Punjab State Board PSEB 10th Class Home Science Book Solutions Chapter 5 ਘਰ ਦੀ ਅੰਦਰਲੀ ਸਜਾਵਟ Textbook Exercise Questions and Answers.
PSEB Solutions for Class 10 Home Science Chapter 5 ਘਰ ਦੀ ਅੰਦਰਲੀ ਸਜਾਵਟ
Home Science Guide for Class 10 PSEB ਘਰ ਦੀ ਅੰਦਰਲੀ ਸਜਾਵਟ Textbook Questions and Answers
ਅਭਿਆਸ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਘਰ ਦੀ ਅੰਦਰਲੀ ਸਜਾਵਟ ਲਈ ਕਿਹੜੀਆਂ ਮੁੱਖ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਘਰ ਨੂੰ ਸਜਾਉਣ ਲਈ ਅਨੇਕਾਂ ਹੀ ਚੀਜ਼ਾਂ ਮਿਲਦੀਆਂ ਹਨ ਅਤੇ ਵਰਤੀਆਂ ਜਾ ਸਕਦੀਆਂ ਹਨ । ਮੁੱਖ ਤੌਰ ‘ਤੇ ਘਰ ਦੀ ਸਜਾਵਟ ਲਈ ਹੇਠ ਲਿਖੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ-
- ਫ਼ਰਨੀਚਰ,
- ਪਰਦੇ,
- ਕਾਲੀਨ/ਗਲੀਚੇ,
- ਗੱਦੀਆਂ/ਕੁਸ਼ਨ,
- ਸਜਾਵਟ ਲਈ ਸਹਾਇਕ ਸਾਮਾਨ ।
ਪ੍ਰਸ਼ਨ 2.
ਫ਼ਰਨੀਚਰ ਦੀ ਚੋਣ ਕਰਦੇ ਸਮੇਂ ਅਜਿਹੇ ਦੋ ਨੰਕਤਿਆਂ ਬਾਰੇ ਦੱਸੋ ਜੋ ਤੁਸੀਂ ਸਮਝਦੇ ਹੋ ਕਿ ਸਭ ਤੋਂ ਮਹੱਤਵਪੂਰਨ ਹਨ ?
ਉੱਤਰ-
ਫ਼ਰਨੀਚਰ ਖ਼ਰੀਦਣ ਵੇਲੇ ਸਭ ਤੋਂ ਜ਼ਰੂਰੀ ਗੱਲਾਂ ਬਜਟ ਭਾਵ ਤੁਸੀਂ ਫ਼ਰਨੀਚਰ ਉੱਪਰ ਕਿੰਨੇ ਪੈਸੇ ਖ਼ਰਚ ਕਰ ਸਕਦੇ ਹੋ, ਉਸ ਮੁਤਾਬਿਕ ਹੀ ਤੁਹਾਨੂੰ ਉਸ ਦੀ ਮਜ਼ਬੂਤੀ ਅਤੇ ਡਿਜ਼ਾਇਨ ਵੇਖਣਾ ਪਵੇਗਾ । ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਕਿਸ ਕੰਮ ਵਾਸਤੇ ਫ਼ਰਨੀਚਰ ਖ਼ਰੀਦਣਾ ਹੈ । ਉਦਾਹਰਨ ਵਜੋਂ ਜੇ ਪੜ੍ਹਨ ਵਾਲਾ ਮੇਜ਼ (Study Table) ਲੈਣਾ ਹੈ ਤਾਂ ਉਸਦੀ ਉਚਾਈ, ਕਿਤਾਬਾਂ ਰੱਖਣ ਲਈ ਥਾਂ ਧਿਆਨ ਦੇਣ ਵਾਲੀਆਂ ਗੱਲਾਂ ਹਨ । ਇਸੇ ਤਰ੍ਹਾਂ ਕੁਰਸੀ ਦੀ ਉਚਾਈ, ਬਾਹਵਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਆਦਮੀ ਉਸ ਵਿਚ ਆਰਾਮ ਨਾਲ ਬੈਠ ਸਕੇ ।
ਪ੍ਰਸ਼ਨ 3.
ਬੈਠਕ ਵਿਚ ਕਿਹੋ ਜਿਹੇ ਫ਼ਰਨੀਚਰ ਦੀ ਲੋੜ ਹੁੰਦੀ ਹੈ ?
ਉੱਤਰ-
ਬੈਠਕ ਪਰਿਵਾਰ ਦੇ ਸਾਰੇ ਜੀਆਂ ਅਤੇ ਮਹਿਮਾਨਾਂ ਦੇ ਬੈਠਣ ਲਈ ਵਰਤੀ ਜਾਂਦੀ ਹੈ । ਖੇਡਣ, ਪੜ੍ਹਨ, ਲਿਖ਼ਣ, ਸੰਗੀਤ ਸੁਣਨ ਦੇ ਕੰਮ ਇੱਥੇ ਕੀਤੇ ਜਾਂਦੇ ਹਨ । ਸੋ ਬੈਠਕ ਵਿਚ ਸੋਫ਼ਾ, ਕੁਰਸੀਆਂ ਅਤੇ ਦੀਵਾਨ ਰੱਖੇ ਜਾ ਸਕਦੇ ਹਨ । ਇਨ੍ਹਾਂ ਵਿਚਕਾਰ ਇਕ ਕਾਫ਼ੀ ਮੇਜ਼ ਰੱਖਣਾ ਚਾਹੀਦਾ ਹੈ । ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਵੀ ਛੋਟੇ ਮੇਜ਼ (Peg Table) ਚਾਹ, ਪਾਣੀ ਦੇ ਗਲਾਸ, ਕੱਪ ਅਤੇ ਸੁਆਦਾਨੀ (Ash Tray) ਰੱਖਣ ਲਈ ਚਾਹੀਦੇ ਹਨ ।
ਪ੍ਰਸ਼ਨ 4.
ਘਰ ਵਿਚ ਲੱਕੜੀ ਦੇ ਫ਼ਰਨੀਚਰ ਲਈ ਪਾਲਿਸ਼ ਬਣਾਉਣ ਦਾ ਇਕ ਤਰੀਕਾ ਦੱਸੋ ।
ਜਾਂ
ਫ਼ਰਨੀਚਰ ਦੀ ਪਾਲਿਸ਼ ਬਣਾਉਣ ਦੇ ਦੋ ਢੰਗ ਦੱਸੋ ।
ਉੱਤਰ-
ਘਰ ਵਿਚ ਲੱਕੜੀ ਦੇ ਫ਼ਰਨੀਚਰ ਦੀ ਪਾਲਿਸ਼ ਹੇਠ ਲਿਖੇ ਢੰਗਾਂ ਨਾਲ ਬਣਾਈ ਜਾ ਸਕਦੀ ਹੈ-
(i) ਤਾਰਪੀਨ ਦਾ ਤੇਲ – 2 ਹਿੱਸੇ
ਮੈਥੀਲੈਟਿਡ ਸਪਿਰਟ – 1 ਹਿੱਸਾ
ਅਲਸੀ ਦਾ ਤੇਲ (Linseed Oil) – 2 ਹਿੱਸੇ
ਸਿਰਕਾ – 1 ਹਿੱਸਾ ।
ਉੱਪਰ ਲਿਖੀਆਂ ਚਾਰੋਂ ਚੀਜ਼ਾਂ ਨੂੰ ਇਕ ਬੋਤਲ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਉ । ਇਹ ਪਾਲਿਸ਼ ਗੁੜੇ ਰੰਗ ਦੀ ਲੱਕੜੀ ‘ਤੇ ਵਰਤੀ ਜਾ ਸਕਦੀ ਹੈ । ਇਸ ਵਿਚ ਤਾਰਪੀਨ ਦਾ ਤੇਲ ਅਤੇ ਸਿਰਕਾ ਥੰਧਿਆਈ ਦੇ ਦਾਗਾਂ ਨੂੰ ਹਟਾਉਂਦਾ ਹੈ । ਅਲਸੀ ਦਾ ਤੇਲ ਲੱਕੜੀ ਨੂੰ ਠੀਕ ਹਾਲਤ ਵਿਚ ਰੱਖਦਾ ਹੈ ਜਦ ਕਿ ਮੈਥੀਲੈਟਿਡ ਸਪਿਰਟ ਸੁੱਕਣ ਵਿਚ ਮੱਦਦ ਕਰਦੀ ਹੈ ।
(ii) ਸ਼ਹਿਦ ਦੀ ਮੱਖੀ ਦਾ ਮੋਮ = 15 ਗਰਾਮ
ਤਾਰਪੀਨ ਦਾ ਤੇਲ = 250 ਮਿ.ਲੀ.
ਮੋਮ ਨੂੰ ਹਲਕੀ ਅੱਗ ਦੇ ਸੇਕ ਨਾਲ ਪਿਘਲਾ ਲਓ । ਅੱਗ ਤੋਂ ਉਤਾਰ ਕੇ ਤਾਰਪੀਨ ਦਾ ਤੇਲ ਮਿਲਾ ਦਿਓ । ਉਦੋਂ ਤੱਕ ਹਿਲਾਓ ਜਦੋਂ ਤਕ ਮੋਮ ਤੇਲ ਵਿਚ ਚੰਗੀ ਤਰ੍ਹਾਂ ਘੁਲ ਨਾ ਜਾਵੇ ।
ਪ੍ਰਸ਼ਨ 5.
ਕੱਪੜੇ ਨਾਲ ਢੱਕੇ ਫ਼ਰਨੀਚਰ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਕੱਪੜੇ ਨਾਲ ਢੱਕੇ ਫ਼ਰਨੀਚਰ ਨੂੰ ਵੈਕਿਉਮ ਕਲੀਨਰ ਨਾਲ ਸਾਫ਼ ਕੀਤਾ ਜਾ ਸਕਦਾ ਹੈ । ਇਸ ਦੇ ਨਾ ਹੋਣ ‘ਤੇ ਗਰਮ ਕੱਪੜੇ ਝਾੜਨ ਵਾਲੇ ਬੁਰਸ਼ ਨਾਲ ਵੀ ਇਸ ਨੂੰ ਸਾਫ਼ ਕੀਤਾ ਜਾ ਸਕਦਾ ਹੈ । ਜੇ ਕੱਪੜਾ ਫਿਟ ਜਾਵੇ ਜਾਂ ਜ਼ਿਆਦਾ ਗੰਦਾ ਹੋ ਜਾਵੇ ਤਾਂ 2 ਗਿਲਾਸ ਪਾਣੀ ਵਿੱਚ ਇਕ ਵੱਡਾ ਚਮਚ ਸਿਰਕਾ ਮਿਲਾ ਕੇ ਇਸ ਵਿਚ ਸਾਫ਼ ਮੁਲਾਇਮ ਕੱਪੜਾ ਭਿਉਂ ਕੇ ਚੰਗੀ ਤਰ੍ਹਾਂ ਨਿਚੋੜ ਕੇ ਫ਼ਰਨੀਚਰ ਦੇ ਕਵਰ ਨੂੰ ਸਾਫ਼ ਕਰੋ। ਇਸ ਨਾਲ ਕੱਪੜਾ ਸਾਫ਼ ਹੋ ਜਾਂਦਾ ਹੈ ਅਤੇ ਚਮਕ ਵੀ ਆ ਜਾਂਦੀ ਹੈ । ਥੰਧਿਆਈ ਦੇ ਦਾਗਾਂ ਨੂੰ ਪੈਟਰੋਲ ਜਾਂ ਪਾਣੀ ਵਿਚ ਡਿਟਰਜੈਂਟ ਘੋਲ ਕੇ ਗਿੱਲੇ ਕੱਪੜੇ ਨਾਲ ਸਾਫ਼ ਕਰੋ-ਬਾਅਦ ਵਿਚ ਸਾਫ਼ ਪਾਣੀ ਵਿਚ ਕੱਪੜਾ ਭਿਉਂ ਕੇ ਪੂੰਝੋ ਤਾਂ ਜੋ ਡਿਟਰਜੈਂਟ ਨਿਕਲ ਜਾਵੇ ।
ਪ੍ਰਸ਼ਨ 6.
ਪਲਾਸਟਿਕ ਦਾ ਫ਼ਰਨੀਚਰ ਅੱਜ-ਕਲ੍ਹ ਜ਼ਿਆਦਾ ਕਿਉਂ ਵਰਤਿਆ ਜਾਣ ਲੱਗ ਪਿਆ ਹੈ ?
ਉੱਤਰ-
ਅੱਜ-ਕਲ੍ਹ ਪਲਾਸਟਿਕ ਦੇ ਫ਼ਰਨੀਚਰ ਦੀ ਵਰਤੋਂ ਵਧਣ ਦੇ ਕਈ ਕਾਰਨ ਹਨ-
- ਇਹ ਜਲਦੀ ਨਹੀਂ ਟੁੱਟਦਾ ।
- ਇਸ ਉੱਪਰ ਝਰੀਟਾਂ ਅਤੇ ਚਿੱਬ ਆਦਿ ਨਹੀਂ ਪੈਂਦੇ ।
- ਇਹ ਪਾਣੀ ਨਹੀਂ ਚੂਸਦਾ । ਇਸ ਲਈ ਇਸ ਨੂੰ ਆਸਾਨੀ ਨਾਲ ਧੋ ਕੇ ਸਾਫ਼ ਕੀਤਾ ਜਾਂਦਾ ਹੈ ।
- ਇਸ ਨੂੰ ਕੋਈ ਕੀੜਾ ਜਾਂ ਸਿਉਂਕ ਨਹੀਂ ਲੱਗਦੀ ।
- ਇਹ ਕਈ ਰੰਗਾਂ ਵਿਚ ਮਿਲ ਜਾਂਦਾ ਹੈ ।
ਪ੍ਰਸ਼ਨ 7.
ਘਰ ਵਿਚ ਪਰਦੇ ਕਿਉਂ ਲਗਾਏ ਜਾਂਦੇ ਹਨ ?
ਉੱਤਰ-
ਪਰਦਿਆਂ ਬਿਨਾਂ ਘਰ ਚੰਗਾ ਨਹੀਂ ਲੱਗਦਾ ਸੋ ਪਰਦੇ ਘਰ ਦੀ ਸੁੰਦਰਤਾ ਵਧਾਉਣ ਲਈ ਲਗਾਏ ਜਾਂਦੇ ਹਨ । ਪਰ ਇਸ ਦੇ ਨਾਲ ਹੀ ਇਹ ਘਰ ਨੂੰ ਤੇਜ਼ ਹਵਾ ਅਤੇ ਰੌਸ਼ਨੀ, ਮਿੱਟੀ-ਘੱਟੇ ਤੋਂ ਵੀ ਬਚਾਉਂਦੇ ਹਨ | ਪਰਦੇ ਲਾਉਣ ਨਾਲ ਕਮਰਿਆਂ ਵਿਚ ਏਕਾਂਤ ਦੀ ਭਾਵਨਾ ਪੈਦਾ ਹੁੰਦੀ ਹੈ ।
ਪ੍ਰਸ਼ਨ 8.
ਕਾਲੀਨ ਜਾਂ ਪਰਦੇ ਖ਼ਰੀਦਣ ਸਮੇਂ ਇਨ੍ਹਾਂ ਦੇ ਰੰਗ ਦੀ ਕੀ ਅਹਿਮੀਅਤ ਹੁੰਦੀ ਹੈ ?
ਉੱਤਰ-
ਪਰਦੇ ਜਾਂ ਕਾਲੀਨ ਖ਼ਰੀਦਦੇ ਸਮੇਂ ਇਨ੍ਹਾਂ ਦੇ ਰੰਗ ਦੀ ਚੋਣ ਘਰ ਦੀਆਂ ਕੰਧਾਂ ਅਤੇ ਫ਼ਰਨੀਚਰ ਦੇ ਰੰਗ ਅਤੇ ਡਿਜ਼ਾਈਨ ਮੁਤਾਬਿਕ ਹੋਣੀ ਚਾਹੀਦੀ ਹੈ । ਸਰਦੀਆਂ ਵਿਚ ਗੁੜੇ ਅਤੇ ਗਰਮੀਆਂ ਵਿਚ ਹਲਕੇ ਰੰਗਾਂ ਦੇ ਪਰਦੇ ਚੰਗੇ ਰਹਿੰਦੇ ਹਨ । ਜੇ ਕਾਲੀਨ ਅਤੇ ਸੋਫਾ ਡਿਜ਼ਾਈਨਦਾਰ ਹੋਵੇ ਤਾਂ ਪਰਦੇ ਪਲੇਨ ਇੱਕੋ ਰੰਗ ਦੇ ਹੋਣੇ ਚਾਹੀਦੇ ਹਨ । ਇਸ ਤੋਂ ਇਲਾਵਾ ਛੋਟੇ ਕਮਰੇ ਵਿਚ ਪਲੇਨ ਜਾਂ ਛੋਟੇ ਡਿਜ਼ਾਈਨ ਦੇ ਪਰਦੇ ਹੀ ਠੀਕ ਰਹਿੰਦੇ ਹਨ । ਇਸੇ ਤਰ੍ਹਾਂ ਕਾਲੀਨ ਦੀ ਚੋਣ ਕਰਨ ਸਮੇਂ ਵੀ ਸੋਫੇ ਅਤੇ ਪਰਦਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ! ਜੇ ਪਰਦੇ ਪਲੇਨ ਹਨ ਤਾਂ ਕਾਲੀਨ ਡਿਜ਼ਾਈਨਦਾਰ ਵੱਧ ਰੰਗਾਂ ਵਾਲਾ ਖ਼ਰੀਦਿਆ ਜਾ ਸਕਦਾ ਹੈ । ਜੇ ਕਮਰਾ ਵੱਡਾ ਹੈ ਤਾਂ ਕਾਲੀਨ ਵੱਡੇ ਡਿਜ਼ਾਈਨ ਅਤੇ ਗੂੜ੍ਹੇ ਰੰਗ ਦਾ ਹੋਣਾ ਚਾਹੀਦਾ ਹੈ ਪਰ ਜੇ ਕਮਰਾ ਛੋਟਾ ਹੈ ਤਾਂ ਕਾਲੀਨ ਫਿੱਕੇ ਪਲੇਨ ਰੰਗ ਦਾ ਹੋਣਾ ਚਾਹੀਦਾ ਹੈ ।
ਪ੍ਰਸ਼ਨ 9.
ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਰਦੇ ਸਮੇਂ ਕਮਰੇ ਅਤੇ ਕਮਰੇ ਦੀ ਰੰਗ ਯੋਜਨਾ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ । ਖਾਣੇ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਵਰਤਣੇ ਚਾਹੀਦੇ ਹਨ ਜਦ ਕਿ ਬਾਕੀ ਕਮਰਿਆਂ ਵਿਚ ਸੁਗੰਧਿਤ । ਫੁੱਲਾਂ ਦਾ ਰੰਗ ਕਮਰੇ ਦੀ ਯੋਜਨਾ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ । ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਸਾਈਜ਼ ਅਤੇ ਆਕਾਰ ਮੁਤਾਬਿਕ ਹੋਣਾ ਚਾਹੀਦਾ ਹੈ ।
ਪ੍ਰਸ਼ਨ 10.
ਸਟੈਮ ਹੋਲਡਰ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹੇ ਆਕਾਰ ਵਿਚ ਮਿਲਦੇ
ਉੱਤਰ-
ਸਟੈਮ ਹੋਲਡਰ ਫੁੱਲਾਂ ਨੂੰ ਆਪਣੀ ਜਗ੍ਹਾ ਟਿਕਾਉਣ ਦੇ ਕੰਮ ਆਉਂਦੇ ਹਨ । ਇਹ ਭਾਰੇ ਹੋਣੇ ਚਾਹੀਦੇ ਹਨ ਤਾਂ ਜੋ ਫੁੱਲਾਂ ਦੇ ਭਾਰ ਨਾਲ ਹਿਲ ਕੇ ਡਿੱਗਣ ਨਾ । ਇਹ ਕਈ ਆਕਾਰਾਂ ਵਿਚ ਮਿਲਦੇ ਹਨ , ਜਿਵੇਂ-ਚੌਰਸ, ਆਇਤਾਕਾਰ, ਤਿਕੋਨੇ, ਅਰਧ ਚੰਦਰਮਾ ਦੀ ਸ਼ਕਲ ਅਤੇ ਟੀ (T) ਅਕਾਰ ਵਿਚ ।
ਪ੍ਰਸ਼ਨ 11.
ਫੁੱਲਾਂ ਨੂੰ ਸਜਾਉਣ ਦੇ ਕਿਹੜੇ ਮੁੱਖ ਤਰੀਕੇ ਹਨ ?
ਉੱਤਰ-
ਫੁੱਲਾਂ ਨੂੰ ਸਜਾਉਣ ਦੇ ਦੋ ਮੁੱਖ ਤਰੀਕੇ ਹਨ-
- ਜਪਾਨੀ
- ਅਮਰੀਕਨ ।
ਜਪਾਨੀ ਤਰੀਕਾ ਸੰਕੇਤਕ ਹੁੰਦਾ ਹੈ ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ । ਜਿਸ ਵਿਚ ਸਭ ਤੋਂ ਉੱਚਾ ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਹੇਠਲਾ ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਇਕ ਹੀ ਰੰਗ ਦੇ ਇੱਕੋ ਹੀ ਕਿਸਮ ਦੇ ਫੁੱਲ ਹੁੰਦੇ ਹਨ । ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਇਕੱਠੇ ਫੁੱਲ ਵਰਤੇ ਜਾਂਦੇ ਹਨ । ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 12.
ਫ਼ਰਨੀਚਰ ਘਰ ਦੀ ਅੰਦਰਲੀ ਸਜਾਵਟ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਹਰ ਪਰਿਵਾਰ ਦੀਆਂ ਖਾਣ-ਪੀਣ, ਆਰਾਮ ਕਰਨ, ਸੌਣ ਅਤੇ ਆਰਾਮ ਕਰਨ ਦੀਆਂ ਬੁਨਿਆਦੀ ਲੋੜਾਂ ਹਨ । ਇਨ੍ਹਾਂ ਨੂੰ ਪੂਰਾ ਕਰਨ ਲਈ ਫ਼ਰਨੀਚਰ ਦੀ ਲੋੜ ਹੁੰਦੀ ਹੈ । ਸੋ ਇਨ੍ਹਾਂ ਲੋੜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਜੇ ਘਰ ਦੀ ਸੁੰਦਰਤਾ ਵਿਚ ਵਾਧਾ ਕਰ ਸਕੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ । ਘਰ ਦੀ ਸਜਾਵਟ ਵਿਚ ਵਾਧਾ ਕਰਨ ਲਈ ਫ਼ਰਨੀਚਰ ਦਾ ਡਿਜ਼ਾਈਨ, ਬਣਤਰ ਅਤੇ ਆਕਾਰ ਪਰਿਵਾਰ ਦੀਆਂ ਲੋੜਾਂ ਅਤੇ ਕਮਰੇ ਦੇ ਆਕਾਰ ਮੁਤਾਬਿਕ ਹੋਣਾ ਚਾਹੀਦਾ ਹੈ । ਛੋਟੇ ਘਰਾਂ ਵਿਚ ਪਲੰਘ ਅਤੇ ਦੀਵਾਨ ਬਕਸੇ ਵਾਲੇ ਹੋਣੇ ਚਾਹੀਦੇ ਹਨ ਤਾਂ ਕਿ ਉਹਨਾਂ ਵਿਚ ਪਰਿਵਾਰ ਦੇ ਕੱਪੜੇ ਅਤੇ ਹੋਰ ਲੋੜੀਂਦੀਆਂ ਵਸਤਾਂ ਰੱਖੀਆਂ ਜਾ ਸਕਣ ।
ਪ੍ਰਸ਼ਨ 13.
ਫਰਨੀਚਰ ਦੀ ਚੋਣ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ?
ਉੱਤਰ-
ਅੱਜ-ਕਲ੍ਹ ਬਜ਼ਾਰ ਵਿਚ ਕਈ ਤਰ੍ਹਾਂ ਦਾ ਫ਼ਰਨੀਚਰ ਉਪਲੱਬਧ ਹੈ ਸੋ ਉਸ ਦੀ ਚੋਣ ਲਈ ਸਾਨੂੰ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
- ਡਿਜ਼ਾਈਨ – ਫ਼ਰਨੀਚਰ ਦਾ ਆਕਾਰ, ਡਿਜ਼ਾਈਨ ਅਤੇ ਕਮਰੇ ਦੇ ਆਕਾਰ ਅਤੇ ਬਾਕੀ ਚੀਜ਼ਾਂ ਦੇ ਆਕਾਰ ਅਨੁਸਾਰ ਹੀ ਹੋਣਾ ਚਾਹੀਦਾ ਹੈ । ਜੇ ਕਮਰਾ ਛੋਟਾ ਹੈ ਤਾਂ ਫਿੱਕੇ ਅਤੇ ਪਲੇਨ ਰੰਗ ਦੇ ਕੱਪੜੇ ਵਾਲਾ ਜਾਂ ਹਲਕੇ ਰੰਗ ਦੀ ਲੱਕੜੀ ਵਾਲਾ ਫ਼ਰਨੀਚਰ ਹੋਣਾ ਚਾਹੀਦਾ ਹੈ ।
- ਕੀਮਤ – ਫ਼ਰਨੀਚਰ ਦੀ ਕੀਮਤ ਪਰਿਵਾਰ ਦੇ ਬਜਟ ਮੁਤਾਬਿਕ ਹੋਣੀ ਚਾਹੀਦੀ ਹੈ ।
- ਆਕਾਰ – ਫ਼ਰਨੀਚਰ ਦਾ ਆਕਾਰ ਕਮਰੇ ਅਤੇ ਬਾਕੀ ਚੀਜ਼ਾਂ ਦੇ ਆਕਾਰ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ ।
- ਫ਼ਰਨੀਚਰ ਦਾ ਕੰਮ – ਜਿਸ ਕੰਮ ਲਈ ਫ਼ਰਨੀਚਰ ਖ਼ਰੀਦਿਆ ਜਾਵੇ ਉਹ ਪੂਰਾ ਹੋਣਾ ਚਾਹੀਦਾ ਹੈ । ਜਿਵੇਂ ਕਿ ਜੇ ਅਲਮਾਰੀ ਖ਼ਰੀਦਣੀ ਹੈ ਤਾਂ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਦੀ ਹੋਵੇ ।
- ਲੱਕੜੀ ਦੀ ਕਿਸਮ ਅਤੇ ਹੋਰ ਸਮੱਗਰੀ – ਲੱਕੜੀ ਦੀ ਵਧੀਆ ਕਿਸਮ ਹੋਣੀ ਚਾਹੀਦੀ ਹੈ । ਜੇ ਸਟੀਲ ਜਾਂ ਐਲੂਮੀਨੀਅਮ ਦਾ ਖਰੀਦਣਾ ਹੈ ਤਾਂ ਵਧੀਆ ਕਿਸਮ ਦੀ ਸਟੀਲ ਚਾਹੀਦੀ ਹੈ ਤਾਂ ਜੋ ਜੰਗਾਲ ਨਾ ਲੱਗੇ ।
- ਮਜ਼ਬੂਤੀ – ਮਜ਼ਬੂਤੀ ਵੇਖਣ ਲਈ ਉਸ ਨੂੰ ਜ਼ੋਰ ਨਾਲ ਹਿਲਾ ਕੇ ਜਾਂ ਚੁੱਕ ਕੇ ਵੇਖੋ । ਜ਼ਮੀਨ ਤੇ ਪੂਰੀ ਤਰ੍ਹਾਂ ਟਿਕਣ ਵਾਲਾ ਚਾਹੀਦਾ ਹੈ ।
- ਬਣਤਰ – ਫ਼ਰਨੀਚਰ ਦੀ ਬਣਤਰ ਲਈ ਉਸ ਦੇ ਜੋੜ, ਪਾਲਿਸ਼ ਅਤੇ ਸਫ਼ਾਈ ਵੇਖਣੀ ਜ਼ਰੂਰੀ ਹੈ ।
- ਮੀਨਾਕਾਰੀ – ਜ਼ਿਆਦਾ ਮੀਨਾਕਾਰੀ ਵਾਲਾ ਫ਼ਰਨੀਚਰ ਠੀਕ ਨਹੀਂ ਰਹਿੰਦਾ ਕਿਉਂਕਿ ਇਸ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਹੋ ਸਕਦੀ ।
- ਕੱਪੜੇ ਨਾਲ ਢੱਕਿਆ ਫ਼ਰਨੀਚਰ – ਕੱਪੜੇ ਦਾ ਰੰਗ, ਡਿਜ਼ਾਈਨ ਅਤੇ ਕੁਆਲਟੀ ਦੀ ਪਰਖ ਕਰਨੀ ਚਾਹੀਦੀ ਹੈ ।
ਪ੍ਰਸ਼ਨ 14.
ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਕਿਹੜੇ-ਕਿਹੜੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ?
ਉੱਤਰ-
ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਹੇਠਾਂ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ-
- ਉਪਯੋਗਿਤਾ ਜਾਂ ਵਰਤੋਂ (Use) – ਫ਼ਰਨੀਚਰ ਦੀ ਵਿਵਸਥਾ ਉਸਦੀ ਉਪਯੋਗਿਤਾ ਜਾਂ ਵਰਤੋਂ ‘ਤੇ ਨਿਰਭਰ ਕਰਦੀ ਹੈ । ਬੈਠਕ ਵਿਚ ਜਿੱਥੇ ਬੈਠ ਕੇ ਗੱਲਬਾਤ ਕਰਨੀ ਹੋਵੇ ਉੱਥੇ ਸੋਫ਼ਾ ਜਾਂ ਕੁਰਸੀਆਂ ਆਦਿ ਹੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ । ਉਨ੍ਹਾਂ ਨੂੰ ਇਸ ਢੰਗ ਨਾਲ ਰੱਖੋ ਕਿ ਇਕ ਇਕਾਈ ਨਜ਼ਰ ਆਵੇ । ਹਮੇਸ਼ਾ ਅਜਿਹੇ ਫ਼ਰਨੀਚਰ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਦੀ ਦੋਹਰੀ ਵਰਤੋਂ ਹੋ ਸਕੇ ਜਿਵੇਂ ਸੋਫਾ ਕਮ ਬੈਡ ਜਾਂ ਬਾਕਸ ਵਾਲਾ ਦੀਵਾਨ ਆਦਿ ।
- ਆਕਾਰ (Size) – ਫ਼ਰਨੀਚਰ ਦਾ ਆਕਾਰ ਕਮਰੇ ਦੇ ਅਨੁਸਾਰ ਹੋਣਾ ਚਾਹੀਦਾ ਹੈ । ਜੇ ਕਮਰਾ ਵੱਡਾ ਹੈ ਤਾਂ ਕੱਪੜਾ ਚੜਿਆ ਫ਼ਰਨੀਚਰ ਵਰਤਿਆ ਜਾ ਸਕਦਾ ਹੈ ਪਰ ਛੋਟੇ ਕਮਰੇ ਵਿਚ ਬੈਂਤ, ਲੱਕੜ ਜਾਂ ਰਾਟ ਆਇਰਨ (Wrought iron) ਦਾ ਫ਼ਰਨੀਚਰ ਵਰਤੋ ।
- ਲੈਅ (Rhythm) – ਫਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਕਰੋ ਕਿ ਵਿਸਥਾਰ ਦਾ ਪ੍ਰਭਾਵ ਪਵੇ । ਵੱਡੀਆਂ ਚੀਜ਼ਾਂ ਨੂੰ ਪਹਿਲਾਂ ਟਿਕਾਉ, ਫਿਰ ਛੋਟੀਆਂ ਫਿਰ ਲੋੜ ਅਨੁਸਾਰ ਹੋਰ ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ ।
- ਅਨੁਰੂਪਤਾ (Harmony) – ਫ਼ਰਨੀਚਰ ਦੀਆਂ ਵੱਖ-ਵੱਖ ਚੀਜ਼ਾਂ ਦਾ ਆਪਸ ਵਿਚ ਅਤੇ ਇਨ੍ਹਾਂ ਚੀਜ਼ਾਂ ਦੇ ਕਮਰੇ ਦੇ ਆਕਾਰ ਅਤੇ ਰੰਗ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ ।
- ਬਲ (Emphasis) – ਜੇਕਰ ਕਮਰੇ ਵਿਚ ਕਿਸੇ ਥਾਂ ‘ਤੇ ਬਲ ਦੇਣ ਦੀ ਲੋੜ ਹੈ ਤਾਂ ਫ਼ਰਨੀਚਰ ਉਸ ਥਾਂ ‘ਤੇ ਜੋੜ ਕੇ ਲਾਉਣਾ ਚਾਹੀਦਾ ਹੈ । ਜਿਵੇਂ ਕਾਰਨਰ ਸ਼ੈਲਫ ਵਿਚ ਸਜਾਉਣ ਵਾਲੀਆਂ ਚੀਜ਼ਾਂ ਰੱਖਣੀਆਂ ।
- ਆਰਾਮਦੇਹ (Comfort) – ਫ਼ਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਹੋਵੇ ਕਿ ਪਰਿਵਾਰ ਦੇ ਮੈਂਬਰਾਂ ਨੂੰ ਉਸ ਨਾਲ ਆਰਾਮ ਮਿਲ ਸਕੇ । ਇਸ ਤੋਂ ਇਲਾਵਾ ਕੁੱਝ ਹੋਰ ਮਹੱਤਵਪੂਰਨ ਗੱਲਾਂ ਹੇਠ ਲਿਖੀਆਂ ਹਨ-
- ਕਮਰੇ ਵਿਚ ਆਉਣ ਜਾਣ ਦੇ ਰਸਤੇ ਦਾ ਧਿਆਨ ਰੱਖਣਾ ।
- ਕਮਰੇ ਵਿਚ ਜ਼ਿਆਦਾ ਫ਼ਰਨੀਚਰ ਨਾ ਰੱਖੋ ।
- ਲੱਕੜੀ, ਬੈਂਤ ਜਾਂ ਰਾਟ ਆਇਰਨ ਦੇ ਫ਼ਰਨੀਚਰ ਨੂੰ ਗੱਦੀਆਂ ਨਾਲ ਸਜਾਉ ।
- ਫ਼ਰਨੀਚਰ ਕੰਧਾਂ ਨਾਲ ਜੋੜ ਕੇ ਨਾ ਰੱਖੋ, ਨਾ ਬਿਲਕੁਲ ਵਿਚਕਾਰ ਰੱਖੋ ।
- ਫ਼ਰਨੀਚਰ ਦੀ ਉਪਯੋਗਤਾ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਦਾ ਸਮੂਹੀਕਰਨ ਕਰੋ ।
ਪ੍ਰਸ਼ਨ 15.
ਬੈਠਕ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ ?
ਉੱਤਰ-
ਬੈਠਕ ਵਿਚ ਫ਼ਰਨੀਚਰ ਇਸ ਢੰਗ ਨਾਲ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕਰਨ ਵਾਲੇ ਕੰਮ ਜਿਵੇਂ ਆਰਾਮ, ਖੇਡ ਜਾਂ ਸੰਗੀਤ ਆਦਿ ਠੀਕ ਤਰ੍ਹਾਂ ਕੀਤਾ ਜਾ ਸਕੇ । ਬੈਠਕ ਵਿਚ ਇਕ ਪਾਸੇ ਸੋਫਾ, ਉਸਦੇ ਸਾਹਮਣੇ ਪਾਸੇ ਦੀਵਾਨ ਅਤੇ ਕੁਰਸੀਆਂ ਰੱਖੀਆਂ ਜਾ ਸਕਦੀਆਂ ਹਨ । ਇਹ ਸਾਰਾ ਸਾਮਾਨ ਆਪਸ ਵਿਚ ਮੇਲ ਖਾਂਦਾ ਹੋਣਾ ਚਾਹੀਦਾ ਹੈ । ਬੈਠਕ ਵਿਚ ਪੜ੍ਹਨ ਲਈ ਇਕ ਮੇਜ਼-ਕੁਰਸੀ ਰੱਖਿਆ ਜਾ ਸਕਦਾ ਹੈ ਜਿਸ ਉੱਪਰ ਕਿਤਾਬਾਂ ਅਤੇ ਟਿਊਬ ਲਾਈਟ (Tube Light) ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ T.V., Radio ਅਤੇ ਸੰਗੀਤ ਲਈ ਸਮਾਨ ਰੱਖੋ । ਇਕ ਕੋਨੇ ਵਿਚ ਕੈਰਮ ਬੋਰਡ, ਚੈਸ ਜਾਂ ਤਾਸ਼ ਵੀ ਰੱਖੀ ਜਾ ਸਕਦੀ ਹੈ । ਕੰਧਾਂ ਉੱਪਰ ਕੁੱਝ ਸੁੰਦਰ ਤਸਵੀਰਾਂ ਲਾਈਆਂ ਜਾ ਸਕਦੀਆਂ ਹਨ । ਹੋ ਸਕੇ ਤਾਂ ਫੁੱਲਦਾਨ ਵਿਚ ਕੁੱਝ ਫੁੱਲ ਜਾਂ ਫਿਰ ਗਮਲੇ ਵੀ ਕਮਰੇ ਵਿਚ ਰੱਖੇ ਜਾ ਸਕਦੇ ਹਨ ।
ਪ੍ਰਸ਼ਨ 16.
ਸੌਣ ਦੇ ਕਮਰੇ ਅਤੇ ਖਾਣਾ-ਖਾਣ ਦੇ ਕਮਰੇ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ ?
ਉੱਤਰ-
1. ਸੌਣ ਵਾਲਾ ਕਮਰਾ – ਸੌਣ ਵਾਲੇ ਕਮਰੇ ਵਿਚ ਸਭ ਤੋਂ ਮਹੱਤਵਪੂਰਨ ਫ਼ਰਨੀਚਰ ਸੌਣ ਲਈ ਮੰਜੇ ਜਾਂ ਬੈਂਡ ਹੁੰਦੇ ਹਨ । ਇਹ ਪੂਰੇ ਅਰਾਮਦੇਹ ਹੋਣੇ ਚਾਹੀਦੇ ਹਨ । ਇਨ੍ਹਾਂ ਦਾ ਸਿਰ ਵਾਲਾ ਹਿੱਸਾ ਕੰਧ ਨਾਲ ਲਾ ਕੇ ਰੱਖੋ । ਪਲੰਘ ਦੇ ਆਸੇ-ਪਾਸੇ ਇੰਨਾਂ ਥਾਂ ਜ਼ਰੂਰ ਹੋਵੇ ਕਿ ਪਲੰਘ ਨੂੰ ਝਾੜ-ਪੂੰਝ ਕੇ ਪਲੰਘਪੋਸ਼ ਵਿਛਾਇਆ ਜਾ ਸਕੇ । ਹੋ ਸਕੇ ਤਾਂ ਪਲੰਘ ਦੇ ਸਿਰ ਵਲ ਦੋਵੇਂ ਪਾਸੀਂ ਇਕ-ਇਕ ਛੋਟਾ ਮੇਜ਼ ਰੱਖਿਆ ਜਾਵੇ । ਅੱਜ-ਕਲ੍ਹ ਬੈਂਡ ਦੇ ਨਾਲ ਹੀ ਸਾਈਡ ਟੇਬਲ ਮਿਲਦੇ ਹਨ ਜੋ ਟੇਬਲ ਲੈਂਪ ਜਾਂ ਵਰਤੋਂ ਵਾਲਾ ਸਮਾਨ ਰੱਖਣ ਦੇ ਕੰਮ ਆਉਂਦੇ ਹਨ । ਇਸ ਤੋਂ ਇਲਾਵਾ ਕਮਰੇ ਵਿਚ ਕੁਰਸੀਆਂ, ਜਾਂ ਮੁੜੇ ਅਤੇ ਇਕ ਛੋਟਾ ਟੇਬਲ ਵੀ ਰੱਖਣਾ ਚਾਹੀਦਾ ਹੈ । ਤਿਆਰ ਹੋਣ ਲਈ ਵਰਤਿਆ ਜਾਣ ਵਾਲਾ ਸ਼ੀਸ਼ਾ ਜਾਂ ਡਰੈਸਿੰਗ ਟੇਬਲ ਨੂੰ ਅਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ਜਿੱਥੇ ਕਾਫ਼ੀ ਰੋਸ਼ਨੀ ਪਹੁੰਚਦੀ ਹੋਵੇ । ਸੌਣ ਵਾਲੇ ਕਮਰੇ ਵਿਚ ਅਲਮਾਰੀ ਵੀ ਜ਼ਰੂਰੀ ਹੈ | ਕਈ ਵਾਰ ਇਹ ਕੰਧ ਵਿਚ ਹੀ ਬਣੀ ਹੁੰਦੀ ਹੈ ਨਹੀਂ ਤਾਂ ਸਟੀਲ ਜਾਂ ਲੋਹੇ ਦੀ ਅਲਮਾਰੀ ਵੀ ਰੱਖੀ ਜਾ ਸਕਦੀ ਹੈ ਜਿਸ ਵਿਚ ਕੱਪੜੇ ਅਤੇ ਜੁੱਤੀਆਂ ਰੱਖਣ ਲਈ ਪਰੀ ਥਾਂ ਹੋਵੇ ।
2. ਖਾਣਾ ਖਾਣ ਵਾਲਾ ਕਮਰਾ – ਇਸ ਕਮਰੇ ਵਿਚ ਸਭ ਤੋਂ ਮੁੱਖ ਚੀਜ਼ ਖਾਣੇ ਵਾਲਾ ਮੇਜ਼ ਅਤੇ ਕੁਰਸੀਆਂ ਹੁੰਦੀਆਂ ਹਨ । ਇਹਨਾਂ ਦਾ ਆਕਾਰ ਅਤੇ ਗਿਣਤੀ ਪਰਿਵਾਰ ਦੇ ਮੈਂਬਰਾਂ ਅਤੇ ਮਹਿਮਾਨਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ । ਖਾਣੇ ਦੇ ਮੇਜ਼ ਵਾਲੀਆਂ ਕੁਰਸੀਆਂ ਉੱਪਰ ਗੱਦੀਆਂ ਚਾਹੀਦੀਆਂ ਹਨ ਅਤੇ ਬਿਨਾਂ ਬਾਹਵਾਂ ਤੋਂ ਪਿੱਛੋਂ ਸਿੱਧੀਆਂ ਹੋਣ । ਇਸ ਮੇਜ਼ ਨੂੰ ਕਮਰੇ ਦੇ ਵਿਚਕਾਰ ਹੀ ਰੱਖਣਾ ਚਾਹੀਦਾ ਹੈ । ਖਾਣੇ ਵਾਲੇ ਕਮਰੇ ਵਿਚ ਇਕ ਅਲਮਾਰੀ (Cup Board) ਵੀ ਰੱਖੀ ਜਾ ਸਕਦੀ ਹੈ । ਜਿਸ ਵਿਚ ਬਰਤਨ, ਟੇਬਲ ਮੈਟ, ਕਟਲਰੀ ਅਤੇ ਇਸ ਕਮਰੇ ਨਾਲ ਸੰਬੰਧਿਤ ਸਮਾਨ ਰੱਖਿਆ ਜਾ ਸਕੇ ।
ਪ੍ਰਸ਼ਨ 17.
ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ ?
ਉੱਤਰ-
ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ-ਲੱਕੜੀ ਦੇ ਫ਼ਰਨੀਚਰ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ ।ਲੱਕੜ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ, ਸੋ ਇਹ ਧਿਆਨ ਰੱਖਣਾ ਚਾਹੀਦਾ ਹੈ ਜੇ ਸਿਉਂਕ ਲੱਗ ਜਾਵੇ ਤਾਂ ਸਿਉਂਕ ਦੀ ਦਵਾਈ ਦਾ ਖ਼ਰਾਬ ਹਿੱਸੇ ‘ਤੇ ਸਪਰੇਅ ਕਰੋ । ਸਾਲ ਵਿਚ ਇਕ ਦੋ ਵਾਰ ਲੱਕੜ ਦੇ ਫ਼ਰਨੀਚਰ ਨੂੰ ਧੁੱਪ ਲੁਆ ਲੈਣੀ ਚਾਹੀਦੀ ਹੈ । ਜੇ ਧੁੱਪ ਬਹੁਤ ਤੇਜ਼ ਹੋਵੇ ਤਾਂ ਕੁੱਝ ਸਮੇਂ ਲਈ ਹੀ ਲਗਾਉ | ਪਾਲਿਸ਼ ਕੀਤੇ ਮੇਜ਼ ਤੇ ਗਰਮ ਸਬਜ਼ੀ ਦੇ ਬਰਤਨ ਜਾਂ ਠੰਢੇ ਪਾਣੀ ਦੇ ਗਿਲਾਸ ਸਿੱਧੇ ਹੀ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਮੇਜ਼ ‘ਤੇ ਦਾਗ ਪੈ ਜਾਂਦੇ ਹਨ । ਇਹਨਾਂ ਦੇ ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖਣੇ ਚਾਹੀਦੇ ਹਨ | ਫ਼ਰਨੀਚਰ ਤੋਂ ਦਾਗ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਮਿਲਾ ਕੇ ਜਾਂ ਹਲਕਾ ਡਿਟਰਜੈਂਟ ਮਿਲਾ ਕੇ, ਕੱਪੜਾ ਇਸ ਘੋਲ ਵਿਚ ਭਿਉਂ ਕੇ ਸਾਫ਼ ਕਰੋ | ਪਰ ਫ਼ਰਨੀਚਰ ਨੂੰ ਜ਼ਿਆਦਾ ਗੱਲਾ ਨਹੀਂ ਕਰਨਾ ਚਾਹੀਦਾ । ਗਿੱਲਾ ਸਾਫ਼ ਕਰਨ ਤੋਂ ਬਾਅਦ ਫ਼ਰਨੀਚਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਸਪਿਰਟ ਵਿਚ ਭਿੱਜੇ ਨੂੰ ਆਦਿ ਨਾਲ ਫਿਰ ਸਾਫ਼ ਕਰੋ । ਜੇ ਲੱਕੜ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਇਸ ਨੂੰ ਰੋਗਮਾਰ ਨਾਲ ਰਗੜ ਕੇ ਪਾਲਿਸ਼ ਕੀਤਾ ਜਾ ਸਕਦਾ ਹੈ ।
ਜੇ ਲੱਕੜੀ ਵਿਚ ਛੇਕ ਹੋ ਗਏ ਹੋਣ ਤਾਂ ਉਸ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਉ ।
ਪ੍ਰਸ਼ਨ 18.
ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਵੱਖ-ਵੱਖ ਤਰੀਕੇ ਨਾਲ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਵੱਖ-ਵੱਖ ਫ਼ਰਨੀਚਰ ਵੱਖ-ਵੱਖ ਚੀਜ਼ਾਂ ਜਿਵੇਂ ਲੱਕੜ, ਕੱਪੜਾ, ਪਲਾਸਟਿਕ, ਬੈਂਤ ਅਤੇ ਲੋਹੇ ਦਾ ਬਣਿਆ ਹੁੰਦਾ ਹੈ । ਹਰੇਕ ਚੀਜ਼ ਦੀ ਬਣਤਰ ਵੱਖ ਹੁੰਦੀ ਹੈ ਜਿਵੇਂ ਲੱਕੜ ਦੇ ਫ਼ਰਨੀਚਰ ਨੂੰ ਸਿਉਂਕ ਅਤੇ ਚੂਹੇ ਦਾ ਡਰ ਹੈ ਜਦ ਕਿ ਲੋਹੇ ਦੇ ਫ਼ਰਨੀਚਰ ਨੂੰ ਇਹਨਾਂ ਦੋਵੇਂ ਚੀਜ਼ਾਂ ਤੋਂ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਨੂੰ ਜੰਗਾਲ ਲੱਗ ਜਾਂਦਾ ਹੈ । ਇਸੇ ਤਰ੍ਹਾਂ ਕੱਪੜਾ ਵੀ ਸਿਉਂਕ, ਚੂਹੇ, ਸਲਾਬ, ਮਿੱਟੀ, ਗਰਦ ਨਾਲ ਖ਼ਰਾਬ ਹੋ ਜਾਂਦਾ ਹੈ ਪਰ ਪਲਾਸਟਿਕ ਅਤੇ ਬੈਂਤ ਵੱਖਰੀ ਕਿਸਮ ਦੇ ਹਨ । ਪਲਾਸਟਿਕ ਉੱਪਰ ਪਾਣੀ ਜਾਂ ਸਲਾਬ ਦਾ ਕੋਈ ਅਸਰ ਨਹੀਂ ਪਰ ਗਰਮ ਚੀਜ਼ ਅਤੇ ਧੁੱਪ ਨਾਲ ਖ਼ਰਾਬ ਹੁੰਦਾ ਹੈ । ਇਸੇ ਤਰ੍ਹਾਂ ਬੈਂਤ ਦੇ ਫ਼ਰਨੀਚਰ ਦੀ ਸੰਭਾਲ ਬਾਕੀਆਂ ਨਾਲੋਂ ਵੱਖਰੀ ਹੈ । ਸੋ ਫ਼ਰਨੀਚਰ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਤੋਂ ਬਣੇ ਹੋਣ ਕਰਕੇ ਉਨ੍ਹਾਂ ਦੀ ਸੰਭਾਲ ਵੀ ਵੱਖਰੀ-ਵੱਖਰੀ ਹੈ ।
ਪ੍ਰਸ਼ਨ 19.
ਪਰਦੇ ਲਾਉਣ ਦੇ ਕੀ ਲਾਭ ਹਨ ? ਪਰਦਿਆਂ ਲਈ ਕਿਹੋ ਜਿਹਾ ਕੱਪੜਾ ਖਰੀਦਣਾ ਚਾਹੀਦਾ ਹੈ ?
ਉੱਤਰ-
- ਪਰਦੇ ਲਾਉਣ ਨਾਲ ਘਰ ਸੁੰਦਰ, ਆਕਰਸ਼ਕ ਅਤੇ ਮਹਿਮਾਨਾਂ ਦਾ ਆਦਰ ਕਰਨ ਵਾਲਾ ਲੱਗਦਾ ਹੈ ।
- ਪਰਦਿਆਂ ਨਾਲ ਕਮਰੇ ਵਿਚ ਏਕਾਂਤ (Privacy) ਦੀ ਭਾਵਨਾ ਪੈਦਾ ਹੁੰਦੀ ਹੈ ।
- ਪਰਦੇ ਲਾਉਣ ਨਾਲ ਜੇ ਖਿੜਕੀਆਂ ਅਤੇ ਦਰਵਾਜ਼ੇ ਦਾ ਫਰੇਮ ਭੈੜਾ ਹੋਵੇ ਤਾਂ ਉਨ੍ਹਾਂ ਨੂੰ ਲੁਕਾਇਆ ਜਾ ਸਕਦਾ ਹੈ ।
- ਇਹ ਜ਼ਿਆਦਾ ਹਵਾ ਅਤੇ ਰੌਸ਼ਨੀ ਨੂੰ ਅੰਦਰ ਆਉਣੋਂ ਰੋਕਦੇ ਹਨ ।
ਪਰਦੇ ਹਮੇਸ਼ਾਂ ਪਲੇਨ, ਪਰਿੰਟਡ ਸਤੀ, ਰੇਸ਼ਮੀ, ਪੇਸਟਰੀ, ਕੇਸਮੈਂਟ, ਖੱਦਰ, ਖੱਡੀ ਦਾ ਬਣਿਆ ਕੱਪੜਾ ਜਾਂ ਸਿਲਕ ਸਾਟਨ ਦੇ ਹੀ ਵਰਤਣੇ ਚਾਹੀਦੇ ਹਨ | ਪਰਦਿਆਂ ਲਈ ਬੁਰ ਵਾਲਾ ਕੱਪੜਾ ਨਹੀਂ ਵਰਤਣਾ ਚਾਹੀਦਾ ਕਿਉਂਕਿ ਆਪਣੇ ਦੇਸ਼ ਵਿਚ ਮਿੱਟੀ, ਹਨੇਰੀ ਕਾਫ਼ੀ ਹੈ। ਜਿਸ ਨਾਲ ਮਿੱਟੀ ਪਰਦੇ ਜਜ਼ਬ ਕਰ ਲੈਂਦੇ ਹਨ । ਸਭ ਤੋਂ ਵਧੀਆ ਸੂਤੀ ਪਰਦੇ ਹੀ ਰਹਿੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਹਵਾ ਆਰ-ਪਾਰ ਲੰਘ ਸਕਦੀ ਹੈ ਅਤੇ ਰੌਸ਼ਨੀ ਵੀ ਰੋਕ ਲੈਂਦੇ ਹਨ ।
ਪ੍ਰਸ਼ਨ 20.
ਕਾਲੀਨ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ ?
ਜਾਂ
ਗਲੀਚੇ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕਾਲੀਨ ਦੀ ਚੋਣ ਕਰਨ ਸਮੇਂ ਉਸਦੀ ਮਜ਼ਬੂਤੀ, ਰੰਗ-ਰੂਪ ਅਤੇ ਆਕਾਰ ਸੰਬੰਧੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ । ਵੱਡੇ ਕਮਰੇ ਵਿਚ ਕਾਲੀਨ ਗੂੜ੍ਹੇ ਰੰਗ ਦਾ ਡਿਜ਼ਾਈਨਦਾਰ ਵਿਛਾਇਆ ਜਾ ਸਕਦਾ ਹੈ । ਪਰ ਇਹ ਕਮਰੇ ਦੀ ਰੰਗ ਯੋਜਨਾ ਨਾਲ ਮੇਲ ਖਾਂਦਾ ਹੋਵੇ | ਪਰ ਛੋਟੇ ਕਮਰੇ ਵਿਚ ਪਲੇਨ ਅਤੇ ਫਿੱਕੇ ਰੰਗ ਦਾ ਕਾਲੀਨ ਹੀ ਠੀਕ ਲੱਗਦਾ ਹੈ । ਪਲੇਨ ਕਾਲੀਨ ਉੱਪਰ ਬਾਕੀ ਚੀਜ਼ਾਂ ਜ਼ਿਆਦਾ ਉੱਭਰਦੀਆਂ ਹਨ । ਕਾਲੀਨ ਦੀ ਲੰਬਾਈਚੌੜਾਈ ਕਮਰੇ ਦੇ ਅਨੁਸਾਰ ਹੋਣੀ ਚਾਹੀਦੀ ਹੈ ।
ਪ੍ਰਸ਼ਨ 21.
ਫਰਸ਼ ‘ਤੇ ਵਿਛਾਉਣ ਲਈ ਕਾਲੀਨ ਨੂੰ ਸਭ ਤੋਂ ਚੰਗਾ ਕਿਉਂ ਸਮਝਿਆ ਜਾਂਦਾ ਹੈ ?
ਉੱਤਰ-
ਕਾਲੀਨ ਵਿਛਾਉਣ ਨਾਲ ਕਮਰੇ ਦੀ ਸੁੰਦਰਤਾ ਵਧਦੀ ਹੈ । ਇਸ ਨਾਲ ਟੁੱਟ-ਭੱਜਾ ਫਰਸ਼ ਵੀ ਢੱਕਿਆ ਜਾਂਦਾ ਹੈ । ਕਾਲੀਨ ਫਰਸ਼ ਤੋਂ ਥੋੜ੍ਹਾ ਉੱਪਰ ਉੱਠਿਆ ਹੋਣ ਕਰਕੇ ਉਸ ਖੇਤਰ ਨੂੰ ਬਾਕੀ ਕਮਰੇ ਨਾਲੋਂ ਵੱਖ ਕਰਕੇ ਆਕਰਸ਼ਿਤ ਬਣਾਉਂਦਾ ਹੈ । ਕਾਲੀਨ ਵਿਛਾਉਣ ਨਾਲ ਕਮਰੇ ਦੀਆਂ ਬਾਕੀ ਚੀਜ਼ਾਂ ਵੀ ਸੋਹਣੀਆਂ ਦਿੱਸਦੀਆਂ ਹਨ ਅਤੇ ਸਰਦੀਆਂ ਵਿਚ ਕਮਰਾ | ਨਿੱਘਾ ਰਹਿੰਦਾ ਹੈ ।
ਪ੍ਰਸ਼ਨ 22.
ਫੁੱਲਾਂ ਨੂੰ ਸਜਾਉਂਦੇ ਸਮੇਂ ਕਿਹੜੇ-ਕਿਹੜੇ ਨੁਕਤੇ ਮਨ ਵਿਚ ਰੱਖੋਗੇ ?
ਉੱਤਰ-
ਫੁੱਲਾਂ ਨੂੰ ਸਜਾਉਣ ਸਮੇਂ ਫੁੱਲਾਂ ਵਿਚ ਇਕਸੁਰਤਾ ਅਨੁਪਾਤ, ਲੈਅ, ਸੰਤੁਲਨ ਅਤੇ ਬਲ ਦਾ ਧਿਆਨ ਰੱਖਣਾ ਜ਼ਰੂਰੀ ਹੈ ।
1. ਇਕਸੁਰਤਾ (Harmony) – ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਉਨ੍ਹਾਂ ਵਿਚ ਇਕਸੁਰਤਾ ਲਿਆਈ ਜਾ ਸਕਦੀ ਹੈ, ਜੇਕਰ ਅੱਡ ਫੁੱਲ ਹੋਣ ਤਾਂ ਵੀ ਉਨ੍ਹਾਂ ਨੂੰ ਦੁਹਰਾਉਣ ਨਾਲ ਇਕਸੁਰਤਾ ਪੈਦਾ ਕੀਤੀ ਜਾ ਸਕਦੀ ਹੈ ।
2. ਅਨੁਪਾਤ (Proportion) – ਫੁੱਲਾਂ ਦੇ ਆਕਾਰ ਅਨੁਸਾਰ ਹੀ ਫੁੱਲਦਾਨ ਵਰਤਣਾ ਚਾਹੀਦਾ ਹੈ । ਗਲੈਡੀਉਸ ਦੇ ਫੁੱਲ ਇਕ ਸ਼ੀਸ਼ੇ ਦੇ ਫੁੱਲਦਾਨ ਵਿਚ ਸੋਹਣੇ ਲੱਗਦੇ ਹਨ । ਨਾਲ ਹੀ ਸਭ ਤੋਂ ਉੱਚੇ ਫੁੱਲ ਦੀ ਲੰਬਾਈ ਫੁੱਲਦਾਨ ਤੋਂ 1 ਗੁਣਾ ਹੋਣੀ ਚਾਹੀਦੀ ਹੈ ਅਤੇ ਇਕ ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ ।
3. ਲੈਅ (Rhythm) – ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਬਹੁਤ ਜ਼ਰੂਰੀ ਹੈ । ਸਾਡੀ ਨਜ਼ਰ ਲੈਅ ਨਾਲ ਹੀ ਘੁੰਮਦੀ ਹੈ । ਫੁੱਲ ਵਿਵਸਥਾ ਵਿਚ ਗੋਲ ਜਾਂ ਤਿਕੋਨ ਫੁੱਲ ਵਿਵਸਥਾ ਕਰਕੇ ਲੈਅ ਲਿਆਂਦੀ ਜਾ ਸਕਦੀ ਹੈ । ਇਸੇ ਤਰ੍ਹਾਂ ਇੱਕੋ ਰੰਗ ਦੇ ਵੱਖਰੇ-ਵੱਖਰੇ ਸ਼ੇਡ ਜਾਂ ਭਾਅ ਵਾਲੇ ਫੁੱਲ ਵਰਤ ਕੇ ਵੀ ਲੈਅ ਪੈਦਾ ਕੀਤੀ ਜਾ ਸਕਦੀ ਹੈ ।
4. ਬਲ (Emphasis) – ਫੁੱਲ ਵਿਵਸਥਾ ਵਿਚ ਵੀ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ ਅਤੇ ਇਹ ਬਿੰਦੁ ਫੁੱਲ ਵਿਵਸਥਾ ਦੇ ਵਿਚਕਾਰ ਹੇਠਾਂ ਕਰਕੇ ਹੋਣਾ ਚਾਹੀਦਾ ਹੈ ।
5. ਸੰਤੁਲਨ (Balance) – ਫੁੱਲ ਵਿਵਸਥਾ ਵਿਚ ਸੰਤੁਲਨ ਹੋਣਾ ਵੀ ਬਹੁਤ ਜ਼ਰੂਰੀ ਹੈ । ਇਸ ਵਿਚ ਕਈ ਵਾਰ ਫੁੱਲ ਇਕ ਪਾਸੇ ਡਿੱਗਦੇ ਲੱਗਦੇ ਹਨ ਜੋ ਸੰਤੁਲਨ ਨੂੰ ਖ਼ਰਾਬ ਕਰਦੇ ਹਨ । ਸੰਤੁਲਨ ਬਣਾਉਣ ਲਈ ਸਭ ਤੋਂ ਵੱਡਾ ਅਤੇ ਗੁੜੇ ਰੰਗ ਦਾ ਫੁੱਲ ਫੁੱਲਦਾਨ ਦੇ ਵਿਚਕਾਰ ਲਾਉ ਬਾਕੀ ਫੁੱਲ ਪੱਤੇ ਉਸਦੇ ਆਸ-ਪਾਸ ਦੋਵੇਂ ਪਾਸੇ ਬਰਾਬਰੀ ‘ਤੇ ਰੱਖੋ ।
ਪ੍ਰਸ਼ਨ 23.
ਫੁੱਲਾਂ ਨੂੰ ਸਜਾਉਣ ਲਈ ਕਿਵੇਂ ਚੁਣਿਆ ਜਾਂਦਾ ਹੈ ਅਤੇ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਫੁੱਲਾਂ ਦੀ ਚੋਣ-
- ਫੁੱਲਾਂ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਖਾਣਾਖਾਣ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਹੋਣ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ ।
- ਫੁੱਲਾਂ ਦਾ ਰੰਗ ਕਮਰੇ ਦੀ ਰੰਗ ਯੋਜਨਾ ਨਾਲ ਤਾਲ-ਮੇਲ ਖਾਂਦਾ ਹੋਵੇ ।
- ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਵੇ ।
ਫੁੱਲਾਂ ਨੂੰ ਇਕੱਠਾ ਕਰਨਾ-
ਫੁੱਲ ਵਿਵਸਥਾ ਵਿਚ ਫੁੱਲ ਸਭ ਤੋਂ ਕੋਮਲ ਹਨ । ਇਨ੍ਹਾਂ ਨੂੰ ਸਵੇਰੇ ਸ਼ਾਮ ਹੀ ਤੋੜੋ, ਜਦੋਂ ਇਨ੍ਹਾਂ ‘ਤੇ ਧੁੱਪ ਨਾ ਪੈਂਦੀ ਹੋਵੇ । ਫੁੱਲਾਂ ਨੂੰ ਕੱਟਣ ਲਈ ਤੇਜ਼ ਛੁਰੀ ਵਰਤੋ ਅਤੇ ਟਾਹਣੀ ਹਮੇਸ਼ਾਂ ਤਿਰਛੀ ਕੱਟੋ ਤਾਂ ਕਿ ਡੰਡੀ ਦਾ ਜ਼ਿਆਦਾ ਹਿੱਸਾ ਪਾਣੀ ਚੂਸ ਸਕੇ । ਫੁੱਲਾਂ ਨੂੰ ਕੱਟਣ ਤੋਂ ਬਾਅਦ ਅੱਧੇ ਘੰਟੇ ਲਈ ਪਾਣੀ ਦੀ ਬਾਲਟੀ ਵਿਚ ਭਿਉਂ ਦਿਉ ਅਤੇ ਕਿਸੇ ਠੰਢੀ ਤੇ ਹਨੇਰੀ ਥਾਂ ਰੱਖੋ । ਫੁੱਲ ਤੋੜਨ ਲੱਗੇ ਧਿਆਨ ਰੱਖੋ ਕਿ ਫੁੱਲ ਪੂਰਾ ਨਾ ਮਿਲਿਆ ਹੋਵੇ । ਫੁੱਲਾਂ ਨੂੰ ਜ਼ਿਆਦਾ ਸਮਾਂ ਠੀਕ ਰੱਖਣ ਲਈ ਪਾਣੀ ਵਿਚ ਨਮਕ, ਲਾਲ ਦੁਆਈ, ਫਟਕਰੀ ਅਤੇ ਕੋਇਲੇ ਦਾ ਚੂਰਾ ਵਰਤਿਆ ਜਾ ਸਕਦਾ ਹੈ ।
ਪ੍ਰਸ਼ਨ 24.
ਫੁੱਲਦਾਨ ਅਤੇ ਸਟੈਮ ਹੋਲਡਰ ਕਿਹੋ ਜਿਹੇ ਹੋ ਸਕਦੇ ਹਨ ?
ਉੱਤਰ-
ਅੱਜ-ਕਲ ਬਜ਼ਾਰ ਵਿਚ ਕਈ ਰੰਗਾਂ ਅਤੇ ਡਿਜ਼ਾਈਨਾਂ ਦੇ ਫੁੱਲਦਾਨ ਮਿਲਦੇ ਹਨ ਪਰ ਜ਼ਿਆਦਾ ਡਿਜ਼ਾਈਨ ਵਾਲਾ ਫੁੱਲਦਾਨ ਫੁੱਲ ਵਿਵਸਥਾ ਲਈ ਨਹੀਂ ਵਰਤਣਾ ਚਾਹੀਦਾ । ਫੁੱਲਦਾਨ ਦੀ ਚੋਣ ਫੁੱਲਾਂ ਦੇ ਰੰਗ, ਆਕਾਰ ਅਤੇ ਜਿਸ ਥਾਂ ‘ਤੇ ਕਰਨੀ ਹੋਵੇ, ਤੇ ਨਿਰਭਰ ਕਰਦੀ ਹੈ । ਜੇ ਫੁੱਲ ਵਿਵਸਥਾ ਖਾਣ ਵਾਲੇ ਮੇਜ਼ ਜਾਂ ਬੈਠਕ ਵਿਚਲੇ ਕਾਫ਼ੀ ਟੇਬਲ ‘ਤੇ ਕਰਨੀ ਹੋਵੇ ਤਾਂ ਫੁੱਲਦਾਨ ਛੋਟਾ ਅਤੇ ਘੱਟ ਡੂੰਘਾ ਹੋਣਾ ਚਾਹੀਦਾ ਹੈ । ਇਸ ਫੁੱਲਦਾਨ ਦਾ ਆਕਾਰ ਮੇਜ਼ ਦੇ ਆਕਾਰ ਅਨੁਸਾਰ ਹੋਣਾ ਚਾਹੀਦਾ ਹੈ । ਵੱਡੇ, ਭਾਰੇ ਫੁੱਲਾਂ ਲਈ ਥੋੜ੍ਹੇ ਖਰਵੇ ਫੁੱਲਦਾਨ ਵਰਤਣੇ ਚਾਹੀਦੇ ਹਨ । ਅੱਜ-ਕਲ਼ ਚੀਨੀ ਮਿੱਟੀ, ਪਿੱਤਲ ਅਤੇ ਤਾਂਬੇ ਆਦਿ ਦੇ ਫੁੱਲਦਾਨ ਮਿਲਦੇ ਹਨ । ਨਰਮ ਫੁੱਲਾਂ ਲਈ ਕੱਚ ਅਤੇ ਚਾਂਦੀ ਦੇ ਫੁੱਲਦਾਨ ਠੀਕ ਲੱਗਦੇ ਹਨ ।
ਸਟੈਮ ਹੋਲਡਰ ਫੁੱਲਾਂ ਨੂੰ ਥਾਂ ਸਿਰ ਟਿਕਾਉਣ ਲਈ ਵਰਤੇ ਜਾਂਦੇ ਹਨ ਅਤੇ ਇਹ ਕਈ ਆਕਾਰਾਂ ਵਿਚ ਮਿਲਦੇ ਹਨ ; ਜਿਵੇਂ-ਗੋਲ, ਚੌਰਸ, ਤਿਕੋਨੇ, ਆਇਤਾਕਾਰ ਅਤੇ ਅਰਧ ਚੰਦ ਦੇ ਆਕਾਰ ਵਿਚ । ਸਟੈਮ ਹੋਲਡਰ ਖਰੀਦਣ ਵੇਲੇ ਇਹ ਵੇਖਣਾ ਜ਼ਰੂਰੀ ਹੈ ਕਿ ਇਹ ਭਾਰਾ ਹੋਵੇ, ਇਸ ਦੀਆਂ ਕਿੱਲਾਂ ਜਾਂ ਪਿੰਨਾਂ ਵਿਚ ਬਹੁਤ ਜ਼ਿਆਦਾ ਦੁਰੀ ਨਾ ਹੋਵੇ । ਸਟੈਮ ਹੋਲਡਰ ਦੀ ਚੋਣ ਫੁੱਲ ਵਿਵਸਥਾ ਅਨੁਸਾਰ ਹੀ ਕੀਤੀ ਜਾਂਦੀ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 25.
ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਹਰ ਔਰਤ ਵਿਚ ਸੁੰਦਰਤਾ ਅਤੇ ਸਜਾਵਟ ਵਾਲੀ ਚੀਜ਼ ਨੂੰ ਪਰਖਣ ਦੀ ਇਕ ਕੁਦਰਤੀ ਯੋਗਤਾ ਹੁੰਦੀ ਹੈ | ਘਰ ਦੀ ਸਜਾਵਟ ਹਿਣੀ ਦੀ ਰਚਨਾਤਮਕ ਯੋਗਤਾ ਨੂੰ ਪ੍ਰਗਟਾਉਂਦੀ ਹੈ । ਇਸੇ ਲਈ ਇਸ ਨੂੰ ਰਚਨਾਤਮਕ ਕਲਾ ਕਿਹਾ ਜਾਂਦਾ ਹੈ । ਸੋ ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਹੀ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ । ਭਾਵ ਕਿ ਘਰ ਦਾ ਹਰ ਇਕ ਕਮਰਾ ਕਲਾ ਅਤੇ ਡਿਜ਼ਾਈਨ ਦੇ ਮੂਲ ਅੰਸ਼ਾਂ ਅਤੇ ਸਿਧਾਂਤਾਂ ਦੇ ਅਨੁਸਾਰ ਸਜਾਉਣਾ ਹੀ ਘਰ ਦੀ ਅੰਦਰਲੀ ਸਜਾਵਟ ਹੈ । ਘਰ ਦੀ ਸਜਾਵਟ ਘਰ ਨੂੰ ਆਕਰਸ਼ਕ ਅਤੇ ਸੋਹਣਾ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਜਾਵਟ ਨਾਲ ਪਰਿਵਾਰ ਦੇ ਮੈਂਬਰਾਂ ਦੇ ਆਰਾਮ ਅਤੇ ਕੰਮ ਕਰਨ ਵਿਚ ਰੁਕਾਵਟ ਨਾ ਪਵੇ ।
ਘਰ ਦੀ ਸਜਾਵਟ ਲਈ ਫ਼ਰਨੀਚਰ, ਪਰਦੇ, ਕਾਲੀਨ, ਕੁਸ਼ਨ, ਫੁੱਲ ਵਿਵਸਥਾ ਅਤੇ ਤਸਵੀਰਾਂ ਆਦਿ ਵਰਤੀਆਂ ਜਾਂਦੀਆਂ ਹਨ । ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਚੋਣ ਇਕ-ਦੂਜੇ ‘ਤੇ ਨਿਰਭਰ ਕਰਦੀ ਹੈ ਤਾਂ ਕਿ ਹਰ ਕਮਰਾ ਆਪਣੇ ਆਪ ਡਿਜ਼ਾਈਨ ਦੀ ਇਕ ਪੂਰੀ ਇਕਾਈ ਜਾਪੇ ।
ਫ਼ਰਨੀਚਰ – ਇਹ ਘਰ ਦੀ ਸਜਾਵਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ, ਪਰ ਇਸ ਦੀ ਚੋਣ ਪਰਿਵਾਰ ਦੇ ਬਜਟ, ਪਰਿਵਾਰ ਦੀਆਂ ਲੋੜਾਂ, ਕਮਰੇ ਦੇ ਆਕਾਰ ਅਤੇ ਰੰਗ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ । ਕਿਉਂਕਿ ਵੱਖ-ਵੱਖ ਕਮਰਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਫ਼ਰਨੀਚਰ ਵਰਤੋਂ ਵਿਚ ਆਉਂਦਾ ਹੈ । ਜਿਵੇਂ ਬੈਠਕ ਵਿਚ ਸੋਫ਼ੇ, ਕੁਰਸੀਆਂ ਤੇ ਦੀਵਾਨ ਆਦਿ, ਸੌਣ ਵਾਲੇ ਕਮਰੇ ਵਿਚ ਬੈਂਡ, ਅਲਮਾਰੀ, ਕੁਰਸੀਆਂ ਤੇ ਡਰੈਸਿੰਗ ਟੇਬਲ ਅਤੇ ਖਾਣਾ-ਖਾਣ ਵਾਲੇ ਕਮਰੇ ਵਿਚ ਮੇਜ਼, ਕੁਰਸੀਆਂ ਅਤੇ ਹੋ ਸਕੇ ਤਾਂ ਬਰਤਨਾਂ ਲਈ ਸ਼ੀਸ਼ੇ ਵਾਲੀ ਅਲਮਾਰੀ । ਇਹ ਸਾਰਾ ਫ਼ਰਨੀਚਰ ਬਣਿਆ ਵੀ ਵੱਖਰੀ-ਵੱਖਰੀ ਕਿਸਮ ਦਾ ਹੁੰਦਾ ਹੈ । ਇਹ ਸਾਮਾਨ ਲੱਕੜ, ਕੱਪੜੇ ਵਾਲੇ, ਲੋਹੇ, ਸਟੀਲ, ਬੈਂਤ ਜਾਂ ਪਲਾਸਟਿਕ ਦਾ ਬਣਿਆ ਹੋ ਸਕਦਾ ਹੈ । ਇਹ ਵੀ ਚੋਣ ਸਮੇਂ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਕਮਰਾ ਖੁੱਲ੍ਹਾ ਹੈ ਤਾਂ ਕੱਪੜਾ ਚੜਿਆ ਫ਼ਰਨੀਚਰ ਰੱਖਿਆ ਜਾ ਸਕਦਾ ਹੈ ਪਰ ਜੇ ਕਮਰਾ ਛੋਟਾ ਹੈ ਤਾਂ ਦਾ ਡਿਜ਼ਾਈਨ ਵਿਚ ਲੱਕੜ, ਬੈਂਤ ਜਾਂ ਲੋਹੇ ਦਾ ਫ਼ਰਨੀਚਰ ਚੰਗਾ ਲੱਗਦਾ ਹੈ ।
ਪਰਦੇ – ਸਜਾਵਟ ਵਿਚ ਪਰਦਿਆਂ ਦੀ ਭੂਮਿਕਾ ਵੀ ਬੜੀ ਮਹੱਤਵਪੂਰਨ ਹੈ | ਪਰਦਿਆਂ ਤੋਂ ਬਿਨਾਂ ਘਰ ਦੀ ਸਜਾਵਟ ਅਧੂਰੀ ਲੱਗਦੀ ਹੈ । ਇਹ ਘਰ ਨੂੰ ਸੋਹਣਾ ਬਣਾਉਣ ਦੇ ਨਾਲ ਘਰ ਦਾ ਤਾਪਮਾਨ ਅਤੇ ਹਵਾ ‘ਤੇ ਕੰਟਰੋਲ ਰੱਖਦੇ ਹਨ | ਪਰਦੇ ਹਮੇਸ਼ਾਂ ਸੁਤੀ ਹੀ ਵਰਤਣੇ ਚਾਹੀਦੇ ਹਨ । ਉਂਝ ਤਾਂ ਬਜ਼ਾਰ ਵਿਚ ਸਾਟਨ, ਸਿਲਕ, ਟਪੈਸਟਰੀ, ਖੱਡੀ ਦੇ ਬਣੇ ਕੱਪੜੇ ਵੀ ਮਿਲਦੇ ਹਨ | ਪਰਦਿਆਂ ਦੇ ਰੰਗ ਅਤੇ ਡਿਜ਼ਾਈਨ ਦਾ ਵੀ ਕਮਰੇ ਦੇ ਬਾਕੀ ਸਾਮਾਨ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ । ਖੁੱਲ੍ਹੇ ਅਤੇ ਵੱਡੇ ਕਮਰੇ ਵਿਚ ਗੁੜੇ ਅਤੇ ਵੱਡੇ ਡਿਜ਼ਾਈਨ ਵਾਲੇ ਪਰਦੇ ਚੰਗੇ ਲੱਗਦੇ ਹਨ ਕਿਉਂਕਿ ਇਹ ਕਮਰੇ ਨੂੰ ਛੋਟਾ ਵਿਖਾਉਂਦੇ ਹਨ ਜਦ ਕਿ ਛੋਟੇ ਕਮਰੇ ਵਿਚ ਹਲਕੇ ਰੰਗਾਂ ਦੇ ਪਲੇਨ ਪਰਦੇ ਹੀ ਚੰਗੇ ਲੱਗਦੇ ਹਨ, ਇਸ ਨਾਲ ਕਮਰਾ ਖੁੱਲ੍ਹਾ-ਖੁੱਲਾ ਲੱਗਦਾ ਹੈ ।
ਕਾਲੀਨ – ਕਾਲੀਨ ਵੀ ਕਮਰੇ ਦੀ ਸਜਾਵਟ ਵਿਚ ਵਾਧਾ ਕਰਦਾ ਹੈ । ਅੱਜ-ਕਲ੍ਹ ਕਈ ਰੰਗਾਂ ਅਤੇ ਡਿਜ਼ਾਈਨਾਂ ਦੇ ਕਾਲੀਨ ਬਜ਼ਾਰ ਵਿਚ ਉਪਲੱਬਧ ਹਨ । ਪਰ ਕਾਲੀਨ ਖ਼ਰੀਦਦੇ ਸਮੇਂ ਇਸ ਦੀ ਮਜ਼ਬੂਤੀ, ਰੰਗ ਅਤੇ ਆਕਾਰ ਕਮਰੇ ਦੀ ਰੰਗ ਵਿਵਸਥਾ ਮੁਤਾਬਿਕ ਹੋਣਾ ਚਾਹੀਦਾ ਹੈ । ਛੋਟੇ ਕਮਰਿਆਂ ਲਈ ਹਲਕੇ ਰੰਗਾਂ ਦੇ ਪਲੇਨ ਕਾਲੀਨ ਠੀਕ ਰਹਿੰਦੇ ਹਨ । ਇਨ੍ਹਾਂ ਉੱਪਰ ਬਾਕੀ ਸਾਮਾਨ ਵੀ ਜ਼ਿਆਦਾ ਸੱਜਦਾ ਹੈ ਜਦ ਕਿ ਵੱਡੇ ਕਮਰੇ ਲਈ ਗੂੜ੍ਹੇ ਰੰਗ ਵਿਚ ਡਿਜ਼ਾਈਨਦਾਰ ਕਾਲੀਨ ਵਿਛਾਇਆ ਜਾਵੇ ਤਾਂ ਸੋਹਣਾ ਲੱਗਦਾ ਹੈ ।
ਫੁੱਲ ਵਿਵਸਥਾ – ਫੁੱਲ ਵਿਵਸਥਾ ਵੀ ਘਰ ਦੀ ਸਜਾਵਟ ਦਾ ਇਕ ਅਹਿਮ ਹਿੱਸਾ ਹੈ । ਇਸ ਵਿਚ ਯਾਦ ਰੱਖਣ ਯੋਗ ਗੱਲ ਇਹ ਕਿ ਖਾਣ ਦੇ ਕਮਰੇ ਵਿਚ ਸੁਗੰਧ ਰਹਿਤ ਫੁੱਲਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ ਫੁੱਲਾਂ ਦੀ । ਫੁੱਲ ਵਿਵਸਥਾ ਜੇ ਖਾਣੇ ਵਾਲੇ ਜਾਂ ਕੌਫ਼ੀ ਦੇ ਟੇਬਲ ‘ਤੇ ਕਰਨੀ ਹੋਵੇ ਤਾਂ ਉਸਦੀ ਉਚਾਈ 3 ਤੋਂ 4 ਇੰਚ ਹੋਣੀ ਚਾਹੀਦੀ ਹੈ । ਪਰ ਜੇ ਕਿਸੇ ਨੁੱਕਰ ਜਾਂ ਕਿਸੇ ਖ਼ਾਸ ਕੰਮ ਦੇ ਮੇਜ਼ ਆਦਿ ‘ਤੇ ਰੱਖਣੀ ਹੋਵੇ ਤਾਂ ਵੱਡੇ ਆਕਾਰ ਵਿਚ ਕੀਤੀ ਜਾ ਸਕਦੀ ਹੈ । ਫੁੱਲ ਵਿਵਸਥਾ ਲਈ ਫੁੱਲਦਾਨ ਦੀ ਚੋਣ ਵੀ ਬਹੁਤ ਜ਼ਰੂਰੀ ਹੈ । ਫੁੱਲਦਾਨ ਫੁੱਲਾਂ ਦੇ ਰੰਗ ਨਾਲ ਮੇਲ ਖਾਂਦਾ ਹੋਵੇ ਤਾਂ ਬਹੁਤ ਵਧੀਆ ਪਰ ਹਰੇ, ਚਿੱਟੇ ਅਤੇ ਗਰੇਅ ਫੁੱਲਦਾਨ ਆਮ ਵਰਤੇ ਜਾ ਸਕਦੇ ਹਨ । ਕੋਮਲ ਫੁੱਲਾਂ ਲਈ ਸ਼ੀਸ਼ੇ ਅਤੇ ਚਾਂਦੀ ਦੇ ਫੁੱਲਦਾਨ ਵਰਤਣੇ ਚਾਹੀਦੇ ਹਨ । ਫੁੱਲ ਵਿਵਸਥਾ ਦੀ ਉਚਾਈ ਫੁੱਲਦਾਨ ਤੋਂ ਨੇ ਗੁਣਾ ਹੋਣੀ ਚਾਹੀਦੀ ਹੈ ਤਾਂ ਹੀ ਇਹ ਠੀਕ ਅਨੁਪਾਤ ਵਿਚ ਲੱਗਦੀ ਹੈ ।
ਤਸਵੀਰਾਂ – ਘਰ ਦੀ ਅੰਦਰਲੀ ਸਜਾਵਟ ਲਈ ਕਮਰਿਆਂ ਦੀਆਂ ਕੰਧਾਂ ‘ਤੇ ਕੁੱਝ ਸੁੰਦਰ ਤਸਵੀਰਾਂ ਵੀ ਟੰਗੀਆਂ ਜਾ ਸਕਦੀਆਂ ਹਨ । ਵੱਡੀ ਕੰਧ ’ਤੇ ਇਕ ਵੱਡੀ ਤਸਵੀਰ ਟੰਗਣੀ ਚਾਹੀਦੀ ਹੈ । ਜੇ ਇੱਕੋ ਆਕਾਰ ਦੀਆਂ ਰਲਦੀ-ਮਿਲਦੀਆਂ ਛੋਟੀਆਂ ਤਸਵੀਰਾਂ ਹਨ ਤਾਂ ਉਨ੍ਹਾਂ ਦਾ ਸਮੂਹ ਬਣਾ ਕੇ ਲਾਇਆ ਜਾ ਸਕਦਾ ਹੈ । ਤਸਵੀਰਾਂ ਨੂੰ ਕੰਧ ਤੇ ਬਹੁਤ ਉੱਚਾ ਨਹੀਂ ਟੰਗਣਾ ਚਾਹੀਦਾ ਇਹ ਇੰਨੀ ਉਚਾਈ ‘ਤੇ ਹੋਣ ਕਿ ਖੜੇ ਹੋ ਕੇ ਜਾਂ ਬੈਠ ਕੇ ਬਿਨਾਂ ਗਰਦਨ ਉੱਪਰ ਚੁੱਕ ਕੇ ਆਰਾਮ ਨਾਲ ਵੇਖ ਸਕੋ ।
ਇਸ ਤੋਂ ਇਲਾਵਾ ਘਰ ਦੀ ਸਜਾਵਟ ਲਈ ਲੱਕੜੀ, ਪਿੱਤਲ, ਤਾਂਬੇ, ਕੱਚ, ਕਰਿਸਟਲ ਆਦਿ ਦੇ ਸ਼ੋ ਪੀਸ ਵੀ ਵਰਤੇ ਜਾਂਦੇ ਹਨ । ਛੋਟੇ-ਛੋਟੇ ਜ਼ਿਆਦਾ ਪੀਸਾਂ ਨਾਲੋਂ ਇਕ ਵੱਡੀ ਸਜਾਵਟ ਦੀ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ । ਜੇ ਛੋਟੀਆਂ ਜ਼ਿਆਦਾ ਹਨ ਤਾਂ ਉਨ੍ਹਾਂ ਨੂੰ ਇਕ ਸਮੂਹ ਵਿਚ ਕਿਸੇ ਟੇਬਲ ਜਾਂ (Shelf) ਸ਼ੈਲਫ ‘ਤੇ ਸਜਾਇਆ ਜਾ ਸਕਦਾ ਹੈ । ਇਨ੍ਹਾਂ ਤੋਂ ਇਲਾਵਾ ਟੈਬਲ ਲੈਂਪ ਅਤੇ ਕਿਤਾਬਾਂ ਵੀ ਕਮਰੇ ਦੀ ਸਜਾਵਟ ਦਾ ਇਕ ਹਿੱਸਾ ਹਨ । ਕਿਤਾਬਾਂ ਤੋਂ ਕਮਰੇ ਨੂੰ ਚਰਿੱਤਰ ਮਿਲਦਾ ਹੈ । ਬਾਹਰੋਂ ਆਉਣ ਵਾਲੇ ਨੂੰ ਕਿਤਾਬਾਂ ਵੇਖ ਕੇ ਹੀ ਤੁਹਾਡੇ ਚਰਿੱਤਰ ਬਾਰੇ ਗਿਆਨ ਹੋ ਜਾਂਦਾ ਹੈ ।
ਸੋ ਉੱਪਰ ਚਰਚਿਤ ਚੀਜ਼ਾਂ ਘਰ ਦੀ ਸਜਾਵਟ ਲਈ ਬਹੁਤ ਜ਼ਰੂਰੀ ਹਨ ਪਰ ਉਸ ਤੋਂ ਵੀ ਜ਼ਰੂਰੀ ਉਨ੍ਹਾਂ ਦੀ ਚੋਣ ਅਤੇ ਰੱਖ-ਰਖਾਵ ਜਾਂ ਵਿਵਸਥਾ ਕਰਨ ਦਾ ਢੰਗ ਹੈ ਜੋ ਘਰ ਦੀ ਸਜਾਵਟ ਨੂੰ ਚਾਰ ਚੰਨ ਲਾਉਂਦਾ ਹੈ ।
ਪ੍ਰਸ਼ਨ 26.
ਫੁੱਲਾਂ ਦੀ ਵਿਵਸਥਾ ਕਿਸ ਸਿਧਾਂਤ ‘ਤੇ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫੁੱਲਾਂ ਦੀ ਵਿਵਸਥਾ ਕਰਨ ਦੇ ਸਿਧਾਂਤ-
ਕੋਈ ਵੀ ਡਿਜ਼ਾਈਨ ਬਣਾਉਣ ਲਈ ਡਿਜ਼ਾਈਨ ਦੇ ਮੂਲ ਅੰਸ਼ ਜਿਵੇਂ ਕਿ ਰੰਗ, ਆਕਾਰ, ਲਾਈਨਾਂ, ਰਚਨਾ ਅਤੇ ਡਿਜ਼ਾਈਨ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ । ਫੁੱਲਾਂ ਦੀ ਵਿਵਸਥਾ ਕਰਨ ਸਮੇਂ ਫੁੱਲ, ਫੁੱਲਦਾਨ ਅਤੇ ਹੋਰ ਲੋੜੀਂਦੀ ਸਮੱਗਰੀ ਨੂੰ ਮਿਲਾ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਚਾਹੀਦਾ ਹੈ, ਜਿਹੜਾ ਕਿ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰੇ । ਫੁੱਲਾਂ ਦੀ ਵਿਵਸਥਾ ਕਰਨ ਸਮੇਂ ਹੇਠ ਲਿਖੇ ਸਿਧਾਂਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ –
1. ਇਕਸੁਰਤਾ (Harmony) – ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਉਨ੍ਹਾਂ ਵਿਚ ਇਕਸੁਰਤਾ ਲਿਆਂਦੀ ਜਾ ਸਕਦੀ ਹੈ ਜਿਵੇਂ ਕਿ ਸਫ਼ੈਦ ਰੰਗ ਦੇ ਵਰਬੀਨਾ, ਫ਼ਲੋਕਸ, ਸਵੀਟ ਪੀਜ਼ ਅਤੇ ਪਿਟੂਨੀਆਂ ਨੂੰ ਮਿਲਾ ਕੇ ਫੁੱਲਾਂ ਦੀ ਵਿਵਸਥਾ ਕਰਨਾ । ਇਕ ਹੀ ਤਰ੍ਹਾਂ ਦੇ ਫੁੱਲਾਂ ਦੇ ਇਕ ਰੰਗ ਦੇ ਅਲੱਗ-ਅਲੱਗ ਸ਼ੇਡ ਅਤੇ ਭਾਹ ਦੇ ਫੁੱਲ ਵਰਤਣ ਨਾਲ ਹੀ ਇਕਸੁਰਤਾ | ਲਿਆਈ ਜਾ ਸਕਦੀ ਹੈ । ਜੇਕਰ ਵੱਖ-ਵੱਖ ਤਰ੍ਹਾਂ ਦੇ ਫੁੱਲ ਲਗਾਏ ਜਾਣ ਤਾਂ ਵੀ ਉਨ੍ਹਾਂ ਨੂੰ | ਦੁਹਰਾਉਣ ਨਾਲ ਇਕਸੁਰਤਾ ਦਾ ਅਹਿਸਾਸ ਹੁੰਦਾ ਹੈ । ਸਾਰੇ ਹੀ ਅਲੱਗ-ਅਲੱਗ ਵੰਨਗੀਆਂ ਅਤੇ ਰੰਗਾਂ ਦੇ ਫੁੱਲ ਵਰਤਣ ਨਾਲ ਪਰੇਸ਼ਾਨੀ ਪੈਦਾ ਹੁੰਦੀ ਹੈ । ਫੁੱਲਾਂ ਦਾ ਤਾਲ-ਮੇਲ ਫੁੱਲਦਾਨ | ਅਤੇ ਫੁੱਲ ਰੱਖਣ ਦੇ ਆਸ-ਪਾਸ ਨਾਲ ਹੀ ਹੋਣਾ ਜ਼ਰੂਰੀ ਹੈ । ਇਕ ਛੋਟੇ ਕਮਰੇ ਵਿਚ ਬਹੁਤ ਵੱਡਾ ਫੁੱਲਦਾਨ ਰੱਖਿਆ ਸੋਹਣਾ ਨਹੀਂ ਲੱਗਦਾ ।
2. ਅਨੁਪਾਤ (Proportion) – ਫੁੱਲਦਾਨ ਦੇ ਅਨੁਸਾਰ ਹੀ ਫੁੱਲਾਂ ਦਾ ਆਕਾਰ ਹੋਣਾ ਚਾਹੀਦਾ ਹੈ, ਛੋਟੇ ਜਾਂ ਹਲਕੇ ਕੱਚ ਦੇ ਫੁੱਲਦਾਨ ਵਿਚ ਭਾਰੇ ਫੁੱਲ ਸੁਹਣੇ ਨਹੀਂ ਲੱਗਦੇ । ਇਕ ਦਰਮਿਆਨੇ ਜਾਂ ਲੰਬੇ ਫੁੱਲਾਂ ਲਈ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਤੋਂ 1\(\frac {1}{2}\) ਗੁਣਾ ਹੋਣੀ ਚਾਹੀਦੀ ਹੈ । ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ ।
3. ਸੰਤੁਲਨ (Balance) – ਫੁੱਲਾਂ ਦੀ ਵਿਵਸਥਾ ਦਾ ਸੰਤੁਲਨ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਫੁੱਲ ਇਕ ਪਾਸੇ ਡਿੱਗਦੇ ਨਾ ਲੱਗਣ । ਜੇਕਰ ਫੁੱਲ ਇਕ ਪਾਸੇ ਛੋਟੇ ਅਤੇ ਦੂਸਰੇ ਪਾਸੇ ਵੱਡੇ ਲਗਾਏ ਜਾਣ ਜਾਂ ਇਕ ਪਾਸੇ ਸਾਰੇ ਹਲਕੇ ਰੰਗ ਦੇ ਅਤੇ ਦੂਸਰੇ ਪਾਸੇ ਗੂੜ੍ਹੇ ਰੰਗ ਦੇ ਲਗਾਏ ਜਾਣ ਤਾਂ ਫੁੱਲਾਂ ਦਾ ਇਕ ਪਾਸੇ ਭਾਰ ਜ਼ਿਆਦਾ ਲੱਗਦਾ ਹੈ ਜੋ ਕਿ ਵੇਖਣ ਨੂੰ ਉੱਚਿਤ ਨਹੀਂ | ਲੱਗਦਾ । ਸਹੀ ਸੰਤੁਲਨ ਬਣਾਉਣ ਲਈ ਸਭ ਤੋਂ ਲੰਬਾ, ਵੱਡਾ ਜਾਂ ਰੰਗ ਵਿਚ ਗੁੜਾ ਫੁੱਲ | ਫੁੱਲਦਾਨ ਦੇ ਵਿਚਕਾਰ ਲਗਾਉਣਾ ਚਾਹੀਦਾ ਹੈ । ਬਾਕੀ ਦੇ ਫੁੱਲ ਅਤੇ ਪੱਤੇ ਇਸ ਕੇਂਦਰ ਬਿੰਦੂ ਦੇ ਆਲੇ-ਦੁਆਲੇ ਇਸ ਤਰ੍ਹਾਂ ਲਗਾਉ ਕਿ ਦੋਵੇਂ ਪਾਸੇ ਬਰਾਬਰ ਵਿਖਾਈ ਦੇਣ । ਆਲੇ-ਦੁਆਲੇ ਦੇ ਫੁੱਲ ਥੋੜ੍ਹੇ ਛੋਟੇ ਜਾਂ ਹਲਕੇ ਰੰਗ ਦੇ ਹੋਣ ਤਾਂ ਕੇਂਦਰ ‘ਤੇ ਜ਼ਿਆਦਾ ਧਿਆਨ ਜਾਂਦਾ ਹੈ ਅਤੇ ਵੇਖਣ ਵਾਲੇ ਨੂੰ ਜ਼ਿਆਦਾ ਚੰਗਾ ਲੱਗਦਾ ਹੈ ।
4. ਲੈਅ (Rhythm) – ਇਕ ਚੰਗੀ ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਦੋਂ ਕਿਸੇ ਚੀਜ਼ ਨੂੰ ਵੇਖਣ ਲਈ ਸਾਡੀ ਨਜ਼ਰ ਆਸਾਨੀ ਨਾਲ ਘੁੰਮਦੀ ਹੈ ਤਾਂ ਉਹ ਲੈਅ ਕਰਕੇ ਹੀ ਹੁੰਦੀ ਹੈ । ਗੋਲ ਜਾਂ ਤਿਕੋਣ ਫੁੱਲ ਵਿਵਸਥਾ ਕਰਨ ਨਾਲ ਲੈਅ ਪੈਦਾ ਕੀਤੀ ਜਾ ਸਕਦੀ ਹੈ । ਜਦੋਂ ਫੁੱਲਾਂ ਦੇ ਪਿੱਛੇ ਪੱਤੇ ਲਗਾ ਕੇ ਜਾਂ Cਅਕਾਰ ਦੀ ਫੁੱਲ ਵਿਵਸਥਾ ਕੀਤੀ ਜਾਏ ਜਿਸ ਦਾ ਮੱਧ ਵਿਚ ਜ਼ਿਆਦਾ ਬਲ ਹੋਵੇ ਤਾਂ ਵੀ ਲੈਅ ਠੀਕ ਹੁੰਦੀ ਹੈ । ਫੁੱਲਾਂ ਦੀ ਵਿਵਸਥਾ ਵਿਚ ਇਕ ਚੰਗੀ ਲੈਅ ਦਰਸਾਉਣ ਲਈ ਮੱਧ ਵਿਚ ਇਕ ਸਿੱਧਾ ਲੰਬਾ ਫੁੱਲ ਲਗਾਉ ਅਤੇ ਇਸ ਦੇ ਇਕ ਪਾਸੇ ਤਿਰਛੀ ਟਹਿਣੀ ਵਾਲੇ ਪਹਿਲੇ ਫੁੱਲ ਨਾਲੋਂ ਛੋਟੇ ਇਕ ਜਾਂ ਦੋ ਫੁੱਲ ਲਗਾਉ ਅਤੇ ਦੂਸਰੇ ਪਾਸੇ ਹੋਰ ਛੋਟੇ ਅਤੇ ਤਿਰਛੇ ਫੁੱਲ ਲਗਾਉ । ਇੱਕੋ ਹੀ ਰੰਗ ਦੇ ਵੱਖਵੱਖ ਸ਼ੇਡ ਅਤੇ ਭਾਹ ਦੇ ਫੁੱਲ ਵਰਤ ਕੇ ਵੀ ਲੈਅ ਉਤਪੰਨ ਕੀਤੀ ਜਾ ਸਕਦੀ ਹੈ । ਨਜ਼ਰ ਗੁੜੇ ਰੰਗ ਤੋਂ ਫਿੱਕੇ ਰੰਗ ਵਲ ਜਾਏਗੀ ।
5. ਬਲ (Emphasis) – ਫੁੱਲਾਂ ਦੀ ਵਿਵਸਥਾ ਵਿਚ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ । ਜਿਹੜਾ ਤੁਹਾਡੇ ਧਿਆਨ ਨੂੰ ਜ਼ਿਆਦਾ ਆਕਰਸ਼ਿਤ ਕਰੇ । ਇਹ ਕੇਂਦਰ ਬਿੰਦੂ ਵਿਵਸਥਾ ਦੇ ਵਿਚਕਾਰ ਹੇਠਾਂ ਨੂੰ ਕਰ ਕੇ ਹੋਣਾ ਚਾਹੀਦਾ ਹੈ, ਵੱਡੇ, ਗੁੜੇ ਜਾਂ ਭੜਕੀਲੇ ਰੰਗ ਦੇ ਫੁੱਲ ਦੇ ਨਾਲ ਇਹ ਅਹਿਸਾਸ ਦੁਆਇਆ ਜਾ ਸਕਦਾ ਹੈ । ਫੁੱਲਦਾਨ ਸਾਦਾ ਹੋਣਾ ਚਾਹੀਦਾ ਹੈ ਤਾਂ ਕਿ ਬਲ ਫੁੱਲਾਂ ‘ਤੇ ਹੋਵੇ ਅਤੇ ਤੁਹਾਡਾ ਧਿਆਨ ਫੁੱਲ ਵਿਵਸਥਾ ਵੱਲ ਹੀ ਜਾਏ । ਆਸਪਾਸ ਦੇ ਫੁੱਲ ਛੋਟੇ, ਘੱਟ ਭੜਕੀਲੇ ਅਤੇ ਵਿਰਲੇ ਲਗਾਉਣੇ ਚਾਹੀਦੇ ਹਨ, ਇਸ ਤਰ੍ਹਾਂ ਕਰਨ ਨਾਲ ਵੀ ਕੇਂਦਰ ਬਿੰਦ ‘ਤੇ ਹੀ ਜ਼ਿਆਦਾ ਧਿਆਨ ਜਾਂਦਾ ਹੈ ।
ਉੱਪਰ ਲਿਖੇ ਸਿਧਾਂਤਾਂ ਨੂੰ ਮਨ ਵਿਚ ਰੱਖਦੇ ਹੋਏ ਜੇਕਰ ਫੁੱਲ ਵਿਵਸਥਾ ਕੀਤੀ ਜਾਏ ਤਾਂ ਵੇਖਣ ਨੂੰ ਬਹੁਤ ਸੋਹਣੀ ਲੱਗੇਗੀ ਅਤੇ ਕਮਰਾ ਵੀ ਜ਼ਿਆਦਾ ਸਜਿਆ ਹੋਇਆ ਵਿਖਾਈ ਦੇਵੇਗਾ ।
ਫੁੱਲਾਂ ਨੂੰ ਸਜਾਉਣ ਲਈ ਮੁੱਖ ਦੋ ਤਰੀਕੇ ਹਨ-
(i) ਜਪਾਨੀ
(ii) ਅਮਰੀਕਨ ।
(i) ਜਪਾਨੀ – ਇਹ ਤਰੀਕਾ ਸੰਕੇਤਕ ਹੁੰਦਾ ਹੈ । ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ । ਜਿਨ੍ਹਾਂ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਛੋਟਾ ਹੇਠਲਾ) ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਫੁੱਲ ਇੱਕੋ ਹੀ ਕਿਸਮ ਅਤੇ ਇੱਕੋ ਹੀ ਰੰਗ ਦੇ ਹੁੰਦੇ ਹਨ ।
(ii) ਅਮਰੀਕਨ – ਇਸ ਤਰੀਕੇ ਵਿਚ ਕਈ ਕਿਸਮ ਦੇ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ । ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੀ ਫੁੱਲ ਵਿਵਸਥਾ ਵਿਚ ਵੱਖ-ਵੱਖ ਕਿਸਮ ਅਤੇ ਵੱਖ-ਵੱਖ ਰੰਗਾਂ ਦੇ ਫੁੱਲ ਵਰਤੇ ਜਾਂਦੇ ਹਨ । ਇਸ ਤਰ੍ਹਾਂ ਦੀ ਵਿਵਸਥਾ ਵੱਡੇ ਕਮਰੇ ਵਿਚ ਹੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਉਚੇਚੇ ਅਵਸਰ ‘ਤੇ ਵੀ ਕੀਤੀ ਜਾ ਸਕਦੀ ਹੈ ।
ਇਨ੍ਹਾਂ ਤਰੀਕਿਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਨਾਲ ਫੁੱਲਾਂ ਦੀ ਵਿਵਸਥਾ ਕੀਤੀ। ਜਾਂਦੀ ਹੈ ਜਿਵੇਂ ਕਿ ਉੱਪਰ ਲਿਖੇ ਦੋਨੋਂ ਤਰੀਕਿਆਂ ਨੂੰ ਮਿਲਾ ਕੇ ਜਿਸ ਵਿਚ ਦੋਨਾਂ ਹੀ ਤਰੀਕਿਆਂ ਦੇ ਚੰਗੇ ਗੁਣ ਲਏ ਜਾਂਦੇ ਹਨ । ਛੋਟੇ ਫੁੱਲਾਂ ਨਾਲ ਨੀਵੇਂ ਬਰਤਨ ਵਿਚ ਵੀ ਫੁੱਲਾਂ ਦੀ ਵਿਵਸਥਾ ਕੀਤੀ ਜਾਂਦੀ ਹੈ ।
ਪ੍ਰਸ਼ਨ 27.
ਕਮਰਿਆਂ ਦੀ ਸਜਾਵਟ ਲਈ ਕਿਹੜੀ ਸਹਾਇਕ ਸਮੱਗਰੀ ਇਸਤੇਮਾਲ ਕੀਤੀ ਜਾਂਦੀ ਹੈ ?
ਉੱਤਰ-
ਕਮਰਿਆਂ ਦੀ ਸਜਾਵਟ ਲਈ ਫ਼ਰਨੀਚਰ, ਪਰਦੇ ਅਤੇ ਕਾਲੀਨ ਤੋਂ ਇਲਾਵਾ ਤਸਵੀਰਾਂ ਅਤੇ ਹੋਰ ਸਾਮਾਨ ਵਰਤਿਆ ਜਾ ਸਕਦਾ ਹੈ । ਇਹਨਾਂ ਵਿਚ ਤਸਵੀਰਾਂ ਬਹੁਤ ਮਹੱਤਵਪੂਰਨ ਹਨ ।
ਬੈਠਕ ਵਿਚ ਆਮ ਸ਼ੌਕ ਦੀਆਂ ਤਸਵੀਰਾਂ ਜਿਵੇਂ ਕਿ ਕੋਈ ਦ੍ਰਿਸ਼ ਆਦਿ ਦੀ ਤਸਵੀਰ ਲਗਾਉਣੀ ਚਾਹੀਦੀ ਹੈ । ਇਕ ਕਮਰੇ ਵਿਚ ਇੱਕੋ ਹੀ ਤਰ੍ਹਾਂ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ । ਜੇਕਰ ਇਹ ਜ਼ਿਆਦਾ ਮਹਿੰਗੀ ਹੋਣ ਕਾਰਨ ਨਾ ਖ਼ਰੀਦੇ ਜਾ ਸਕਣ ਤਾਂ ਇਨ੍ਹਾਂ ਦੀਆਂ ਪ੍ਰਤੀਲਿਪੀਆਂ ਵੀ ਲਗਾਈਆਂ ਜਾ ਸਕਦੀਆਂ ਹਨ । ਜ਼ਿਆਦਾ ਛੋਟੀਆਂ-ਛੋਟੀਆਂ ਤਸਵੀਰਾਂ ਲਗਾਉਣ ਦੀ ਬਜਾਏ ਇਕ ਜਾਂ ਦੋ ਵੱਡੀਆਂ ਤਸਵੀਰਾਂ ਲਗਾਈਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ । ਇਕ ਕਮਰੇ ਦੀਆਂ ਸਾਰੀਆਂ ਤਸਵੀਰਾਂ ਦੇ ਫਰੇਮ ਇੱਕੋ ਜਿਹੇ ਹੀ ਹੋਣੇ ਚਾਹੀਦੇ ਹਨ । ਜ਼ਿਆਦਾ ਤਸਵੀਰਾਂ ਨਾਲ ਕਮਰਾ ਡੱਬ-ਖੜੱਬਾ ਲੱਗਦਾ ਹੈ । ਜੇਕਰ ਜ਼ਿਆਦਾ ਤਸਵੀਰਾਂ ਲਗਾਉਣੀਆਂ ਵੀ ਹੋਣ ਤਾਂ ਉਨ੍ਹਾਂ ਨੂੰ ਇਕੱਠੀਆਂ ਕਰਕੇ ਲਗਾਉ । ਤਸਵੀਰਾਂ ਜ਼ਿਆਦਾ ਉੱਚੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਤਾਂ ਕਿ ਉਨ੍ਹਾਂ ਨੂੰ ਦੇਖਣ ਲਈ ਅੱਖਾਂ ਅਤੇ ਗਰਦਨ ‘ਤੇ ਕੋਈ ਬੋਝ ਨਾ ਪਵੇ ।
ਤਸਵੀਰਾਂ ਤੋਂ ਇਲਾਵਾ ਘਰਾਂ ਨੂੰ ਸਜਾਉਣ ਲਈ ਪਿੱਤਲ, ਤਾਂਬੇ, ਲੱਕੜੀ, ਦੰਦ ਖੰਡ, ਕਰਿਸਟਲ, ਗਲਾਸ ਅਤੇ ਚੀਨੀ ਮਿੱਟੀ ਦੀਆਂ ਕਈ ਚੀਜ਼ਾਂ ਮਿਲਦੀਆਂ ਹਨ । ਇਹ ਵੀ ਜ਼ਿਆਦਾ ਛੋਟੀਆਂ ਚੀਜ਼ਾਂ ਖ਼ਰੀਦਣ ਨਾਲੋਂ ਕੁੱਝ ਵੱਡੀਆਂ ਚੀਜ਼ਾਂ ਖ਼ਰੀਦਣਾ ਹੀ ਚੰਗਾ ਰਹਿੰਦਾ ਹੈ । ਇਨ੍ਹਾਂ ਨੂੰ ਅਜਿਹੀ ਥਾਂ ‘ਤੇ ਰੱਖੋ ਜਿੱਥੇ ਪਈਆਂ ਸੋਹਣੀਆਂ ਲੱਗਣ । ਆਮ ਘਰਾਂ ਵਿਚ ਦੀਵਾਰ ਵਿਚ ਆਲੇ ਜਾਂ ਤਾਕ ਰੱਖੇ ਜਾਂਦੇ ਹਨ, ਇਨ੍ਹਾਂ ਚੀਜ਼ਾਂ ਨੂੰ ਉੱਥੇ ਟਿਕਾਇਆ ਜਾ ਸਕਦਾ ਹੈ ਜਾਂ ਫਿਰ ਕਿਸੇ ਮੇਜ਼ ਆਦਿ ‘ਤੇ ਰੱਖੀਆਂ ਜਾ ਸਕਦੀਆਂ ਹਨ । ਇਨ੍ਹਾਂ ਦੀ ਹਰ ਰੋਜ਼ ਝਾੜ ਪੂੰਝ ਕਰਨੀ ਚਾਹੀਦੀ ਹੈ ਅਤੇ ਜਦੋਂ ਜ਼ਰੂਰਤ ਹੋਵੇ ਇਨ੍ਹਾਂ ਨੂੰ ਪਾਲਿਸ਼ ਕਰਨਾ ਚਾਹੀਦਾ ਹੈ ।
ਕਿਤਾਬਾਂ ਨਾਲ ਕਮਰੇ ਨੂੰ ਚਰਿੱਤਰ ਮਿਲਦਾ ਹੈ | ਕਮਰੇ ਵਿਚ ਬਾਹਰੋਂ ਆਉਣ ਵਾਲੇ ਨੂੰ ਤੁਹਾਡੇ ਮਿਲਣ ਤੋਂ ਪਹਿਲਾਂ ਹੀ ਤੁਹਾਡੇ ਚਰਿੱਤਰ ਦਾ ਪਤਾ ਲੱਗ ਜਾਂਦਾ ਹੈ । ਕਿਤਾਬਾਂ ਦੀ ਹੋਂਦ ਗੱਲ-ਬਾਤ ਦਾ ਵੀ ਇਕ ਸਾਧਨ ਬਣ ਜਾਂਦੀ ਹੈ । ਇਸ ਤੋਂ ਇਲਾਵਾ ਕਿਤਾਬਾਂ ਸਜਾਵਟ ਵਿਚ ਵੀ ਹਿੱਸਾ ਪਾਉਂਦੀਆਂ ਹਨ ।
ਪੁਸਤਕਾਂ ਤੋਂ ਇਲਾਵਾ ਟੇਬਲ ਲੈਂਪ ਵੱਖ-ਵੱਖ ਬਣਤਰ, ਕਿਸਮ ਅਤੇ ਰੰਗਾਂ ਦੇ ਮਿਲਦੇ ਹਨ । ਇਸੇ ਤਰ੍ਹਾਂ ਅਨੇਕਾਂ ਕਿਸਮਾਂ ਦੀਆਂ ਘੜੀਆਂ ਵੀ ਬਜ਼ਾਰ ਵਿਚ ਉਪਲੱਬਧ ਹਨ । ਜੇਕਰ ਠੀਕ ਪ੍ਰਕਾਰ ਇਹਨਾਂ ਦੀ ਚੋਣ ਕੀਤੀ ਜਾਵੇ ਤਾਂ ਇਹ ਘਰ ਦੀ ਸ਼ਾਨ ਨੂੰ ਦੁੱਗਣਾ ਕਰ ਦਿੰਦੇ ਹਨ ।
ਪ੍ਰਸ਼ਨ 28.
ਘਰ ਦੀ ਸਜਾਵਟ ਲਈ ਫ਼ਰਨੀਚਰ ਸਭ ਤੋਂ ਮਹੱਤਵਪੂਰਨ ਹੈ, ਕਿਵੇਂ ?
ਉੱਤਰ-
ਘਰ ਦੀ ਸਜਾਵਟ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਇਹ ਮਹਿੰਗਾ ਹੋਣ ਕਰਕੇ ਛੇਤੀ ਬਦਲਿਆ ਨਹੀਂ ਜਾ ਸਕਦਾ | ਘਰ ਵਿਚ ਵੱਖ-ਵੱਖ ਕਮਰੇ ਅਤੇ ਹਿੱਸੇ ਹੁੰਦੇ ਹਨ ਅਤੇ ਹਰ ਕਮਰੇ ਲਈ ਉਸ ਦੀ ਵਰਤੋਂ ਦੇ ਮੁਤਾਬਿਕ ਹੀ ਫ਼ਰਨੀਚਰ ਰੱਖਿਆ ਜਾਂਦਾ ਹੈ ਅਤੇ ਸਾਂਭ ਸੰਭਾਲ ਵੀ ਵੱਖਰੀ-ਵੱਖਰੀ ਹੁੰਦੀ ਹੈ ।
ਬੈਠਕ – ਬੈਠਕ ਵਿਚ ਫ਼ਰਨੀਚਰ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕਰਨ ਵਾਲੇ ਕੰਮ ਜਿਵੇਂ ਕਿ ਆਰਾਮ, ਖੇਡ ਜਾਂ ਸੰਗੀਤ ਆਦਿ ਨੂੰ ਠੀਕ ਤਰ੍ਹਾਂ ਕੀਤਾ ਜਾ ਸਕੇ । ਇਕ ਪਾਸੇ ਸੋਫ਼ਾ, ਦਿਵਾਨ ਅਤੇ ਕੁਰਸੀਆਂ ਆਦਿ ਰੱਖੋ ਤਾਂ ਕਿ ਆਪ ਅਤੇ ਮਹਿਮਾਨਾਂ ਨੂੰ ਬਿਠਾਇਆ ਜਾ ਸਕੇ । ਇਨ੍ਹਾਂ ਦੇ ਵਿਚਕਾਰ ਜਾਂ ਇਕ ਪਾਸੇ ਕਾਫ਼ੀ ਦੀ ਮੇਜ਼ ਰੱਖੋ । ਕਾਫ਼ੀ ਦੀ ਮੇਜ਼ ਦਾ ਆਕਾਰ 45 ਸੈਂ:ਮੀ: × 90 ਸੈਂ:ਮੀ: ਹੋਣਾ ਚਾਹੀਦਾ ਹੈ । ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਛੋਟੇ ਮੇਜ਼ ਵੀ ਰੱਖੇ ਜਾ ਸਕਦੇ ਹਨ ਜਿਨ੍ਹਾਂ ਉੱਤੇ ਸਿਗਰਟ ਸੁਆਹਦਾਨੀ ਜਾਂ ਚਾਹ, ਕਾਫ਼ੀ ਦੇ ਪਿਆਲੇ ਜਾਂ ਸ਼ਰਬਤ ਦੇ ਗਲਾਸ ਰੱਖੇ ਜਾਂਦੇ ਹਨ ।
ਇਕ ਪਾਸੇ ਸੰਗੀਤ ਦਾ ਸਾਮਾਨ ਜਿਵੇਂ ਕਿ ਪਿਆਨੋ ਜਾਂ ਸਟੀਰਿਓ ਸੈਟ ਜਾਂ ਟੇਪ ਰਿਕਾਡਰ ਆਦਿ ਰੱਖੇ ਜਾ ਸਕਦੇ ਹਨ ਅਤੇ ਇਕ ਕੋਨੇ ਵਿਚ ਕੈਰਮ, ਚੈਸ ਜਾਂ ਤਾਸ਼ ਦੀ ਮੇਜ਼ ਰੱਖੀ ਜਾ ਸਕਦੀ ਹੈ । ਜੇਕਰ ਪੜ੍ਹਾਈ ਦਾ ਕਮਰਾ ਅੱਡ ਨਾ ਹੋਵੇ ਤਾਂ ਬੈਠਕ ਵਿਚ ਹੀ ਇਕ ਪਾਸੇ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼ ਰੱਖੋ ਅਤੇ ਇਕ ਮੇਜ਼ ਅਤੇ ਕੁਰਸੀ ਲਿਖਣ ਪੜ੍ਹਨ ਲਈ ਰੱਖੇ ਜਾ ਸਕਦੇ ਹਨ । ਪੜ੍ਹਨ ਵਾਲੀ ਮੇਜ਼ ਦੇ ਉੱਤੇ ਟੇਬਲ ਲੈਂਪ ਰੱਖਿਆ ਜਾ ਸਕਦਾ ਹੈ ਜਾਂ ਇਸ ਨੂੰ ਰੋਸ਼ਨੀ ਦੇ ਨੇੜੇ ਹੋਣਾ ਚਾਹੀਦਾ ਹੈ | ਅੱਜਕਲ੍ਹ ਕਈ ਘਰਾਂ ਵਿਚ ਬੈਠਕ ਵਿਚ ਟੀ. ਵੀ. ਰੱਖਿਆ ਜਾਂਦਾ ਹੈ ।
ਦੀਵਾਰਾਂ ਉੱਤੇ ਆਮ ਸ਼ੌਕ ਦੀਆਂ ਕੁੱਝ ਤਸਵੀਰਾਂ ਲਗਾਈਆਂ ਜਾ ਸਕਦੀਆਂ ਹਨ । ਕਮਰੇ ਵਿਚ ਇਕ ਜਾਂ ਦੋ ਗਮਲੇ ਜਾਂ ਫੁੱਲਾਂ ਦੇ ਫੁੱਲਦਾਨ ਰੱਖੇ ਜਾ ਸਕਦੇ ਹਨ । ਪਿੱਤਲ ਜਾਂ ਲੱਕੜੀ ਦੇ ਸਜਾਵਟ ਦੇ ਸਾਮਾਨ ਨਾਲ ਵੀ ਕਮਰੇ ਨੂੰ ਸਜਾਇਆ ਜਾ ਸਕਦਾ ਹੈ । ਸਾਮਾਨ ਨੂੰ ਇਸ ਤਰੀਕੇ ਨਾਲ ਰੱਖੋ ਕਿ ਕਮਰਾ ਖੁੱਲਾ ਲੱਗੇ ।
ਸੌਣ ਦੇ ਕਮਰੇ – ਸੌਣ ਦੇ ਕਮਰੇ ਦੇ ਫ਼ਰਨੀਚਰ ਵਿਚ ਪਲੰਘ ਹੀ ਪ੍ਰਮੁੱਖ ਹੁੰਦੇ ਹਨ | ਪਲੰਘਾਂ ਦੇ ਸਿਰ ਵਾਲਾ ਪਾਸਾ ਦੀਵਾਰ ਦੇ ਨਾਲ ਹੋਣਾ ਚਾਹੀਦਾ ਹੈ । ਪਲੰਘਾਂ ਦੇ ਆਸ-ਪਾਸ ਇੰਨੀ ਜਗਾ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਦੁਆਲੇ ਜਾ ਕੇ ਬਿਸਤਰੇ ਝਾੜੇ ਜਾ ਸਕਣ ਅਤੇ ਪਲੰਘ ਪੋਸ਼ ਵਿਛਾਇਆ ਜਾ ਸਕੇ । ਪਲੰਘਾਂ ਨੂੰ ਅਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ਕਿ ਦਰਵਾਜ਼ਾ ਜਾਂ ਖਿੜਕੀ ਖੁੱਲੀ ਹੋਣ ‘ਤੇ ਵੀ ਬਾਹਰੋਂ ਪਲੰਘ ਨਜ਼ਰ ਨਾ ਆਉਣ | ਅੱਜ-ਕਲ੍ਹ ਡਾਕਟਰ ਸਖ਼ਤ ਪਲੰਘ ਤੇ ਸੌਣ ਦੀ ਰਾਏ ਦਿੰਦੇ ਹਨ । ਭਾਰਤ ਵਿਚ ਜ਼ਿਆਦਾ ਲੋਕ ਵਾਣ, ਮੁੰਜ, ਰੱਸੀ ਜਾਂ ਨਿਵਾਰ ਦੇ ਬਣੇ ਮੰਜਿਆਂ ‘ਤੇ ਸੌਂਦੇ ਹਨ । ਇਹ ਮੰਜੇ ਹਲਕੇ ਹੁੰਦੇ ਹਨ ਅਤੇ ਗਰਮੀਆਂ ਵਿਚ ਇਨ੍ਹਾਂ ਨੂੰ ਬਾਹਰ ਵੀ ਕੱਢਿਆ ਜਾ ਸਕਦਾ ਹੈ । ਪਲੰਘਾਂ ਤੋਂ ਇਲਾਵਾ ਸੌਣ ਵਾਲੇ ਕਮਰੇ ਵਿਚ ਦੋ-ਤਿੰਨ ਕੁਰਸੀਆਂ ਜਾਂ ਦੀਵਾਨ ਜਾਂ 2-3 ਮੁੜੇ ਅਤੇ ਇਕ ਮੇਜ਼ ਵੀ ਰੱਖੇ ਜਾ ਸਕਦੇ ਹਨ ।
ਕਈ ਵਾਰੀ ਸੌਣ ਵਾਲੇ ਕਮਰੇ ਦਾ ਇਕ ਹਿੱਸਾ ਤਿਆਰ ਹੋਣ ਲਈ ਵੀ ਵਰਤਿਆ ਜਾਂਦਾ
ਹੈ । ਕਮਰੇ ਦੇ ਇਕ ਪਾਸੇ ਸ਼ੀਸ਼ੇ ਅਤੇ ਰਾਜਾਂ ਵਾਲੀ ਮੇਜ਼ ਰੱਖੋ ਅਤੇ ਇਸ ਦੇ ਸਾਹਮਣੇ ਇਕ | ਸ਼ੈਟੀ ਜਾਂ ਸਟੂਲ ਰੱਖੋ | ਕਮਰਾ ਵੱਡਾ ਹੋਣ ਦੀ ਹਾਲਤ ਵਿਚ ਇਸ ਹਿੱਸੇ ਨੂੰ ਪਰਦਾ ਲਗਾ ਕੇ | ਅੱਡ ਵੀ ਕੀਤਾ ਜਾ ਸਕਦਾ ਹੈ । ਦੀਵਾਰ ਦੇ ਉੱਤੇ ਸ਼ੀਸ਼ਾ ਟੰਗ ਕੇ ਉਸ ਦੇ ਹੇਠਾਂ ਇਕ ਸ਼ੈਲਫ਼ ਬਣਾ ਕੇ ਵੀ ਸ਼ਿੰਗਾਰ ਮੇਜ਼ ਦਾ ਕੰਮ ਲਿਆ ਜਾ ਸਕਦਾ ਹੈ । ਇਸ ਦੇ ਨੇੜੇ ਹੀ ਦੀਵਾਰ ਵਿਚ ਇਕ ਅਲਮਾਰੀ ਬਣੀ ਹੋਣੀ ਚਾਹੀਦੀ ਹੈ ਜਿਸ ਵਿਚ ਕੱਪੜੇ ਰੱਖੇ ਜਾ ਸਕਣ । ਜੇਕਰ ਦੀਵਾਰ ਵਿਚ ਅਲਮਾਰੀ ਨਾ ਹੋਵੇ ਤਾਂ ਸਟੀਲ ਦੀ ਅਲਮਾਰੀ ਵਰਤੀ ਜਾ ਸਕਦੀ ਹੈ ।
ਖਾਣਾ-ਖਾਣ ਦਾ ਕਮਰਾ – ਖਾਣਾ-ਖਾਣ ਵਾਲੇ ਕਮਰੇ ਵਿਚ ਖਾਣੇ ਵਾਲੀ ਮੇਜ਼ ਅਤੇ ਕੁਰਸੀਆਂ ਮੁੱਖ ਫ਼ਰਨੀਚਰ ਹੁੰਦੀਆਂ ਹਨ । ਮੇਜ਼ 4, 6 ਜਾਂ 8 ਬੰਦਿਆਂ ਲਈ ਜਾਂ ਇਸ ਤੋਂ ਵੀ ਵੱਡਾ ਹੋ – ਸਕਦਾ ਹੈ । ਘਰ ਵਿਚ ਖਾਣਾ-ਖਾਣ ਵਾਲੇ ਬੰਦਿਆਂ ਦੀ ਗਿਣਤੀ ਅਤੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਦੇ ਅਨੁਸਾਰ ਹੀ ਮੇਜ਼ ਦਾ ਆਕਾਰ ਹੋਣਾ ਚਾਹੀਦਾ ਹੈ । ਖਾਣਾ-ਖਾਣ ਵਾਲੀਆਂ ਕੁਰਸੀਆਂ ਛੋਟੀਆਂ, ਬਿਨਾਂ ਬਾਹਵਾਂ ਦੀਆਂ ਅਤੇ ਸਿੱਧੀ ਪਿੱਠ ਵਾਲੀਆਂ ਹੁੰਦੀਆਂ ਹਨ ।
ਆਮ ਤੌਰ ‘ਤੇ ਕਮਰੇ ਦੇ ਵਿਚਕਾਰ ਮੇਜ਼ ਰੱਖੀ ਜਾਂਦੀ ਹੈ ਅਤੇ ਇਸ ਦੇ ਆਲੇ-ਦੁਆਲੇ ਕੁਰਸੀਆਂ ਰੱਖੀਆਂ ਜਾਂਦੀਆਂ ਹਨ । ਇਸ ਕਮਰੇ ਵਿਚ ਚੀਨੀ ਦੇ ਬਰਤਨ ਅਤੇ ਗਲਾਸ, ਛੁਰੀਆਂ, ਚਮਚ ਆਦਿ ਰੱਖਣ ਲਈ ਇਕ ਅਲਮਾਰੀ ਵੀ ਰੱਖੀ ਜਾਂਦੀ ਹੈ । ਇਹ ਅਲਮਾਰੀ ਦੀਵਾਰ ਵਿਚ ਵੀ ਬਣਵਾਈ ਜਾ ਸਕਦੀ ਹੈ । ਕਈ ਘਰਾਂ ਵਿਚ ਬੈਠਕ ਅਤੇ ਖਾਣਾ-ਖਾਣ ਦਾ ਕਮਰਾ ਇਕੱਠਾ ਹੀ ਬਣਾਇਆ ਜਾਂਦਾ ਹੈ । ਇਸ ਤਰ੍ਹਾਂ ਦੇ ਕਮਰੇ ਵਿਚ ਜਿਹੜਾ ਹਿੱਸਾ ਬਾਹਰ ਵੱਲ ਨੂੰ ਲੱਗਦਾ ਹੈ, ਉਹ – ਬੈਠਕ ਅਤੇ ਅੰਦਰ ਰਸੋਈ ਦੇ ਨਾਲ ਲੱਗਦਾ ਹਿੱਸਾ ਖਾਣਾ-ਖਾਣ ਲਈ ਵਰਤਿਆ ਜਾਂਦਾ ਹੈ ।
ਪੜ੍ਹਾਈ ਦਾ ਕਮਰਾ-ਇਸ ਵਿਚ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼ ਹੋਣੇ ਚਾਹੀਦੇ ਹਨ । ਕਮਰੇ ਦੇ ਵਿਚਕਾਰ ਜਾਂ ਇਕ ਦੀਵਾਰ ਦੇ ਨਾਲ ਪੜ੍ਹਨ ਵਾਲੀ ਮੇਜ਼ ਅਤੇ ਇਸ ਦੇ ਸਾਹਮਣੇ ਇਕ ਕੁਰਸੀ ਰੱਖੀ ਜਾਂਦੀ ਹੈ । ਇਸ ਤੋਂ ਇਲਾਵਾ ਦੋ, ਤਿੰਨ ਆਰਾਮ ਕੁਰਸੀਆਂ ਵੀ ਰੱਖੀਆਂ ਜਾ ਸਕਦੀਆਂ ਹਨ ।
ਪ੍ਰਸ਼ਨ 29.
ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ ?
ਉੱਤਰ-
ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਲਈ ਹੇਠ ਲਿਖੇ ਢੰਗ ਹਨ-
(i) ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ – ਲੱਕੜੀ ਦੇ ਫ਼ਰਨੀਚਰ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਝਾੜ-ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਲੱਕੜ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ ਸੋ ਇਹ ਧਿਆਨ ਰੱਖਣਾ ਚਾਹੀਦਾ ਹੈ ਜੇ ਸਿਉਂਕ ਲੱਗ ਜਾਵੇ ਤਾਂ ਸਿਉਂਕ ਦੀ ਦਵਾਈ ਦਾ ਖਰਾਬ ਹਿੱਸੇ ‘ਤੇ ਸਪਰੇਅ ਕਰੋ 1 ਸਾਲ ਵਿਚ ਇਕ-ਦੋ ਵਾਰ ਲੱਕੜ ਦੇ ਫ਼ਰਨੀਚਰ ਨੂੰ ਧੁੱਪ ਲੁਆ ਲੈਣੀ ਚਾਹੀਦੀ ਹੈ । ਜੇ ਧੁੱਪ ਬਹੁਤ ਤੇਜ਼ ਹੋਵੇ ਤਾਂ ਕੁੱਝ ਸਮੇਂ ਲਈ ਹੀ ਲਗਾਉ । ਪਾਲਿਸ਼ ਕੀਤੇ ਮੇਜ਼ ‘ਤੇ ਗਰਮ ਸਬਜ਼ੀ ਦੇ ਬਰਤਨ ਜਾਂ ਠੰਢੇ ਪਾਣੀ ਦੇ ਗਿਲਾਸ ਸਿੱਧੇ ਹੀ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਮੇਜ਼ ‘ਤੇ ਦਾਗ ਪੈ ਜਾਂਦੇ ਹਨ । ਇਹਨਾਂ ਦੇ ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖਣੇ ਚਾਹੀਦੇ ਹਨ ।
ਫ਼ਰਨੀਚਰ ਤੋਂ ਦਾਗ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਮਿਲਾ ਕੇ ਜਾਂ ਹਲਕਾ ਡਿਟਰਜੈਂਟ ਮਿਲਾ ਕੇ, ਕੱਪੜਾ ਇਸ ਘੋਲ ਵਿਚ ਭਿਉਂ ਕੇ ਸਾਫ਼ ਕਰੋ | ਪਰ ਫ਼ਰਨੀਚਰ ਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਚਾਹੀਦਾ । ਗਿੱਲਾ ਸਾਫ਼ ਕਰਨ ਤੋਂ ਬਾਅਦ ਫ਼ਰਨੀਚਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਸਪਿਰਟ ਵਿਚ ਭਿੱਜੇ ਨੂੰ ਆਦਿ ਨਾਲ ਫਿਰ ਸਾਫ਼ ਕਰੋ । ਜੇ ਲੱਕੜ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਇਸ ਨੂੰ ਰੋਗਮਾਰ ਨਾਲ ਰਗੜ ਕੇ ਪਾਲਿਸ਼ ਕੀਤਾ ਜਾ ਸਕਦਾ ਹੈ ।
ਜੇ ਲੱਕੜੀ ਵਿਚ ਛੇਕ ਹੋ ਗਏ ਹੋਣ ਤਾਂ ਉਸ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਉ ×
(ii) ਪੇਂਟ ਕੀਤੇ ਹੋਏ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਨੂੰ ਧੋਇਆ ਜਾ ਸਕਦਾ ਹੈ । ਜ਼ਿਆਦਾ ਗੰਦਾ ਹੋਣ ਦੀ ਸਥਿਤੀ ਵਿਚ ਕੋਸੇ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਸਾਫ਼ ਕਰੋ । ਕਿਸੇ ਖੁਰਦਰੀ ਵਸਤੁ ਨਾਲ ਫ਼ਰਨੀਚਰ ਨੂੰ ਨਹੀਂ ਰਗੜਨਾ। ਚਾਹੀਦਾ ਨਹੀਂ, ਤਾਂ ਇਸ ‘ਤੇ ਝਰੀਟਾਂ ਪੈ ਜਾਣਗੀਆਂ ਤੇ ਕਈ ਥਾਂਵਾਂ ਤੋਂ ਪੇਂਟ ਉੱਤਰ ਵੀ ਸਕਦਾ ਹੈ । ਮੁੜ ਪੇਂਟ ਕਰਨਾ ਹੋਵੇ ਤਾਂ ਪਹਿਲੇ ਪੇਂਟ ਨੂੰ ਚੰਗੀ ਤਰ੍ਹਾਂ ਉਤਾਰ ਲੈਣਾ ਚਾਹੀਦਾ ਹੈ ।
(iii) ਬੈਂਤ ਦੇ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਦੀ ਵਰਤੋਂ ਆਮ ਕਰਕੇ ਗਾਰਡਨ ਜਾਂ ਲਾਨ ਵਿਚ ਕੀਤੀ ਜਾਂਦੀ ਹੈ | ਕੇਨ ਦੇ ਬਣੇ ਡਾਈਨਿੰਗ ਟੇਬਲ, ਕੁਰਸੀਆਂ ਅਤੇ ਸੋਫੇ ਵੀ ਮਿਲ ਜਾਂਦੇ ਹਨ । ਨਾਈਲੋਨ ਵਾਲੇ ਕੇਨ ਨੂੰ ਜ਼ਿਆਦਾ ਧੁੱਪ ਵਿਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਧੁੱਪ ਵਿਚ ਇਹ ਖ਼ਰਾਬ ਹੋ ਜਾਂਦੀ ਹੈ । ਇਸ ਨੂੰ ਸੁੱਕੇ ਜਾਂ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ । ਜ਼ਿਆਦਾ ਗੰਦਾ ਹੋਵੇ ਤਾਂ ਨਮਕ ਜਾਂ ਡਿਟਰਜੈਂਟ ਵਾਲੇ ਪਾਣੀ ਨਾਲ ਇਸ ਨੂੰ ਧੋ ਲਵੋ ਤੇ ਸਾਫ਼ ਕੱਪੜੇ ਨਾਲ ਸੁਕਾ ਲਵੋ । ਮੋਮ ਵਾਲੇ ਕੇਨ ਨੂੰ ਰੋਜ਼ ਸਾਫ਼ ਤੇ ਸੁੱਕੇ ਕੱਪੜੇ ਨਾਲ ਪੂੰਝ ਲੈਣਾ ਚਾਹੀਦਾ ਹੈ । ਜ਼ਿਆਦਾ ਖ਼ਰਾਬ ਹੋਣ ਤੇ ਰੇਤੀ ਕਾਗਜ਼ ਨਾਲ ਸਾਰੇ ਪਾਸਿਉਂ ਰਗੜ ਕੇ ਮੁੜ ਤੋਂ ਵੈਕਸ ਪਾਲਿਸ਼ ਕਰ ਲਵੋ : ਪੇਂਟ ਕੀਤੇ ਕੇਨ ਨੂੰ ਦੋ ਕੁ ਸਾਲਾਂ ਬਾਅਦ ਮੁੜ ਪੇਂਟ ਕਰਵਾ ਲੈਣਾ ਚਾਹੀਦਾ ਹੈ ।
(iv) ਕੱਪੜੇ ਨਾਲ ਕਵਰ ਕੀਤੇ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਨੂੰ ਵੈਕਯੂਮ ਕਲੀਨਰ ਨਾਲ ਜਾਂ ਗਰਮ ਕੱਪੜੇ ਸਾਫ਼ ਕਰਨ ਵਾਲੇ ਬੁਰਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ । ਕੱਪੜੇ ਦਾ ਰੰਗ ਫਿਟ ਗਿਆ ਹੋਵੇ ਤਾਂ ਦੋ ਗਲਾਸ ਪਾਣੀ ਵਿਚ ਇਕ ਵੱਡਾ ਚਮਚਾ ਸਿਰਕਾ ਮਿਲਾ ਕੇ ਨਰਮ ਕੱਪੜਾ ਇਸ ਵਿਚ ਭਿਉਂ ਲਉ ਤੇ ਚੰਗੀ ਤਰ੍ਹਾਂ ਨਿਚੋੜ ਕੇ ਕਵਰ ਸਾਫ਼ ਕਰਨ ‘ਤੇ ਕੱਪੜੇ ਵਿਚ ਚਮਕ ਆ ਜਾਂਦੀ ਹੈ ਤੇ ਸਾਫ਼ ਵੀ ਹੋ ਜਾਂਦਾ ਹੈ । ਥਿੰਧਿਆਈ ਦੇ ਦਾਗ ਪੈਟਰੋਲ ਜਾਂ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਉਸ ਦੀ ਝੱਗ ਨਾਲ ਸਾਫ਼ ਕੀਤੇ ਜਾਂਦੇ ਹਨ । ਝੱਗ ਨਾਲ ਸਾਫ਼ ਕਰਨ ਤੋਂ ਬਾਅਦ ਗਿੱਲੇ ਕੱਪੜੇ ਨਾਲ ਕਵਰ ਸਾਫ਼ ਕਰੋ ।
(v) ਪਲਾਸਟਿਕ ਦੇ ਫਰਨੀਚਰ ਦੀ ਦੇਖ-ਭਾਲ – ਪਲਾਸਟਿਕ ਦਾ ਫ਼ਰਨੀਚਰ ਰਸਾਇਣਿਕ ਪਦਾਰਥਾਂ ਤੋਂ ਬਣਦਾ ਹੈ । ਪਲਾਸਟਿਕ ਨੂੰ ਪਿਘਲਾ ਕੇ ਵੱਖ-ਵੱਖ ਆਕਾਰਾਂ ਅਤੇ ਡਿਜ਼ਾਈਨਾਂ ਦਾ ਫ਼ਰਨੀਚਰ ਬਣਾਇਆ ਜਾਂਦਾ ਹੈ । ਪਲਾਸਟਿਕ ਦੇ ਫ਼ਰਨੀਚਰ ਨੂੰ ਪਾਣੀ ਨਾਲ ਧੋਤਾ ਜਾ ਸਕਦਾ ਹੈ । ਬੁਰਸ਼ ਜਾਂ ਸਪੰਜ ਆਦਿ ਨੂੰ | ਸਾਬਣ ਵਾਲੇ ਪਾਣੀ ਨਾਲ ਭਿਉਂ ਕੇ ਪਲਾਸਟਿਕ ਦੇ ਫ਼ਰਨੀਚਰ ਨੂੰ ਸਾਫ ਕਰ ਕੇ ਧੋ ਕੇ ਸੁਕਾ | ਲਵੋ । ਪਲਾਸਟਿਕ ਦੇ ਫ਼ਰਨੀਚਰ ਨੂੰ ਧੁੱਪ ਤੇ ਸਰਦੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ।
(vi) ਰੈਕਸੀਨ ਜਾਂ ਚਮੜੇ ਦੇ ਫ਼ਰਨੀਚਰ ਦੀ ਦੇਖ – ਭਾਲ-ਰੈਕਸੀਨ ਦਾ ਫ਼ਰਨੀਚਰ ਬਹੁਤ | ਮਹਿੰਗਾ ਨਹੀਂ ਹੁੰਦਾ ਤੇ ਇਸ ਨੂੰ ਸਾਫ਼ ਕਰਨਾ ਵੀ ਸੌਖਾ ਹੈ । ਇਸ ਦੀ ਵਰਤੋਂ ਆਮ ਕਰਕੇ ਬੈਂਕਾਂ, ਦਫ਼ਤਰਾਂ, ਗੱਡੀਆਂ ਆਦਿ ਵਿਚ ਕੀਤੀ ਜਾਂਦੀ ਹੈ । ਇਹ ਸਰਦੀਆਂ ਨੂੰ ਠੰਢਾ ਤੇ ਗਰਮੀਆਂ ਨੂੰ ਗਰਮ ਹੋ ਜਾਂਦਾ ਹੈ । ਇਸ ਲਈ ਘਰਾਂ ਵਿਚ ਇਸ ਦੀ ਵਰਤੋਂ ਘੱਟ ਹੀ ਹੁੰਦੀ ਹੈ । ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ ਤੇ ਲੋੜ ਪੈਣ ‘ਤੇ ਧੋਇਆ ਵੀ ਜਾ ਸਕਦਾ ਹੈ | ਚਮੜੇ ਦਾ ਫ਼ਰਨੀਚਰ ਬਹੁਤ ਮਹਿੰਗਾ ਹੁੰਦਾ ਹੈ । ਇਸ ਲਈ ਇਸ ਦੀ ਵਰਤੋਂ | ਘੱਟ ਹੀ ਕੀਤੀ ਜਾਂਦੀ ਹੈ । ਇਸ ਦੀ ਰੋਜ਼ ਝਾੜ-ਪੂੰਝ ਕਰਨੀ ਚਾਹੀਦੀ ਹੈ ਤੇ ਬਰਸਾਤਾਂ ਨੂੰ ਇਹ | ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਉੱਲੀ ਨਾ ਲੱਗੇ । ਚਮੜੇ ਦੇ ਫ਼ਰਨੀਚਰ ਨੂੰ ਸਾਲ ਵਿਚ ਦੋ ਵਾਰ, ਦੋ ਹਿੱਸੇ ਅਲਸੀ ਦਾ ਤੇਲ ਅਤੇ ਇਕ-ਇਕ ਹਿੱਸਾ ਸਿਰਕਾ ਮਿਲਾ ਕੇ | ਬਣੇ ਘੋਲ ਨਾਲ ਪਾਲਿਸ਼ ਕਰਨਾ ਚਾਹੀਦਾ ਹੈ ।
PSEB 10th Class Home Science Guide ਘਰ ਦੀ ਅੰਦਰਲੀ ਸਜਾਵਟ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘਰ ਦੀ ਅੰਦਰਲੀ ਸਜਾਵਟ ਲਈ ਕੀ ਕੁੱਝ ਵਰਤਦੇ ਹਾਂ ?
ਉੱਤਰ-
ਪਰਦੇ, ਗਲੀਚੇ, ਫੁੱਲ, ਫ਼ਰਨੀਚਰ ਆਦਿ ।
ਪ੍ਰਸ਼ਨ 2.
ਪਲਾਸਟਿਕ ਦੇ ਫ਼ਰਨੀਚਰ ਦਾ ਇਕ ਲਾਭ ਦੱਸੋ ।
ਉੱਤਰ-
ਇਸ ਨੂੰ ਸਿਉਂਕ ਨਹੀਂ ਲਗਦੀ ।
ਪ੍ਰਸ਼ਨ 3.
ਪਰਦੇ ਤੇ ਗਲੀਚੇ ਕਿਹੋ ਜਿਹੇ ਹੋਣੇ ਚਾਹੀਦੇ ਹਨ ?
ਉੱਤਰ-
ਕੰਧਾਂ ਤੇ ਫ਼ਰਨੀਚਰ ਦੇ ਰੰਗ ਅਨੁਸਾਰ ।
ਪ੍ਰਸ਼ਨ 4.
ਫੁੱਲਾਂ ਨੂੰ ਸਜਾਉਣ ਲਈ ਕਿਹੜੇ ਤਰੀਕੇ ਹਨ ?
ਉੱਤਰ-
ਜਾਪਾਨੀ ਤੇ ਅਮਰੀਕਨ ।
ਪ੍ਰਸ਼ਨ 5.
ਬੈਠਕ ਵਿੱਚ ਕਿਹੋ ਜਿਹੇ ਕੰਮ ਕੀਤੇ ਜਾਂਦੇ ਹਨ ?
ਉੱਤਰ-
ਖੇਡਣ, ਲਿਖਣ, ਪੜ੍ਹਨ, ਮਨੋਰੰਜਨ ਆਦਿ ਦੇ ।
ਪ੍ਰਸ਼ਨ 6.
ਘਰ ਦੀ ਸੁੰਦਰਤਾ ਵਧਾਉਣ ਤੋਂ ਇਲਾਵਾ ਪਰਦਿਆਂ ਦੇ ਕੀ ਲਾਭ ਹਨ ?
ਉੱਤਰ-
ਭੇਦ ਹਵਾ, ਰੋਸ਼ਨੀ ਅਤੇ ਮਿੱਟੀ ਘੱਟੇ ਤੋਂ ਬਚਾਉਂਦੇ ਹਨ ।
ਪ੍ਰਸ਼ਨ 7.
ਪਰਦੇ ਲਾਉਣ ਨਾਲ ਕਮਰਿਆਂ ਵਿੱਚ ਕਿਹੋ ਜਿਹੀ ਭਾਵਨਾ ਪੈਦਾ ਹੁੰਦੀ ਹੈ ?
ਉੱਤਰ-
ਏਕਾਂਤ ਦੀ ਭਾਵਨਾ ।
ਪ੍ਰਸ਼ਨ 8.
ਸਰਦੀਆਂ (ਠੰਡੇ ਦੇਸ਼ਾਂ) ਵਿੱਚ ਕਿਸ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ ?
ਉੱਤਰ-
ਗੜੇ ਰੰਗ ਦੇ ।
ਪ੍ਰਸ਼ਨ 9.
ਛੋਟੇ ਕਮਰੇ ਵਿੱਚ ਕਿਹੋ ਜਿਹੇ ਪਰਦੇ ਠੀਕ ਰਹਿੰਦੇ ਹਨ ?
ਉੱਤਰ-
ਪਲੇਨ ਤੇ ਛੋਟੇ ਡਿਜ਼ਾਈਨ ਵਾਲੇ ।
ਪ੍ਰਸ਼ਨ 10.
ਖਾਣ ਵਾਲੇ ਕਮਰੇ ਵਿੱਚ ਕਿਹੋ ਜਿਹੇ ਫੁੱਲ ਵਰਤਣੇ ਚਾਹੀਦੇ ਹਨ ?
ਉੱਤਰ-
ਸੁਗੰਧ ਰਹਿਤ ।
ਪ੍ਰਸ਼ਨ 11.
ਜਾਪਾਨੀ ਤਰੀਕੇ ਵਿੱਚ ਵੱਡਾ (ਉੱਚਾ) ਫੁੱਲ ਕਿਸ ਦਾ ਪ੍ਰਤੀਕ ਹੈ ?
ਉੱਤਰ-
ਪਰਮਾਤਮਾ ਦਾ ।
ਪ੍ਰਸ਼ਨ 12.
ਜਾਪਾਨੀ ਤਰੀਕੇ ਵਿੱਚ ਛੋਟਾ ਫੁੱਲ ਕਿਸ ਦਾ ਪ੍ਰਤੀਕ ਹੈ ?
ਉੱਤਰ-
ਧਰਤੀ ਦਾ ।
ਪ੍ਰਸ਼ਨ 13.
ਫੁੱਲ ਕਦੋਂ ਤੋੜਨੇ ਚਾਹੀਦੇ ਹਨ ?
ਉੱਤਰ-
ਸਵੇਰੇ ਜਾਂ ਸ਼ਾਮ ਜਦੋਂ ਧੁੱਪ ਘੱਟ ਹੋਵੇ ।
ਪ੍ਰਸ਼ਨ 14.
ਫੁੱਲਦਾਨ ਕਿਸ ਪਦਾਰਥ ਦੇ ਬਣੇ ਹੋ ਸਕਦੇ ਹਨ ?
ਉੱਤਰ-
ਚੀਨੀ ਮਿੱਟੀ, ਪਿੱਤਲ, ਤਾਂਬੇ ਆਦਿ ਦਾ ।
ਪ੍ਰਸ਼ਨ 15.
ਪਲਾਸਟਿਕ ਦੇ ਫਰਨੀਚਰ ਨੂੰ ਕਿਸ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ?
ਉੱਤਰ-
ਧੁੱਪ ਤੇ ਸਰਦੀ ਤੋਂ ।
ਪ੍ਰਸ਼ਨ 16.
ਜਾਪਾਨੀ ਤਰੀਕੇ ਵਿਚ ਕਿਹੜਾ ਫੁੱਲ ਧਰਤੀ ਵੱਲ ਸੰਕੇਤ ਕਰਦਾ ਹੈ ?
ਉੱਤਰ-
ਛੋਟਾ ਟੁੱਲ ।
ਪ੍ਰਸ਼ਨ 17.
ਫੁੱਲਾਂ ਨੂੰ ਠੀਕ ਜਗਾ ਤੇ ਟਿਕਾਉਣ ਲਈ ਕਿਸ ਚੀਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਸਟੈਮ ਹੋਲਡਰ ।
ਪ੍ਰਸ਼ਨ 18.
ਜਾਪਾਨੀ ਤਰੀਕੇ ਵਿਚ ਸਭ ਤੋਂ ਹੇਠਲਾ ਫੁੱਲ ਕਿਸ ਵੱਲ ਇਸ਼ਾਰਾ ਕਰਦਾ ਹੈ ?
ਉੱਤਰ-
ਧਰਤੀ ਵੱਲ ।
ਪ੍ਰਸ਼ਨ 19.
ਕਿਸ ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਅਮਰੀਕਨ ਤਰੀਕੇ ਵਿੱਚ ।
ਛੋਟੇ ਉੱਤਰਾਂ ਵਾਲੇ ਪਯਨ
ਪ੍ਰਸ਼ਨ 1.
ਗੱਦੀਆਂ/ਕੁਸ਼ਨ ਕਮਰੇ ਦੀ ਸੁੰਦਰਤਾ ਕਿਸ ਤਰ੍ਹਾਂ ਵਧਾਉਂਦੇ ਹਨ ?
ਉੱਤਰ-
ਗੱਦੀਆਂ ਜਾਂ ਕੁਸ਼ਨ ਕਮਰੇ ਦੀ ਸੁੰਦਰਤਾ ਵਧਾਉਂਦੇ ਹਨ । ਗੱਦੀਆਂ ਵੱਖ-ਵੱਖ ਆਕਾਰ ਅਤੇ ਰੰਗਾਂ ਵਿਚ ਮਿਲਦੀਆਂ ਹਨ । ਇਹਨਾਂ ਦੀ ਚੋਣ ਫ਼ਰਨੀਚਰ ‘ਤੇ ਨਿਰਭਰ ਕਰਦੀ ਹੈ ! ਪਲੇਨ ਸੋਫ਼ੇ ਤੇ ਡਿਜ਼ਾਈਨ ਵਾਲੇ ਕੁਸ਼ਨ, ਫਿੱਕੇ ਰੰਗ ਤੇ ਗਹਿਰੇ ਰੰਗ ਦੇ ਕੁਸ਼ਨ ਰੱਖਣ ਨਾਲ ਕਮਰੇ ਦੀ ਸੁੰਦਰਤਾ ਵੱਧ ਜਾਂਦੀ ਹੈ ।
ਪ੍ਰਸ਼ਨ 2.
ਫ਼ਰਨੀਚਰ ਖ਼ਰੀਦਣ ਸਮੇਂ ਉਸਦੇ ਡਿਜ਼ਾਈਨ ਦਾ ਧਿਆਨ ਕਿਸ ਪ੍ਰਕਾਰ ਰੱਖਣਾ ਚਾਹੀਦਾ ਹੈ ?
ਉੱਤਰ-
ਫ਼ਰਨੀਚਰ ਖ਼ਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਡਿਜ਼ਾਈਨ ਕਮਰੇ ਵਿੱਚ ਰੱਖੀਆਂ ਹੋਰ ਵਸਤੂਆਂ ਦੇ ਆਕਾਰ ਮੁਤਾਬਿਕ ਹੋਵੇ ਤੇ ਕਮਰੇ ਦੇ ਆਕਾਰ ਮੁਤਾਬਿਕ ਵੀ ਹੋਵੇ । ਵੱਡੇ ਪ੍ਰਿੰਟ ਵਾਲੇ ਕੱਪੜੇ ਵਾਲਾ ਫ਼ਰਨੀਚਰ, ਵਰਤਿਆ ਜਾਵੇ ਤਾਂ ਕਈ ਵਾਰ ਕਮਰੇ ਦਾ ਆਕਾਰ ਛੋਟਾ ਲਗਦਾ ਹੈ । ਫ਼ਰਨੀਚਰ ਦਾ ਰੰਗ ਅਤੇ ਬਨਾਵਟ ਕਮਰੇ ਦੀਆਂ ਵਸਤੂਆਂ ਨਾਲ ਮਿਲਦਾ ਜੁਲਦਾ ਵੀ ਹੋਣਾ ਚਾਹੀਦਾ ਹੈ ।
ਪ੍ਰਸ਼ਨ 3.
ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ ?
ਉੱਤਰ-
ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ | ਘਰ ਦੇ ਹਰ ਕਮਰੇ ਨੂੰ ਡਿਜ਼ਾਈਨ ਦੇ ਮੁਲ ਅੰਸ਼ਾਂ ਤੇ ਸਿਧਾਂਤਾਂ ਅਨੁਸਾਰ ਸਜਾਉਣਾ ਹੀ ਘਰ ਦੀ ਅੰਦਰਲੀ ਸਜਾਵਟ ਹੈ | ਘਰ ਦੀ ਸਜਾਵਟ ਘਰ ਨੂੰ ਸੋਹਣਾ ਤੇ ਆਕਰਸ਼ਕ ਬਣਾਉਣ ਲਈ ਕੀਤੀ ਜਾਂਦੀ ਹੈ | ਘਰ ਦੀ ਸਜਾਵਟ ਲਈ ਫਰਨੀਚਰ, ਪਰਦੇ, ਕਾਲੀਨ, ਫੁੱਲ ਵਿਵਸਥਾ ਤੇ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ | ਘਰ ਨੂੰ ਸਜਾਉਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਅਰਾਮ ਵਿਚ ਵਿਘਨ ਨਾ ਪਏ ।
ਪ੍ਰਸ਼ਨ 4.
ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਕੀ ਹੈ ?
ਉੱਤਰ-
ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕੇਤਕ ਹੁੰਦਾ ਹੈ ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਤੇ ਸਭ ਤੋਂ ਹੇਠਲਾ (ਛੋਟਾ) ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਫੁੱਲ ਇੱਕੋ ਹੀ ਕਿਸਮ ਤੇ ਇਕ ਰੰਗ ਦੇ ਹੁੰਦੇ ਹਨ ।
ਵਸਤੂਨਿਸ਼ਠ ਪ੍ਰਸ਼ਨ
I. ਖ਼ਾਲੀ ਸਥਾਨ ਭਰੋ
1. ਜਾਪਾਨੀ ਢੰਗ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ………………….. ਦਾ ਪ੍ਰਤੀਕ ਹੈ ।
2. …………………….. ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸੇਮਾਲ ਕੀਤੇ ਜਾਂਦੇ ਹਨ ।
3. ………………….. ਫੁੱਲਾਂ ਨੂੰ ਠੀਕ ਜਗ੍ਹਾ ‘ਤੇ ਟਿਕਾਉਣ ਲਈ ਵਰਤੇ ਜਾਂਦੇ ਹਨ ।
4. ਜਾਪਾਨੀ ਤਰੀਕੇ ਵਿਚ ਵਿਚਕਾਰਲਾ ਫੁੱਲ …………………………. ਦਾ ਪ੍ਰਤੀਕ ਹੁੰਦਾ ਹੈ ।
ਉੱਤਰ-
1. ਪਰਮਾਤਮਾ,
2. ਅਮਰੀਕਨ,
3. ਸਟੈਮ ਹੋਲਡਰ,
4. ਮਾਨਵ ।
II. ਠੀਕ / ਗ਼ਲਤ ਦੱਸੋ
1. ਪਲਾਸਟਿਕ ਦੇ ਫ਼ਰਨੀਚਰ ਨੂੰ ਸਿਉਂਕ ਲਗ ਜਾਂਦੀ ਹੈ ।
2. ਫੁੱਲਾਂ ਨੂੰ ਸਜਾਉਣ ਦੇ ਜਾਪਾਨੀ ਤਰੀਕੇ ਵਿਚ ਦਸ ਫੁੱਲ ਹੁੰਦੇ ਹਨ ।
3. ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਇਕੱਠੇ ਫੁੱਲ ਵਰਤੇ ਜਾਂਦੇ ਹਨ ।
4. ਪਰਦੇ ਘਰ ਦੀ ਅੰਦਰਲੀ ਸਜਾਵਟ ਲਈ ਵਰਤੇ ਜਾਂਦੇ ਹਨ ।
5. ਜਾਪਾਨੀ ਤਰੀਕੇ ਵਿਚ ਵੱਡਾ ਫੁੱਲ ਪਰਮਾਤਮਾ ਦਾ ਪ੍ਰਤੀਕ ਹੈ ।
ਉੱਤਰ-
1. ਗ਼ਲਤ,
2. ਗ਼ਲਤ,
3. ਠੀਕ,
4. ਠੀਕ,
5. ਠੀਕ ।
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ
(ਉ) ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕਤੇਕ ਹੁੰਦਾ ਹੈ ।
(ਅ) ਜਾਪਾਨੀ ਤਰੀਕੇ ਵਿਚ ਹੇਠਲਾ ਫੁੱਲ ਧਰਤੀ ਵੱਲ ਇਸ਼ਾਰਾ ਕਰਦਾ ਹੈ ।
(ੲ) ਸਰਦੀਆਂ ਵਿਚ ਗੂੜ੍ਹੇ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ-
(ਉ) ਖਾਣ ਵਾਲੇ ਕਮਰੇ ਵਿਚ ਸੁਗੰਧਿਤ ਫੁੱਲ ਹੋਣੇ ਚਾਹੀਦੇ ਹਨ ।
(ਅ) ਫੁੱਲ ਦੁਪਹਿਰ ਨੂੰ ਤੋੜੋ ।
(ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ ।