਨ ਸਵਰਾਜ ਦੇ ਪ੍ਰਸਤਾਵ ‘ਤੇ ਇਕ ਨੋਟ ਲਿਖੋ ।
ਉੱਤਰ-
31 ਦਸੰਬਰ, 1929 ਈ: ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਸਾਲਾਨਾ ਸਮਾਗਮ ਵਿਚ ਪੂਰਨ ਸਵਰਾਜ ਦਾ ਪ੍ਰਸਤਾਵ ਪਾਸ ਕੀਤਾ । ਇਸ ਸਮਾਗਮ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਭਾਰਤ ਨੂੰ ਛੇਤੀ ਆਜ਼ਾਦ ਨਹੀਂ ਕਰਦੀ ਤਾਂ 26 ਜਨਵਰੀ, 1930 ਈ: ਨੂੰ ਸਾਰੇ ਦੇਸ਼ ਵਿਚ ਸੁਤੰਤਰਤਾ ਦਿਵਸ ਮਨਾਇਆ ਜਾਵੇ । ਸੰਮੇਲਨ ਵਿਚ ਸੁਤੰਤਰਤਾ ਪ੍ਰਾਪਤੀ ਲਈ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ । 26 ਜਨਵਰੀ, 1930 ਨੂੰ ਸਾਰੇ ਭਾਰਤ ਵਿਚ ਸੁਤੰਤਰਤਾ ਦਿਵਸ ਮਨਾਇਆ ਗਿਆ ।
ਪ੍ਰਸ਼ਨ 12.
ਗੋਲਮੇਜ਼ ਸੰਮੇਲਨ (ਕਾਨਫ਼ਰੰਸਾਂ) ਕਿੱਥੇ ਹੋਈਆਂ ਸਨ ? ਇਨ੍ਹਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਗੋਲਮੇਜ਼ ਸੰਮੇਲਨ ਲੰਡਨ ਵਿਚ ਹੋਏ ।
ਪਹਿਲੇ ਦੋ ਸੰਮੇਲਨ – ਪਹਿਲਾ ਗੋਲਮੇਜ਼ ਸੰਮੇਲਨ 1930 ਈ: ਵਿਚ ਬ੍ਰਿਟਿਸ਼ ਸਰਕਾਰ ਨੇ ਸਾਈਮਨ ਕਮਿਸ਼ਨ ਦੀ ਰਿਪੋਰਟ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਇਆ । ਪਰ ਇਹ ਸੰਮੇਲਨ ਕਾਂਗਰਸ ਦੁਆਰਾ ਕੀਤੇ ਗਏ ਬਾਈਕਾਟ ਕਾਰਨ ਅਸਫਲ ਰਿਹਾ । 5 ਮਾਰਚ, 1930 ਈ: ਵਿਚ ਗਾਂਧੀ ਜੀ ਅਤੇ ਲਾਰਡ ਇਰਵਿਨ ਦੇ ਵਿਚਾਲੇ ਗਾਂਧੀ-ਇਰਵਿਨ ਸਮਝੌਤਾ ਹੋਇਆ । ਇਸ ਸਮਝੌਤੇ ਵਿਚ ਗਾਂਧੀ ਜੀ ਨੇ ਸਿਵਿਲ-ਨਾ-ਫੁਰਮਾਨੀ ਅੰਦੋਲਨ ਬੰਦ ਕਰਨਾ ਅਤੇ ਦੂਸਰੀ ਗੋਲਮੇਜ਼ ਕਾਨਫ਼ਰੰਸ ਵਿਚ ਭਾਗ ਲੈਣਾ ਸਵੀਕਾਰ ਕਰ ਲਿਆ । ਦੂਜੀ ਗੋਲਮੇਜ਼ ਕਾਨਫ਼ਰੰਸ ਸਤੰਬਰ, 1931 ਈ: ਵਿਚ ਲੰਡਨ ਵਿਚ ਹੋਈ । ਇਸ ਕਾਨਫ਼ਰੰਸ ਵਿਚ ਗਾਂਧੀ ਜੀ ਨੇ ਕੇਂਦਰ ਅਤੇ ਪ੍ਰਾਂਤਾਂ ਵਿਚ ਭਾਰਤੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਸ਼ਾਸਨ ਨੂੰ ਖ਼ਤਮ ਕਰਨ ਦੀ ਮੰਗ ਕੀਤੀ । ਪਰ ਉਹ ਆਪਣੀ ਮੰਗ ਮਨਵਾਉਣ ਵਿਚ ਅਸਫ਼ਲ ਰਹੇ । ਫਲਸਰੂਪ ਉਨ੍ਹਾਂ ਨੇ 3 ਜਨਵਰੀ, 1931 ਈ: ਨੂੰ ਫਿਰ ਤੋਂ ਸਿਵਿਲ-ਨਾ-ਫੁਰਮਾਨੀ ਅੰਦੋਲਨ ਆਰੰਭ ਕਰ ਦਿੱਤਾ । ਇਸ ਲਈ ਗਾਂਧੀ ਜੀ ਨੂੰ ਹੋਰ ਕਾਂਗਰਸੀ ਨੇਤਾਵਾਂ ਸਮੇਤ ਬੰਦੀ ਬਣਾ ਲਿਆ ਗਿਆ ।
ਤੀਜਾ ਸੰਮੇਲਨ – ਇਹ ਸੰਮੇਲਨ 1932 ਈ: ਵਿਚ ਹੋਇਆ । ਗਾਂਧੀ ਜੀ ਨੇ ਇਸ ਵਿਚ ਭਾਗ ਨਹੀਂ ਲਿਆ ।
ਪ੍ਰਸ਼ਨ 13.
ਕ੍ਰਿਪਸ ਮਿਸ਼ਨ ਨੂੰ ਭਾਰਤ ਕਿਉਂ ਭੇਜਿਆ ਗਿਆ ? ਕੀ ਉਹ ਕਾਂਗਰਸ ਦੇ ਨੇਤਾਵਾਂ ਨੂੰ ਸੰਤੁਸ਼ਟ ਕਰ ਸਕਿਆ ?
ਉੱਤਰ-
ਸਤੰਬਰ, 1939 ਈ: ਵਿਚ ਦੂਜਾ ਵਿਸ਼ਵ ਯੁੱਧ ਆਰੰਭ ਹੋਇਆ । ਭਾਰਤ ਵਿਚ ਅੰਗਰੇਜ਼ੀ ਸਰਕਾਰ ਨੇ ਕਾਂਗਰਸ ਦੇ ਨੇਤਾਵਾਂ ਦੀ ਸਲਾਹ ਲਏ ਬਿਨਾਂ ਹੀ ਭਾਰਤ ਦੀ ਇਸ ਯੁੱਧ ਵਿਚ ਭਾਗ ਲੈਣ ਦੀ ਘੋਸ਼ਣਾ ਕਰ ਦਿੱਤੀ । ਕਾਂਗਰਸ ਦੇ ਨੇਤਾਵਾਂ ਨੇ ਇਸ ਘੋਸ਼ਣਾ ਦੀ ਨਿੰਦਾ ਕੀਤੀ ਅਤੇ ਪ੍ਰਾਂਤਿਕ ਵਿਧਾਨ ਮੰਡਲਾਂ ਤੋਂ ਅਸਤੀਫ਼ੇ ਦੇ ਦਿੱਤੇ । ਸਮੱਸਿਆ ਦੇ ਹੱਲ ਲਈ ਅੰਗਰੇਜ਼ੀ ਸਰਕਾਰ ਨੇ ਮਾਰਚ, 1942 ਈ: ਵਿਚ ਸਰ ਸਟੈਫਰਡ ਕਿਪਸ ਦੀ ਪ੍ਰਧਾਨਗੀ ਵਿਚ ਕ੍ਰਿਪਸ ਮਿਸ਼ਨ ਨੂੰ ਭਾਰਤ ਭੇਜਿਆ । ਉਸ ਨੇ ਕਾਂਗਰਸ ਦੇ ਨੇਤਾਵਾਂ ਦੇ ਸਾਹਮਣੇ ਕੁੱਝ ਪ੍ਰਸਤਾਵ ਰੱਖੇ, ਜੋ ਉਨ੍ਹਾਂ ਨੂੰ ਸੰਤੁਸ਼ਟ ਨਾ ਕਰ ਸਕੇ ।
ਪ੍ਰਸ਼ਨ 14.
ਮੁਸਲਿਮ ਲੀਗ ਦੁਆਰਾ ਪਾਕਿਸਤਾਨ ਦੀ ਮੰਗ ‘ਤੇ ਇਕ ਨੋਟ ਲਿਖੋ ।
ਉੱਤਰ-
1939 ਈ: ਵਿਚ ਕਾਂਗਰਸ ਦੇ ਨੇਤਾਵਾਂ ਵਲੋਂ ਪਾਂਤੀ ਵਿਧਾਨ ਮੰਡਲਾਂ ਤੋਂ ਅਸਤੀਫ਼ਾ ਦੇ ਦੇਣ ਦੇ ਕਾਰਨ ਮੁਸਲਿਮ ਲੀਗ ਬਹੁਤ ਪ੍ਰਸੰਨ ਹੋਈ । ਇਸ ਲਈ ਲੀਗ ਦੇ ਨੇਤਾ ਮੁਹੰਮਦ ਅਲੀ ਜਿੱਨਾਹ ਨੇ 22 ਸਤੰਬਰ, 1939 ਨੂੰ ਮੁਕਤੀ ਦਿਵਸ ਮਨਾਉਣ ਦਾ ਫੈਸਲਾ ਕੀਤਾ । 23 ਮਾਰਚ, 1940 ਈ: ਨੂੰ ਮੁਸਲਿਮ ਲੀਗ ਨੇ ਲਾਹੌਰ ਵਿਚ ਆਪਣੇ ਇਜਲਾਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਅਲੱਗ ਰਾਸ਼ਟਰ ਦੱਸਦੇ ਹੋਏ ਮੁਸਲਮਾਨਾਂ ਲਈ ਆਜ਼ਾਦ ਪਾਕਿਸਤਾਨ ਦੀ ਮੰਗ ਕੀਤੀ । ਅੰਗਰੇਜ਼ਾਂ ਨੇ ਵੀ ਇਸ ਸੰਬੰਧ ਵਿਚ ਮੁਸਲਿਮ ਲੀਗ ਨੂੰ ਸਹਿਯੋਗ ਦਿੱਤਾ ਕਿਉਂਕਿ ਉਹ ਰਾਸ਼ਟਰੀ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ।
ਪ੍ਰਸ਼ਨ 15.
ਕੈਬਨਿਟ ਮਿਸ਼ਨ ਅਤੇ ਇਸ ਦੇ ਸੁਝਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮਾਰਚ, 1946 ਈ: ਵਿਚ ਅੰਗਰੇਜ਼ੀ ਸਰਕਾਰ ਨੇ ਤਿੰਨ ਮੈਂਬਰਾਂ ਵਾਲਾ ਕੈਬਨਿਟ ਮਿਸ਼ਨ ਭਾਰਤ ਭੇਜਿਆ । ਇਸ ਦਾ ਪ੍ਰਧਾਨ ਲਾਰਡ ਪੈਥਿਕ ਲਾਰੇਂਸ ਸੀ । ਇਸ ਮਿਸ਼ਨ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਰਾਜਨੀਤਿਕ ਸ਼ਕਤੀ ਦੇ ਬਾਰੇ ਵਿਚ ਭਾਰਤੀ ਨੇਤਾਵਾਂ ਕੋਲ ਵਿਚਾਰ-ਵਟਾਂਦਰਾ ਕੀਤਾ । ਇਸਨੇ ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਇਕ ਸੰਵਿਧਾਨ ਸਭਾ ਸਥਾਪਿਤ ਕਰਨ ਅਤੇ ਦੇਸ਼ ਵਿਚ ਅੰਤਰਿਮ ਸਰਕਾਰ ਦੀ ਸਥਾਪਨਾ ਕਰਨ ਦਾ ਸੁਝਾਅ ਦਿੱਤਾ । ਸੁਝਾਅ ਦੇ ਅਨੁਸਾਰ ਸਤੰਬਰ, 1946 ਈ: ਵਿਚ ਕਾਂਗਰਸ ਦੇ ਨੇਤਾਵਾਂ ਨੇ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਵਿਚ ਅੰਤਰਿਮ ਸਰਕਾਰ ਦੀ ਸਥਾਪਨਾ ਕੀਤੀ । 15 ਅਕਤੂਬਰ, 1946 ਈ: ਨੂੰ ਮੁਸਲਿਮ ਲੀਗ ਵੀ ਅੰਤਰਿਮ ਸਰਕਾਰ ਵਿਚ ਸ਼ਾਮਿਲ ਹੋ ਗਈ ।
ਪ੍ਰਸ਼ਨ 16.
1946 ਤੋਂ ਬਾਅਦ ਭਾਰਤ ਨੂੰ ਸੁਤੰਤਰਤਾ ਜਾਂ ਵੰਡ ਵਲ ਲੈ ਜਾਣ ਵਾਲੀਆਂ ਘਟਨਾਵਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
20 ਫ਼ਰਵਰੀ, 1947 ਈ: ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਏਟਲੀ ਨੇ ਘੋਸ਼ਣਾ ਕੀਤੀ ਕਿ 30 ਜੂਨ, 1948 ਈ: ਤਕ ਅੰਗਰੇਜ਼ੀ ਸਰਕਾਰ ਭਾਰਤ ਨੂੰ ਆਜ਼ਾਦ ਕਰ ਦੇਵੇਗੀ । 3 ਮਾਰਚ, 1947 ਈ: ਨੂੰ ਲਾਰਡ ਮਾਊਂਟਬੈਟਨ ਭਾਰਤ ਦਾ ਨਵਾਂ ਵਾਇਸਰਾਏ ਬਣ ਕੇ ਭਾਰਤ ਆਇਆ । ਉਸਨੇ ਕਾਂਗਰਸ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ।ਉਸਨੇ ਘੋਸ਼ਣਾ ਕੀਤੀ ਕਿ ਭਾਰਤ ਨੂੰ ਆਜ਼ਾਦ ਕਰ ਦਿੱਤਾ ਜਾਏਗਾ, ਪਰ ਇਸ ਦੇ ਦੋ ਭਾਗ-ਭਾਰਤ ਅਤੇ ਪਾਕਿਸਤਾਨ ਬਣਾ ਦਿੱਤੇ ਜਾਣਗੇ । ਕਾਂਗਰਸ ਨੇ ਇਸ ਵੰਡ ਨੂੰ ਸਵੀਕਾਰ ਕਰ ਲਿਆ, ਕਿਉਂਕਿ ਉਹ ਸੰਪਰਦਾਇਕ ਦੰਗੇ ਅਤੇ ਖੂਨ-ਖ਼ਰਾਬਾ ਨਹੀਂ ਚਾਹੁੰਦੇ ਸਨ ।
18 ਜੁਲਾਈ, 1947 ਈ: ਨੂੰ ਬ੍ਰਿਟਿਸ਼ ਸੰਸਦ ਨੇ ਭਾਰਤੀ ਸੁਤੰਤਰਤਾ ਐਕਟ ਪਾਸ ਕਰ ਦਿੱਤਾ । ਸਿੱਟੇ ਵਜੋਂ 15 ਅਗਸਤ, 1947 ਈ: ਨੂੰ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਖ਼ਤਮ ਹੋ ਗਿਆ ਅਤੇ ਭਾਰਤ ਆਜ਼ਾਦ ਹੋ ਗਿਆ ਪਰ ਇਸਦੇ ਨਾਲ ਹੀ ਭਾਰਤ ਦੇ ਦੋ ਹਿੱਸੇ ਬਣ ਗਏ । ਇਕ ਦਾ ਨਾਂ ਭਾਰਤ ਅਤੇ ਦੂਜੇ ਦਾ ਨਾਂ ਪਾਕਿਸਤਾਨ ਰੱਖਿਆ ਗਿਆ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਹਾਤਮਾ ਗਾਂਧੀ ਨੇ ਕਿਨ੍ਹਾਂ ਸਿਧਾਂਤਾਂ ਦੇ ਆਧਾਰ ‘ਤੇ ਸੁਤੰਤਰਤਾ ਪ੍ਰਾਪਤੀ ਲਈ ਯਤਨ ਕੀਤੇ ?
ਉੱਤਰ-
ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤੀਆਂ ਨਾਲ ਕੀਤੇ ਆਪਣੇ ਬਚਨਾਂ ਨੂੰ ਪੂਰਾ ਨਹੀਂ ਕੀਤਾ । ਇਸ ਲਈ ਭਾਰਤੀਆਂ ਨੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਪ੍ਰਾਪਤ ਕਰਨ ਲਈ ਯੋਜਨਾ ਬਣਾਈ । ਮਹਾਤਮਾ ਗਾਂਧੀ ਨੇ ਹੇਠ ਲਿਖੇ ਸਿਧਾਂਤਾਂ ਦੇ ਆਧਾਰ ‘ਤੇ ਸੁਤੰਤਰਤਾ ਪ੍ਰਾਪਤੀ ਲਈ ਯਤਨ ਕੀਤੇ-
- ਅਹਿੰਸਾ – ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦਾ ਮਨ ਜਿੱਤਣ ਲਈ ਸ਼ਾਂਤੀ ਅਤੇ ਅਹਿੰਸਾ ਦੀ ਨੀਤੀ ਅਪਣਾਈ । ਉਂਝ ਵੀ ਗਾਂਧੀ ਜੀ ਸੱਚ ਅਤੇ ਅਹਿੰਸਾ ਦੇ ਪੁਜਾਰੀ ਸੀ ।
- ਸੱਤਿਆਗ੍ਰਹਿ ਅੰਦੋਲਨ – ਮਹਾਤਮਾ ਗਾਂਧੀ ਸੱਤਿਆਗ੍ਹਾ ਅੰਦੋਲਨ ਵਿਚ ਵਿਸ਼ਵਾਸ ਰੱਖਦੇ ਸਨ । ਇਸ ਦੇ ਅਨੁਸਾਰ ਉਹ ਆਪਣੀ ਗੱਲ ਮਨਵਾਉਣ ਲਈ ਧਰਨਾ ਦਿੰਦੇ ਸਨ ਜਾਂ ਕੁੱਝ ਦਿਨਾਂ ਤਕ ਵਰਤ ਰੱਖਦੇ ਸਨ । ਕਦੇ-ਕਦੇ ਉਹ ਮਰਨਵਰਤ ਵੀ ਰੱਖਦੇ ਸਨ । ਇਸ ਤਰ੍ਹਾਂ ਕਰਨ ਨਾਲ ਸਾਰੇ ਸੰਸਾਰ ਦਾ ਧਿਆਨ ਉਨ੍ਹਾਂ ਵਲ ਹੋ ਜਾਂਦਾ ਸੀ ।
- ਹਿੰਦੂ-ਮੁਸਲਿਮ ਏਕਤਾ – ਮਹਾਤਮਾ ਗਾਂਧੀ ਨੇ ਸਾਰੇ ਭਾਰਤੀਆਂ, ਵਿਸ਼ੇਸ਼ ਰੂਪ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਦੀ ਏਕਤਾ ‘ਤੇ ਜ਼ੋਰ ਦਿੱਤਾ । ਜਦੋਂ ਕਦੇ ਕਿਸੇ ਕਾਰਨ ਲੋਕਾਂ ਵਿਚ ਦੰਗੇ ਫ਼ਸਾਦ ਹੋ ਜਾਂਦੇ ਸਨ ਤਾਂ ਗਾਂਧੀ ਜੀ ਉੱਥੇ ਪਹੁੰਚ ਕੇ ਸ਼ਾਂਤੀ ਸਥਾਪਿਤ ਕਰਨ ਦਾ ਯਤਨ ਕਰਦੇ ਸਨ ।
- ਨਾ-ਮਿਲਵਰਤਨ ਅੰਦੋਲਨ-ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੁਆਰਾ ਭਾਰਤੀ ਲੋਕਾਂ ਨਾਲ ਕੀਤੇ ਜਾ ਰਹੇ ਅਨਿਆਂ ਦਾ ਵਿਰੋਧ ਕਰਨ ਲਈ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕੀਤਾ । ਇਸਦੇ ਅਨੁਸਾਰ ਗਾਂਧੀ ਜੀ ਨੇ ਭਾਰਤੀ ਲੋਕਾਂ ਨੂੰ ਸਰਕਾਰੀ ਦਫ਼ਤਰਾਂ, ਅਦਾਲਤਾਂ, ਸਕੂਲਾਂ ਅਤੇ ਕਾਲਜਾਂ ਆਦਿ ਦਾ ਬਾਈਕਾਟ ਕਰਨ ਲਈ ਕਿਹਾ ।
- ਖਾਦੀ ਅਤੇ ਚਰਖਾਂ – ਗਾਂਧੀ ਜੀ ਨੇ ਪੇਂਡੂ ਲੋਕਾਂ ਨੂੰ ਖਾਦੀ ਦੇ ਕੱਪੜੇ ਪਹਿਨਣ ਅਤੇ ਚਰਖੇ ਨਾਲ ਸੂਤ ਕੱਤ ਕੇ ਕੱਪੜਾ ਤਿਆਰ ਕਰਨ ਲਈ ਕਿਹਾ । ਉਨ੍ਹਾਂ ਨੇ ਪ੍ਰਚਾਰ ਕੀਤਾ ਕਿ ਵਿਦੇਸ਼ੀ ਵਸਤੂਆਂ ਦੀ ਵਰਤੋਂ ਛੱਡ ਕੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਕੀਤੀ ਜਾਵੇ ।
- ਸਮਾਜ ਸੁਧਾਰ – ਮਹਾਤਮਾ ਗਾਂਧੀ ਨੇ ਸਮਾਜ ਵਿਚ ਪ੍ਰਚਲਿਤ ਬੁਰਾਈਆਂ ਜਿਵੇਂ ਕਿ ਛੂਤ-ਛਾਤ ਨੂੰ ਖ਼ਤਮ ਕਰਨ ਦਾ ਯਤਨ ਕੀਤਾ । ਉਨ੍ਹਾਂ ਨੇ ਔਰਤਾਂ ਦੇ ਕਲਿਆਣ ਲਈ ਵੀ ਯਤਨ ਕੀਤੇ ।
ਪ੍ਰਸ਼ਨ 2.
ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਅਤੇ ਖਿਲਾਫ਼ਤ ਅੰਦੋਲਨ ਦਾ ਵਰਣਨ ਕਰੋ ।
ਉੱਤਰ-
ਜਲ੍ਹਿਆਂਵਾਲਾ ਬਾਗ ਹੱਤਿਆਕਾਂਡ-1919 ਈ: ਦੇ ਰੌਲਟ ਐਕਟ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਗਾਂਧੀ ਜੀ ਦੇ ਹੁਕਮ ‘ਤੇ ਪੰਜਾਬ ਵਿਚ ਹੜਤਾਲਾਂ ਹੋਈਆਂ, ਜਲਸੇ ਕੀਤੇ ਗਏ ਅਤੇ ਜਲੂਸ ਕੱਢੇ ਗਏ । 10 ਅਪਰੈਲ, 1919 ਨੂੰ ਅੰਮ੍ਰਿਤਸਰ ਵਿਚ ਪ੍ਰਸਿੱਧ ਨੇਤਾ ਡਾਕਟਰ ਕਿਚਲੂ ਅਤੇ ਡਾਕਟਰ ਸਤਪਾਲ ਨੂੰ ਬੰਦੀ ਬਣਾ ਲਿਆ ਗਿਆ | ਭਾਰਤੀਆਂ ਨੇ ਇਸ ਦਾ ਵਿਰੋਧ ਕਰਨ ਲਈ ਜਲੂਸ ਕੱਢਿਆ । ਸਰਕਾਰ ਨੇ ਇਸ ਜਲੂਸ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ । ਸਿੱਟੇ ਵਜੋਂ ਕੁੱਝ ਵਿਅਕਤੀਆਂ ਦੀ ਮੌਤ ਹੋ ਗਈ । ਇਸ ਲਈ ਭਾਰਤੀਆਂ ਨੇ ਗੁੱਸੇ ਵਿਚ ਆ ਕੇ 5 ਅੰਗਰੇਜ਼ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ । ਅੰਗਰੇਜ਼ੀ ਸਰਕਾਰ ਨੇ ਸਥਿਤੀ ‘ਤੇ ਕਾਬੂ ਰੱਖਣ ਲਈ ਅੰਮ੍ਰਿਤਸਰ ਸ਼ਹਿਰ ਨੂੰ ਫ਼ੌਜ ਦੇ ਹੱਥਾਂ ਵਿਚ ਸੌਂਪ ਦਿੱਤਾ ।
13 ਅਪਰੈਲ, 1919 ਈ: ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਰੌਲਟ ਐਕਟ ਦਾ ਵਿਰੋਧ ਕਰਨ ਲਈ ਲਗਪਗ 20,000 ਲੋਕ ਇਕੱਠੇ ਹੋਏ । ਜਨਰਲ ਡਾਇਰ ਨੇ ਇਨ੍ਹਾਂ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ । ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਨਾ ਸ਼ੁਰੂ ਕਰ ਦਿੱਤਾ, ਪਰ ਇਸ ਬਾਗ਼ ਦਾ ਰਸਤਾ ਤਿੰਨ ਪਾਸਿਓਂ ਬੰਦ ਸੀ ਅਤੇ ਚੌਥੇ ਪਾਸੇ ਦੇ ਰਸਤੇ ਵਿਚ ਫ਼ੌਜ ਹੋਣ ਕਰਕੇ ਲੋਕ ਉੱਥੇ ਹੀ ਘਿਰ ਗਏ । ਥੋੜ੍ਹੇ ਹੀ ਸਮੇਂ ਵਿਚ ਸਾਰਾ ਬਾਗ਼ ਖੂਨ ਅਤੇ ਲਾਸ਼ਾਂ ਨਾਲ ਭਰ ਗਿਆ । ਇਸ ਖੂਨ-ਖ਼ਰਾਬੇ ਭਰੀ ਘਟਨਾ ਵਿਚ ਲਗਪਗ 1,000 ਲੋਕ ਮਾਰੇ ਗਏ ਅਤੇ 3,000 ਤੋਂ ਵਧੇਰੇ ਜ਼ਖ਼ਮੀ ਹੋਏ । ਇਸ ਹੱਤਿਆਕਾਂਡ ਦੀ ਖ਼ਬਰ ਸੁਣ ਕੇ ਲੋਕਾਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਦੀ ਭਾਵਨਾ ਫੈਲ ਗਈ ।
ਖਿਲਾਫ਼ਤ ਅੰਦੋਲਨ – ਪਹਿਲੇ ਵਿਸ਼ਵ ਯੁੱਧ ਵਿਚ ਤੁਰਕੀ ਨੇ ਅੰਗਰੇਜ਼ਾਂ ਦੇ ਵਿਰੁੱਧ ਜਰਮਨੀ ਦੀ ਸਹਾਇਤਾ ਕੀਤੀ । ਭਾਰਤ ਦੇ ਮੁਸਲਮਾਨ ਤੁਰਕੀ ਦੇ ਸੁਲਤਾਨ ਅਬਦੁਲ ਹਮੀਦ ਦੂਜੇ ਨੂੰ ਆਪਣਾ ਖਲੀਫ਼ਾ ਅਤੇ ਧਾਰਮਿਕ ਨੇਤਾ ਮੰਨਦੇ ਸਨ । ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿਚ ਅੰਗਰੇਜ਼ਾਂ ਦੀ ਸਹਾਇਤਾ ਇਸ ਲਈ ਕੀਤੀ ਸੀ ਕਿ ਯੁੱਧ ਖ਼ਤਮ ਹੋਣ ਤੋਂ ਬਾਅਦ ਤੁਰਕੀ ਦੇ ਖ਼ਲੀਫ਼ਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਯੁੱਧ ਖ਼ਤਮ ਹੋਣ ‘ਤੇ ਅੰਗਰੇਜ਼ਾਂ ਨੇ ਤੁਰਕੀ ਨੂੰ ਕਈ ਭਾਗਾਂ ਵਿਚ ਵੰਡ ਦਿੱਤਾ ਅਤੇ ਖ਼ਲੀਫ਼ਾ ਨੂੰ ਬੰਦੀ ਬਣਾ ਲਿਆ । ਇਸ ਲਈ ਭਾਰਤ ਦੇ ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਇਕ ਜ਼ੋਰਦਾਰ ਅੰਦੋਲਨ ਆਰੰਭ ਕਰ ਦਿੱਤਾ ਜਿਸਨੂੰ ਖਿਲਾਫ਼ਤ ਅੰਦੋਲਨ ਕਿਹਾ ਜਾਂਦਾ ਹੈ । ਇਸ ਅੰਦੋਲਨ ਦੀ ਅਗਵਾਈ ਸ਼ੌਕਤ ਅਲੀ, ਮੁਹੰਮਦ ਅਲੀ, ਅਬੁਲ ਕਲਾਮ ਆਜ਼ਾਦ ਅਤੇ ਅਜ਼ਮਲ ਮਾਂ ਨੇ ਕੀਤੀ | ਮਹਾਤਮਾ ਗਾਂਧੀ ਅਤੇ ਬਾਲ ਗੰਗਾਧਰ ਤਿਲਕ ਨੇ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਏਕਤਾ ਸਥਾਪਿਤ ਕਰਨ ਲਈ ਇਸ ਅੰਦੋਲਨ ਵਿਚ ਭਾਗ ਲਿਆ ।
ਪ੍ਰਸ਼ਨ 3.
ਮਹਾਤਮਾ ਗਾਂਧੀ ਯੁੱਗ ਦਾ ਵਰਣਨ ਕਰੋ ।
ਉੱਤਰ-
ਮਹਾਤਮਾ ਗਾਂਧੀ 1919 ਵਿਚ ਭਾਰਤ ਦੀਆਂ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਏ । 1919 ਈ: ਤੋਂ ਲੈ ਕੇ 1947 ਈ: ਤਕ ਸੁਤੰਤਰਤਾ ਪ੍ਰਾਪਤੀ ਲਈ ਜਿੰਨੇ ਵੀ ਅੰਦੋਲਨ ਕੀਤੇ ਗਏ, ਉਨ੍ਹਾਂ ਦੀ ਅਗਵਾਈ ਮਹਾਤਮਾ ਗਾਂਧੀ ਨੇ ਕੀਤੀ । ਇਸ ਲਈ ਇਤਿਹਾਸ ਵਿਚ 1919 ਈ: ਤੋਂ 1947 ਈ: ਦੇ ਸਮੇਂ ਨੂੰ “ਗਾਂਧੀ ਯੁੱਗ’ ਕਿਹਾ ਜਾਂਦਾ ਹੈ ।
ਗਾਂਧੀ ਜੀ ਦੇ ਜੀਵਨ ਅਤੇ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-
ਜਨਮ ਅਤੇ ਸਿੱਖਿਆ-ਮਹਾਤਮਾ ਗਾਂਧੀ ਦਾ ਬਚਪਨ ਦਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ । ਉਨ੍ਹਾਂ ਦਾ ਜਨਮ 2 ਅਕਤੂਬਰ, 1869 ਈ: ਨੂੰ ਕਾਠੀਆਵਾੜ ਵਿਚ ਪੋਰਬੰਦਰ ਦੇ ਸਥਾਨ ‘ਤੇ ਹੋਇਆ । ਇਨ੍ਹਾਂ ਦੇ ਪਿਤਾ ਦਾ ਨਾਂ ਕਰਮਚੰਦ ਗਾਂਧੀ ਸੀ, ਉਹ ਪੋਰਬੰਦਰ ਦੇ ਦੀਵਾਨ ਸਨ । ਗਾਂਧੀ ਜੀ ਨੇ ਆਪਣੀ ਆਰੰਭਿਕ ਸਿੱਖਿਆ ਭਾਰਤ ਵਿਚ ਹੀ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਇੰਗਲੈਂਡ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਵਕਾਲਤ ਪਾਸ ਕੀਤੀ ਅਤੇ ਫਿਰ ਭਾਰਤ ਮੁੜ ਆਏ ।
ਰਾਜਨੀਤਿਕ ਜੀਵਨ – ਗਾਂਧੀ ਜੀ ਦੇ ਰਾਜਨੀਤਿਕ ਜੀਵਨ ਦਾ ਆਰੰਭ ਦੱਖਣੀ ਅਫ਼ਰੀਕਾ ਤੋਂ ਹੋਇਆ | ਇੰਗਲੈਂਡ ਤੋਂ ਆਉਣ ਤੋਂ ਮਗਰੋਂ ਕੁੱਝ ਸਮੇਂ ਤਕ ਉਹ ਭਾਰਤ ਵਿਚ ਵਕੀਲ ਦੇ ਰੂਪ ਵਿਚ ਕੰਮ ਕਰਦੇ ਰਹੇ, ਪਰ ਫਿਰ ਉਹ ਦੱਖਣੀ ਅਫ਼ਰੀਕਾ ਚਲੇ ਗਏ ।
ਗਾਂਧੀ ਜੀ ਦੱਖਣੀ ਅਫ਼ਰੀਕਾ ਵਿਚ – ਗਾਂਧੀ ਜੀ ਜਿਸ ਸਮੇਂ ਦੱਖਣੀ ਅਫ਼ਰੀਕਾ ਪਹੁੰਚੇ, ਉਸ ਸਮੇਂ ਉੱਥੇ ਭਾਰਤੀਆਂ ਦੀ ਦਸ਼ਾ ਬਹੁਤ ਬੁਰੀ ਸੀ । ਉੱਥੋਂ ਦੀ ਗੋਰੀ ਸਰਕਾਰ ਭਾਰਤੀਆਂ ਨਾਲ ਬੁਰਾ ਸਲੂਕ ਕਰਦੀ ਸੀ । ਗਾਂਧੀ ਜੀ ਇਸ ਗੱਲ ਨੂੰ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਉੱਥੇ ਹੀ ਸਰਕਾਰ ਦੇ ਵਿਰੁੱਧ ਸਤਿਆਗ੍ਰਹਿ ਅੰਦੋਲਨ ਚਲਾਇਆ ਅਤੇ ਭਾਰਤੀਆਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਏ ।
ਗਾਂਧੀ ਜੀ ਭਾਰਤ ਵਿਚ – 1914 ਈ: ਵਿਚ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਭਾਰਤ ਪਰਤੇ ।ਉਸ ਸਮੇਂ ਪਹਿਲਾ ਸੰਸਾਰ ਯੁੱਧ ਛਿੜਿਆ ਹੋਇਆ ਸੀ । ਅੰਗਰੇਜ਼ੀ ਸਰਕਾਰ ਇਸ ਯੁੱਧ ਵਿਚ ਉਲਝੀ ਹੋਈ ਸੀ । ਉਸ ਨੂੰ ਧਨ ਅਤੇ ਮਨੁੱਖਾਂ ਦੀ ਕਾਫੀ ਲੋੜ ਸੀ, ਇਸ ਲਈ ਗਾਂਧੀ ਜੀ ਨੇ ਭਾਰਤੀਆਂ ਅੱਗੇ ਅਪੀਲ ਕੀਤੀ ਕਿ ਉਹ ਅੰਗਰੇਜ਼ਾਂ ਨੂੰ ਮਿਲਵਰਤਨ ਦੇਣ । ਉਹ ਅੰਗਰੇਜ਼ ਸਰਕਾਰ ਦੀ ਸਹਾਇਤਾ ਕਰ ਕੇ ਉਨ੍ਹਾਂ ਦਾ ਮਨ ਜਿੱਤ ਲੈਣਾ ਚਾਹੁੰਦੇ ਸਨ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅੰਗਰੇਜ਼ੀ ਸਰਕਾਰ ਜਿੱਤ ਤੋਂ ਬਾਅਦ ਭਾਰਤ ਨੂੰ ਸੁਤੰਤਰ ਕਰ ਦੇਵੇਗੀ ਪਰ ਅੰਗਰੇਜ਼ੀ ਸਰਕਾਰ ਨੇ ਯੁੱਧ ਜਿੱਤਣ ਤੋਂ ਬਾਅਦ ਭਾਰਤ ਨੂੰ ਕੁੱਝ ਨਾ ਦਿੱਤਾ ਬਲਕਿ ਇਸ ਦੇ ਉਲਟ ਉਨ੍ਹਾਂ ਨੇ ਭਾਰਤ ਵਿਚ ਰੌਲਟ ਐਕਟ ਲਾਗੂ ਕਰ ਦਿੱਤਾ ।
ਇਸ ਕਾਲੇ ਕਾਨੂੰਨ ਦੇ ਕਾਰਨ ਗਾਂਧੀ ਜੀ ਨੂੰ ਬੜੀ ਠੇਸ ਪਹੁੰਚੀ ਅਤੇ ਉਨ੍ਹਾਂ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਅੰਦੋਲਨ ਚਲਾਉਣ ਦਾ ਨਿਸ਼ਚਾ ਕਰ ਲਿਆ ।
ਨਾ-ਮਿਲਵਰਤਨ ਅੰਦੋਲਨ – 1920 ਈ: ਵਿਚ ਗਾਂਧੀ ਜੀ ਨੇ ਨਾ-ਮਿਲਵਰਤਨ ਅੰਦੋਲਨ ਆਰੰਭ ਕਰ ਦਿੱਤਾ । ਜਨਤਾ ਨੇ ਗਾਂਧੀ ਜੀ ਨੂੰ ਪੂਰਾ-ਪੂਰਾ ਸਾਥ ਦਿੱਤਾ । ਸਰਕਾਰ ਨੂੰ ਗਾਂਧੀ ਜੀ ਦੇ ਇਸ ਅੰਦੋਲਨ ਦੇ ਸਾਹਮਣੇ ਝੁਕਣਾ ਪਿਆ, ਪਰੰਤੂ 1922 ਈ: ਵਿਚ ਕੁੱਝ ਹਿੰਸਕ ਘਟਨਾਵਾਂ ਹੋ ਜਾਣ ਕਾਰਨ ਗਾਂਧੀ ਜੀ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ।
ਸਿਵਿਲ ਨਾ-ਫੁਰਮਾਨੀ ਅੰਦੋਲਨ – 1930 ਈ: ਵਿਚ ਗਾਂਧੀ ਜੀ ਨੇ ਸਿਵਿਲ ਨਾ-ਫੁਰਮਾਨੀ ਅੰਦੋਲਨ ਆਰੰਭ ਕਰ ਦਿੱਤਾ । ਉਨ੍ਹਾਂ ਨੇ ਡਾਂਡੀ ਯਾਤਰਾ ਸ਼ੁਰੂ ਕੀਤੀ ਅਤੇ ਸਮੁੰਦਰ ਦੇ ਪਾਣੀ ਤੋਂ ਨਮਕ ਬਣਾ ਕੇ ਨਮਕ ਦੇ ਕਾਨੂੰਨ ਨੂੰ ਭੰਗ ਕੀਤਾ ਸਰਕਾਰ ਘਬਰਾ ਗਈ ਅਤੇ ਉਸ ਨੇ ਭਾਰਤ ਵਾਸੀਆਂ ਨੂੰ ਨਮਕ ਬਣਾਉਣ ਦਾ ਅਧਿਕਾਰ ਦੇ ਦਿੱਤਾ । 1935 ਈ: ਵਿਚ ਸਰਕਾਰ ਨੇ ਇਕ ਮਹੱਤਵਪੂਰਨ ਐਕਟ ਵੀ ਪਾਸ ਕੀਤਾ ।
ਭਾਰਤ ਛੱਡੋ ਅੰਦੋਲਨ – ਗਾਂਧੀ ਜੀ ਦਾ ਮੁੱਖ ਉਦੇਸ਼ ਭਾਰਤ ਨੂੰ ਸੁਤੰਤਰ ਕਰਾਉਣਾ ਸੀ । ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ 1942 ਈ: ਵਿਚ ‘ਭਾਰਤ ਛੱਡੋ ਅੰਦੋਲਨ’ ਚਲਾਇਆ । ਭਾਰਤ ਦੇ ਲੱਖਾਂ ਨਰ-ਨਾਰੀ ਗਾਂਧੀ ਜੀ ਦੇ ਨਾਲ ਹੋ ਗਏ । ਇੰਨੇ ਵਿਸ਼ਾਲ ਜਨ-ਅੰਦੋਲਨ ਨਾਲ ਅੰਗਰੇਜ਼ ਘਬਰਾ ਗਏ ਅਤੇ ਉਨ੍ਹਾਂ ਨੇ ਭਾਰਤ ਛੱਡਣ ਦਾ ਨਿਸ਼ਚਾ ਕਰ ਲਿਆ । ਸਿੱਟੇ ਵਜੋਂ 15 ਅਗਸਤ, 1947 ਈ: ਨੂੰ ਉਨ੍ਹਾਂ ਨੇ ਭਾਰਤ ਨੂੰ ਸੁਤੰਤਰ ਕਰ ਦਿੱਤਾ । ਇਸ ਸੁਤੰਤਰਤਾ ਦਾ ਅਸਲੀ ਸਿਹਰਾ ਗਾਂਧੀ ਜੀ ਦੇ ਸਿਰ ਹੀ ਹੈ ।
ਹੋਰ ਕੰਮ – ਗਾਂਧੀ ਜੀ ਨੇ ਭਾਰਤ ਵਾਸੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕ ਕੰਮ ਕੀਤੇ । ਭਾਰਤ ਵਿਚ ਗ਼ਰੀਬੀ ਦੂਰ ਕਰਨ ਲਈ ਉਨ੍ਹਾਂ ਨੇ ਲੋਕਾਂ ਨੂੰ ਖਾਦੀ ਪਹਿਨਣ ਦਾ ਸੰਦੇਸ਼ ਦਿੱਤਾ | ਅਛੂਤਾਂ ਦੇ ਉਧਾਰ ਲਈ ਗਾਂਧੀ ਜੀ ਨੇ ਉਨ੍ਹਾਂ ਨੂੰ ‘ਹਰੀਜਨ’ ਦਾ ਨਾਂ ਦਿੱਤਾ । ਦੇਸ਼ ਵਿਚ ਸੰਪਰਦਾਇਕ ਦੰਗਿਆਂ ਨੂੰ ਖ਼ਤਮ ਕਰਨ ਲਈ ਗਾਂਧੀ ਜੀ ਨੇ ਪਿੰਡ-ਪਿੰਡ ਘੁੰਮ ਕੇ ਲੋਕਾਂ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ।
ਮੌਤ – 30 ਜਨਵਰੀ, 1948 ਈ: ਦੀ ਸ਼ਾਮ ਨੂੰ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ । ਭਾਰਤਵਾਸੀ ਗਾਂਧੀ ਜੀ ਦੀਆਂ ਸੇਵਾਵਾਂ ਨੂੰ ਕਦੇ ਨਹੀਂ ਭੁਲਾ ਸਕਦੇ । ਅੱਜ ਵੀ ਉਨ੍ਹਾਂ ਨੂੰ ਰਾਸ਼ਟਰ-ਪਿਤਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।
ਪ੍ਰਸ਼ਨ 4.
ਮਹਾਤਮਾ ਗਾਂਧੀ ਜੀ ਦੇ ਨਾ-ਮਿਲਵਰਤਨ ਅੰਦੋਲਨ ਦਾ ਵਰਣਨ ਕਰੋ ।
ਉੱਤਰ-
1920 ਈ: ਵਿਚ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਨਾ-ਮਿਲਵਰਤਨ ਅੰਦੋਲਨ ਆਰੰਭ ਕੀਤਾ । ਇਸ ਅੰਦੋਲਨ ਦੇ ਮੁੱਖ ਉਦੇਸ਼ ਅੱਗੇ ਲਿਖੇ ਸਨ-
- ਪੰਜਾਬ ਦੇ ਲੋਕਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਅਣ-ਉੱਚਿਤ ਨੀਤੀਆਂ ਦੀ ਨਿੰਦਾ ਕਰਨਾ ।
- ਤੁਰਕੀ ਦੇ ਸੁਲਤਾਨ ਖ਼ਲੀਫ਼ਾ ਦੇ ਨਾਲ ਕੀਤੇ ਜਾ ਰਹੇ ਅਨਿਆਂ ਨੂੰ ਖ਼ਤਮ ਕਰਨਾ ।
- ਹਿੰਦੂਆਂ ਅਤੇ ਮੁਸਲਮਾਨਾਂ ਵਿਚ ਏਕਤਾ ਸਥਾਪਿਤ ਕਰਨਾ ।
- ਅੰਗਰੇਜ਼ੀ ਸਰਕਾਰ ਤੋਂ ਸਵਰਾਜ (ਸੁਤੰਤਰਤਾ ਪ੍ਰਾਪਤ ਕਰਨਾ ।
ਨਾ-ਮਿਲਵਰਤਨ ਅੰਦੋਲਨ ਦਾ ਕਾਰਜਕੂਮ-
- ਸਰਕਾਰੀ ਨੌਕਰੀਆਂ ਦਾ ਤਿਆਗ ਕੀਤਾ ਜਾਵੇ ।
- ਸਰਕਾਰੀ ਉਪਾਧੀਆਂ ਨੂੰ ਵਾਪਸ ਕਰ ਦਿੱਤਾ ਜਾਵੇ ।
- ਸਰਕਾਰੀ ਉਤਸਵਾਂ ਅਤੇ ਸੰਮੇਲਨਾਂ ਵਿਚ ਭਾਗ ਨਾ ਲਿਆ ਜਾਵੇ ।
- ਵਿਦੇਸ਼ੀ ਵਸਤੂਆਂ ਦਾ ਉਪਯੋਗ ਨਾ ਕੀਤਾ ਜਾਵੇ । ਇਨ੍ਹਾਂ ਦੀ ਥਾਂ ‘ਤੇ ਆਪਣੇ ਦੇਸ਼ ਵਿਚ ਬਣੀਆਂ ਵਸਤੂਆਂ ਦਾ ਉਪਯੋਗ ਕੀਤਾ ਜਾਵੇ !
- ਸਰਕਾਰੀ ਅਦਾਲਤਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਆਪਣੇ ਝਗੜਿਆਂ ਦਾ ਫ਼ੈਸਲਾ ਪੰਚਾਇਤ ਦੁਆਰਾ ਕਰਾਇਆ ਜਾਵੇ ।
- ਚਰਖੇ ਦੁਆਰਾ ਬਣੇ ਖਾਦੀ ਦੇ ਕੱਪੜੇ ਦੀ ਵਰਤੋਂ ਕੀਤੀ ਜਾਵੇ ।
ਨਾ-ਮਿਲਵਰਤਨ ਅੰਦੋਲਨ ਦੀ ਪ੍ਰਗਤੀ – ਮਹਾਤਮਾ ਗਾਂਧੀ ਨੇ ਆਪਣੀ ਕੇਸਰ-ਏ-ਹਿੰਦ ਦੀ ਉਪਾਧੀ ਸਰਕਾਰ ਨੂੰ ਵਾਪਸ ਕਰ ਦਿੱਤੀ । ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਅੰਦੋਲਨ ਵਿਚ ਭਾਗ ਲੈਣ ਦੀ ਅਪੀਲ ਕੀਤੀ । ਅਨੇਕਾਂ ਭਾਰਤੀਆਂ ਨੇ ਗਾਂਧੀ ਜੀ ਦੇ ਕਹਿਣ ‘ਤੇ ਆਪਣੀਆਂ ਨੌਕਰੀਆਂ ਤਿਆਗ ਦਿੱਤੀਆਂ ਅਤੇ ਉਪਾਧੀਆਂ ਸਰਕਾਰ ਨੂੰ ਵਾਪਸ ਕਰ ਦਿੱਤੀਆਂ । ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਸਕੂਲਾਂ ਅਤੇ ਕਾਲਜਾਂ ਵਿਚ ਜਾਣਾ ਬੰਦ ਕਰ ਦਿੱਤਾ । ਉਨ੍ਹਾਂ ਨੇ ਰਾਸ਼ਟਰੀ ਸਿੱਖਿਆਸੰਸਥਾਵਾਂ ਜਿਵੇਂ ਕਿ ਕਾਸ਼ੀ ਵਿੱਦਿਆ-ਪੀਠ, ਗੁਜਰਾਤ ਵਿੱਦਿਆ-ਪੀਠ, ਤਿਲਕ ਵਿੱਦਿਆ-ਪੀਠ, ਆਦਿ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ । ਦੇਸ਼ ਦੇ ਸੈਂਕੜੇ ਵਕੀਲਾਂ ਨੇ ਆਪਣੀ ਵਕਾਲਤ ਛੱਡ ਦਿੱਤੀ । ਇਨ੍ਹਾਂ ਵਿਚ ਮੋਤੀ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸੀ. ਆਰ. ਦਾਸ, ਸਰਦਾਰ ਪਟੇਲ, ਲਾਲਾ ਲਾਜਪਤ ਰਾਏ ਆਦਿ ਸ਼ਾਮਿਲ ਸਨ । ਲੋਕਾਂ ਨੇ ਵਿਦੇਸ਼ੀ ਕੱਪੜਿਆਂ ਦਾ ਤਿਆਗ ਕਰ ਦਿੱਤਾ ਅਤੇ ਚਰਖੇ ਦੁਆਰਾ ਬਣੇ ਖਾਦੀ ਦੇ ਕੱਪੜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ।
ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਅੰਦੋਲਨਕਾਰੀਆਂ ਨੂੰ ਬੰਦੀ ਬਣਾ ਲਿਆ । 1922 ਈ: ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਪਿੰਡ ਚੌਰੀ-ਚੌਰਾ ਵਿਚ ਕਾਂਗਰਸ ਦਾ ਇਜਲਾਸ ਚੱਲ ਰਿਹਾ ਸੀ । ਇਸ ਇਜਲਾਸ ਵਿਚ ਲਗਪਗ 3000 ਕਿਸਾਨ ਭਾਗ ਲੈ ਰਹੇ ਸਨ । ਇੱਥੇ ਪੁਲਿਸ ਨੇ ਉਨ੍ਹਾਂ ‘ਤੇ ਗੋਲੀ ਚਲਾਈ । ਕਿਸਾਨਾਂ ਨੇ ਗੁੱਸੇ ਵਿਚ ਆ ਕੇ ਪੁਲਿਸ ਥਾਣੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਅੱਗ ਲਾ ਦਿੱਤੀ । ਨਤੀਜੇ ਵਜੋਂ 22 ਸਿਪਾਹੀਆਂ ਦੀ ਮੌਤ ਹੋ ਗਈ । ਅੰਤ ਗਾਂਧੀ ਜੀ ਨੇ 12 ਫ਼ਰਵਰੀ, 1922 ਨੂੰ ਬਾਰਦੌਲੀ ਵਿਚ ਨਾ-ਮਿਲਵਰਤਨ ਅੰਦੋਲਨ ਨੂੰ ਸਥਗਿਤ ਕਰ ਦਿੱਤਾ ।
ਮਹੱਤਵ – ਭਾਵੇਂ ਕਿ ਮਹਾਤਮਾ ਗਾਂਧੀ ਨੇ ਨਾ-ਮਿਲਵਰਤਨ ਅੰਦੋਲਨ ਨੂੰ ਸਥਗਿਤ ਕਰ ਦਿੱਤਾ ਸੀ, ਫਿਰ ਵੀ ਇਸ ਦਾ ਰਾਸ਼ਟਰੀ ਅੰਦੋਲਨ ਦੇ ਪ੍ਰਸਾਰ ਵਿਚ ਮਹੱਤਵਪੂਰਨ ਯੋਗਦਾਨ ਰਿਹਾ ।
- ਇਸ ਅੰਦੋਲਨ ਵਿਚ ਭਾਰਤ ਦੇ ਲਗਪਗ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਜਿਸ ਨਾਲ ਉਨ੍ਹਾਂ ਵਿਚ ਰਾਸ਼ਟਰੀ ਭਾਵਨਾ ਪੈਦਾ ਹੋਈ ।
- ਔਰਤਾਂ ਨੇ ਵੀ ਇਸ ਵਿਚ ਹਿੱਸਾ ਲਿਆ । ਇਸ ਨਾਲ ਉਨ੍ਹਾਂ ਵਿਚ ਵੀ ਆਤਮ-ਵਿਸ਼ਵਾਸ ਪੈਦਾ ਹੋਇਆ ।
- ਇਸ ਅੰਦੋਲਨ ਦੇ ਕਾਰਨ ਕਾਂਗਰਸ ਪਾਰਟੀ ਦੀ ਲੋਕਪ੍ਰਿਯਤਾ ਬਹੁਤ ਜ਼ਿਆਦਾ ਵੱਧ ਗਈ ।
- ਅੰਦੋਲਨ ਵਾਪਸ ਲਏ ਜਾਣ ਦੇ ਕਾਰਨ ਕਾਂਗਰਸ ਦੇ ਕੁੱਝ ਨੇਤਾ ਗਾਂਧੀ ਜੀ ਤੋਂ ਨਾਰਾਜ਼ ਹੋ ਗਏ । ਇਨ੍ਹਾਂ ਵਿਚ ਪੰਡਿਤ ਮੋਤੀ ਲਾਲ ਨਹਿਰੂ ਅਤੇ ਸੀ. ਆਰ. ਦਾਸ ਸ਼ਾਮਿਲ ਸਨ । ਉਨ੍ਹਾਂ ਨੇ ਸੁਤੰਤਰਤਾ ਪ੍ਰਾਪਤੀ ਲਈ 1923 ਈ: ਵਿਚ “ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ।
ਪ੍ਰਸ਼ਨ 5.
ਕ੍ਰਾਂਤੀਕਾਰੀ ਅੰਦੋਲਨ (1919-1947 ਦੇ ਦੌਰਾਨ) ਦਾ ਵਰਣਨ ਕਰੋ ।
ਉੱਤਰ-
ਭਾਰਤ ਨੂੰ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਦਿਲਾਉਣ ਲਈ ਦੇਸ਼ ਵਿਚ ਕਈ ਕ੍ਰਾਂਤੀਕਾਰੀ ਅੰਦੋਲਨ ਚੱਲੇ । ਇਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਬੱਬਰ ਅਕਾਲੀ ਅੰਦੋਲਨ – ਕੁੱਝ ਅਕਾਲੀ ਸਿੱਖ ਨੇਤਾ ਗੁਰਦੁਆਰਾ ਸੁਧਾਰ ਅੰਦੋਲਨ ਨੂੰ ਹਿੰਸਾਤਮਕ ਢੰਗ ਨਾਲ ਚਲਾਉਣਾ ਚਾਹੁੰਦੇ ਸਨ । ਉਨ੍ਹਾਂ ਨੂੰ ਬੱਬਰ ਅਕਾਲੀ ਕਿਹਾ ਜਾਂਦਾ ਹੈ । ਉਨ੍ਹਾਂ ਦੇ ਨੇਤਾ ਕਿਸ਼ਨ ਸਿੰਘ ਨੇ ਚੱਕਰਵਰਤੀ ਜੱਥਾ ਸਥਾਪਿਤ ਕਰਕੇ ਹੁਸ਼ਿਆਰਪੁਰ ਅਤੇ ਜਲੰਧਰ ਵਿਚ ਅੰਗਰੇਜ਼ਾਂ ਦੇ ਦਮਨ ਦੇ ਵਿਰੁੱਧ ਆਵਾਜ਼ ਉਠਾਈ । 26 ਫ਼ਰਵਰੀ, 1923 ਈ: ਨੂੰ ਉਨ੍ਹਾਂ ਨੂੰ ਉਨ੍ਹਾਂ ਦੇ 186 ਸਾਥੀਆਂ ਸਮੇਤ ਬੰਦੀ ਬਣਾ ਲਿਆ ਗਿਆ । ਇਨ੍ਹਾਂ ਵਿੱਚ 5 ਨੂੰ ਫਾਂਸੀ ਦਿੱਤੀ ਗਈ ।
2 ਨੌਜਵਾਨ ਭਾਰਤ ਸਭਾ – ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈ: ਵਿਚ ਲਾਹੌਰ ਵਿਚ ਹੋਈ । ਇਸ ਦੇ ਸੰਸਥਾਪਕ ਮੈਂਬਰ ਭਗਤ ਸਿੰਘ, ਰਾਜਗੁਰੂ, ਭਗਵਤੀਚਰਨ ਵੋਹਰਾ, ਸੁਖਦੇਵ ਆਦਿ ਸਨ ।
ਮੁੱਖ ਉਦੇਸ਼-ਇਸ ਸਭਾ ਦੇ ਮੁੱਖ ਉਦੇਸ਼ ਹੇਠ ਲਿਖੇ ਸਨ-
- ਕੁਰਬਾਨੀ ਦੀ ਭਾਵਨਾ ਦਾ ਵਿਕਾਸ ਕਰਨਾ ।
- ਲੋਕਾਂ ਨੂੰ ਦੇਸ਼-ਭਗਤੀ ਦੀ ਭਾਵਨਾ ਨਾਲ ਓਤ-ਪੋਤ ਕਰਨਾ ।
- ਜਨਸਾਧਾਰਨ ਵਿਚ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਕਰਨਾ ।
ਮੈਂਬਰਸ਼ਿਪ – ਇਸ ਸਭਾ ਵਿਚ 18 ਸਾਲ ਤੋਂ 35 ਸਾਲ ਤਕ ਦੇ ਸਭ ਆਦਮੀ ਅਤੇ ਔਰਤਾਂ ਸ਼ਾਮਿਲ ਹੋ ਸਕਦੇ ਸਨ । ਕੇਵਲ ਉਹ ਹੀ ਵਿਅਕਤੀ ਇਸ ਦੇ ਮੈਂਬਰ ਬਣ ਸਕਦੇ ਸਨ ਜਿਨ੍ਹਾਂ ਨੂੰ ਇਨ੍ਹਾਂ ਦੇ ਕਾਰਜਕ੍ਰਮ ਵਿਚ ਵਿਸ਼ਵਾਸ ਸੀ । ਪੰਜਾਬ ਦੀਆਂ ਅਨੇਕ ਔਰਤਾਂ ਅਤੇ ਮਰਦਾਂ ਨੇ ਇਸ ਸਭਾ ਨੂੰ ਆਪਣਾ ਸਹਿਯੋਗ ਦਿੱਤਾ । ਦੁਰਗਾ ਦੇਵੀ ਵੋਹਰਾ, ਸੁਸ਼ੀਲਾ ਮੋਹਨ, ਅਮਰ ਕੌਰ, ਪਾਰਵਤੀ ਦੇਵੀ ਅਤੇ ਲੀਲਾਵਤੀ ਇਸ ਸਭਾ ਦੀਆਂ ਮੈਂਬਰ ਸਨ |
ਗਤੀਵਿਧੀਆਂ – ਇਸ ਸਭਾ ਦੇ ਮੈਂਬਰ ਸਾਈਮਨ ਕਮੀਸ਼ਨ ਦੇ ਆਗਮਨ ਸਮੇਂ ਪੂਰੀ ਤਰ੍ਹਾਂ ਕਿਰਿਆਸ਼ੀਲ ਹੋ ਗਏ । ਪੰਜਾਬ ਵਿਚ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਲਾਹੌਰ ਵਿਚ ਕ੍ਰਾਂਤੀਕਾਰੀਆਂ ਨੇ ਸਾਈਮਨ ਕਮੀਸ਼ਨ ਦੇ ਵਿਰੋਧ ਵਿਚ ਜਲੂਸ ਕੱਢਿਆ । ਅੰਗਰੇਜ਼ ਸਰਕਾਰ ਨੇ ਜਲੂਸ ‘ਤੇ ਲਾਠੀਚਾਰਜ ਕੀਤਾ । ਇਸ ਵਿਚ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । 17 ਨਵੰਬਰ, 1928 ਈ: ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ । ਇਸ ਵਿਚਾਲੇ ਭਾਰਤ ਦੇ ਸਾਰਿਆਂ ਕ੍ਰਾਂਤੀਕਾਰੀਆਂ ਨੇ ਆਪਣੀ ਕੇਂਦਰੀ ਸੰਸਥਾ ਬਣਾਈ ਜਿਸ ਦਾ ਨਾਂ ਰੱਖਿਆ ਗਿਆ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ । ਨੌਜਵਾਨ ਭਾਰਤ ਸਭਾ ਦੇ ਮੈਂਬਰ ਵੀ ਇਸ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨ ਲੱਗੇ ।
ਅਸੈਂਬਲੀ ਬੰਬ ਕੇਸ – 8 ਅਪਰੈਲ, 1929 ਨੂੰ ਦਿੱਲੀ ਵਿਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਵਿਧਾਨ ਸਭਾ ਵਿਚ ਬੰਬ ਸੁੱਟ ਕੇ ਆਤਮ-ਸਮਰਪਣ ਕਰ ਦਿੱਤਾ । ਪੁਲਿਸ ਨੇ ਦੋ ਹੋਰ ਕ੍ਰਾਂਤੀਕਾਰੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਬੰਦੀ ਬਣਾ ਲਿਆ ।
23 ਮਾਰਚ, 1931 ਈ: ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਪੁਲਿਸ ਅਧਿਕਾਰੀ ਸਾਂਡਰਸ ਦੀ ਹੱਤਿਆ ਦੇ ਅਪਰਾਧ ਵਿਚ ਫ਼ਾਂਸੀ ਦੇ ਦਿੱਤੀ ਗਈ ।
ਸੱਚ ਤਾਂ ਇਹ ਹੈ ਕਿ ਨੌਜਵਾਨ ਭਾਰਤ ਸਭਾ ਦੇ ਕ੍ਰਾਂਤੀਕਾਰੀ ਭਗਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਇਕ ਅਜਿਹੀ ਉਦਾਹਰਨ ਪੇਸ਼ ਕੀਤੀ ਜਿਸ ‘ਤੇ ਆਉਣ ਵਾਲੀਆਂ ਪੀੜੀਆਂ ਹਮੇਸ਼ਾਂ ਮਾਣ ਕਰਨਗੀਆਂ।
ਪ੍ਰਸ਼ਨ 6.
ਗੁਰਦੁਆਰਾ ਸੁਧਾਰ ਲਹਿਰ ਬਾਰੇ ਵਰਣਨ ਕਰੋ ।
ਉੱਤਰ-
1920 ਈ: ਤੋਂ 1925 ਈ: ਤਕ ਦੇ ਕਾਲ ਵਿਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ ਤੋਂ ਮੁਕਤ ਕਰਾਉਣ ਲਈ ‘ਗੁਰਦੁਆਰਾ ਸੁਧਾਰ ਲਹਿਰ’ ਦੀ ਸਥਾਪਨਾ ਕੀਤੀ ਗਈ । ਇਸ ਲਹਿਰ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਮੁਕਤ ਕਰਾਇਆ ਗਿਆ ਸੀ ।
ਗੁਰਦੁਆਰਾ ਸੁਧਾਰ ਅੰਦੋਲਨ ਨੂੰ ਸਫਲ ਬਣਾਉਣ ਲਈ ਅਕਾਲੀ ਦਲ ਨੇ ਕਈ ਮੋਰਚੇ ਲਗਾਏ ਜਿਨ੍ਹਾਂ ਵਿਚੋਂ ਕੁੱਝ ਮੋਰਚਿਆਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਨਨਕਾਣਾ ਸਾਹਿਬ ਦਾ ਮੋਰਚਾ – ਨਨਕਾਣਾ ਸਾਹਿਬ ਦਾ ਮਹੰਤ ਨਾਰਾਇਣ ਦਾਸ ਬੜਾ ਚਰਿੱਤਰਹੀਣ ਵਿਅਕਤੀ ਸੀ ਉਸ ਨੂੰ ਗੁਰਦੁਆਰੇ ਵਿਚੋਂ ਕੱਢਣ ਲਈ 20 ਫ਼ਰਵਰੀ, 1921 ਈ: ਦੇ ਦਿਨ ਇਕ ਸ਼ਾਂਤਮਈ ਜੱਥਾ ਨਨਕਾਣਾ ਸਾਹਿਬ ਪਹੁੰਚ ਗਿਆ । ਮਹੰਤ ਨੇ ਜੱਥੇ ਨਾਲ ਬਹੁਤ ਬੁਰਾ ਵਿਹਾਰ ਕੀਤਾ । ਉਸ ਦੇ ਪਾਲੇ ਹੋਏ ਗੁੰਡਿਆਂ ਨੇ ਜਿੱਥੇ ਉੱਤੇ ਹਮਲਾ ਕਰ ਦਿੱਤਾ । ਜੱਥੇ ਦੇ ਨੇਤਾ ਭਾਈ ਲਛਮਣ ਸਿੰਘ ਤੇ ਉਸ ਦੇ ਸਾਥੀਆਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ।
2. ਹਰਿਮੰਦਰ ਸਾਹਿਬ ਦੇ ਖ਼ਜ਼ਾਨੇ ਦੀਆਂ ਚਾਬੀਆਂ ਦਾ ਮੋਰਚਾ – ਹਰਿਮੰਦਰ ਸਾਹਿਬ ਦੇ ਖ਼ਜ਼ਾਨੇ ਦੀਆਂ ਚਾਬੀਆਂ ਅੰਗਰੇਜ਼ਾਂ ਦੇ ਕੋਲ ਸਨ । ਪ੍ਰਬੰਧਕ ਕਮੇਟੀ ਨੇ ਉਨ੍ਹਾਂ ਕੋਲੋਂ ਗੁਰਦੁਆਰੇ ਦੀਆਂ ਚਾਬੀਆਂ ਮੰਗੀਆਂ ਪਰੰਤੂ ਉਨ੍ਹਾਂ ਨੇ ਖ਼ਜ਼ਾਨੇ ਦੀਆਂ ਚਾਬੀਆਂ ਦੇਣ ਤੋਂ ਨਾਂਹ ਕਰ ਦਿੱਤੀ । ਅੰਗਰੇਜ਼ਾਂ ਦੇ ਇਸ ਰਵੱਈਏ ਵਿਰੁੱਧ ਸਿੱਖਾਂ ਨੇ ਬਹੁਤ ਮੁਜ਼ਾਹਰੇ ਕੀਤੇ । ਅੰਗਰੇਜ਼ਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ | ਕਾਂਗਰਸ ਤੇ ਖ਼ਿਲਾਫ਼ਤ ਕਮੇਟੀ ਨੇ ਵੀ ਸਿੱਖਾਂ ਦੀ ਹਾਮੀ ਭਰੀ । ਮਜਬੂਰ ਹੋ ਕੇ ਅੰਗਰੇਜ਼ਾਂ ਨੇ ਖ਼ਜ਼ਾਨੇ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀਆਂ ।
3. ‘ਗੁਰੂ ਕਾ ਬਾਗ਼’ ਦਾ ਮੋਰਚਾ – ਗੁਰਦੁਆਰਾ ‘ਗੁਰੂ ਕਾ ਬਾਗ਼’ ਅੰਮ੍ਰਿਤਸਰ ਤੋਂ ਲਗਪਗ 20 ਕੁ ਮੀਲ ਦੂਰ ਅਜਨਾਲਾ ਤਹਿਸੀਲ ਵਿਚ ਹੈ । ਇਹ ਗੁਰਦੁਆਰਾ ਮਹੰਤ ਸੁੰਦਰ ਦਾਸ ਦੇ ਕੋਲ ਸੀ ।ਉਹ ਇਕ ਆਚਰਨ-ਹੀਣ ਵਿਅਕਤੀ ਸੀ । ਸ਼੍ਰੋਮਣੀ ਕਮੇਟੀ ਨੇ ਇਸ ਗੁਰਦੁਆਰੇ ਨੂੰ ਆਪਣੇ ਹੱਥ ਵਿਚ ਲੈਣ ਲਈ 23 ਅਗਸਤ, 1921 ਈ: ਨੂੰ ਸ: ਦਾਨ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਭੇਜਿਆ । ਅੰਗਰੇਜ਼ਾਂ ਨੇ ਇਸ ਜੱਥੇ ਦੇ ਮੈਂਬਰਾਂ ਨੂੰ ਕੈਦ ਕਰ ਲਿਆ । ਇਸ ਘਟਨਾ ਤੋਂ ਸਿੱਖ ਹੋਰ ਵੀ ਭੜਕ ਉੱਠੇ ।ਉਨ੍ਹਾਂ ਹੋਰ ਜ਼ਿਆਦਾ ਗਿਣਤੀ ਵਿਚ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ । ਇਨ੍ਹਾਂ ਜੱਥਿਆਂ ਦੇ ਨਾਲ ਬਹੁਤ ਬੁਰਾ ਵਿਚਾਰ ਕੀਤਾ ਗਿਆ । ਉਨ੍ਹਾਂ ਦੇ ਮੈਂਬਰਾਂ ਉੱਤੇ ਲਾਠੀਆਂ ਵਰਸਾਈਆਂ ਗਈਆਂ ।
4, ਪੰਜਾ ਸਾਹਿਬ ਦੀ ਘਟਨਾ – ਸਰਕਾਰ ਨੇ ‘ਗੁਰੂ ਕਾ ਬਾਗ਼’ ਦੇ ਮੋਰਚੇ ਵਿਚ ਬੰਦੀ ਬਣਾਏ ਗਏ ਸਿੱਖਾਂ ਨੂੰ ਰੇਲ ਗੱਡੀ ਰਾਹੀਂ ਅਟਕ ਜੇਲ੍ਹ ਵਿਚ ਭੇਜਣ ਦਾ ਨਿਰਣਾ ਕੀਤਾ । ਪੰਜਾ ਸਾਹਿਬ ਦੇ ਸਿੱਖਾਂ ਨੇ ਸਰਕਾਰ ਅੱਗੇ ਬੇਨਤੀ ਕੀਤੀ ਕਿ ਰੇਲ ਗੱਡੀ ਨੂੰ ਹਸਨ ਅਬਦਾਲ ਵਿਚ ਖੜ੍ਹਾ ਕੀਤਾ ਜਾਵੇ ਤਾਂ ਜੋ ਉਹ ਜੱਥੇ ਦੇ ਮੈਂਬਰਾਂ ਨੂੰ ਭੋਜਨ ਆਦਿ ਛਕਾ ਸਕਣ ਪਰ ਜਦੋਂ ਸਰਕਾਰ ਨੇ ਸਿੱਖਾਂ ਦੀ ਇਸ ਪ੍ਰਾਰਥਨਾ ਨੂੰ ਸਵੀਕਾਰ ਨਾ ਕੀਤਾ ਤਾਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨਾਂ ਦੇ ਦੋ ਸਿੱਖ ਰੇਲ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦੀ ਪਾ ਗਏ । ਇਨ੍ਹਾਂ ਦੋਹਾਂ ਦੀ ਸ਼ਹੀਦੀ ਤੋਂ ਇਲਾਵਾ ਦਰਜਨਾਂ ਸਿੱਖਾਂ ਦੇ ਅੰਗ ਕੱਟ ਗਏ ।
5. ਜੈਤੋ ਦਾ ਮੋਰਚਾ – ਜੁਲਾਈ, 1923 ਈ: ਵਿਚ ਅੰਗਰੇਜ਼ਾਂ ਨੇ ਨਾਭੇ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ ਗੱਦੀ ਉੱਤੋਂ ਲਾਹ ਦਿੱਤਾ | ਅਕਾਲੀਆਂ ਨੇ ਸਰਕਾਰ ਦੇ ਵਿਰੁੱਧ ਗੁਰਦੁਆਰਾ ਗੰਗਸਰ ਜੈਤੋ ਵਿਚ ਇਕ ਬਹੁਤ ਭਾਰੀ ਜਲਸਾ ਕਰਨ ਦਾ ਨਿਰਣਾ ਕੀਤਾ । 21 ਫ਼ਰਵਰੀ, 1924 ਈ: ਨੂੰ ਪੰਜ ਸੌ ਅਕਾਲੀਆਂ ਦਾ ਇਕ ਜੱਥਾ ਗੁਰਦੁਆਰਾ ਗੰਗਸਰ ਲਈ ਤੁਰ ਪਿਆ । ਨਾਭੇ ਦੀ ਰਿਆਸਤ ਵਿਚ ਪਹੁੰਚਣ ਉੱਤੇ ਉਨ੍ਹਾਂ ਦਾ ਟਾਕਰਾ ਅੰਗਰੇਜ਼ੀ ਫ਼ੌਜ ਨਾਲ ਹੋਇਆ । ਸਿੱਖ ਨਿਹੱਥੇ ਸਨ । ਸਿੱਟੇ ਵਜੋਂ 100 ਤੋਂ ਵੱਧ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਲਗਪਗ 200 ਜ਼ਖ਼ਮੀ ਹੋਏ ।
6. ਸਿੱਖ ਗੁਰਦੁਆਰਾ ਐਕਟ – 1925 ਈ: ਵਿਚ ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਪਾਸ ਕਰ ਦਿੱਤਾ । ਇਸ ਦੇ ਅਨੁਸਾਰ ਗੁਰਦੁਆਰਿਆਂ ਦਾ ਪ੍ਰਬੰਧ ਤੇ ਉਨ੍ਹਾਂ ਦੀ ਦੇਖਭਾਲ ਸਿੱਖਾਂ ਦੇ ਹੱਥ ਆ ਗਈ । ਸਰਕਾਰ ਨੇ ਹੌਲੀ-ਹੌਲੀ ਸਾਰੇ ਕੈਦ ਕੀਤੇ ਸਿੱਖਾਂ ਨੂੰ ਛੱਡ ਦਿੱਤਾ ।
ਇਸ ਤਰ੍ਹਾਂ ਅਕਾਲੀ ਲਹਿਰ ਦੀ ਅਗਵਾਈ ਵਿਚ ਸਿੱਖਾਂ ਨੇ ਬਹੁਤ ਮਹਾਨ ਕੁਰਬਾਨੀਆਂ ਦਿੱਤੀਆਂ । ਇਕ ਪਾਸੇ ਤਾਂ ਉਨ੍ਹਾਂ ਨੇ ਗੁਰਦੁਆਰਿਆਂ ਵਰਗੇ ਪਵਿੱਤਰ ਅਸਥਾਨਾਂ ਵਿਚੋਂ ਅੰਗਰੇਜ਼ਾਂ ਦੇ ਪਿੱਠੁ ਮਹੰਤਾਂ ਨੂੰ ਬਾਹਰ ਕੱਢਿਆ ਤੇ ਦੂਜੇ ਪਾਸੇ ਸਰਕਾਰ ਦੇ ਵਿਰੁੱਧ ਇਕ ਅਜਿਹੀ ਅੱਗ ਭੜਕਾਈ ਜੋ ਸੁਤੰਤਰਤਾ ਪ੍ਰਾਪਤੀ ਤਕ ਜਲਦੀ ਰਹੀ ।