This PSEB 11th Class Sociology Notes Chapter 1 ਸਮਾਜ ਸ਼ਾਸਤਰ ਦੀ ਉਤਪਤੀ will help you in revision during exams.
PSEB 11th Class Sociology Notes Chapter 1 ਸਮਾਜ ਸ਼ਾਸਤਰ ਦੀ ਉਤਪਤੀ
→ ਸਮਾਜ ਸ਼ਾਸਤਰ ਦੀ ਉਤਪੱਤੀ ਇੱਕ ਨਵੀਂ ਘਟਨਾ ਹੈ ਅਤੇ ਇਸਦੇ ਬਾਰੇ ਨਿਸ਼ਚਿਤ ਸਮਾਂ ਨਹੀਂ ਦੱਸ ਸਕਦੇ ਕਿ ਇਹ ਕਦੋਂ ਵਿਕਸਿਤ ਹੋਇਆ ਸਮਾਜ ਬਾਰੇ ਬਹੁਤ ਸਾਰੇ ਵਿਦਵਾਨਾਂ; ਜਿਵੇਂ ਕਿ-ਹੈਰੋਡੋਟਸ, ਪਲੈਟੋ, ਅਰਸਤੂ ਆਦਿ ਨੇ ਬਹੁਤ ਕੁੱਝ ਲਿਖਿਆ ਹੈ ਜੋ ਕਿ ਅੱਜ ਦੇ ਸਮਾਜ ਸ਼ਾਸਤਰ ਨਾਲ ਕਾਫੀ ਮਿਲਦਾ-ਜੁਲਦਾ ਹੈ ।
→ ਇੱਕ ਵਿਸ਼ੇ ਦੇ ਤੌਰ ਉੱਤੇ ਸਮਾਜ ਸ਼ਾਸਤਰ ਦੀ ਉਤਪੱਤੀ 1789 ਈ: ਦੀ ਫ਼ਰਾਂਸੀਸੀ ਕ੍ਰਾਂਤੀ ਤੋਂ ਬਾਅਦ ਸ਼ੁਰੂ ਹੋਈ, ਜਦੋਂ ਸਮਾਜ ਵਿੱਚ ਬਹੁਤ ਸਾਰੇ ਪਰਿਵਰਤਨ ਆਏ । ਬਹੁਤ ਸਾਰੇ ਵਿਦਵਾਨਾਂ; ਜਿਵੇਂ ਕਿ-ਅਗਸਤੇ ਕਾਮਤੇ, ਹਰਬਰਟ ਸਪੈਂਸਰ, ਇਮਾਈਲ ਦੁਰਖੀਮ ਅਤੇ ਸੈਕਸ ਵੈਬਰ ਨੇ ਸਮਾਜਿਕ ਵਿਵਸਥਾ, ਸੰਘਰਸ਼, ਸਥਾਈਪਨ ਅਤੇ ਪਰਿਵਰਤਨ ਦੇ ਅਧਿਐਨ ਉੱਤੇ ਜ਼ੋਰ ਦਿੱਤਾ ਜਿਸ ਕਾਰਨ ਸਮਾਜ ਸ਼ਾਸਤਰ ਵਿਕਸਿਤ ਹੋਇਆ ।
→ ਤਿੰਨ ਮੁੱਖ ਪ੍ਰਕ੍ਰਿਆਵਾਂ ਨੇ ਸਮਾਜ ਸ਼ਾਸਤਰ ਨੂੰ ਇੱਕ ਵੱਖਰਾ ਵਿਸ਼ਾ ਸਥਾਪਿਤ ਕਰਨ ਵਿੱਚ ਮੱਦਦ ਦਿੱਤੀ ਅਤੇ ਉਹ ਸਨ-
- ਫ਼ਰਾਂਸੀਸੀ ਕ੍ਰਾਂਤੀ ਅਤੇ ਪੁਨਰ ਗਿਆਨ ਦਾ ਅੰਦੋਲਨ
- ਪ੍ਰਾਕ੍ਰਿਤਕ ਵਿਗਿਆਨਾਂ ਦਾ ਵਿਕਾਸ ਅਤੇ
- ਉਦਯੋਗਿਕ ਸ਼ਾਂਤੀ ਅਤੇ ਨਗਰੀਕਰਣ ।
→ 1789 ਦੀ ਫ਼ਰਾਂਸੀਸੀ ਕ੍ਰਾਂਤੀ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਯੋਗਦਾਨ ਦਿੱਤਾ । ਉਹਨਾਂ ਨੇ ਚਰਚ ਦੀ ਸੱਤਾ ਨੂੰ ਚੁਣੌਤੀ ਦਿੱਤੀ ਅਤੇ ਲੋਕਾਂ ਨੂੰ ਅੰਨ੍ਹੇਵਾਹ ਚਰਚ ਦੀਆਂ ਸਿੱਖਿਆਵਾਂ ਨੂੰ ਨਾ ਮੰਨਣ ਲਈ ਕਿਹਾ । ਲੋਕ ਇਸ ਨਾਲ ਆਪਣੀਆਂ ਸਮੱਸਿਆਵਾਂ ਨੂੰ ਤਰਕਪੂਰਣ ਤਰੀਕੇ ਨਾਲ ਨਿਪਟਾਉਣ ਲਈ ਉਤਸ਼ਾਹਿਤ ਹੋਏ।
→ 16ਵੀਂ ਤੋਂ 17ਵੀਂ ਸਦੀ ਵਿਚਕਾਰ ਪ੍ਰਾਕ੍ਰਿਤਕ ਵਿਗਿਆਨਾਂ ਨੇ ਬਹੁਤ ਤਰੱਕੀ ਕੀਤੀ । ਇਸ ਤਰੱਕੀ ਨੇ ਸਮਾਜਿਕ ਵਿਚਾਰਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਵੀ ਸਮਾਜਿਕ ਖੇਤਰ ਵਿੱਚ ਨਵੀਆਂ ਖੋਜਾਂ ਕਰਨ । ਇਹ ਵਿਸ਼ਵਾਸ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਪ੍ਰਾਕ੍ਰਿਤਕ ਵਿਗਿਆਨਾਂ ਦੀ ਮੱਦਦ ਨਾਲ ਜੈਵਿਕ ਸੰਸਾਰ ਨੂੰ ਸਮਝਣ ਵਿੱਚ ਸਹਾਇਤਾ ਮਿਲੀ, ਕੀ ਉਸੇ ਤਰੀਕੇ ਨੂੰ ਸਮਾਜਿਕ ਘਟਨਾਵਾਂ ਉੱਤੇ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ? ਕਾਮਤੇ, ਸਪੈਂਸਰ, ਦੁਰਖੀਮ, ਵਰਗੇ ਸਮਾਜਸ਼ਾਸਤਰੀਆਂ ਨੇ ਉਸੇ ਤਰੀਕੇ ਨਾਲ ਸਮਾਜਿਕ ਘਟਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਫਲ ਵੀ ਹੋ ਗਏ |
→ 18ਵੀਂ ਸਦੀ ਵਿੱਚ ਯੂਰਪ ਵਿੱਚ ਉਦਯੋਗਿਕ ਕ੍ਰਾਂਤੀ ਹੋਈ ਜਿਸ ਨਾਲ ਉਦਯੋਗ ਅਤੇ ਸ਼ਹਿਰ ਵੱਧ ਗਏ । ਸ਼ਹਿਰਾਂ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਅਤੇ ਉਹਨਾਂ ਨੂੰ ਸਮਝਣ ਅਤੇ ਦੁਰ ਕਰਨ ਲਈ ਕਿਸੇ ਵਿਗਿਆਨ ਦੀ ਜ਼ਰੂਰਤ ਪਈ । ਇਸ ਪ੍ਰਸ਼ਨ ਦਾ ਉੱਤਰ ਸਮਾਜ ਸ਼ਾਸਤਰ ਦੇ ਰੂਪ ਵਿੱਚ ਸਾਹਮਣੇ ਆਇਆ ।
→ ਅਗਸਤੇ ਕਾਮਤੇ ਨੇ 1839 ਈ: ਵਿੱਚ ਸਭ ਤੋਂ ਪਹਿਲਾਂ ਸ਼ਬਦ ਸਮਾਜ ਸ਼ਾਸਤਰ ਦਾ ਪ੍ਰਯੋਗ ਕੀਤਾ ਤੇ ਉਸ ਨੂੰ ਸਮਾਜ ਸ਼ਾਸਤਰ ਦਾ ਜਨਕ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਦਾ ਸ਼ਾਬਦਿਕ ਅਰਥ ਹੈ ਸਮਾਜ ਦਾ ਵਿਗਿਆਨ ॥
→ ਕਈ ਵਿਦਵਾਨ ਸਮਾਜ ਸ਼ਾਸਤਰ ਨੂੰ ਇੱਕ ਵਿਗਿਆਨ ਦਾ ਦਰਜਾ ਦਿੰਦੇ ਹਨ ਕਿਉਂਕਿ ਉਹਨਾਂ ਅਨੁਸਾਰ ਸਮਾਜ ਸ਼ਾਸਤਰ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ, ਇਹ ਨਤੀਜੇ ਕੱਢਣ ਵਿੱਚ ਮਦਦ ਕਰਦਾ ਹੈ, ਇਸ ਦੇ ਨਿਯਮ ਸਰਵਵਿਆਪਕ ਹੁੰਦੇ ਹਨ ਅਤੇ ਇਹ ਭਵਿੱਖਵਾਣੀ ਕਰ ਸਕਦਾ ਹੈ ।
→ ਕੁੱਝ ਵਿਦਵਾਨ ਸਮਾਜ ਸ਼ਾਸਤਰ ਨੂੰ ਵਿਗਿਆਨ ਨਹੀਂ ਮੰਨਦੇ ਕਿਉਂਕਿ ਉਹਨਾਂ ਅਨੁਸਾਰ ਸਮਾਜ ਸ਼ਾਸਤਰ ਵਿੱਚ ਪ੍ਰੀਖਣ ਕਰਨ ਦੀ ਕਮੀ ਹੁੰਦੀ ਹੈ, ਇਸ ਵਿੱਚ ਨਿਰਪੱਖਤਾ ਨਹੀਂ ਹੁੰਦੀ, ਇਸ ਵਿੱਚ ਸ਼ਬਦਾਵਲੀ ਦੀ ਕਮੀ ਹੁੰਦੀ ਹੈ, ਇਸ ਵਿੱਚ ਅੰਕੜੇ ਇਕੱਠੇ ਕਰਨਾ ਮੁਸ਼ਕਿਲ ਹੁੰਦਾ ਹੈ ਆਦਿ ।
→ ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਬਾਰੇ ਦੋ ਸਕੂਲ ਪ੍ਰਚਲਿਤ ਹਨ ਤੇ ਉਹ ਹਨ-ਸਰੂਪਾਤਮਕ ਸਕੂਲ (Formalistic School) ਅਤੇ ਮਿਸ਼ਰਿਤ ਸਕੂਲ (Synthetic School) ।
→ ਸਰੂਪਾਤਮਕ ਸਕੂਲ ਅਨੁਸਾਰ ਸਮਾਜ ਸ਼ਾਸਤਰ ਇੱਕ ਸੁਤੰਤਰ ਵਿਗਿਆਨ ਹੈ ਜੋ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਜੋ ਹੋਰ ਕੋਈ ਵਿਗਿਆਨ ਨਹੀਂ ਕਰਦਾ ਹੈ । ਸਿੰਮਲ, ਟੋਨੀਜ਼, ਵੀਕਾਂਤ ਅਤੇ ਵਾਨ ਵੀਜ਼ੇ ਇਸ ਸਕੂਲ ਦੇ ਸਮਰਥਕ ਹਨ ।
→ ਮਿਸ਼ਰਿਤ ਸਕੂਲ ਅਨੁਸਾਰ ਸਮਾਜ ਸ਼ਾਸਤਰ ਇੱਕ ਸੁਤੰਤਰ ਵਿਗਿਆਨ ਨਹੀਂ ਹੈ ਬਲਕਿ ਇਹ ਹੋਰ ਸਾਰੇ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ ਜੋ ਆਪਣੀ ਵਿਸ਼ਾ-ਸਮੱਗਰੀ ਹੋਰ ਵਿਗਿਆਨਾਂ ਤੋਂ ਉਧਾਰ ਲੈਂਦਾ ਹੈ । ਦੁਰਖੀਮ, ਹਾਬਹਾਉਸ, ਸੋਰੋਕਿਨ ਆਦਿ ਇਸ ਸਕੂਲ ਦੇ ਮੁੱਖ ਸਮਰਥਕ ਹਨ ।
→ ਸਮਾਜ ਸ਼ਾਸਤਰ ਦੀ ਸਾਡੇ ਲਈ ਬਹੁਤ ਮਹੱਤਤਾ ਹੈ ਕਿਉਂਕਿ ਇਹ ਵੱਖ-ਵੱਖ ਤਰ੍ਹਾਂ ਦੀਆਂ ਸੰਸਥਾਵਾਂ ਦਾ ਅਧਿਐਨ ਕਰਦਾ ਹੈ, ਸਮਾਜ ਦੇ ਵਿਕਾਸ ਵਿੱਚ ਮੱਦਦ ਕਰਦਾ ਹੈ, ਸਮਾਜਿਕ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਵੀ ਮੱਦਦ ਕਰਦਾ ਹੈ ਅਤੇ ਆਮ ਜਨਤਾ ਦੇ ਕਲਿਆਣ ਦੇ ਪ੍ਰੋਗਰਾਮ ਬਣਾਉਣ ਵਿੱਚ ਵੀ ਮੱਦਦ ਕਰਦਾ ਹੈ ।