Punjab State Board PSEB 10th Class Social Science Book Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Exercise Questions and Answers.
PSEB Solutions for Class 10 Social Science History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ
SST Guide for Class 10 PSEB ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਰ ਵਿਚ ਦਿਓ-
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਣ ਉਸ ਦਾ ਉੱਤਰਾਧਿਕਾਰੀ ਬਣਿਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ।
ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਸਿੱਖਾਂ ਦੀ ਕਿਉਂ ਹਾਰ ਹੋਈ ?
ਉੱਤਰ-
- ਸਿੱਖ ਸਰਦਾਰ ਲਾਲ ਸਿੰਘ ਨੇ ਗੱਦਾਰੀ ਕੀਤੀ ਅਤੇ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ ।
- ਅੰਗਰੇਜ਼ਾਂ ਦੀ ਤੁਲਨਾ ਵਿਚ ਸਿੱਖ ਸੈਨਿਕਾਂ ਦੀ ਗਿਣਤੀ ਘੱਟ ਸੀ ।
ਪ੍ਰਸ਼ਨ 3.
ਸਭਰਾਉਂ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: ਨੂੰ ਹੋਈ । ਇਸ ਵਿਚ ਸਿੱਖ ਹਾਰ ਗਏ ਅਤੇ ਅੰਗਰੇਜ਼ੀ ਫ਼ੌਜ ਬਿਨਾਂ ਕਿਸੇ ਰੁਕਾਵਟ ਦੇ ਸਤਲੁਜ ਨਦੀ ਨੂੰ ਪਾਰ ਕਰ ਗਈ ।
ਪ੍ਰਸ਼ਨ 4.
ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਕੀ ਮਸਲਾ ਸੀ ?
ਉੱਤਰ-
ਡੋਗਰਾ ਸਰਦਾਰ ਸੁਚੇਤ ਸਿੰਘ ਦੁਆਰਾ ਛੱਡੇ ਗਏ ਖ਼ਜਾਨੇ ਉੱਪਰ ਲਾਹੌਰ ਸਰਕਾਰ ਆਪਣਾ ਅਧਿਕਾਰ ਸਮਝਦੀ ਸੀ, ਪਰੰਤੂ ਅੰਗਰੇਜ਼ ਸਰਕਾਰ ਇਸ ਮਾਮਲੇ ਨੂੰ ਅਦਾਲਤੀ ਰੂਪ ਦੇਣਾ ਚਾਹੁੰਦੀ ਸੀ ।
ਪ੍ਰਸ਼ਨ 5.
ਗਉਆਂ ਸੰਬੰਧੀ ਝਗੜੇ ਬਾਰੇ ਜਾਣਕਾਰੀ ਦਿਓ ।
ਉੱਤਰ-
21 ਅਪਰੈਲ, 1846 ਈ: ਨੂੰ ਗਊਆਂ ਦੇ ਇਕ ਵੱਗ ’ਤੇ ਇਕ ਯੂਰਪੀਅਨ ਤੋਪਚੀ ਨੇ ਤਲਵਾਰ ਚਲਾ ਦਿੱਤੀ ਜਿਸ ਨਾਲ ਹਿੰਦੂ ਅਤੇ ਸਿੱਖ ਅੰਗਰੇਜ਼ਾਂ ਦੇ ਵਿਰੁੱਧ ਭੜਕ ਉੱਠੇ ।
ਪ੍ਰਸ਼ਨ 6.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਸ਼ਾਮਲ ਕੀਤਾ ਗਿਆ ਅਤੇ ਉਸ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ ?
ਉੱਤਰ-
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਸ਼ਾਮਲ ਕੀਤਾ ਗਿਆ । ਉਸ ਸਮੇਂ ਭਾਰਤ ਦਾ ਗਵਰਨਰਜਨਰਲ ਲਾਰਡ ਡਲਹੌਜ਼ੀ ਸੀ ।
ਪ੍ਰਸ਼ਨ 7.
ਚਤਰ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਕੀ ਕਦਮ ਚੁੱਕੇ ?
ਉੱਤਰ-
ਇਸ ਲਈ ਚਤਰ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ ।
II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਭੈਰੋਵਾਲ ਸੰਧੀ ਦੇ ਕਾਰਨ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਸ਼ਹਿਰੀਆਂ ਦੀ ਰੱਖਿਆ ਲਈ ਲਾਹੌਰ ਵਿਚ ਇੱਕ ਸਾਲ ਲਈ ਅੰਗਰੇਜ਼ੀ ਸੈਨਾ ਰੱਖੀ ਗਈ | ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਸੈਨਾ ਨੂੰ ਉੱਥੇ ਸਥਾਈ ਰੂਪ ਵਿਚ ਰੱਖਣ ਦੀ ਯੋਜਨਾ ਬਣਾਈ । ਮਹਾਰਾਣੀ ਜਿੰਦਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ । ਇਸ ਲਈ 15 ਦਸੰਬਰ, 1846 ਈ: ਨੂੰ ਲਾਹੌਰ ਦਰਬਾਰ ਦੇ ਮੰਤਰੀਆਂ ਅਤੇ ਸਰਦਾਰਾਂ ਦੀ ਇੱਕ ਵਿਸ਼ੇਸ਼ ਸਭਾ ਬੁਲਾਈ ਗਈ । ਇਸ ਸਭਾ ਵਿਚ ਗਵਰਨਰ-ਜਨਰਲ ਦੀਆਂ ਕੇਵਲ ਉਨ੍ਹਾਂ ਸ਼ਰਤਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਆਧਾਰ ‘ਤੇ ਉਹ 1846 ਈ: ਪਿੱਛੋਂ ਲਾਹੌਰ ਵਿਚ ਅੰਗਰੇਜ਼ੀ ਸੈਨਾ ਰੱਖਣ ਲਈ ਸਹਿਮਤ ਹੋ ਗਏ ਸਨ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਅਤੇ ਪ੍ਰਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਸੰਧੀਪੱਤਰ ਉੱਤੇ ਹਸਤਾਖ਼ਰ ਕਰ ਦਿੱਤੇ ।
ਪ੍ਰਸ਼ਨ 2.
ਭੈਰੋਵਾਲ ਸੰਧੀ ਦੀਆਂ ਕੋਈ ਚਾਰ ਧਾਰਾਵਾਂ ਦਿਓ ।
ਉੱਤਰ-
ਭੈਰੋਵਾਲ ਸੰਧੀ ਦੀਆਂ ਚਾਰ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-
- ਲਾਹੌਰ ਵਿਖੇ ਗਵਰਨਰ-ਜਨਰਲ ਦੁਆਰਾ ਨਿਯੁਕਤ ਕੀਤਾ ਗਿਆ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ ।
- ਮਹਾਰਾਜਾ ਦਲੀਪ ਸਿੰਘ ਦੇ ਨਾਬਾਲਿਗ਼ ਕਾਲ ਵਿੱਚ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਰਾਹੀਂ ਚਲਾਇਆ ਜਾਵੇਗਾ |
- ਕੌਂਸਲ ਆਫ਼ ਰੀਜੈਂਸੀ ਬਿਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
- ਮਹਾਰਾਣੀ ਜਿੰਦਾਂ ਨੂੰ ਰਾਜ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਿਆ ਸਾਲਾਨਾ ਪੈਨਸ਼ਨ ਦਿੱਤੀ ਗਈ ।
ਪ੍ਰਸ਼ਨ 3.
ਭੈਰੋਵਾਲ ਦੀ ਸੰਧੀ ਦੀ ਮਹੱਤਤਾ ਦੱਸੋ !
ਉੱਤਰ-
ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬੜੀ ਮਹੱਤਤਾ ਰੱਖਦੀ ਹੈ ।
- ਇਸ ਸੰਧੀ ਨਾਲ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬ੍ਰਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਸ਼ਕਤੀਆਂ ਮਿਲ ਗਈਆਂ । ਹੈਨਰੀ ਲਾਰੈਂਸ ਨੂੰ ਪੰਜਾਬ ਵਿਚ ਪਹਿਲਾ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
- ਇਸ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੂਪੁਰਾ ਭੇਜ ਦਿੱਤਾ ਗਿਆ । ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ ।
ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਕਿਉਂ ਨਾ ਕੀਤਾ ? ਕੋਈ ਦੋ ਕਾਰਨ ਲਿਖੋ ।
ਉੱਤਰ-
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਹੇਠ ਦਿੱਤੇ ਕਾਰਨ ਤੋਂ ਪੰਜਾਬ ਉੱਤੇ ਆਪਣਾ ਅਧਿਕਾਰ ਨਹੀਂ ਕੀਤਾ-
- ਸਿੱਖ ਮੁਦਕੀ, ਫਿਰੋਜ਼ਸ਼ਾਹ ਅਤੇ ਸਭਰਾਉਂ ਦੇ ਯੁੱਧਾਂ ਵਿਚ ਭਾਵੇਂ ਹਾਰ ਗਏ ਸਨ, ਪਰ ਅਜੇ ਵੀ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ ਆਦਿ ਥਾਂਵਾਂ ‘ਤੇ ਸਿੱਖ ਸੈਨਿਕ ਤੈਨਾਤ ਸਨ । ਜੇਕਰ ਅੰਗਰੇਜ਼ ਉਸ ਵੇਲੇ ਪੰਜਾਬ ਉੱਤੇ ਕਬਜ਼ਾ ਕਰ ਲੈਂਦੇ ਤਾਂ ਉਨ੍ਹਾਂ ਨੂੰ ਇਨ੍ਹਾਂ ਸੈਨਿਕਾਂ ਦਾ ਫਿਰ ਟਾਕਰਾ ਕਰਨਾ ਪੈਣਾ ਸੀ ।
- ਪੰਜਾਬ ਵਿਚ ਸ਼ਾਂਤੀ ਦੀ ਵਿਵਸਥਾ ਸਥਾਪਤ ਕਰਨ ਲਈ ਆਮਦਨ ਤੋਂ ਵੱਧ ਖ਼ਰਚ ਕਰਨਾ ਪੈਣਾ ਸੀ ।
- ਸਿੱਖ ਰਾਜ ਅਫ਼ਗਾਨਿਸਤਾਨ ਅਤੇ ਬ੍ਰਿਟਿਸ਼ ਸਾਮਰਾਜ ਵਿਚ ਵਿਚਕਾਰਲੇ ਰਾਜ ਦਾ ਕੰਮ ਕਰਦਾ ਸੀ । ਇਸੇ ਲਈ ਪੰਜਾਬ ਉੱਤੇ ਕਬਜ਼ਾ ਕਰਨਾ ਅੰਗਰੇਜ਼ਾਂ ਲਈ ਉੱਚਿਤ ਨਹੀਂ ਸੀ ।
- ਲਾਰਡ ਹਾਰਡਿੰਗ ਪੰਜਾਬੀਆਂ ਨਾਲ ਇੱਕ ਅਜਿਹੀ ਸੰਧੀ ਕਰਨਾ ਚਾਹੁੰਦਾ ਸੀ, ਜਿਸ ਨਾਲ ਪੰਜਾਬ ਕਮਜ਼ੋਰ ਪੈ ਜਾਏ । ਫਿਰ ਉਹ ਜਦੋਂ ਵੀ ਚਾਹੁਣ ਪੰਜਾਬ ਉੱਤੇ ਕਬਜ਼ਾ ਕਰ ਲੈਣ । ਇਸ ਲਈ ਉਨ੍ਹਾਂ ਨੇ ਲਾਹੌਰ ਸਰਕਾਰ ਨਾਲ ਕੇਵਲ ਅਜਿਹੀ ਸੰਧੀ ਹੀ ਕੀਤੀ, ਜਿਸ ਦੇ ਕਾਰਨ ਲਾਹੌਰ (ਪੰਜਾਬ ਰਾਜ ਆਰਥਿਕ ਅਤੇ ਸੈਨਿਕ ਪੱਖ ਤੋਂ ਕਮਜ਼ੋਰ ਹੋ ਗਿਆ ।
ਪ੍ਰਸ਼ਨ 5.
ਭੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ?
ਉੱਤਰ-
ਭੈਰੋਵਾਲ ਦੀ ਸੰਧੀ ਨਾਲ ਮਹਾਰਾਣੀ ਜਿੰਦਾਂ ਨੂੰ ਸਾਰੇ ਰਾਜਨੀਤਿਕ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ ਸੀ । ਉਸ ਦਾ ਲਾਹੌਰ ਦੇ ਰਾਜ ਪ੍ਰਬੰਧ ਨਾਲ ਕੋਈ ਸੰਬੰਧ ਨਾ ਰਿਹਾ । ਇਹੀ ਨਹੀਂ ਉਸ ਨੂੰ ਗਲਤ ਢੰਗ ਨਾਲ ਕੈਦ ਕਰ ਲਿਆ ਗਿਆ ਅਤੇ ਉਸ ਨੂੰ ਸ਼ੇਖੁਪੁਰਾ ਦੇ ਕਿਲੇ ਵਿਚ ਭੇਜ ਦਿੱਤਾ ਗਿਆ । ਉਸ ਦੀ ਪੈਨਸ਼ਨ 1,50,000 ਰੁਪਏ ਤੋਂ ਘਟਾ ਕੇ 48,000 ਰੁਪਏ ਕਰ ਦਿੱਤੀ ਗਈ। ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ । ਸਿੱਟੇ ਵਜੋਂ ਪੰਜਾਬ ਦੇ ਦੇਸ਼ ਭਗਤ ਸਰਦਾਰਾਂ ਦੀਆਂ ਭਾਵਨਾਵਾਂ ਅੰਗਰੇਜ਼ਾਂ ਵਿਰੁੱਧ ਭੜਕ ਉੱਠੀਆਂ ।
ਪ੍ਰਸ਼ਨ 6.
ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਰਾਜਾ ਦਲੀਪ ਸਿੰਘ ਪੰਜਾਬ (ਲਾਹੌਰ ਰਾਜ ਦਾ ਆਖ਼ਰੀ ਸਿੱਖ ਹਾਕਮ ਸੀ । ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਉਹ ਨਾਬਾਲਿਗ਼ ਸੀ । ਇਸ ਲਈ 1846 ਈ: ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ ਪ੍ਰਬੰਧ ਲਈ ਇਕ ਕੌਂਸਲ ਆਫ਼ ਰੀਜੈਂਸੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮਹਾਰਾਜਾ ਦੇ ਬਾਲਗ਼ ਹੋਣ ਤਕ ਕੰਮ ਕਰਨਾ ਸੀ । ਪਰ ਦੂਜੇ ਐਂਗਲੋਸਿੱਖ ਯੁੱਧ ਵਿੱਚ ਸਿੱਖ ਮੁੜ ਹਾਰ ਗਏ । ਸਿੱਟੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੀ 45 ਲੱਖ ਰੁਪਏ ਵਿਚ ਸਾਲਾਨਾ ਪੈਨਸ਼ਨ ਨਿਸਚਿਤ ਕਰ ਦਿੱਤੀ ਗਈ । ਪੰਜਾਬ ਅੰਗਰੇਜ਼ੀ ਸਾਮਰਾਜ ਦਾ ਅੰਗ ਬਣ ਗਿਆ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ 1845-46 ਈ: ਵਿਚ ਹੋਈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਸਨ-
1. ਅੰਗਰੇਜ਼ਾਂ ਦੀ ਲਾਹੌਰ – ਰਾਜ ਨੂੰ ਘੇਰਨ ਦੀ ਨੀਤੀ-ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਹੀ ਲਾਹੌਰ-ਰਾਜ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ । ਇਸ ਉਦੇਸ਼ ਨਾਲ ਉਨ੍ਹਾਂ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ: ਵਿਚ ਉਨ੍ਹਾਂ ਨੇ ਉੱਥੇ ਇਕ ਫ਼ੌਜੀ ਛਾਉਣੀ ਕਾਇਮ ਕਰ ਦਿੱਤੀ । ਲਾਹੌਰ ਦਰਬਾਰ ਦੇ ਸਰਦਾਰਾਂ ਨੇ ਅੰਗਰੇਜ਼ਾਂ ਦੀ ਇਸ ਨੀਤੀ ਦਾ ਵਿਰੋਧ ਕੀਤਾ ।
2. ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ ਫੈਲ ਗਈ । ਇਸ ਦਾ ਕਾਰਨ ਇਹ ਸੀ ਕਿ ਉਸ ਦੇ ਉੱਤਰਾਧਿਕਾਰੀ ਖੜਕ ਸਿੰਘ, ਨੌਨਿਹਾਲ ਸਿੰਘ, ਰਾਣੀ ਜਿੰਦ ਕੌਰ ਅਤੇ ਸ਼ੇਰ ਸਿੰਘ ਆਦਿ ਕਮਜ਼ੋਰ ਹਾਕਮ ਸਿੱਧ ਹੋਏ । ਇਸ ਲਈ ਲਾਹੌਰ ਦਰਬਾਰ ਵਿਚ ਸਰਦਾਰਾਂ ਨੇ ਇਕ-ਦੂਜੇ ਦੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਅੰਗਰੇਜ਼ ਇਸ ਸਥਿਤੀ ਦਾ ਲਾਭ ਉਠਾਉਣਾ ਚਾਹੁੰਦੇ ਸਨ ।
3. ਪਹਿਲੇ ਅਫ਼ਗਾਨ ਯੁੱਧ ਵਿਚ ਅੰਗਰੇਜ਼ਾਂ ਦੀਆਂ ਮੁਸ਼ਕਿਲਾਂ ਅਤੇ ਅਸਫਲਤਾਵਾਂ – ਪਹਿਲੇ ਐਂਗਲੋ-ਅਫ਼ਗਾਨ ਯੁੱਧ ਦੇ ਖ਼ਤਮ ਹੁੰਦੇ ਹੀ 1814 ਈ: ਵਿਚ ਅਫ਼ਗਾਨਾਂ ਨੇ ਦੋਸਤ ਮੁਹੰਮਦ ਖ਼ਾਂ ਦੇ ਪੁੱਤਰ ਮੁਹੰਮਦ ਅਕਬਰ ਖਾਂ ਦੀ ਅਗਵਾਈ ਵਿਚ ਬਗ਼ਾਵਤ ਕਰ ਦਿੱਤੀ । ਅੰਗਰੇਜ਼ ਬਾਗੀਆਂ ਨੂੰ ਦਬਾਉਣ ਵਿੱਚ ਅਸਫਲ ਰਹੇ । ਅੰਗਰੇਜ਼ ਸੈਨਾਨਾਇਕ ਬਰਨਜ਼ ਅਤੇ ਮੈਕਨਾਟਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਵਾਪਸ ਜਾ ਰਹੇ ਅੰਗਰੇਜ਼ ਸੈਨਿਕਾਂ ਵਿਚੋਂ ਸਿਰਫ਼ ਇਕ ਸੈਨਿਕ ਹੀ ਬਚ ਸਕਿਆ | ਅੰਗਰੇਜ਼ਾਂ ਦੀ ਇਸ ਅਸਫਲਤਾ ਨੂੰ ਦੇਖ ਕੇ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਯੁੱਧ ਛੇੜਨ ਲਈ ਉਤਸ਼ਾਹ ਵਧ ਗਿਆ ।
4. ਅੰਗਰੇਜ਼ਾਂ ਵਲੋਂ ਸਿੰਧ ਨੂੰ ਆਪਣੇ ਰਾਜ ਵਿਚ ਮਿਲਾਉਣਾ – 1843 ਈ: ਵਿਚ ਅੰਗਰੇਜ਼ਾਂ ਨੇ ਸਿੰਧ ਉੱਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਇਸ ਘਟਨਾ ਨੇ ਅੰਗਰੇਜ਼ਾਂ ਦੀ ਅਭਿਲਾਸ਼ਾ ਨੂੰ ਬਿਲਕੁਲ ਸਪੱਸ਼ਟ ਕਰ ਦਿੱਤਾ ! ਸਿੱਖਾਂ ਨੇ ਇਹ ਜਾਣ ਲਿਆ ਕਿ ਸਾਮਰਾਜਵਾਦੀ ਅੰਗਰੇਜ਼ ਸਿੰਧ ਦੀ ਤਰ੍ਹਾਂ ਪੰਜਾਬ ਲਈ ਵੀ ਕਾਲ ਬਣ ਸਕਦੇ ਸਨ । ਉਂਝ ਵੀ ਪੰਜਾਬ ਉੱਤੇ ਅਧਿਕਾਰ ਕੀਤੇ ਬਿਨਾਂ ਸਿੰਧ ਉੱਤੇ ਅੰਗਰੇਜ਼ੀ ਨਿਯੰਤਰਨ ਬਣਿਆ ਰਹਿਣਾ ਅਸੰਭਵ ਸੀ । ਫਲਸਰੂਪ ਸਿੱਖ ਅੰਗਰੇਜ਼ਾਂ ਦੇ ਇਰਾਦਿਆਂ ਪ੍ਰਤੀ ਹੋਰ ਵੀ ਚੌਕੰਨੇ ਹੋ ਗਏ ।
5. ਐਲਨਬਰਾ ਦੀ ਪੰਜਾਬ ਉੱਪਰ ਕਬਜ਼ਾ ਕਰਨ ਦੀ ਯੋਜਨਾ – ਸਿੰਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਤੋਂ ਬਾਅਦ . ਲਾਰਡ ਐਲਨਬਰਾ ਨੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ । ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਸੈਨਿਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਇਸ ਦਾ ਪਤਾ ਚੱਲਣ ‘ਤੇ ਸਿੱਖਾਂ ਨੇ ਵੀ ਯੁੱਧ ਦੀ ਤਿਆਰੀ ਸ਼ੁਰੂ ਕਰ ਦਿੱਤੀ ।
6. ਲਾਰਡ ਹਾਰਡਿੰਗ ਦੀ ਗਵਰਨਰ ਜਨਰਲ ਦੇ ਅਹੁਦੇ ‘ਤੇ ਨਿਯੁਕਤੀ – ਜੁਲਾਈ, 1844 ਈ: ਵਿਚ ਲਾਰਡ ਏਲਨਬਰਾ ਦੀ ਥਾਂ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ-ਜਨਰਲ ਬਣਿਆ । ਉਹ ਇਕ ਕੁਸ਼ਲ ਸੈਨਾਨਾਇਕ ਸੀ । ਉਸ ਦੀ ਨਿਯੁਕਤੀ ਨਾਲ ਸਿੱਖਾਂ ਦੇ ਮਨ ਵਿਚ ਇਹ ਸ਼ੱਕ ਪੈਦਾ ਹੋ ਗਿਆ ਕਿ ਹਾਰਡਿੰਗ ਨੂੰ ਜਾਣ-ਬੁਝ ਕੇ ਭਾਰਤ ਭੇਜਿਆ ਗਿਆ ਹੈ, ਤਾਂ ਜੋ ਉਹ ਸਿੱਖਾਂ ਨਾਲ ਸਫਲਤਾਪੂਰਵਕ ਯੁੱਧ ਕਰ ਸਕੇ ।
7. ਅੰਗਰੇਜ਼ਾਂ ਦੀਆਂ ਸੈਨਿਕ, ਤਿਆਰੀਆਂ – ਪੰਜਾਬ ਵਿਚ ਫੈਲੀ ਅਰਾਜਕਤਾ ਨੇ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਹਮਲਾ ਕਰਨ ਲਈ ਮ੍ਰਿਤ ਕੀਤਾ ਅਤੇ ਉਨ੍ਹਾਂ ਨੇ ਸੈਨਿਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਲਦੀ ਹੀ ਅੰਗਰੇਜ਼ੀ ਫ਼ੌਜਾਂ ਸਤਲੁਜ ਦਰਿਆ ਦੇ ਆਲੇ-ਦੁਆਲੇ ਇਕੱਠੀਆਂ ਹੋਣ ਲੱਗੀਆਂ | ਉਨ੍ਹਾਂ ਨੇ ਸਿੰਧ ਵਿਚ ਆਪਣੀਆਂ ਫ਼ੌਜਾਂ ਦਾ ਵਾਧਾ ਕਰ ਲਿਆ ਅਤੇ ਸਤਲੁਜ ਨੂੰ ਪਾਰ ਕਰਨ ਲਈ ਕਿਸ਼ਤੀਆਂ ਦਾ ਪੁਲ ਬਣਾ ਲਿਆ । ਅੰਗਰੇਜ਼ਾਂ ਦੀਆਂ ਇਹ ਗਤੀਵਿਧੀਆਂ ਪਹਿਲੇ ਸਿੱਖ-ਯੁੱਧ ਦਾ ਕਾਰਨ ਬਣੀਆਂ ।
8. ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਮਾਮਲਾ – ਡੋਗਰਾ ਸਰਦਾਰ ਸੁਚੇਤ ਸਿੰਘ ਲਾਹੌਰ ਦਰਬਾਰ ਦੀ ਸੇਵਾ ਵਿਚ ਸੀ । ਆਪਣੀ ਮੌਤ ਤੋਂ ਪਹਿਲਾਂ ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਵਿਚ ਛੱਡ ਗਿਆ ਸੀ ਪਰ ਉਸ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਲਾਹੌਰ ਸਰਕਾਰ ਇਸ ਰਕਮ ਉੱਤੇ ਆਪਣਾ ਅਧਿਕਾਰ ਸਮਝਦੀ ਸੀ । ਦੂਜੇ ਪਾਸੇ ਅੰਗਰੇਜ਼ ਇਸ ਮਾਮਲੇ ਨੂੰ ਅਦਾਲਤੀ ਰੂਪ-ਰੇਖਾ ਦੇਣਾ ਚਾਹੁੰਦੇ ਸਨ । ਇਸ ਨਾਲ ਸਿੱਖਾਂ ਨੂੰ ਅੰਗਰੇਜ਼ਾਂ ਦੀ ਨੀਯਤ ਉੱਪਰ ਸ਼ੱਕ ਹੋਣ ਲੱਗਾ ।
9. ਮੌੜਾਂ ਪਿੰਡ ਦਾ ਮਾਮਲਾ – ਮੌੜਾਂ ਪਿੰਡ ਨਾਭਾ ਇਲਾਕੇ ਵਿਚ ਸੀ । ਉੱਥੋਂ ਦੇ ਪਹਿਲੇ ਹਾਕਮ ਨੇ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ ਜਿਸ ਨੂੰ ਮਹਾਰਾਜਾ ਨੇ ਸਰਦਾਰ ਧੰਨਾ ਸਿੰਘ ਨੂੰ ਜਾਗੀਰ ਵਿਚ ਦੇ ਦਿੱਤਾ | ਪਰ 1843 ਈ: ਦੇ ਸ਼ੁਰੂ ਵਿਚ ਨਾਭਾ ਦੇ ਨਵੇਂ ਹਾਕਮ ਅਤੇ ਧੰਨਾ ਸਿੰਘ ਵਿਚਕਾਰ ਮਤਭੇਦ ਹੋ ਜਾਣ ਦੇ ਕਾਰਨ ਨਾਭਾ ਦੇ ਹਾਕਮ ਨੇ ਇਹ ਪਿੰਡ ਵਾਪਸ ਲੈ ਲਿਆ । ਜਦੋਂ ਲਾਹੌਰ ਸਰਕਾਰ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਅੰਗਰੇਜ਼ਾਂ ਨੇ ਨਾਭਾ ਦੇ ਹਾਕਮ ਦਾ ਸਮਰਥਨ ਕੀਤਾ । ਇਸ ਘਟਨਾ ਨੇ ਵੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਤੇ ਸਿੱਖ ਸੈਨਾ ਦੇ ਆਪਸੀ ਸੰਬੰਧਾਂ ਨੂੰ ਹੋਰ ਵੀ ਵਿਗਾੜ ਦਿੱਤਾ ।
10. ਬਰਾਡਫੁੱਟ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – ਨਵੰਬਰ, 1844 ਈ: ਵਿਚ ਮੇਜਰ ਬਰਾਡਫੁੱਟ ਲੁਧਿਆਣਾ ਦਾ ਰੈਜ਼ੀਡੈਂਟ ਨਿਯੁਕਤ ਹੋਇਆ । ਉਹ ਸਿੱਖਾਂ ਪ੍ਰਤੀ ਘਣਾ ਦੀਆਂ ਭਾਵਨਾਵਾਂ ਰੱਖਦਾ ਸੀ । ਉਸ ਨੇ ਸਿੱਖਾਂ ਵਿਰੁੱਧ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ, ਜਿਸ ਨਾਲ ਸਿੱਖ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕ ਉੱਠੇ ।
11. ਲਾਲ ਸਿੰਘ ਅਤੇ ਤੇਜ ਸਿੰਘ ਦੁਆਰਾ ਸਿੱਖ ਸੈਨਾ ਨੂੰ ਉਕਸਾਉਣਾ-ਸਤੰਬਰ, 1845 ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ । ਉਸ ਵੇਲੇ ਹੀ ਤੇਜ ਸਿੰਘ ਨੂੰ ਪ੍ਰਧਾਨ ਸੈਨਾਪਤੀ ਥਾਪਿਆ ਗਿਆ । ਉਸ ਸਮੇਂ ਤਕ ਸਿੱਖ ਸੈਨਾ ਦੀ ਤਾਕਤ ਬਹੁਤ ਵਧ ਗਈ ਸੀ । ਲਾਲ ਸਿੰਘ ਅਤੇ ਤੇਜ ਸਿੰਘ ਸਿੱਖ ਸੈਨਾ ਤੋਂ ਬਹੁਤ ਡਰਦੇ ਸਨ । ਗੁਪਤ ਰੂਪ ਵਿੱਚ ਉਹ ਦੋਵੇਂ ਸਰਦਾਰ ਅੰਗਰੇਜ਼ ਸਰਕਾਰ ਨਾਲ ਮਿਲ ਗਏ ਸਨ । ਸਿੱਖ ਸੈਨਾ ਨੂੰ ਕਮਜ਼ੋਰ ਕਰਨ ਲਈ ਹੀ ਉਨ੍ਹਾਂ ਨੇ ਸਿੱਖ ਸੈਨਾ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕਾਇਆ । ਲੜਾਈ ਦਾ ਵਾਤਾਵਰਨ ਤਿਆਰ ਹੋ ਚੁੱਕਾ ਸੀ । 13 ਦਸੰਬਰ, 1845 ਈ: ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ।
ਪ੍ਰਸ਼ਨ 2.
ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਲਿਖੋ ।
ਉੱਤਰ-
11 ਦਸੰਬਰ, 1845 ਈ: ਨੂੰ ਸਿੱਖ ਸੈਨਿਕਾਂ ਨੇ ਸਤਲੁਜ ਦਰਿਆ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ । ਅੰਗਰੇਜ਼ ਤਾਂ ਪਹਿਲਾਂ ਹੀ ਇਸੇ ਤਾਕ ਵਿਚ ਸਨ ਕਿ ਸਿੱਖ ਸੈਨਿਕ ਕੋਈ ਅਜਿਹਾ ਕਦਮ ਪੁੱਟਣ ਜਿਸ ਤੋਂ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਯੁੱਧ ਛੇੜਨ ਦਾ ਮੌਕਾ ਮਿਲ ਸਕੇ । 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਇਸ ਤਰ੍ਹਾਂ ਹਨ-
1. ਮੁਦਕੀ ਦੀ ਲੜਾਈ – ਅੰਗਰੇਜ਼ੀ ਸੈਨਾ ਫਿਰੋਜ਼ਸ਼ਾਹ ਤੋਂ 15-16 ਕਿਲੋਮੀਟਰ ਦੂਰ ਮੁਦਕੀ ਨਾਂ ਦੇ ਸਥਾਨ ‘ਤੇ ਜਾ ਪੁੱਜੀ। ਜਿਸਦੀ ਅਗਵਾਈ ਸਰ ਹਿਊਗ ਗੱਫ ਕਰ ਰਿਹਾ ਸੀ ।18 ਦਸੰਬਰ, 1845 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਇਸ ਸਥਾਨ ‘ਤੇ ਪਹਿਲੀ ਲੜਾਈ ਹੋਈ । ਇਹ ਇਕ ਖੂਨੀ ਲੜਾਈ ਸੀ । ਯੋਜਨਾ ਅਨੁਸਾਰ ਲਾਲ ਸਿੰਘ ਪਹਿਲਾਂ ਨਿਸਚਿਤ ਕੀਤੀ ਯੋਜਨਾ ਅਨੁਸਾਰ, ਮੈਦਾਨ ਵਿੱਚੋਂ ਭੱਜ ਨਿਕਲਿਆ | ਦੂਜੇ ਪਾਸੇ ਤੇਜ ਸਿੰਘ ਨੇ ਵੀ ਅਜਿਹਾ ਹੀ ਕੀਤਾ । ਸਿੱਟੇ ਵਜੋਂ ਸਿੱਖ ਹਾਰ ਗਏ ।
2. ਬੱਦੋਵਾਲ ਦੀ ਲੜਾਈ, 21 ਜਨਵਰੀ, 1846 ਈ: – ਫਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਅੰਗਰੇਜ਼ ਸੈਨਾਪਤੀ ਲਾਰਡ ਗਫ਼ ਨੇ ਅੰਬਾਲਾ ਅਤੇ ਦਿੱਲੀ ਤੋਂ ਸਹਾਇਕ ਫ਼ੌਜਾਂ ਬੁਲਾਈਆਂ । ਜਦੋਂ ਖ਼ਾਲਸਾ ਫ਼ੌਜ ਨੂੰ ਅੰਗਰੇਜ਼ੀ ਫ਼ੌਜ ਦੇ ਆਉਣ ਦੀ ਖ਼ਬਰ ਮਿਲੀ ਤਾਂ ਰਣਜੋਧ ਸਿੰਘ ਅਤੇ ਅਜੀਤ ਸਿੰਘ ਲਾਡਵਾ ਨਾਲ ਮਿਲ ਕੇ ਆਪਣੇ 8000 ਸੈਨਿਕਾਂ ਅਤੇ 70 ਤੋਪਾਂ ਸਹਿਤ ਸੇਤਲੁਜ ਦਰਿਆ ਨੂੰ ਪਾਰ ਕੀਤਾ । ਉਨ੍ਹਾਂ ਨੇ ਲੁਧਿਆਣਾ ਤੋਂ 7 ਮੀਲ ਦੀ ਦੂਰੀ ਤੇ ਬਰਾਂ ਹਾਰਾ ਦੇ ਸਥਾਨ ‘ਤੇ ਡੇਰਾ ਜਮਾ ਲਿਆ । ਉਨ੍ਹਾਂ ਨੇ ਲੁਧਿਆਣਾ ਦੀ ਅੰਗਰੇਜ਼ ਚੌਕੀ ਨੂੰ ਅੱਗ ਲਗਾ ਦਿੱਤੀ । ਪਤਾ ਲੱਗਣ ‘ਤੇ ਸਰ ਹੈਨਰੀ ਸਮਿਥ (Sir Henry Smith) ਨੇ ਆਪਣੀ ਸੈਨਾ ਸਹਿਤ ਲੁਧਿਆਣਾ ਦੀ ਰੱਖਿਆ ਲਈ ਕੁਚ ਕੀਤਾ । ਬੱਦੋਵਾਲ ਪਿੰਡ ਵਿਖੇ ਦੋਨਾਂ ਧਿਰਾਂ ਦੀ ਲੜਾਈ ਹੋਈ । ਰਣਜੋਧ ਸਿੰਘ ਅਤੇ ਅਜੀਤ ਸਿੰਘ ਨੇ ਅੰਗਰੇਜ਼ੀ ਸੈਨਾ ਦੇ ਪਿਛਲੇ ਹਿੱਸੇ ‘ਤੇ ਧਾਵਾ ਬੋਲ ਕੇ ਉਨ੍ਹਾਂ ਦੇ ਹਥਿਆਰ ਅਤੇ ਭੋਜਨਪਦਾਰਥ ਲੁੱਟ ਲਏ । ਸਿੱਟੇ ਵਜੋਂ ਇੱਥੇ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।
3. ਅਲੀਵਾਲ ਦੀ ਲੜਾਈ, 28 ਜਨਵਰੀ, 1846 ਈ: – ਬੱਦੋਵਾਲ ਦੀ ਜਿੱਤ ਤੋਂ ਬਾਅਦ ਰਣਜੋਧ ਸਿੰਘ ਨੇ ਉਸ ਪਿੰਡ ਨੂੰ ਖ਼ਾਲੀ ਕਰ ਦਿੱਤਾ ਅਤੇ ਸਤਲੁਜ ਦੇ ਰਸਤੇ ਤੋਂ ਜਗਰਾਉਂ, ਘੁੰਗਰਾਣਾ ਆਦਿ ਉੱਤੇ ਹਮਲਾ ਕਰਕੇ ਅੰਗਰੇਜ਼ਾਂ ਦੇ ਰਸਤੇ ਨੂੰ ਰੋਕਣਾ ਚਾਹਿਆ । ਇਸੇ ਦੌਰਾਨ ਹੈਨਰੀ ਸਮਿੱਥ ਨੇ ਬੱਦੋਵਾਲ ਉੱਤੇ ਕਬਜ਼ਾ ਕਰ ਲਿਆ । ਇੰਨੇ ਵਿਚ ਫ਼ਿਰੋਜ਼ਪੁਰ ਤੋਂ ਇਕ ਸਹਾਇਕ ਸੈਨਾ ਸਮਿੱਥ ਦੀ ਸਹਾਇਤਾ ਲਈ ਆ ਪਹੁੰਚੀ । ਸਹਾਇਤਾ ਪਾ ਕੇ ਉਸ ਨੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ । 28 ਜਨਵਰੀ, 1846 ਈ: ਦੇ ਦਿਨ ਅਲੀਵਾਲ ਦੇ ਸਥਾਨ ‘ਤੇ ਇਕ ਭਿਆਨਕ ਲੜਾਈ ਹੋਈ ਜਿਸ ਵਿਚ ਸਿੱਖਾਂ ਦੀ ਹਾਰ ਹੋਈ ।
4. ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: – ਅਲੀਵਾਲ ਦੀ ਹਾਰ ਦੇ ਕਾਰਨ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੋ ਗਈ । ਆਤਮ-ਰੱਖਿਆ ਲਈ ਉਨ੍ਹਾਂ ਨੇ ਸਭਰਾਉਂ ਦੇ ਸਥਾਨ ‘ਤੇ ਖਾਈਆਂ ਪੁੱਟ ਲਈਆਂ । ਪਰ ਇੱਥੇ ਉਨ੍ਹਾਂ ਨੂੰ ਫਰਵਰੀ, 1846 ਈ: ਦੇ ਦਿਨ ਇਕ ਵਾਰੀ ਫਿਰ ਦੁਸ਼ਮਣ ਦਾ ਸਾਹਮਣਾ ਕਰਨਾ ਪਿਆ । ਇਹ ਖੂਨੀ ਲੜਾਈ ਸੀ । ਕਹਿੰਦੇ ਹਨ ਕਿ ਇੱਥੇ ਵੀਰ ਗਤੀ ਨੂੰ ਪ੍ਰਾਪਤ ਹੋਣ ਵਾਲੇ ਸਿੱਖ ਸੈਨਿਕਾਂ ਦੇ ਖੂਨ ਨਾਲ ਸਤਲੁਜ ਦਾ ਪਾਣੀ ਵੀ ਲਾਲ ਹੋ ਗਿਆ ।
ਅੰਗਰੇਜ਼ਾਂ ਦੀ ਸਭਰਾਉਂ ਜਿੱਤ ਫ਼ੈਸਲਾਕੁੰਨ ਸਿੱਧ ਹੋਈ । ਡਾ: ਸਮਿੱਥ ਅਨੁਸਾਰ ਇਸ ਜਿੱਤ ਨਾਲ ਅੰਗਰੇਜ਼ ਸਭ ਤੋਂ ਬਹਾਦਰ ਅਤੇ ਸਭ ਤੋਂ ਮਜ਼ਬੂਤ ਦੁਸ਼ਮਣਾਂ ਦੇ ਵਿਰੁੱਧ ਯੁੱਧ ਦੀ ਗੰਭੀਰ ਸਥਿਤੀ ਵਿਚ ਬੇਇੱਜ਼ਤ ਹੋਣ ਤੋਂ ਬਚ ਗਏ । ਇਸ ਯੁੱਧ ਤੋਂ ਬਾਅਦ ਅੰਗਰੇਜ਼ੀ ਫ਼ੌਜਾਂ ਨੇ ਸਤਲੁਜ ਨੂੰ ਪਾਰ (13 ਫਰਵਰੀ, 1846 ਈ:) ਕੀਤਾ ਅਤੇ 20 ਫਰਵਰੀ, 1846 ਈ: ਨੂੰ ਲਾਹੌਰ ਉੱਤੇ ਅਧਿਕਾਰ ਕਰ ਲਿਆ ।
ਪ੍ਰਸ਼ਨ 3.
ਲਾਹੌਰ ਦੀ ਪਹਿਲੀ ਸੰਧੀ ਦੀਆਂ ਧਾਰਾਵਾਂ ਲਿਖੋ ।
ਉੱਤਰ-
9 ਮਾਰਚ, 1846 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਸੰਧੀ ਹੋਈ ਜੋ ਲਾਹੌਰ ਦੀ ਪਹਿਲੀ ਸੰਧੀ ਅਖਵਾਉਂਦੀ ਹੈ । ਇਸ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਹਨ-
- ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਸਾਰੇ ਮੈਦਾਨੀ ਅਤੇ ਪਹਾੜੀ ਇਲਾਕੇ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਮੰਨ ਲਿਆ ਗਿਆ ।
- ਯੁੱਧ ਦੀ ਹਾਨੀਪੂਰਤੀ ਦੇ ਰੂਪ ਵਿਚ ਲਾਹੌਰ ਦਰਬਾਰ ਨੇ ਅੰਗਰੇਜ਼ੀ ਸਰਕਾਰ ਨੂੰ ਡੇਢ ਕਰੋੜ ਰੁਪਏ ਦੀ ਧਨ ਰਾਸ਼ੀ ਦੇਣੀ ਮੰਨੀ ।
- ਦਰਬਾਰ ਦੀ ਸੈਨਿਕ ਗਿਣਤੀ 20,000 ਪੈਦਲ ਅਤੇ 12,000 ਘੋੜਸਵਾਰ ਸੈਨਿਕ ਨਿਸਚਿਤ ਕਰ ਦਿੱਤੀ ਗਈ ।
- ਲਾਹੌਰ ਦਰਬਾਰ ਨੇ ਯੁੱਧ ਵਿਚ ਅੰਗਰੇਜ਼ਾਂ ਤੋਂ ਖੋਹੀਆਂ ਗਈਆਂ ਸਾਰੀਆਂ ਤੋਪਾਂ ਅਤੇ 36 ਹੋਰ ਤੋਪਾਂ ਅੰਗਰੇਜ਼ੀ ਸਰਕਾਰ ਨੂੰ ਦੇਣ ਦਾ ਵਚਨ ਦਿੱਤਾ ।
- ਸਿੱਖਾਂ ਨੇ ਬਿਆਸ ਅਤੇ ਸਤਲੁਜ ਵਿਚਕਾਰ ਦੁਆਲੇ ਦੇ ਸਾਰੇ ਇਲਾਕੇ ਅਤੇ ਕਿਲਿਆਂ ਉੱਤੇ ਆਪਣਾ ਅਧਿਕਾਰ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਹਵਾਲੇ ਕਰ ਦਿੱਤਾ ।
- ਲਾਹੌਰ ਰਾਜ ਨੇ ਇਹ ਵਚਨ ਦਿੱਤਾ ਕਿ ਉਹ ਆਪਣੀ ਫ਼ੌਜ ਵਿਚ ਕਿਸੇ ਵੀ ਅੰਗਰੇਜ਼ ਜਾਂ ਅਮਰੀਕਨ ਨੂੰ ਭਰਤੀ ਨਹੀਂ ਕਰੇਗਾ ।
- ਲਾਹੌਰ ਰਾਜ ਅੰਗਰੇਜ਼ ਸਰਕਾਰ ਦੀ ਪਹਿਲਾਂ ਮਨਜ਼ੂਰੀ ਲਏ ਬਿਨਾਂ ਆਪਣੀਆਂ ਹੱਦਾਂ ਵਿੱਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਕਰੇਗਾ ।
- ਕੁਝ ਖ਼ਾਸ ਕਿਸਮ ਦੀਆਂ ਹਾਲਤਾਂ ਵਿਚ ਅੰਗਰੇਜ਼ ਫ਼ੌਜਾਂ ਲਾਹੌਰ ਰਾਜ ਦੇ ਇਲਾਕਿਆਂ ਵਿਚੋਂ ਦੀ ਬਿਨਾਂ ਰੋਕਥਾਮ ਤੋਂ ਲੰਘ ਸਕਣਗੀਆਂ ।
- ਸਤਲੁਜ ਦੇ ਦੱਖਣ-ਪੂਰਬ ਵਿਚ ਸਥਿਤ ਲਾਹੌਰ ਰਾਜ ਦੇ ਇਲਾਕੇ ਬ੍ਰਿਟਿਸ਼ ਸਾਮਰਾਜ ਵਿਚ ਮਿਲਾ ਲਏ ਗਏ ।
- ਨਾਬਾਲਗ਼ ਦਲੀਪ ਸਿੰਘ ਮਹਾਰਾਜਾ ਸਵੀਕਾਰ ਕਰ ਲਿਆ ਗਿਆ । ਰਾਣੀ ਜਿੰਦਾਂ ਉਸ ਦੀ ਸਰਪ੍ਰਸਤ ਬਣੀ ਅਤੇ ਲਾਲ ਸਿੰਘ ਪ੍ਰਧਾਨ ਮੰਤਰੀ ਬਣਿਆ ।
- ਅੰਗਰੇਜ਼ਾਂ ਨੇ ਇਹ ਭਰੋਸਾ ਦਿਵਾਇਆ ਕਿ ਉਹ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ ਦੇਣਗੇ |ਪਰ ਨਾਬਾਲਗ ਮਹਾਰਾਜਾ ਦੀ ਰੱਖਿਆ ਲਈ ਲਾਹੌਰ ਵਿਚ ਇਕ ਵੱਡੀ ਬਿਟਿਸ਼ ਫ਼ੌਜ ਦੀ ਵਿਵਸਥਾ ਕੀਤੀ ਗਈ । ਸਰ ਲਾਰੈਂਸ ਹੈਨਰੀ ਨੂੰ ਲਾਹੌਰ ਵਿੱਚ ਬ੍ਰਿਟਿਸ਼ ਰੈਜੀਡੈਂਟ ਨਿਯੁਕਤ ਕੀਤਾ ਗਿਆ ।
ਪ੍ਰਸ਼ਨ 4.
ਭੈਰੋਵਾਲ ਦੀ ਸੰਧੀ ਬਾਰੇ ਜਾਣਕਾਰੀ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਲਾਹੌਰ ਵਿਚ ਇਕ ਸਾਲ ਲਈ ਅੰਗਰੇਜ਼ੀ ਫ਼ੌਜ ਰੱਖੀ ਗਈ ਸੀ । ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਫ਼ੌਜ ਨੂੰ ਉੱਥੇ ਪੱਕੇ ਤੌਰ ‘ਤੇ ਰੱਖਣ ਦੀ ਯੋਜਨਾ ਬਣਾਈ । ਇਸ ਉਦੇਸ਼ ਲਈ ਉੱਨ੍ਹਾਂ ਨੇ ਲਾਹੌਰ ਸਰਕਾਰ ਨਾਲ ਭੈਰੋਵਾਲ ਦੀ ਸੰਧੀ ਕੀਤੀ । ਇਸ ਸੰਧੀ ਪੱਤਰ ਉੱਤੇ ਮਹਾਰਾਣੀ ਜਿੰਦਾਂ ਅਤੇ ਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਹਸਤਾਖਰ ਕੀਤੇ ।
ਧਾਰਾਵਾਂ-ਭੈਰੋਵਾਲ ਦੀ ਸੰਧੀ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-
- ਲਾਹੌਰ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ, ਜਿਸ ਦੀ ਨਿਯੁਕਤੀ ਗਵਰਨਰ ਜਨਰਲ ਕਰੇਗਾ ।
- ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ ਤਕ ਰਾਜ ਦਾ ਰਾਜ-ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਵੇਗਾ ।
- ਕੌਂਸਲ ਆਫ਼ ਰੀਜੈਂਸੀ ਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
- ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਏ ਸਾਲਾਨਾ ਪੈਨਸ਼ਨ ਦੇ ਦਿੱਤੀ ਗਈ ।
- ਮਹਾਰਾਜਾ ਦੀ ਸੁਰੱਖਿਆ ਅਤੇ ਲਾਹੌਰ ਰਾਜ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਬ੍ਰਿਟਿਸ਼ ਫ਼ੌਜ ਲਾਹੌਰ ਵਿਚ ਰਹੇਗੀ ।
- ਜੇਕਰ ਗਵਰਨਰ-ਜਨਰਲ ਜ਼ਰੂਰੀ ਸਮਝੇ ਤਾਂ ਉਸ ਦੇ ਆਦੇਸ਼ ‘ਤੇ ਬ੍ਰਿਟਿਸ਼ ਸਰਕਾਰ ਲਾਹੌਰ ਰਾਜ ਦੇ ਕਿਸੇ ਕਿਲ੍ਹੇ ਜਾਂ ਫ਼ੌਜੀ ਛਾਉਣੀ ਨੂੰ ਆਪਣੇ ਅਧਿਕਾਰ ਵਿੱਚ ਲੈ ਸਕਦੀ ਹੈ ।
- ਬਿਟਿਸ਼ ਫ਼ੌਜ ਦੇ ਖ਼ਰਚੇ ਲਈ ਲਾਹੌਰ ਰਾਜ ਬਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਸਾਲਾਨਾ ਦੇਵੇਗੀ ।
- ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ 4 ਸਤੰਬਰ, 1854 ਈ: ਤੱਕ ਲਾਗੂ ਰਹਿਣਗੀਆਂ ।
ਮਹੱਤਵ – ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਵ ਰੱਖਦੀ ਹੈ-
- ਇਸ ਸੰਧੀ ਰਾਹੀਂ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਤਾਕਤਾਂ ਪ੍ਰਾਪਤ ਹੋ ਗਈਆਂ । ਹੈਨਰੀ ਲਾਰੈਂਸ (Henery Lawrence) ਨੂੰ ਪੰਜਾਬ ਵਿਚ ਪਹਿਲਾ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
- ਇਸ ਸੰਧੀ ਦੁਆਰਾ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੁਪੁਰਾ ਭੇਜ ਦਿੱਤਾ ਗਿਆ । ਪਰ ਬਾਅਦ ਵਿੱਚ ਉਸ ਨੂੰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ ।
ਪ੍ਰਸ਼ਨ 5.
ਦੂਜੇ ਐਂਗਲੋ-ਸਿੱਖ ਯੁੱਧ ਦੇ ਕਾਰਨ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ 1848-49 ਈ: ਵਿੱਚ ਹੋਇਆ ਅਤੇ ਇਸ ਵਿੱਚ ਵੀ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ । ਇਸ ਯੁੱਧ ਦੇ ਹੇਠ ਲਿਖੇ ਕਾਰਨ ਸਨ-
1. ਸਿੱਖਾਂ ਦੇ ਵਿਚਾਰ-ਪਹਿਲੇ ਐਂਗਲੋ – ਸਿੱਖ ਯੁੱਧ ਵਿਚ ਸਿੱਖਾਂ ਦੀ ਹਾਰ ਜ਼ਰੂਰ ਹੋਈ ਸੀ ਪਰ ਉਨ੍ਹਾਂ ਦੇ ਹੌਸਲੇ ਵਿਚ ਕੋਈ ਕਮੀ ਨਹੀਂ ਆਈ ਸੀ ਉਨ੍ਹਾਂ ਨੂੰ ਹੁਣ ਵੀ ਆਪਣੀ ਸ਼ਕਤੀ ‘ਤੇ ਪੂਰਾ ਭਰੋਸਾ ਸੀ ।ਉਨ੍ਹਾਂ ਦਾ ਵਿਚਾਰ ਸੀ ਕਿ ਉਹ ਪਹਿਲੀ ਲੜਾਈ ਵਿਚ ਆਪਣੇ ਸਾਥੀਆਂ ਦੀ ਗੱਦਾਰੀ ਦੇ ਕਾਰਨ ਹਾਰ ਗਏ ਸਨ । ਇਸ ਲਈ ਹੁਣ ਉਹ ਆਪਣੀ ਸ਼ਕਤੀ ਨੂੰ ਇਕ ਵਾਰ ਫੇਰ ਅਜ਼ਮਾਉਣਾ ਚਾਹੁੰਦੇ ਸਨ ।
2. ਅੰਗਰੇਜ਼ਾਂ ਦੀ ਸੁਧਾਰ ਨੀਤੀ – ਅੰਗਰੇਜ਼ਾਂ ਦੇ ਅਸਰ ਵਿਚ ਆ ਕੇ ਲਾਹੌਰ ਨੇ ਅਨੇਕ ਪ੍ਰਗਤੀਸ਼ੀਲ ਕਦਮ (Progressive Measures) ਚੁੱਕੇ । ਇਕ ਘੋਸ਼ਣਾ ਦੁਆਰਾ ਸਤੀ ਪ੍ਰਥਾ, ਕੰਨਿਆ ਕਤਲ, ਦਾਸਤਾ, ਬੇਗਾਰ ਅਤੇ ਜ਼ਿਮੀਂਦਾਰੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ ਗਈ । ਪੰਜਾਬ ਦੇ ਲੋਕ ਆਪਣੇ ਧਾਰਮਿਕ ਅਤੇ ਸਮਾਜਿਕ ਜੀਵਨ ਵਿਚ ਇਸ ਪ੍ਰਕਾਰ ਦੀ ਦਖ਼ਲ-ਅੰਦਾਜ਼ੀ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਏ ।
3. ਰਾਣੀ ਜਿੰਦਾਂ ਅਤੇ ਲਾਲ ਸਿੰਘ ਨਾਲ ਕਠੋਰ ਵਿਹਾਰ – ਰਾਣੀ ਜਿੰਦਾਂ ਦਾ ਸਿੱਖ ਬੜਾ ਆਦਰ ਕਰਦੇ ਸਨ ਪਰ ਅੰਗਰੇਜ਼ਾਂ ਨੇ ਉਨ੍ਹਾਂ ਦੇ ਨਾਲ ਸਖ਼ਤ ਵਿਹਾਰ ਕੀਤਾ । ਉਨ੍ਹਾਂ ਨੇ ਰਾਣੀ ਨੂੰ ਸਾਜ਼ਿਸ਼ਕਾਰਨੀ ਐਲਾਨਿਆ ਅਤੇ ਉਸ ਨੂੰ ਨਿਰਵਾਸਿਤ ਕਰਕੇ ਸ਼ੇਖੂਪੁਰਾ ਭੇਜ ਦਿੱਤਾ । ਅੰਗਰੇਜ਼ਾਂ ਦੇ ਇਸ ਕੰਮ ਨਾਲ ਸਿੱਖਾਂ ਦੇ ਕ੍ਰੋਧ ਦੀ ਸੀਮਾ ਨਾ ਰਹੀ । ਇਸ ਤੋਂ ਇਲਾਵਾ ਉਹ ਆਪਣੇ ਪ੍ਰਧਾਨ ਮੰਤਰੀ ਲਾਲ ਸਿੰਘ ਦੇ ਵਿਰੁੱਧ ਅੰਗਰੇਜ਼ਾਂ ਦੇ ਕਠੋਰ ਵਿਹਾਰ ਨੂੰ ਵੀ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਆਪਣੀ ਰਾਣੀ ਅਤੇ ਆਪਣੇ ਪ੍ਰਧਾਨ ਮੰਤਰੀ ਦੇ ਅਪਮਾਨ ਦਾ ਬਦਲਾ ਲੈਣ ਦਾ ਨਿਸ਼ਚਾ ਕੀਤਾ ।
4. ਅੰਗਰੇਜ਼ ਅਫ਼ਸਰਾਂ ਦੀ ਉੱਚ ਪਦਾਂ ‘ਤੇ ਨਿਯੁਕਤੀ – ਭੈਰੋਵਾਲ ਦੀ ਸੰਧੀ ਨਾਲ ਪੰਜਾਬ ਵਿਚ ਅੰਗਰੇਜ਼ਾਂ ਦੀ ਸ਼ਕਤੀ ਕਾਫ਼ੀ ਵਧ ਗਈ ਸੀ । ਹੁਣ ਉਨ੍ਹਾਂ ਨੇ ਪੰਜਾਬ ਨੂੰ ਆਪਣੇ ਕੰਟਰੋਲ ਵਿਚ ਲਿਆਉਣ ਲਈ ਹੌਲੀ-ਹੌਲੀ ਸਾਰੇ ਪਦਾਂ ‘ਤੇ ਅੰਗਰੇਜ਼ੀ ਅਫ਼ਸਰਾਂ ਨੂੰ ਨਿਯੁਕਤ ਕਰਨਾ ਆਰੰਭ ਕਰ ਦਿੱਤਾ । ਸਿੱਖਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਉਹ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਦੇ ਵਿਸ਼ੇ ਵਿਚ ਗੰਭੀਰਤਾ ਨਾਲ ਸੋਚਣ ਲੱਗੇ ।
5. ਸਿੱਖ ਸੈਨਿਕਾਂ ਦੀ ਸੰਖਿਆ ਵਿਚ ਕਮੀ – ਲਾਹੌਰ ਦੀ ਸੰਧੀ ਦੇ ਅਨੁਸਾਰ ਸਿੱਖ ਸੈਨਿਕਾਂ ਦੀ ਸੰਖਿਆ ਘਟਾ ਕੇ 20 ਹਜ਼ਾਰ ਪੈਦਲ ਅਤੇ 12 ਹਜ਼ਾਰ ਘੋੜਸਵਾਰ ਨਿਸਚਿਤ ਕਰ ਦਿੱਤੀ ਗਈ ਸੀ । ਇਸ ਦਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਸੈਨਿਕ ਬੇਕਾਰ ਹੋ ਗਏ । ਬੇਕਾਰ ਸੈਨਿਕ ਅੰਗਰੇਜ਼ਾਂ ਦੇ ਸਖ਼ਤ ਵਿਰੋਧੀ ਹੋ ਗਏ ।ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਉਨ੍ਹਾਂ ਸੈਨਿਕਾਂ ਦੇ ਵੀ ਵੇਤਨ ਘਟਾ ਦਿੱਤੇ ਜੋ ਕਿ ਸੈਨਾ ਵਿਚ ਕੰਮ ਕਰ ਰਹੇ ਸਨ । ਨਤੀਜੇ ਵਜੋਂ ਉਨ੍ਹਾਂ ਵਿਚ ਵੀ ਅਸੰਤੋਖ ਫੈਲ ਗਿਆ ਅਤੇ ਉਹ ਵੀ ਅੰਗਰੇਜ਼ਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਤਿਆਰ ਕਰਨ ਲੱਗੇ ।
6. ਮੁਲਤਾਨ ਦੇ ਦੀਵਾਨ ਮੂਲ ਰਾਜ ਦਾ ਵਿਦਰੋਹ – ਮੂਲ ਰਾਜ ਮੁਲਤਾਨ ਦਾ ਗਵਰਨਰ ਸੀ । ਅੰਗਰੇਜ਼ਾਂ ਨੇ ਉਸ ਦੀ ਥਾਂ ਕਾਹਨ ਸਿੰਘ ਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕਰ ਦਿੱਤਾ । ਇਸ ਤੇ ਮੁਲਤਾਨ ਦੇ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਅਤੇ ਮੁਲ ਰਾਜ ਨੇ ਫੇਰ ਮੁਲਤਾਨ ‘ਤੇ ਅਧਿਕਾਰ ਕਰ ਲਿਆ । ਹੌਲੀ-ਹੌਲੀ ਇਸ ਵਿਦਰੋਹ ਦੀ ਭਾਵਨਾ ਸਾਰੇ ਪੰਜਾਬ ਵਿੱਚ ਫੈਲ ਗਈ ।
7. ਭਾਈ ਮਹਾਰਾਜ ਸਿੰਘ ਦੀ ਬਗ਼ਾਵਤ – ਭਾਈ ਮਹਾਰਾਜ ਸਿੰਘ ਨੌਰੰਗਾਬਾਦ ਦੇ ਸੰਤ ਭਾਈ ਵੀਰ ਸਿੰਘ ਦਾ ਚੇਲਾ ਸੀ ਉਸ ਨੇ ‘ਸਰਕਾਰ-ਏ-ਖਾਲਸਾ’ ਨੂੰ ਬਚਾਉਣ ਲਈ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕੀਤੀ । ਇਸ ਲਈ ਬਿਟਿਸ਼ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਉਸ ਨੂੰ ਕੈਦ ਕਰਨ ਦਾ ਹੁਕਮ ਦਿੱਤਾ | ਪਰ ਉਹ ਫੜਿਆ ਨਾ ਗਿਆ । ਉਸ ਨੇ ਆਪਣੇ ਅਧੀਨ ਸੈਂਕੜੇ ਲੋਕ ਇਕੱਠੇ ਕਰ ਲਏ ।ਮੂਲ ਰਾਜ ਦੀ ਪ੍ਰਾਰਥਨਾ ‘ਤੇ ਉਹ ਉਸ ਦੀ ਸਹਾਇਤਾ ਕਰਨ ਲਈ 400 ਘੋੜਸਵਾਰਾਂ ਨਾਲ ਮੁਲਤਾਨ ਵਲ ਚਲਿਆ ਗਿਆ । ਪਰ ਅਣਬਣ ਹੋਣ ਦੇ ਕਾਰਨ ਉਹ ਮੂਲ ਰਾਜ ਨੂੰ ਛੱਡ ਕੇ ਚਤਰ ਸਿੰਘ ਅਟਾਰੀਵਾਲਾ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਨਾਲ ਜਾ ਰਲਿਆ ।
8. ਹਜ਼ਾਰਾ ਦੇ ਚਤਰ ਸਿੰਘ ਦੀ ਬਗਾਵਤ – ਚਤਰ ਸਿੰਘ ਅਟਾਰੀਵਾਲਾ ਨੂੰ ਹਜ਼ਾਰਾ ਦਾ ਗਵਰਨਰ ਥਾਪਿਆ ਗਿਆ ਸੀ । ਉਸ ਦੀ ਸਹਾਇਤਾ ਲਈ ਕੈਪਟਨ ਐਬਟ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਐਬਟ ਦੇ ਹੰਕਾਰ ਭਰੇ ਵਤੀਰੇ ਕਾਰਨ ਚਤਰ ਸਿੰਘ ਨੂੰ ਅੰਗਰੇਜ਼ਾਂ ਪ੍ਰਤੀ ਸ਼ੱਕ ਪੈਦਾ ਹੋ ਗਿਆ ਸੀ । ਛੇਤੀ ਹੀ ਕੈਪਟਨ ਐਬਟ ਨੇ ਚਤਰ ਸਿੰਘ ‘ਤੇ ਇਲਜ਼ਾਮ ਲਾਇਆ ਕਿ ਉਸ ਦੀਆਂ ਸੈਨਾਵਾਂ ਮੁਲਤਾਨ ਦੇ ਵਿਦਰੋਹੀਆਂ ਨਾਲ ਮਿਲ ਗਈਆਂ ਹਨ 1 ਚਤਰ ਸਿੰਘ ਇਸ ਨੂੰ ਸਹਿਣ ਨਾ ਕਰ ਸਕਿਆ ਅਤੇ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ ।
9. ਸ਼ੇਰ ਸਿੰਘ ਦੀ ਬਗਾਵਤ – ਜਦੋਂ ਸ਼ੇਰ ਸਿੰਘ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਚਤਰ ਸਿੰਘ ਨੂੰ ਨਾਜ਼ਿਮ ਗਵਰਨਰ ਦੀ ਪਦਵੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਉਸ ਨੇ ਵੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ, ਤਾਂ ਉਹ ਆਪਣੇ ਸੈਨਿਕਾਂ ਸਮੇਤ ਮੁਲ ਰਾਜ ਨਾਲ ਜਾ ਮਿਲਿਆ | ਸ਼ੇਰ ਸਿੰਘ ਨੇ ਇਕ ਐਲਾਨ ਰਾਹੀਂ ‘ਸਭ ਚੰਗੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅੱਤਿਆਚਾਰੀ ਅਤੇ ਧੋਖੇਬਾਜ਼ ਫਰੰਗੀਆਂ ਨੂੰ ਪੰਜਾਬ ਤੋਂ ਬਾਹਰ ਕੱਢ ਦੇਣ । ਇਸ ਲਈ ਬਹੁਤ ਸਾਰੇ ਪੁਰਾਣੇ ਸੈਨਿਕ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਵਿੱਚ ਸ਼ਾਮਲ ਹੋ ਗਏ ।
10. ਪੰਜਾਬ ਉੱਤੇ ਅੰਗਰੇਜ਼ਾਂ ਦਾ ਹਮਲਾ – ਮੂਲ ਰਾਜ, ਚਤਰ ਸਿੰਘ ਅਤੇ ਸ਼ੇਰ ਸਿੰਘ ਦੁਆਰਾ ਬਗਾਵਤਾਂ ਕਰ ਦੇਣ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਆਪਣੀ ਪੂਰਵ ਯੋਜਨਾ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ । ਡਲਹੌਜ਼ੀ ਦੇ ਹੁਕਮ ਉੱਤੇ ਹਿਊਗ ਗਫ਼ (Huge Gough) ਦੀ ਅਗਵਾਈ ਵਿੱਚ ਅੰਗਰੇਜ਼ ਸੈਨਾ ਨੇ 9 ਨਵੰਬਰ, 1848 ਈ: ਨੂੰ ਸਤਲੁਜ ਦਰਿਆ ਨੂੰ ਪਾਰ ਕੀਤਾ । 13 ਨਵੰਬਰ ਨੂੰ ਇਹ ਸੈਨਾ ਲਾਹੌਰ ਪਹੁੰਚ ਗਈ । ਇਹ ਸੈਨਾ ਬਾਗੀਆਂ ਨੂੰ ਦਬਾਉਣ ਵਿਚ ਜੁੱਟ ਗਈ । ਇਹ ਦੂਜੇ ਐਂਗਲੋ-ਸਿੱਖ ਯੁੱਧ ਦਾ ਆਰੰਭ ਸੀ ।
ਪ੍ਰਸ਼ਨ 6.
ਦੂਜੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਬਿਆਨ ਕਰੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਨਵੰਬਰ, 1848 ਈ: ਵਿੱਚ ਅੰਗਰੇਜ਼ੀ ਫ਼ੌਜ ਦੁਆਰਾ ਸਤਲੁਜ ਦਰਿਆ ਨੂੰ ਪਾਰ ਕਰਨ ਤੋਂ ਬਾਅਦ ਸ਼ੁਰੂ ਹੋਇਆ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਰਾਮ ਨਗਰ ਦੀ ਲੜਾਈ – ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਪਹਿਲੀ ਲੜਾਈ ਰਾਮ ਨਗਰ ਦੀ ਸੀ । ਅੰਗਰੇਜ਼ ਸੈਨਾਪਤੀ ਜਨਰਲ ਗਫ਼ (General Gough) ਨੇ 6 ਨਵੰਬਰ, 1848 ਈ: ਦੇ ਦਿਨ ਰਾਵੀ ਨਦੀ ਪਾਰ ਕੀਤੀ ਅਤੇ 22 ਨਵੰਬਰ ਨੂੰ ਰਾਮਨਗਰ ਪਹੁੰਚਿਆ । ਉੱਥੇ ਪਹਿਲਾਂ ਤੋਂ ਹੀ ਸ਼ੇਰ ਸਿੰਘ ਅਟਾਰੀਵਾਲਾ ਦੀ ਲੀਡਰੀ ਵਿਚ ਸਿੱਖ ਸੈਨਾ ਇਕੱਠੀ ਸੀ । ਰਾਮ ਨਗਰ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿੱਚ ਯੁੱਧ ਹੋਇਆ ਪਰ ਇਸ ਵਿੱਚ ਹਾਰ ਜਿੱਤ ਦਾ ਕੋਈ ਫ਼ੈਸਲਾ ਨਾ ਹੋ ਸਕਿਆ ।
2. ਚਿਲਿਆਂਵਾਲਾ ਦੀ ਲੜਾਈ – 13 ਜਨਵਰੀ, 1849 ਈ: ਨੂੰ ਜਨਰਲ ਗਫ਼ ਦੀ ਅਗਵਾਈ ਵਿਚ ਅੰਗਰੇਜ਼ੀ ਸੈਨਾਵਾਂ ਚਿਲਿਆਂਵਾਲਾ ਪਿੰਡ ਵਿਚ ਪਹੁੰਚੀਆਂ ਜਿੱਥੇ ਸਿੱਖਾਂ ਦੀ ਇਕ ਸ਼ਕਤੀਸ਼ਾਲੀ ਸੈਨਾ ਸੀ । ਜਨਰਲ ਗਫ਼ ਨੇ ਆਉਂਦੇ ਹੀ ਅੰਗਰੇਜ਼ੀ ਸੈਨਾਵਾਂ ਨੂੰ ਦੁਸ਼ਮਣ ’ਤੇ ਹਮਲਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਦੋਹਾਂ ਸੈਨਾਵਾਂ ਵਿਚ ਘਮਾਸਾਣ ਯੁੱਧ ਹੋਇਆ ਪਰ ਹਾਰ ਜਿੱਤ ਦਾ ਕੋਈ ਫੈਸਲਾ ਇਸ ਵਾਰ ਵੀ ਨਾ ਹੋ ਸਕਿਆ। ਇਸ ਯੁੱਧ ਵਿੱਚ ਅੰਗਰੇਜ਼ਾਂ ਦੇ 602 ਵਿਅਕਤੀ ਮਾਰੇ ਗਏ ਅਤੇ 1651 ਜ਼ਖਮੀ ਹੋਏ । ਸਿੱਖਾਂ ਦੇ ਵੀ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਉਨ੍ਹਾਂ ਨੂੰ ਆਪਣੀਆਂ 12 ਤੋਪਾਂ ਤੋਂ ਹੱਥ ਧੋਣਾ ਪਿਆ ।
3. ਮੁਲਤਾਨ ਦੀ ਲੜਾਈ – ਅਪਰੈਲ, 1848 ਈ: ਵਿੱਚ ਦੀਵਾਨ ਮੂਲ ਰਾਜ ਨੇ ਮੁਲਤਾਨ ‘ਤੇ ਦੁਬਾਰਾ ਅਧਿਕਾਰ ਕਰ ਲਿਆ ਸੀ । ਇਸ ਤੇ ਅੰਗਰੇਜ਼ਾਂ ਨੇ ਇਕ ਸੈਨਾ ਭੇਜ ਕੇ ਮੁਲਤਾਨ ਨੂੰ ਘੇਰ ਲਿਆ । ਮੂਲ ਰਾਜ ਨੇ ਡਟ ਕੇ ਮੁਕਾਬਲਾ ਕੀਤਾ ਪਰ ਇਕ ਦਿਨ ਅਚਾਨਕ ਇਕ ਗੋਲੇ ਦੇ ਫਟ ਜਾਣ ਨਾਲ ਉਸ ਦੇ ਸਾਰੇ ਬਾਦ ਵਿਚ ਅੱਗ ਲਗ ਪਈ । ਨਤੀਜੇ ਵਜੋਂ ਮੂਲ ਰਾਜ ਹੋਰ ਜ਼ਿਆਦਾ ਦਿਨਾਂ ਤਕ ਅੰਗਰੇਜ਼ਾਂ ਦੇ ਵਿਰੁੱਧ ਯੁੱਧ ਜਾਰੀ ਨਾ ਰੱਖ ਸਕਿਆ । 22 ਜਨਵਰੀ, 1849 ਈ: ਨੂੰ ਉਸ ਨੇ ਹਥਿਆਰ ਸੁੱਟ ਦਿੱਤੇ । ਮੁਲਤਾਨ ਦੀ ਜਿੱਤ ਨਾਲ ਅੰਗਰੇਜ਼ਾਂ ਦਾ ਕਾਫ਼ੀ ਮਾਣ ਵਧਿਆ ।
4. ਗੁਜਰਾਤ ਦੀ ਲੜਾਈ – ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਫੈਸਲਾਕੁੰਨ ਲੜਾਈ ਗੁਜਰਾਤ ਵਿਚ ਹੋਈ । ਇਸ ਲੜਾਈ ਤੋਂ ਪਹਿਲਾਂ ਸ਼ੇਰ ਸਿੰਘ ਅਤੇ ਚਤਰ ਸਿੰਘ ਆਪਸ ਵਿਚ ਮਿਲ ਗਏ । ਮਹਾਰਾਜ ਸਿੰਘ ਅਤੇ ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਨੇ ਵੀ ਸਿੱਖਾਂ ਦਾ ਸਾਥ ਦਿੱਤਾ । ਪਰ ਗੋਲਾ ਬਾਰੂਦ ਖ਼ਤਮ ਹੋ ਜਾਣ ਅਤੇ ਦੁਸ਼ਮਣ ਦੀ ਭਾਰੀ ਸੈਨਿਕ ਗਿਣਤੀ ਦੇ ਕਾਰਨ ਸਿੱਖ ਹਾਰ ਗਏ ।
ਪ੍ਰਸ਼ਨ 7.
ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਲਾਹੌਰ ਦੇ ਸਿੱਖ ਰਾਜ ਲਈ ਘਾਤਕ ਸਿੱਧ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ-
1. ਪੰਜਾਬ ਦਾ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਜਾਣਾ – ਯੁੱਧ ਵਿਚ ਸਿੱਖਾਂ ਦੀ ਹਾਰ ਉਪਰੰਤ 29 ਮਾਰਚ, 1849 ਈ: ਨੂੰ ਗਵਰਨਰ-ਜਨਰਲ ਲਾਰਡ ਡਲਹੌਜ਼ੀ ਵੱਲੋਂ ਇੱਕ ਐਲਾਨ ਰਾਹੀਂ ਪੰਜਾਬ ਦੇ ਰਾਜ ਨੂੰ ਸਮਾਪਤ ਕਰ ਦਿੱਤਾ ਗਿਆ । ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ।
2. ਮੂਲ ਰਾਜ ਅਤੇ ਮਹਾਰਾਜ ਸਿੰਘ ਨੂੰ ਸਜ਼ਾ – ਮੂਲ ਰਾਜ ਨੂੰ ਐਗਨਿਊ ਅਤੇ ਐਂਡਰਸਨ ਨਾਂ ਦੇ ਅੰਗਰੇਜ਼ ਅਫ਼ਸਰਾਂ ਦੇ ਕਤਲ ਦੇ ਜੁਰਮ ਵਿੱਚ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ । 29 ਦਸੰਬਰ, 1849 ਈ: ਵਿੱਚ ਮਹਾਰਾਜ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ । ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ ।
3. ਖ਼ਾਲਸਾ ਸੈਨਾ ਦਾ ਤੋੜ ਦਿੱਤਾ ਜਾਣਾ – ਖ਼ਾਲਸਾ ਸੈਨਾ ਨੂੰ ਤੋੜ ਦਿੱਤਾ ਗਿਆ । ਸਿੱਖ ਸੈਨਿਕਾਂ ਤੋਂ ਸਾਰੇ ਹਥਿਆਰ ਖੋਹ ਲਏ ਗਏ । ਨੌਕਰੀ ਤੋਂ ਹਟੇ ਸਿੱਖ ਸੈਨਿਕਾਂ ਨੂੰ ਬ੍ਰਿਟਿਸ਼ ਸੈਨਾ ਵਿੱਚ ਭਰਤੀ ਕਰ ਲਿਆ ਗਿਆ ।
4. ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਦਬਾਉਣਾ – ਲਾਰਡ ਡਲਹੌਜ਼ੀ ਦੇ ਹੁਕਮ ਨਾਲ ਜਾਨ ਲਾਰੈਂਸ ਨੇ ਪੰਜਾਬ ਦੇ ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕਰ ਦਿੱਤਾ । ਫਲਸਰੂਪ ਉਹ ਸਰਦਾਰ ਜਿਹੜੇ ਪਹਿਲਾਂ ਧਨੀ ਜ਼ਿਮੀਂਦਾਰ ਸਨ ਅਤੇ ਸਰਕਾਰ ਵਿਚ ਉੱਚੀਆਂ ਪਦਵੀਆਂ ਉੱਤੇ ਸਨ, ਹੁਣ ਸਾਧਾਰਨ ਲੋਕਾਂ ਦੇ ਬਰਾਬਰ ਹੋ ਗਏ ।
5. ਪੰਜਾਬ ਵਿਚ ਅੰਗਰੇਜ਼ ਅਫ਼ਸਰਾਂ ਦੀ ਨਿਯੁਕਤੀ – ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਰਾਜ-ਪ੍ਰਬੰਧ ਦੀਆਂ ਉੱਚੀਆਂ ਪਦਵੀਆਂ ਉੱਤੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਥਾਂ ਅੰਗਰੇਜ਼ਾਂ ਅਤੇ ਯੂਰਪੀਅਨਾਂ ਨੂੰ ਨਿਯੁਕਤ ਕੀਤਾ ਗਿਆ । ਉਨ੍ਹਾਂ ਨੂੰ ਭਾਰੀਆਂ ਤਨਖ਼ਾਹਾਂ ਅਤੇ ਭੱਤੇ ਵੀ ਦਿੱਤੇ ਗਏ ।
6. ਉੱਤਰ – ਪੱਛਮੀ ਹੱਦਾਂ ਨੂੰ ਸ਼ਕਤੀਸ਼ਾਲੀ ਬਣਾਉਣਾ-ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਉੱਤਰ-ਪੱਛਮੀ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੜਕਾਂ ਅਤੇ ਛਾਉਣੀਆਂ ਦਾ ਨਿਰਮਾਣ ਕੀਤਾ । ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਕਿਲ੍ਹਿਆਂ ਦੀ ਮੁਰੰਮਤ ਕੀਤੀ ਗਈ । ਕਈ ਨਵੇਂ ਕਿਲ੍ਹੇ ਵੀ ਉਸਾਰੇ ਗਏ । ਉੱਤਰ-ਪੱਛਮੀ ਕਬੀਲਿਆਂ ਨੂੰ ਕਾਬੂ ਵਿੱਚ ਰੱਖਣ ਲਈ ਵਿਸ਼ੇਸ਼ ਸੈਨਿਕ ਦਸਤੇ ਵੀ ਕਾਇਮ ਕੀਤੇ ਗਏ ।
7. ਪੰਜਾਬ ਦੇ ਰਾਜ – ਪ੍ਰਬੰਧ ਦੀ ਪੁਨਰ-ਵਿਵਸਥਾ-ਪੰਜਾਬ ਉੱਤੇ ਅੰਗਰੇਜ਼ਾਂ ਦੇ ਅਧਿਕਾਰ ਪਿੱਛੋਂ ਪ੍ਰਸ਼ਾਸਨ ਸੰਮਤੀ (Board of Administration) ਦੀ ਸਥਾਪਨਾ ਕੀਤੀ ਗਈ ।ਉਸ ਦਾ ਪ੍ਰਧਾਨ ਹੈਨਰੀ ਲਾਰੈਂਸ ਸੀ । ਪਬੰਧਕੀ ਢਾਂਚੇ ਦਾ ਮੁੜ ਸੰਗਠਨ ਕੀਤਾ ਗਿਆ । ਨਿਆਂ ਪ੍ਰਣਾਲੀ, ਪੁਲਿਸ ਪ੍ਰਬੰਧ ਅਤੇ ਭੂਮੀ ਕਰ ਪ੍ਰਣਾਲੀ ਵਿਚ ਸੁਧਾਰ ਕੀਤੇ ਗਏ । ਸੜਕਾਂ ਅਤੇ ਨਹਿਰਾਂ ਦਾ ਨਿਰਮਾਣ ਕੀਤਾ ਗਿਆ । ਡਾਕ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ।
8. ਪੰਜਾਬ ਦੀਆਂ ਦੇਸੀ ਰਿਆਸਤਾਂ ਨਾਲ ਅੰਗਰੇਜ਼ਾਂ ਦੇ ਮਿੱਤਰਤਾਪੂਰਨ ਸੰਬੰਧ – ਦੂਜੇ ਐਂਗਲੋ-ਸਿੱਖ ਯੁੱਧ ਦੇ ਦੌਰਾਨ ਪਟਿਆਲਾ, ਜੀਂਦ, ਨਾਭਾ, ਕਪੂਰਥਲਾ ਅਤੇ ਫ਼ਰੀਦਕੋਟ ਦੇ ਰਾਜਿਆਂ ਅਤੇ ਬਹਾਵਲਪੁਰ ਅਤੇ ਮਲੇਰਕੋਟਲਾ ਦੇ ਨਵਾਬਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਅੰਗਰੇਜ਼ਾਂ ਨੇ ਖੁਸ਼ ਹੋ ਕੇ ਇਨ੍ਹਾਂ ਵਿੱਚੋਂ ਕਈ ਦੇਸੀ ਹਾਕਮਾਂ ਨੂੰ ਇਨਾਮ ਦਿੱਤੇ । ਉਨ੍ਹਾਂ ਨੇ ਦੇਸੀ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਨਾ ਕਰਨ ਦਾ ਵੀ ਫ਼ੈਸਲਾ ਕੀਤਾ ।
ਪ੍ਰਸ਼ਨ 8.
ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਿਵੇਂ ਕੀਤਾ ?
ਉੱਤਰ-
1839 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਰਾਜ ਦੀ ਸਾਰੀ ਤਾਕਤ ਫ਼ੌਜ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖਾਂ ਨਾਲ ਦੋ ਯੁੱਧ ਕੀਤੇ । ਦੋਹਾਂ ਯੁੱਧਾਂ ਵਿੱਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰ ਆਪਣੇ ਅਧਿਕਾਰੀਆਂ ਦੀ ਗੱਦਾਰੀ ਦੇ ਕਾਰਨ ਉਹ ਹਾਰ ਗਏ । 1849 ਈ: ਵਿੱਚ ਦੂਜੇ ਸਿੱਖ ਯੁੱਧ ਦੇ ਖ਼ਤਮ ਹੋਣ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ।
ਅੰਗਰੇਜ਼ਾਂ ਵਲੋਂ ਪੰਜਾਬ-ਜਿੱਤ ਦਾ ਸੰਖੇਪ ਵਰਣਨ ਇਸ ਤਰਾਂ ਹੈ-
1.ਪਹਿਲਾ ਐਂਗਲੋ-ਸਿੱਖ ਯੁੱਧ – ਅੰਗਰੇਜ਼ ਕਾਫ਼ੀ ਸਮੇਂ ਤੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ 1 ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ।ਉਨ੍ਹਾਂ ਨੇ ਸਤਲੁਜ ਦੇ ਕੰਢੇ ਆਪਣੇ ਕਿਲਿਆਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ । ਸਿੱਖ ਨੇਤਾ ਅੰਗਰੇਜ਼ਾਂ ਦੀਆਂ ਸੈਨਿਕ ਤਿਆਰੀਆਂ ਨੂੰ ਦੇਖ ਕੇ ਭੜਕ ਉੱਠੇ । ਇਸ ਲਈ 1845 ਈ: ਵਿੱਚ ਸਿੱਖ ਫ਼ੌਜ ਸਤਲੁਜ ਨੂੰ ਪਾਰ ਕਰਕੇ ਫ਼ਿਰੋਜ਼ਪੁਰ ਦੇ ਨੇੜੇ ਆ ਡਟੀ । ਕੁਝ ਹੀ ਸਮੇਂ ਪਿੱਛੋਂ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਲੜਾਈ ਸ਼ੁਰੂ ਹੋ ਗਈ । ਇਸ ਸਮੇਂ ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਅਤੇ ਵਜ਼ੀਰ ਲਾਲ ਸਿੰਘ ਅੰਗਰੇਜ਼ਾਂ ਨਾਲ ਮਿਲ ਗਏ ।ਉਨ੍ਹਾਂ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਸ਼ਾਹ ਦੇ ਸਥਾਨ ‘ਤੇ ਸਿੱਖਾਂ ਦੀ ਹਾਰ ਹੋਈ ।
ਸਿੱਖਾਂ ਨੇ ਹੌਂਸਲੇ ਤੋਂ ਕੰਮ ਲੈਂਦੇ ਹੋਏ 1846 ਈ: ਵਿੱਚ ਸਤਲੁਜ ਨੂੰ ਪਾਰ ਕਰਕੇ ਲੁਧਿਆਣਾ ਨੇੜੇ ਅੰਗਰੇਜ਼ਾਂ ਉੱਤੇ ਧਾਵਾ ਬੋਲ ਦਿੱਤਾ । ਇੱਥੇ ਅੰਗਰੇਜ਼ ਬੁਰੀ ਤਰ੍ਹਾਂ ਹਾਰ ਗਏ ਅਤੇ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ । ਪਰ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਅਲੀਵਾਲ ਅਤੇ ਸਭਰਾਉਂ ਦੇ ਸਥਾਨ ‘ਤੇ ਸਿੱਖਾਂ ਨੂੰ ਇਕ ਵਾਰੀ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ 1846 ਈ: ਵਿਚ ਗੁਲਾਬ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਇਕ ਸੰਧੀ ਹੋ ਗਈ । ਸੰਧੀ ਅਨੁਸਾਰ ਸਿੱਖਾਂ ਨੂੰ ਆਪਣਾ ਕਾਫ਼ੀ ਸਾਰਾ ਇਲਾਕਾ ਅਤੇ ਡੇਢ ਕਰੋੜ ਰੁਪਿਆ ਅੰਗਰੇਜ਼ਾਂ ਨੂੰ ਦੇਣਾ ਪਿਆ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ ਫ਼ੌਜ ਰੱਖ ਦਿੱਤੀ ਗਈ ।
2. ਦੂਜਾ ਐਂਗਲੋ-ਸਿੱਖ ਯੁੱਧ ਅਤੇ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਹੋਣਾ – 1848 ਈ: ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਮੁੜ ਯੁੱਧ ਛਿੜ ਗਿਆ । ਅੰਗਰੇਜ਼ਾਂ ਨੇ ਮੁਲਤਾਨ ਦੇ ਲੋਕਪ੍ਰਿਆ ਗਵਰਨਰ ਦੀਵਾਨ ਮੁਲਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ ਇਹ ਗੱਲ ਉੱਥੇ ਦੇ ਨਾਗਰਿਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਕਈ ਅੰਗਰੇਜ਼ ਅਫ਼ਸਰਾਂ ਨੂੰ ਮਾਰ ਦਿੱਤਾ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ (22 ਨਵੰਬਰ, 1848 ਈ:), ਮੁਲਤਾਨ (ਦਸੰਬਰ, 1848 ਈ:) , ਚਿਲਿਆਂਵਾਲਾ (13 ਜਨਵਰੀ, 1849 ਈ:) ਅਤੇ ਗੁਜਰਾਤ (ਫਰਵਰੀ, 1849 ਈ:) ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ | ਪਰੰਤੂ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਦੇ ਸਥਾਨ ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿਚ ਪੂਰੀ ਤਰ੍ਹਾਂ ਆਪਣੀ ਹਾਰ ਸਵੀਕਾਰ ਕਰ ਲਈ । ਇਸ ਜਿੱਤ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
(ਸ) 1. ਮੁਦਕੀ, ਫਿਰੋਜ਼ਸ਼ਾਹ, ਬੱਦੋਵਾਲ, ਆਲੀਵਾਲ ਤੇ ਸਭਰਾਉਂ ਨੂੰ ਪੰਜਾਬ ਦੇ ਦਿੱਤੇ ਨਕਸ਼ੇ ਤੇ ਦਿਖਾਓ ।
2. ਦੂਜੇ ਐਂਗਲੋ ਸਿੱਖ ਯੁੱਧ ਦੀਆਂ ਲੜਾਈਆਂ ਨੂੰ ਪੰਜਾਬ ਦੇ ਨਕਸ਼ੇ ਦੇ ਦਿੱਤੇ ਖਾਕੇ ’ਤੇ ਦਰਸਾਓ ।
ਨੋਟ-ਇਸ ਲਈ MBD Map Master ਦੇਖੋ ।
PSEB 10th Class Social Science Guide ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦੀਆਂ ਮੁੱਖ ਚਾਰ ਲੜਾਈਆਂ ਕਿੱਥੇ-ਕਿੱਥੇ ਲੜੀਆਂ ਗਈਆਂ ?
ਉੱਤਰ-
ਪਹਿਲੇ ਸਿੱਖ ਯੁੱਧ ਦੀਆਂ ਚਾਰ ਮੁੱਖ ਲੜਾਈਆਂ ਮੁਦਕੀ, ਫਿਰੋਜ਼ਸ਼ਾਹ, ਅਲੀਵਾਲ ਅਤੇ ਸਭਰਾਵਾਂ ਵਿਚ ਲੜੀਆਂ ਗਈਆਂ ।
ਪ੍ਰਸ਼ਨ 2.
(i) ਪਹਿਲਾ ਸਿੱਖ ਯੁੱਧ ਕਿਸ ਸੰਧੀ ਦੇ ਫਲਸਰੂਪ ਖ਼ਤਮ ਹੋਇਆ ?
(ii) ਇਹ ਸੰਧੀ ਕਦੋਂ ਹੋਈ ?
ਉੱਤਰ-
(i) ਪਹਿਲਾ ਸਿੱਖ ਯੁੱਧ ਲਾਹੌਰ ਦੀ ਸੰਧੀ ਦੇ ਫਲਸਰੂਪ ਸਮਾਪਤ ਹੋਇਆ ।
(ii) ਇਹ ਸੰਧੀ ਮਾਰਚ, 1846 ਈ: ਨੂੰ ਹੋਈ ।
ਪ੍ਰਸ਼ਨ 3.
ਦੂਜੇ ਸਿੱਖ ਯੁੱਧ ਦੀਆਂ ਚਾਰ ਪ੍ਰਮੁੱਖ ਘਟਨਾਵਾਂ ਕਿਹੜੀਆਂ-ਕਿਹੜੀਆਂ ਸਨ ?
ਉੱਤਰ-
- ਰਾਮ ਨਗਰ ਦੀ ਲੜਾਈ,
- ਮੁਲਤਾਨ ਦੀ ਲੜਾਈ,
- ਜ਼ਿਲਿਆਂਵਾਲਾ ਦੀ ਲੜਾਈ ਅਤੇ
- ਗੁਜਰਾਤ ਦੀ ਲੜਾਈ ।
ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
29 ਮਾਰਚ, 1849 ਈ: ਨੂੰ ।
ਪ੍ਰਸ਼ਨ 5.
ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
1845-46 ਈ: ਵਿਚ ।
ਪ੍ਰਸ਼ਨ 6.
ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
1835 ਈ: ਵਿਚ ।
ਪ੍ਰਸ਼ਨ 7.
ਅਕਬਰ ਖਾਂ ਦੀ ਅਗਵਾਈ ਵਿਚ ਅਫ਼ਗਾਨ ਵਿਦਰੋਹੀਆਂ ਨੇ ਕਿਹੜੇ ਦੋ ਅੰਗਰੇਜ਼ ਸੈਨਾਨਾਇਕਾਂ ਨੂੰ ਮੌਤ ਦੇ ਘਾਟ ਉਤਾਰਿਆ ?
ਉੱਤਰ-
ਬਰਨਜ਼ ਅਤੇ ਮੈਕਨਾਟਨ ।
ਪ੍ਰਸ਼ਨ 8.
ਅੰਗਰੇਜ਼ਾਂ ਨੇ ਸਿੰਧ ਤੇ ਕਦੋਂ ਅਧਿਕਾਰ ਕੀਤਾ ?
ਉੱਤਰ-
1843 ਈ: ਵਿਚ ।
ਪ੍ਰਸ਼ਨ 9.
ਲਾਰਡ ਹਾਰਡਿੰਗ ਨੂੰ ਭਾਰਤ ਦਾ ਗਵਰਨਰ ਜਨਰਲ ਕਦੋਂ ਨਿਯੁਕਤ ਕੀਤਾ ਗਿਆ ?
ਉੱਤਰ-
1844 ਈ: ਵਿਚ ।
ਪ੍ਰਸ਼ਨ 10.
ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨਮੰਤਰੀ ਕਦੋਂ ਬਣਿਆ ?
ਉੱਤਰ-
1845 ਈ: ਵਿਚ ।
ਪ੍ਰਸ਼ਨ 11.
ਪਹਿਲੇ ਐਂਗਲੋ-ਸਿੱਖ ਯੁੱਧ ਦੀ ਕਿਹੜੀ ਲੜਾਈ ਵਿਚ ਸਿੱਖਾਂ ਦੀ ਜਿੱਤ ਹੋਈ ?
ਉੱਤਰ-
ਬੱਦੋਵਾਲ ਦੀ ਲੜਾਈ ਵਿਚ ।
ਪ੍ਰਸ਼ਨ 12.
ਬੱਦੋਵਾਲ ਦੀ ਲੜਾਈ ਵਿਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ ?
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ ਨੇ ।
ਪ੍ਰਸ਼ਨ 13.
ਲਾਹੌਰ ਦੀ ਪਹਿਲੀ ਸੰਧੀ ਕਦੋਂ ਹੋਈ ?
ਉੱਤਰ-
9 ਮਾਰਚ, 1846 ਈ: ਨੂੰ ।
ਪ੍ਰਸ਼ਨ 14.
ਲਾਹੌਰ ਦੀ ਦੂਜੀ ਸੰਧੀ ਕਦੋਂ ਹੋਈ ?
ਉੱਤਰ-
11 ਮਾਰਚ, 1846 ਈ: ਨੂੰ ।
ਪ੍ਰਸ਼ਨ 15.
ਭੈਰੋਵਾਲ ਦੀ ਸੰਧੀ ਕਦੋਂ ਹੋਈ ?
ਉੱਤਰ-
26 ਦਸੰਬਰ, 1846 ਈ: ਨੂੰ ।
ਪ੍ਰਸ਼ਨ 16.
ਦੂਜਾ ਅੰਗਰੇਜ਼-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
848-49 ਵਿੱਚ ।
ਪ੍ਰਸ਼ਨ 17,
ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ ?
ਉੱਤਰ-
ਬਨਾਰਸ ।
ਪ੍ਰਸ਼ਨ 18.
ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ ?
ਉੱਤਰ-
ਜਨਵਰੀ, 1848 ਵਿਚ ।
ਪ੍ਰਸ਼ਨ 19.
ਦੀਵਾਨ ਮੂਲ ਰਾਜ ਕਿੱਥੋਂ ਦਾ ਨਾਜ਼ਿਮ ਸੀ ?
ਉੱਤਰ-
ਮੁਲਤਾਨ ਦਾ ।
ਪ੍ਰਸ਼ਨ 20.
ਰਾਮਨਗਰ ਦੀ ਲੜਾਈ (22 ਨਵੰਬਰ, 1848) ਵਿਚ ਕਿਸਦੀ ਹਾਰ ਹੋਈ ?
ਉੱਤਰ-
ਅੰਗਰੇਜ਼ਾਂ ਦੀ ।
ਪ੍ਰਸ਼ਨ 21.
ਦੂਸਰੇ ਅੰਗਰੇਜ਼-ਸਿੱਖ ਯੁੱਧ ਦੀ ਅੰਤਿਮ ਅਤੇ ਫੈਸਲਾਕੁੰਨ ਲੜਾਈ ਕਿੱਥੇ ਲੜੀ ਗਈ ?
ਉੱਤਰ-
ਗੁਜਰਾਤ ਵਿਚ ।
ਪ੍ਰਸ਼ਨ 22.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
1849 ਈ: ਵਿਚ ।
ਪ੍ਰਸ਼ਨ 23.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਿਸਨੇ ਮਿਲਾਇਆ ?
ਉੱਤਰ-
ਲਾਰਡ ਡਲਹੌਜ਼ੀ ਨੇ ।
ਪ੍ਰਸ਼ਨ 24.
ਦੂਜੇ ਅੰਗਰੇਜ਼-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ?
ਉੱਤਰ-
ਮਹਾਰਾਜਾ ਦਲੀਪ ਸਿੰਘ ।
ਪ੍ਰਸ਼ਨ 25.
ਦੂਜੇ-ਅੰਗਰੇਜ਼ ਸਿੱਖ ਯੁੱਧ ਦੇ ਸਿੱਟੇ ਵਜੋਂ ਕਿਹੜਾ ਕੀਮਤੀ ਹੀਰਾ ਅੰਗਰੇਜ਼ਾਂ ਦੇ ਹੱਥ ਲੱਗਾ ?
ਉੱਤਰ-
ਕੋਹੇਨੂਰ ।
ਪ੍ਰਸ਼ਨ 26.
ਪੰਜਾਬ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਉੱਥੋਂ ਦਾ ਪ੍ਰਸ਼ਾਸਨ ਕਿਸ ਨੂੰ ਸੌਂਪਿਆ ?
ਉੱਤਰ-
ਹੈਨਰੀ ਲਾਰੇਂਸ ਨੂੰ ।
ਪ੍ਰਸ਼ਨ 27.
ਅੰਗਰੇਜ਼ਾਂ ਨੇ ਪੰਜਾਬ ਤੋਂ ਪ੍ਰਾਪਤ ਕੋਹੇਨੂਰ ਹੀਰਾ ਕਿਸ ਦੇ ਕੋਲ ਭੇਜਿਆ ?
ਉੱਤਰ-
ਇੰਗਲੈਂਡ ਦੀ ਮਹਾਰਾਣੀ ਕੋਲ ।
II. ਖ਼ਾਲੀ ਥਾਂਵਾਂ ਰੋ-
1. ਅਕਬਰ ਖਾਂ ਦੀ ਅਗਵਾਈ ਹੇਠ ਅਫ਼ਗਾਨ ਵਿਦਰੋਹੀਆਂ ਨੇ …………………… ਅਤੇ ਅੰਗਰੇਜ਼ ਸੈਨਾਪਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।
ਉੱਤਰ-
ਬਰਨਜ਼ ਅਤੇ ਮੈਕਨਾਟਨ
2. ਅੰਗਰੇਜ਼ਾਂ ਨੇ …………………………. ਈ: ਵਿੱਚ ਸਿੰਧ ’ਤੇ ਕਬਜ਼ਾ ਕਰ ਲਿਆ ।
ਉੱਤਰ-
1843
3. ………………………….. ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ ।
ਉੱਤਰ-
1845
4. ਬੱਦੋਵਾਲ ਦੀ ਲੜਾਈ ਵਿਚ ਸਿੱਖਾਂ ਦੀ ਅਗਵਾਈ ………………………. ਨੇ ਕੀਤੀ ।
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ
5. ……………………….. ਈ: ਤੋਂ ……………………….. ਈ: ਤਕ ਦੂਜਾ ਐਂਗਲੋ-ਸਿੱਖ ਯੁੱਧ ਹੋਇਆ ।
ਉੱਤਰ-
1848, 1849
6. ਦੂਜੇ ਐਂਗਲੋ-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ……………………… ਸੀ ।
ਉੱਤਰ-
ਮਹਾਰਾਜਾ ਦਲੀਪ ਸਿੰਘ
7. ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ……………………… ਹੀਰਾ ਅੰਗਰੇਜ਼ਾਂ ਨੂੰ ਮਿਲਿਆ ।
ਉੱਤਰ-
ਕੋਹੇਨੂਰ ।
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਬਣਿਆ-
(A) ਮੋਹਰ ਸਿੰਘ
(B) ਚੇਤ ਸਿੰਘ
(C) ਖੜਕ ਸਿੰਘ
(D) ਸਾਹਿਬ ਸਿੰਘ
ਉੱਤਰ-
(C) ਖੜਕ ਸਿੰਘ
ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਕਿਸ ਸਿੱਖ ਸਰਦਾਰ ਨੇ ਗੱਦਾਰੀ ਕੀਤੀ ?
(A) ਚੇਤ ਸਿੰਘ
(B) ਲਾਲ ਸਿੰਘ
(C) ਸਾਹਿਬ ਸਿੰਘ
(D) ਮੋਹਰ ਸਿੰਘ ।
ਉੱਤਰ-
(B) ਲਾਲ ਸਿੰਘ
ਪ੍ਰਸ਼ਨ 3.
ਸਭਰਾਓਂ ਦੀ ਲੜਾਈ ਹੋਈ-
(A) 10 ਫਰਵਰੀ, 1846 ਈ:
(B) 10 ਫ਼ਰਵਰੀ, 1849 ਈ:
(C) 20 ਫਰਵਰੀ, 1846 ਈ:
(D) 20 ਫਰਵਰੀ, 1830 ਈ:
ਉੱਤਰ-
(A) 10 ਫਰਵਰੀ, 1846 ਈ:
ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਵਾਲਾ ਭਾਰਤ ਦਾ ਗਵਰਨਰ ਜਨਰਲ ਸੀ ?
(A) ਲਾਰਡ ਕਰਜ਼ਨ
(B) ਲਾਰਡ ਡਲਹੌਜ਼ੀ
(C) ਲਾਰਡ ਵੈਲਜਲੀ
(D) ਲਾਰਡ ਮਾਊਂਟਬੈਟਨ ।
ਉੱਤਰ-
(B) ਲਾਰਡ ਡਲਹੌਜ਼ੀ
ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਲਾਹੌਰ ਦੀ ਸੰਧੀ ਹੋਈ-
(A) ਮਾਰਚ, 1849 ਈ: ਵਿਚ
(B) ਮਾਰਚ, 1843 ਈ: ਵਿਚ
(C) ਮਾਰਚ, 1846 ਈ: ਵਿਚ
(D) ਮਾਰਚ, 1835 ਈ: ਵਿਚ |
ਉੱਤਰ-
(C) ਮਾਰਚ, 1846 ਈ: ਵਿਚ
ਪ੍ਰਸ਼ਨ 6.
ਪਹਿਲਾ ਐਂਗਲੋ-ਸਿੱਖ ਯੁੱਧ ਹੋਇਆ-
(A) 1843-44 ਈ: ਵਿਚ
(B) 1847-48 ਈ: ਵਿਚ
(C) 1830-31 ਈ: ਵਿਚ
(D) 1845-46 ਈ: ਵਿਚ ।
ਉੱਤਰ-
(D) 1845-46 ਈ: ਵਿਚ ।
IV. ਸਹੀ-ਗ਼ਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. 1849 ਈ: ਵਿਚ ਪੰਜਾਬ ਨੂੰ ਲਾਰਡ ਹੇਸਟਿੰਗਜ਼ ਨੇ ਅੰਗਰੇਜ਼ੀ ਸਾਮਰਾਜ ਵਿਚ ਮਿਲਾਇਆ ।
2. ਅੰਗਰੇਜ਼ਾਂ ਨੂੰ ਪੰਜਾਬ ਜਿੱਤਣ ਵਾਸਤੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
3. ਕੌਂਸਲ ਆਫ਼ ਰੀਜੈਂਸੀ ਲਾਹੌਰ ਰਾਜ ਦਾ ਸ਼ਾਸਨ ਚਲਾਉਣ ਲਈ ਬਣਾਈ ਗਈ ।
4. ਮੁਦਕੀ ਦੀ ਲੜਾਈ ਵਿਚ ਸਰਦਾਰ ਲਾਲ ਸਿੰਘ ਨੇ ਸਿੱਖਾਂ ਨਾਲ ਗੱਦਾਰੀ ਕੀਤੀ ।
5. ਦੂਸਰੇ ਐਗਲੋਂ-ਸਿੱਖ ਯੁੱਧ ਵਿਚ ਸਿੱਖਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾ ਲਿਆ ।
ਉੱਤਰ-
1. ×
2. ×
3. √
4. √
5. ×
V. ਸਹੀ-ਮਿਲਾਨ ਕਰੋ-
1. ਸਰਦਾਰ ਰਣਜੋਧ ਸਿੰਘ ਮਜੀਠੀਆ | ਗੁਜਰਾਤ |
2. ਦੀਵਾਨ ਮੁਲਰਾਜ | ਪੰਜਾਬ ਦਾ ਸ਼ਾਸਕ |
3. ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ | ਬੱਦੋਵਾਲ ਦੀ ਲੜਾਈ |
4. ਮਹਾਰਾਜਾ ਦਲੀਪ ਸਿੰਘ | ਮੁਲਤਾਨ । |
ਉੱਤਰ-
1. ਸਰਦਾਰ ਰਣਜੋਧ ਸਿੰਘ ਮਜੀਠੀਆ | ਬੱਦੋਵਾਲ ਦੀ ਲੜਾਈ |
2. ਦੀਵਾਨ ਮੂਲਰਾਜ | ਮੁਲਤਾਨ |
3.ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ | ਗੁੱਜਰਾਤ |
4. ਮਹਾਰਾਜਾ ਦਲੀਪ ਸਿੰਘ | ਪੰਜਾਬ ਦਾ ਸ਼ਾਸਕ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)
ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਨੇ ਆਪਣੀਆਂ ਸੈਨਿਕ ਤਿਆਰੀਆਂ ਦੀ ਗਤੀ ਤੇਜ਼ ਕਰ ਦਿੱਤੀ । ਇਸ ਗੱਲ ‘ਤੇ ਸਿੱਖਾਂ ਦਾ ਭੜਕਣਾ ਸੁਭਾਵਿਕ ਸੀ । 1845 ਈ: ਵਿੱਚ ਫ਼ਿਰੋਜ਼ਪੁਰ ਦੇ ਨੇੜੇ ਸਿੱਖਾਂ ਤੇ ਅੰਗਰੇਜ਼ਾਂ ਵਿਚ ਲੜਾਈ ਸ਼ੁਰੂ ਹੋ ਗਈ । ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਤੇ ਵਜ਼ੀਰ ਲਾਲ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਪੁਰ ਨਾਂ ਦੀ ਥਾਂ ‘ਤੇ ਸਿੱਖਾਂ ਦੀ ਹਾਰ ਹੋਈ । 1846 ਈ: ਵਿੱਚ ਸਿੱਖਾਂ ਨੇ ਲੁਧਿਆਣਾ ਦੇ ਨੇੜੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ ।
ਪਰੰਤੂ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਕਾਰਨ ਅਲੀਵਾਲ ਅਤੇ ਸਭਰਾਉਂ ਨਾਂ ਦੀਆਂ ਥਾਂਵਾਂ ‘ਤੇ ਸਿੱਖਾਂ ਨੂੰ ਇਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ, 1846 ਈ: ਵਿੱਚ ਗੁਲਾਬ ਸਿੰਘ ਦੇ ਯਤਨਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਇਕ ਸਮਝੌਤਾ ਹੋ ਗਿਆ । ਇਸ ਸੰਧੀ ਅਨੁਸਾਰ ਸਿੱਖਾਂ ਨੂੰ ਬਹੁਤ ਸਾਰਾ ਆਪਣਾ ਰਾਜ ਅਤੇ ਡੇਢ ਕਰੋੜ ਰੁਪਏ ਅੰਗਰੇਜ਼ਾਂ ਨੂੰ ਦੇਣੇ ਪਏ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ੀ ਸੈਨਾ ਰੱਖ ਦਿੱਤੀ ਗਈ ।
ਪ੍ਰਸ਼ਨ 2.
ਦੂਸਰੇ ਸਿੱਖ ਯੁੱਧ ‘ਤੇ ਇੱਕ ਨੋਟ ਲਿਖੋ ।
ਉੱਤਰ-
1848 ਈ: ਵਿੱਚ ਅੰਗਰੇਜ਼ਾਂ ਨੇ ਮੁਲਤਾਨ ਦੇ ਹਰਮਨ ਪਿਆਰੇ ਗਵਰਨਰ ਦੀਵਾਨ ਮੂਲ ਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ, ਇਹ ਗੱਲ ਉੱਥੋਂ ਦੇ ਵਸਨੀਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਅਨੇਕਾਂ ਅੰਗਰੇਜ਼ ਅਫ਼ਸਰਾਂ ਨੂੰ ਮਾਰ ਮੁਕਾਇਆ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਤੇ ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ, ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ । ਪਰੰਤੁ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਆਦਿ ਥਾਂਵਾਂ ‘ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿੱਚ ਪੂਰੀ ਤਰ੍ਹਾਂ ਆਪਣੀ ਹਾਰ ਮੰਨ ਲਈ।ਇਸ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
ਪ੍ਰਸ਼ਨ 3.
ਪੰਜਾਬ ਵਿਲਯ ‘ ਤੇ ਇਕ ਟਿੱਪਣੀ ਲਿਖੋ ।
ਉੱਤਰ-
1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਸ਼ਾਸਨ ਦੀ ਸਾਰੀ ਤਾਕਤ ਸੈਨਾ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖ ਸੈਨਾ ਦੇ ਉੱਚ ਅਧਿਕਾਰੀਆਂ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ । ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆਪਣੀਆਂ ਫ਼ੌਜਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਵਿਰੁੱਧ ਯੁੱਧ ਦੀ ਤਿਆਰੀ ਕਰਨ ਲੱਗੇ ।ਉਨ੍ਹਾਂ ਨੇ ਸਿੱਖਾਂ ਨਾਲ ਦੋ ਯੁੱਧ ਕੀਤੇ ।ਦੋਵਾਂ ਯੁੱਧਾਂ ਵਿਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰੰਤੂ ਆਪਣੇ ਅਧਿਕਾਰੀਆਂ ਦੀ ਗੱਦਾਰੀ ਕਾਰਨ ਉਹ ਹਾਰ ਗਏ । ਪਹਿਲੇ ਯੁੱਧ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਦਾ ਕੇਵਲ ਕੁਝ ਭਾਗ ਅੰਗਰੇਜ਼ੀ ਰਾਜ ਵਿਚ ਮਿਲਾਇਆ ਅਤੇ ਉੱਥੇ ਸਿੱਖ ਸੈਨਾ ਦੀ ਥਾਂ ‘ਤੇ ਅੰਗਰੇਜ਼ ਸੈਨਿਕ ਰੱਖ ਦਿੱਤੇ ਗਏ । ਪਰੰਤੂ 1849 ਈ: ਵਿੱਚ ਦੂਸਰੇ ਸਿੱਖ ਯੁੱਧ ਦੀ ਸਮਾਪਤੀ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਚਾਰ ਕਾਰਨ ਲਿਖੋ ।
ਉੱਤਰ-
- ਖ਼ਾਲਸਾ ਸੈਨਾ ਦੀ ਸ਼ਕਤੀ ਇੰਨੀ ਵਧ ਗਈ ਸੀ ਕਿ ਰਾਣੀ ਜਿੰਦਾਂ ਅਤੇ ਲਾਲ ਸਿੰਘ ਇਸ ਸੈਨਾ ਦਾ ਧਿਆਨ ਅੰਗਰੇਜ਼ਾਂ ਵਲ ਮੋੜਨਾ ਚਾਹੁੰਦੇ ਸਨ ।
- ਲਾਲ ਸਿੰਘ ਅਤੇ ਰਾਣੀ ਜਿੰਦਾਂ ਨੇ ਖ਼ਾਲਸਾ ਫ਼ੌਜ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਸਿੰਧ ਦੇ ਵਿਲਯ ਦੇ ਬਾਅਦ ਅੰਗਰੇਜ਼ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦੇ ਹਨ ।
- ਅੰਗਰੇਜ਼ਾਂ ਨੇ ਸਤਲੁਜ ਦੇ ਪਾਰ 35000 ਤੋਂ ਵੀ ਵੱਧ ਸੈਨਿਕ ਇਕੱਠੇ ਕਰ ਲਏ ਸਨ ।
- ਅੰਗਰੇਜ਼ਾਂ ਨੇ ਸਿੰਧ ਵਿਚ ਵੀ ਆਪਣੀ ਸੈਨਾ ਵਿਚ ਵਾਧਾ ਕੀਤਾ ਅਤੇ ਸਿੰਧੂ ਨਦੀ ‘ਤੇ ਇਕ ਪੁਲ ਬਣਾਇਆ ।
ਇਨ੍ਹਾਂ ਉਤੇਜਿਤ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਸੈਨਾ ਨੇ ਸਤਲੁਜ ਨਦੀ ਪਾਰ ਕੀਤੀ ਅਤੇ ਪਹਿਲਾ ਐਂਗਲੋ-ਸਿੱਖ ਯੁੱਧ ਸ਼ੁਰੂ ਕੀਤਾ ।
ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
- ਦੋਆਬਾ ਬਿਸਤ ਜਲੰਧਰ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
- ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਅਤੇ ਇਕ ਕੌਂਸਿਲ ਸਥਾਪਿਤ ਕੀਤੀ ਗਈ ਜਿਸ ਵਿਚ ਅੱਠ ਸਰਦਾਰ ਸਨ ।
- ਸਰ ਹੈਨਰੀ ਲਾਰੈਂਸ ਨੂੰ ਲਾਹੌਰ ਦਾ ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ ।
- ਸਿੱਖਾਂ ਨੇ 1\(\frac{1}{2}\) ਕਰੋੜ ਰੁਪਇਆ ਸਜ਼ਾ ਦੇ ਰੂਪ ਵਿੱਚ ਦੇਣਾ ਸੀ, ਉਨ੍ਹਾਂ ਦੇ ਖ਼ਜ਼ਾਨੇ ਵਿਚ ਕੇਵਲ 50 ਲੱਖ ਰੁਪਇਆ ਸੀ । ਬਾਕੀ ਰੁਪਇਆ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦਾ ਤ ਗੁਲਾਬ ਸਿੰਘ ਨੂੰ ਵੇਚ ਕੇ ਪੂਰਾ ਕੀਤਾ ।
- ਲਾਹੌਰ ਵਿਚ ਇਕ ਅੰਗਰੇਜ਼ੀ ਸੈਨਾ ਰੱਖਣ ਦੀ ਵਿਵਸਥਾ ਕੀਤੀ ਗਈ । ਇਸ ਸੈਨਾ ਦੇ 22 ਲੱਖ ਰੁਪਏ ਸਾਲਾਨਾ ਖ਼ਰਚ ਲਈ ਖ਼ਾਲਸਾ ਦਰਬਾਰ ਉੱਤਰਦਾਈ ਸੀ ।
- ਸਿੱਖ ਸੈਨਾ ਪਹਿਲਾਂ ਤੋਂ ਘਟਾ ਦਿੱਤੀ ਗਈ । ਹੁਣ ਉਸ ਦੀ ਸੈਨਾ ਵਿੱਚ ਕੇਵਲ 20 ਹਜ਼ਾਰ ਪੈਦਲ ਸੈਨਿਕ ਰਹਿ ਗਏ ਸਨ ।
ਪ੍ਰਸ਼ਨ 6.
ਦੂਜੇ ਸਿੱਖ ਯੁੱਧ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
ਇਸ ਯੁੱਧ ਦੇ ਕਾਰਨ ਹੇਠ ਲਿਖੇ ਹਨ-
- ਲਾਹੌਰ ਤੇ ਭੈਰੋਵਾਲ ਦੀ ਸੰਧੀ ਸਿੱਖਾਂ ਦੇ ਸਨਮਾਨ ‘ਤੇ ਇਕ ਕਰਾਰੀ ਸੱਟ ਸੀ । ਉਹ ਅੰਗਰੇਜ਼ਾਂ ਤੋਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸਨ ।
- 1847 ਅਤੇ 1848 ਈ: ਵਿਚ ਕੁਝ ਅਜਿਹੇ ਸੁਧਾਰ ਕੀਤੇ ਗਏ ਜੋ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਸਨ ! ਸਿੱਖ ਇਸ ਗੱਲ ਤੋਂ ਵੀ ਬੜੇ ਉਤੇਜਿਤ ਹੋਏ ।
- ਜਿਹੜੇ ਸਿੱਖ ਸੈਨਿਕਾਂ ਨੂੰ ਕੱਢ ਦਿੱਤਾ ਗਿਆ ਉਹ ਆਪਣੇ ਵੇਤਨ ਅਤੇ ਹੋਰ ਭੱਤਿਆਂ ਤੋਂ ਵਾਂਝੇ ਹੋ ਗਏ ਸਨ । ਇਸ ਲਈ ਉਹ ਵੀ ਅੰਗਰੇਜ਼ਾਂ ਤੋਂ ਬਦਲਾ ਲੈਣ ਦਾ ਮੌਕਾ ਲੱਭ ਰਹੇ ਸਨ ।
- ਯੁੱਧ ਦਾ ਤੱਤਕਾਲੀ ਕਾਰਨ ਮੁਲਤਾਨ ਦੇ ਗਵਰਨਰ ਮੂਲ ਰਾਜ ਦਾ ਵਿਦਰੋਹ ਸੀ ।
ਪ੍ਰਸ਼ਨ 7.
ਦੂਜੇ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਇਸ ਯੁੱਧ ਦੇ ਹੇਠ ਲਿਖੇ ਸਿੱਟੇ ਨਿਕਲੇ-
- 29 ਮਾਰਚ, 1849 ਈ: ਨੂੰ ਪੰਜਾਬ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ਅਤੇ ਇਸ ਦੇ ਸ਼ਾਸਨ ਪ੍ਰਬੰਧ ਲਈ ਤਿੰਨ ਅਧਿਕਾਰੀਆਂ ਦਾ ਇਕ ਬੋਰਡ ਸਥਾਪਿਤ ਕੀਤਾ ਗਿਆ ।
- ਦਲੀਪ ਸਿੰਘ ਦੀ ਪੰਜਾਹ ਹਜ਼ਾਰ ਪੌਂਡ ਸਾਲਾਨਾ ਪੈਨਸ਼ਨ ਨਿਯਤ ਕਰ ਦਿੱਤੀ ਗਈ ਅਤੇ ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ ।
- ਮੂਲ ਰਾਜ ‘ਤੇ ਮੁਕੱਦਮਾ ਚਲਾ ਕੇ ਉਸ ਨੂੰ ਕਾਲੇ ਪਾਣੀ ਭਿਜਵਾ ਦਿੱਤਾ ਗਿਆ ।
ਸੱਚ ਤਾਂ ਇਹ ਹੈ ਕਿ ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਕੱਟੜ ਦੁਸ਼ਮਣ ਪੰਜਾਬ ਉਨ੍ਹਾਂ ਦੇ ਸਾਮਰਾਜ ਦਾ ਹਿੱਸਾ ਬਣ ਗਿਆ । ਹੁਣ ਅੰਗਰੇਜ਼ ਨਿਰਸੰਕੋਚ ਆਪਣੀਆਂ ਨੀਤੀਆਂ ਨੂੰ ਲਾਗੂ ਕਰ ਸਕਦੇ ਸਨ ਅਤੇ ਭਾਰਤ ਦੇ ਲੋਕਾਂ ਨੂੰ ਗੁਲਾਮੀ ਦੇ ਜੰਜਾਲ ਵਿਚ ਜਕੜ ਸਕਦੇ ਸਨ ।
ਪ੍ਰਸ਼ਨ 8.
ਪੰਜਾਬ ਵਿਚ ਸਿੱਖ ਰਾਜ ਦੇ ਪਤਨ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
- ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ੈ-ਇੱਛਾਚਾਰੀ ਸ਼ਾਸਨ ਸੀ, ਇਸ ਨੂੰ ਚਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਗ ਵਿਅਕਤੀ ਦੀ ਹੀ ਲੋੜ ਸੀ ।ਇਸ ਲਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਬਾਅਦ ਇਸ ਰਾਜ ਨੂੰ ਕੋਈ ਨਾ ਸੰਭਾਲ ਸਕਿਆ ।
- ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰ ਨੀਤੀ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਹੌਸਲਾ ਵਧਦਾ ਗਿਆ, ਹੌਲੀ-ਹੌਲੀ ਅੰਗਰੇਜ਼ ਪੰਜਾਬ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸਮਝ ਗਏ ਅਤੇ ਅੰਤ ਵਿੱਚ ਉਨ੍ਹਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ ।
- ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ਕਤੀਸ਼ਾਲੀ ਸੈਨਾ ‘ਤੇ ਆਧਾਰਿਤ ਸੀ ਉਸ ਦੀ ਮੌਤ ਤੋਂ ਬਾਅਦ ਇਹ ਫ਼ੌਜ ਰਾਜ ਦੀ ਅਸਲ ਸ਼ਕਤੀ ਬਣ ਬੈਠੀ, ਇਸ ਲਈ ਸਿੱਖ ਸਰਦਾਰਾਂ ਨੇ ਇਸ ਸੈਨਾ ਨੂੰ ਖ਼ਤਮ ਕਰਨ ਲਈ ਅਨੇਕਾਂ ਯਤਨ ਕੀਤੇ ।
- ਪਹਿਲੇ ਅਤੇ ਦੂਸਰੇ ਐਂਗਲੋ-ਸਿੱਖ ਯੁੱਧ ਵਿੱਚ ਅਜਿਹੇ ਮੌਕੇ ਆਏ ਜਦੋਂ ਅੰਗਰੇਜ਼ ਹਾਰ ਜਾਣ ਵਾਲੇ ਸਨ, ਪਰੰਤੂ ਆਪਣੇ ਹੀ ਸਾਥੀਆਂ ਦੇ ਵਿਸ਼ਵਾਸਘਾਤ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।