Punjab State Board PSEB 11th Class Sociology Book Solutions Chapter 4 ਸਮਾਜਿਕ ਸਮੂਹ Textbook Exercise Questions and Answers.
PSEB Solutions for Class 11 Sociology Chapter 4 ਸਮਾਜਿਕ ਸਮੂਹ
Sociology Guide for Class 11 PSEB ਸਮਾਜਿਕ ਸਮੂਹ Textbook Questions and Answers
I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਸਮੂਹਾਂ ਦੀਆਂ ਦੋ ਕਿਸਮਾਂ, ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਗੀਕਰਨ ਕਿਸ ਨੇ ਕੀਤਾ ਹੈ ।
ਉੱਤਰ-
ਡਬਲਯੂ. ਜੀ. ਸਨਰ (W.G. Sumner) ਨੇ ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਣਨ ਕੀਤਾ ਹੈ ।
ਪ੍ਰਸ਼ਨ 2.
ਅੰਦਰੂਨੀ ਗਰੁੱਪ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਅੰਤਰੀ ਸਮੂਹ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 3.
ਬਾਹਰੀ ਸਮੂਹ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਿਤਾ ਦਾ ਦਫ਼ਤਰ ਅਤੇ ਮਾਤਾ ਦਾ ਸਕੂਲ ਬਾਹਰੀ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 4.
‘ਸੰਦਰਭ ਸਮੂਹ’ ਦਾ ਵਿਚਾਰ ਕਿਸ ਨੇ ਦਿੱਤਾ ਹੈ ?
ਉੱਤਰ-
ਸੰਦਰਭ ਸਮੂਹ` ਦਾ ਵਿਚਾਰ ਪ੍ਰਸਿੱਧ ਸਮਾਜ ਸ਼ਾਸਤਰੀ ਰਾਬਰਟ ਕੇ. ਮਰਟਨ (Robert K. Merton) ਨੇ ਦਿੱਤਾ ਹੈ ।
ਪ੍ਰਸ਼ਨ 5.
‘ਅਸੀਂ’ ਦੀ ਭਾਵਨਾ ਕੀ ਹੈ ?
ਉੱਤਰ-
ਅਸੀਂ ਭਾਵਨਾ ਕਿਸੇ ਵਿਅਕਤੀ ਵਿੱਚ ਉਹ ਭਾਵਨਾ ਹੈ ਜਿਸ ਨਾਲ ਉਹ ਆਪਣੇ ਸਮੂਹ ਦੇ ਨਾਲ ਆਪਣੇ ਆਪ ਨੂੰ ਪਛਾਣਦਾ ਹੈ ਕਿ ਉਹ ਉਸ ਸਮੂਹ ਦਾ ਮੈਂਬਰ ਹੈ ।
ਪ੍ਰਸ਼ਨ 6.
ਸੀ. ਐੱਚ. ਕੂਲੇ ਦੁਆਰਾ ਦਿੱਤੇ ਗਏ ਮੁੱਢਲੇ ਸਮੂਹ ਬਾਰੇ ਦੋ ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਪਰਿਵਾਰ, ਗੁਆਂਢ ਅਤੇ ਖੇਡ ਸਮੂਹ ।
II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਸਮਾਜਿਕ ਸਮੂਹ ਦੀ ਪਰਿਭਾਸ਼ਾ ਦਿਓ ।
ਉੱਤਰ-
ਆਗਬਰਨ ਅਤੇ ਨਿਮਕਾ ਦੇ ਅਨੁਸਾਰ, “ਜਦੋਂ ਕਦੀ ਵੀ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਉਹ ਇੱਕ ਸਮਾਜਿਕ ਸਮੂਹ ਦਾ ਨਿਰਮਾਣ ਕਰਦੇ ਹਨ ।”
ਪ੍ਰਸ਼ਨ 2.
ਮੁੱਢਲੇ ਸਮੂਹ ਤੋਂ ਤੁਸੀਂ ਕੀ ਸਮਝਦੇ ਹੋ ? ਇੱਕ ਉਦਾਹਰਨ ਦਿਓ ।
ਉੱਤਰ-
ਉਹ ਸਮੂਹ ਜਿਹਨਾਂ ਨਾਲ ਸਾਡੀ ਸਰੀਰਿਕ ਰੂਪ ਨਾਲ ਨਜ਼ਦੀਕੀ ਹੁੰਦੀ ਹੈ, ਜਿਨ੍ਹਾਂ ਵਿੱਚ ਅਸੀਂ ਆਪਣਾਪਨ ਮਹਿਸੂਸ ਕਰਦੇ ਹਾਂ ਅਤੇ ਜਿਨ੍ਹਾਂ ਨਾਲ ਅਸੀਂ ਰਹਿਣਾ ਪਸੰਦ ਕਰਦੇ ਹਾਂ, ਮੁੱਢਲੇ ਸਮੂਹ ਹੁੰਦੇ ਹਨ । ਉਦਾਹਰਨ ਦੇ ਲਈ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ ।
ਪ੍ਰਸ਼ਨ 3.
ਗੌਣ ਸ਼ਮੂਹ ਤੋਂ ਤੁਹਾਡਾ ਕੀ ਭਾਵ ਹੈ ? ਉਦਾਹਰਨ ਸਹਿਤ ਲਿਖੋ !
ਉੱਤਰ-
ਉਹ ਸਮੁਹ ਜਿਨ੍ਹਾਂ ਦੀ ਮੈਂਬਰਸ਼ਿਪ ਅਸੀਂ ਆਪਣੀ ਇੱਛਾ ਨਾਲ ਕਿਸੇ ਉਦੇਸ਼ ਕਰਕੇ ਚੁਣਦੇ ਹਾਂ ਅਤੇ ਉਦੇਸ਼ ਦੀ ਪੂਰਤੀ ਹੋਣ ਤੇ ਮੈਂਬਰਸ਼ਿਪ ਛੱਡ ਦਿੰਦੇ ਹਾਂ, ਦੂਤੀਆ ਸਮੂਹ ਹੁੰਦੇ ਹਨ । ਇਹ ਅਸਥਾਈ ਹੁੰਦੇ ਹਨ । ਉਦਾਹਰਨ ਦੇ ਲਈ ਰਾਜਨੀਤਿਕ ਦਲ ।
ਪ੍ਰਸ਼ਨ 4.
ਅੰਤਰ ਸਮੂਹ ਅਤੇ ਬਾਹਰੀ ਸਮੂਹ ਵਿੱਚਕਾਰ ਦੋ ਅੰਤਰ ਦਿਓ ।
ਉੱਤਰ-
- ਅੰਤਰ ਸਮੂਹਾਂ ਵਿੱਚ ਆਪਣੇਪਨ ਦੀ ਭਾਵਨਾ ਹੁੰਦੀ ਹੈ ਪਰ ਬਾਹਰੀ ਸਮੂਹ ਵਿੱਚ ਇਸ ਭਾਵਨਾ ਦੀ ਕਮੀ | ਪਾਈ ਜਾਂਦੀ ਹੈ ।
- ਵਿਅਕਤੀ ਅੰਤਰ ਸਮੂਹਾਂ ਵਿੱਚ ਰਹਿਣਾ ਪਸੰਦ ਕਰਦਾ ਹੈ ਜਦਕਿ ਬਾਹਰੀ ਸਮੂਹ ਵਿੱਚ ਰਹਿਣਾ ਉਸ ਨੂੰ ਪਸੰਦ ਨਹੀਂ ਹੁੰਦਾ ।
ਪ੍ਰਸ਼ਨ 5.
ਗੌਣ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
- ਦੁਤੀਆ ਸਮੂਹਾਂ ਦੀ ਮੈਂਬਰਸ਼ਿਪ ਉਦੇਸ਼ਾਂ ਉੱਤੇ ਆਧਾਰਿਤ ਹੁੰਦੀ ਹੈ ।
- ਦੂਤੀਆ ਸਮੂਹਾਂ ਦੀ ਮੈਂਬਰਸ਼ਿਪ ਅਸਥਾਈ ਹੁੰਦੀ ਹੈ ਅਤੇ ਵਿਅਕਤੀ ਉਦੇਸ਼ ਦੀ ਪੂਰਤੀ ਤੋਂ ਇਹਨਾਂ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ।
- ਦੂਤੀਆ ਸਮੂਹਾਂ ਦਾ ਰਸਮੀ ਸੰਗਠਨ ਹੁੰਦਾ ਹੈ ।
- ਦੂਤੀਆ ਸਮੂਹਾਂ ਦੇ ਮੈਂਬਰਾਂ ਦੇ ਵਿਚਕਾਰ ਅਸਿੱਧੇ ਸੰਬੰਧ ਹੁੰਦੇ ਹਨ ।
ਪ੍ਰਸ਼ਨ 6.
ਮੁੱਢਲੇ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
- ਇਹਨਾਂ ਦੇ ਮੈਂਬਰਾਂ ਵਿਚਕਾਰ ਸਰੀਰਿਕ ਨਜ਼ਦੀਕੀ ਹੁੰਦੀ ਹੈ ।
- ਇਹਨਾਂ ਦਾ ਆਕਾਰ ਸੀਮਿਤ ਹੁੰਦਾ ਹੈ ।
- ਇਹ ਸਮੂਹ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ ।
- ਇਹਨਾਂ ਦੇ ਮੈਂਬਰਾਂ ਦੇ ਵਿਚਕਾਰ ਸਵਾਰਥ ਵਾਲੇ ਸੰਬੰਧ ਨਹੀਂ ਹੁੰਦੇ ।
- ਇਹਨਾਂ ਦੇ ਮੈਂਬਰਾਂ ਦੇ ਸੰਬੰਧਾਂ ਵਿਚਕਾਰ ਨਿਰੰਤਰਤਾ ਹੁੰਦੀ ਹੈ ।
III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਸਮਾਜਿਕ ਸਮੂਹ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-
- ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧ ਪਾਏ ਜਾਂਦੇ ਹਨ । ਸਮਾਜਿਕ ਸਮੂਹ ਵਿਅਕਤੀਆਂ ਦੇ ਇਕੱਠ ਨੂੰ ਨਹੀਂ ਕਿਹਾ ਜਾਂਦਾ ਬਲਕਿ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧਾਂ ਕਰਕੇ ਇਹ ਸਮਾਜਿਕ ਸਮੂਹ ਕਹਾਉਂਦਾ ਹੈ । ਇਹ ਆਪਸੀ ਸੰਬੰਧ ਅੰਤਰ ਕ੍ਰਿਆਵਾਂ ਦੇ ਨਤੀਜੇ ਵਜੋਂ ਪਾਏ ਜਾਂਦੇ ਹਨ ।
- ਸਮੂਹ ਵਿਚ ਏਕਤਾ ਦੀ ਭਾਵਨਾ ਵੀ ਪਾਈ ਜਾਂਦੀ ਹੈ । ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਏਕਤਾ ਦੀ ਭਾਵਨਾ ਕਰਕੇ ਹੀ ਵਿਅਕਤੀ ਆਪਸ ਵਿਚ ਇਕ ਦੂਸਰੇ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਹਮਦਰਦੀ ਤੇ ਪਿਆਰ ਆਦਿ ਵੀ ਇਸ ਦੇ ਤੱਤ ਹਨ ।
- ਸਮੂਹ ਦੇ ਮੈਂਬਰਾਂ ਵਿਚਕਾਰ ਅਸੀਂ ਦੀ ਭਾਵਨਾ ਜਾਂ ਹਮਭਾਵਨਾ ਪਾਈ ਜਾਂਦੀ ਹੈ ਅਤੇ ਉਨ੍ਹਾਂ ਵਿਚ ਅਪਣੱਤ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਤੇ ਉਹ ਇੱਕ ਦੂਜੇ ਦੀ ਮੱਦਦ ਕਰਦੇ ਹਨ ।
- ਸਮੂਹ ਦਾ ਆਪਣੇ ਮੈਂਬਰਾਂ ਦੇ ਵਿਵਹਾਰਾਂ ਉੱਤੇ ਨਿਯੰਤਰਨ ਹੁੰਦਾ ਹੈ ਅਤੇ ਇਹ ਨਿਯੰਤਰਨ ਪਰੰਪਰਾਵਾਂ, ਪ੍ਰਥਾਵਾਂ, ਨਿਯਮਾਂ ਆਦਿ ਦੁਆਰਾ ਪਾਇਆ ਜਾਂਦਾ ਹੈ ।
ਪ੍ਰਸ਼ਨ 2.
ਮੁੱਢਲੇ ਸਮੂਹ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
- ਮੁੱਢਲੇ ਸਮੂਹ ਦੇ ਵਿਚ ਵਿਅਕਤੀ ਅਤੇ ਸਮਾਜ ਦੋਨਾਂ ਦਾ ਵਿਕਾਸ ਹੁੰਦਾ ਹੈ ।
- ਹਰ ਇਕ ਵਿਅਕਤੀ ਦੇ ਅਨੁਭਵਾਂ ਵਿਚੋਂ ਸਭ ਤੋਂ ਪਹਿਲਾਂ ਸਮੂਹ ਇਹ ਹੀ ਪਾਇਆ ਜਾਂਦਾ ਹੈ ।
- ਸਮਾਜੀਕਰਨ ਦੀ ਪ੍ਰਕ੍ਰਿਆ ਵੀ ਇਸ ਸਮੂਹ ਨਾਲ ਸੰਬੰਧਿਤ ਹੈ ।
- ਵਿਅਕਤੀ ਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ ਕਿਉਂਕਿ ਸਮੁਹ ਵਿਅਕਤੀ ਦੇ ਵਿਚ ਸਮਾਜਿਕ ਗੁਣ ਭਰਦਾ ਹੈ ।
- ਵਿਅਕਤੀ ਇਸ ਦੇ ਅਧੀਨ ਆਪਣੇ ਸਮਾਜ ਦੇ ਪਰਿਮਾਪਾਂ, ਕੀਮਤਾਂ, ਪਰੰਪਰਾਵਾਂ, ਰੀਤੀ-ਰਿਵਾਜ ਆਦਿ ਦਾ ਵੀ ਗਿਆਨ ਪ੍ਰਾਪਤ ਕਰਦਾ ਹੈ ।
- ਵਿਅਕਤੀ ਸਭ ਤੋਂ ਪਹਿਲਾਂ ਇਸ ਦਾ ਮੈਂਬਰ ਬਣਦਾ ਹੈ ।
- ਸਮਾਜਿਕ ਨਿਯੰਤਰਨ ਦਾ ਆਧਾਰ ਵੀ ਪ੍ਰਾਥਮਿਕ ਸਮੂਹ ਵਿਚ ਹੁੰਦਾ ਹੈ ਜਿਸ ਵਿਚ ਸਮੂਹ ਦੇ ਹਿੱਤ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ।
ਪ੍ਰਸ਼ਨ 3.
ਪ੍ਰਾਥਮਿਕ ਸਮੂਹ ਅਤੇ ਦੁਤੀਆ ਸਮੂਹ ਵਿੱਚ ਅੰਤਰ ਲਿਖੋ ।
ਉੱਤਰ-
- ਪ੍ਰਾਥਮਿਕ ਸਮੂਹ ਆਕਾਰ ਵਿਚ ਛੋਟੇ ਹੁੰਦੇ ਹਨ ਅਤੇ ਦੂਤੀਆ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ।
- ਪਾਥਮਿਕ ਸਮੂਹਾਂ ਵਿਚ ਸੰਬੰਧ ਪ੍ਰਤੱਖ, ਨਿੱਜੀ ਅਤੇ ਗ਼ੈਰ-ਰਸਮੀ ਹੁੰਦੇ ਹਨ ਪਰ ਦੁਤੀਆ ਸਮੂਹਾਂ ਵਿਚ ਸੰਬੰਧ ਅਪ੍ਰਤੱਖ ਅਤੇ ਰਸਮੀ ਹੁੰਦੇ ਹਨ ।
- ਪ੍ਰਾਥਮਿਕ ਸਮੂਹਾਂ ਦੇ ਮੈਂਬਰਾਂ ਵਿਚ ਸਮੂਹਿਕ ਸਹਿਯੋਗ ਦੀ ਭਾਵਨਾ ਪਾਈ ਜਾਂਦੀ ਹੈ ਪਰ ਦੂਤੀਆ ਸਮੂਹਾਂ ਵਿਚ ਮੈਂਬਰ ਇਕ ਦੂਜੇ ਨਾਲ ਸਹਿਯੋਗ ਸਿਰਫ਼ ਆਪਣੇ ਵਿਸ਼ੇਸ਼ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕਰਦੇ ਹਨ ।
- ਪਾਥਮਿਕ ਸਮੂਹ ਦੇ ਮੈਂਬਰਾਂ ਦੇ ਵਿਚ ਆਪਸੀ ਸੰਬੰਧ ਦੀ ਅਵਧੀ ਬਹੁਤ ਲੰਬੀ ਹੁੰਦੀ ਹੈ ਪਰ ਦੁਤੀਆ ਸਮੂਹਾਂ ਦੇ ਵਿਚ ਅਵਧੀ ਦੀ ਕੋਈ ਸੀਮਾ ਨਿਸਚਿਤ ਨਹੀਂ ਹੁੰਦੀ ਇਹ ਘੱਟ ਵੀ ਹੋ ਸਕਦੀ ਹੈ ਤੇ ਵੱਧ ਵੀ ।
- ਪ੍ਰਾਥਮਿਕ ਸਮੂਹ ਵਧੇਰੇ ਕਰਕੇ ਪਿੰਡਾਂ ਵਿਚ ਪਾਏ ਜਾਂਦੇ ਹਨ ਪਰ ਦੁਤੀਆ ਸਮੂਹ ਵਧੇਰੇ ਕਰਕੇ ਸ਼ਹਿਰਾਂ ਵਿਚ ਪਾਏ ਜਾਂਦੇ ਹਨ ।
ਪ੍ਰਸ਼ਨ 4.
ਅੰਤਰ ਸਮੂਹ ਦੇ ਗੁਣ ਦੱਸੋ । ਉੱਤਰ-ਸਮਨਰ ਦੁਆਰਾ ਵਰਗੀਕ੍ਰਿਤ ਸਮੁਹ ਸੰਸਕ੍ਰਿਤਕ ਵਿਕਾਸ ਦੀਆਂ ਸਾਰੀਆਂ ਹੀ ਅਵਸਥਾਵਾਂ ਵਿਚ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਦੁਆਰਾ ਵਿਅਕਤੀ ਵੀ ਪ੍ਰਭਾਵਿਤ ਹੁੰਦਾ ਹੈ । ਅੰਤਰੀ ਸਮੂਹਾਂ ਨੂੰ ‘ਅਸੀਂ ਸਮੂਹ’ (We-group) ਵੀ ਕਿਹਾ ਜਾਂਦਾ ਹੈ । ਸਮੂਹ ਹੁੰਦੇ ਹਨ ਜਿਨ੍ਹਾਂ ਨੂੰ ਵਿਅਕਤੀ ਆਪਣਾ ਸਮਝਦਾ ਹੈ । ਵਿਅਕਤੀ ਇਹਨਾਂ ਸਮੂਹਾਂ ਨਾਲ ਸੰਬੰਧਿਤ ਵੀ ਹੁੰਦਾ ਹੈ । ਮੈਕਾਈਵਰ ਤੇ ਪੇਜ (MacIver and Page) ਨੇ ਆਪਣੀ ਕਿਤਾਬ ‘ਸਮਾਜ’ (Society) ਦੇ ਵਿਚ ਅੰਤਰੀ ਸਮੂਹਾਂ ਦਾ ਅਰਥ ਉਨ੍ਹਾਂ ਸਮੂਹਾਂ ਤੋਂ ਲਿਆ ਹੈ ਜਿਨ੍ਹਾਂ ਨਾਲ ਵਿਅਕਤੀ ਆਪਣੇ ਆਪ ਮਿਲ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਾਤ, ਧਰਮ, ਕਬੀਲਾ, ਲਿੰਗ ਆਦਿ ਕੁਝ ਇਹੋ ਜਿਹੇ ਸਮੂਹ ਹਨ ਜਿਨ੍ਹਾਂ ਬਾਰੇ ਵਿਅਕਤੀ ਨੂੰ ਪੂਰਾ ਗਿਆਨ ਹੁੰਦਾ ਹੈ ।
ਅੰਤਰੀ ਸਮੂਹਾਂ ਦੀ ਪ੍ਰਕਿਰਤੀ ਸ਼ਾਂਤੀ ਵਾਲੀ ਹੁੰਦੀ ਹੈ ਅਤੇ ਆਪਸੀ ਸਹਿਯੋਗ, ਆਪਸੀ ਮਿਲਵਰਤਨ, ਸਦਭਾਵਨਾ ਆਦਿ ਵਰਗੇ ਗੁਣ ਪਾਏ ਜਾਂਦੇ ਹਨ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਦਾ ਬਾਹਰਲਿਆਂ ਪ੍ਰਤੀ ਦ੍ਰਿਸ਼ਟੀਕੋਣ ਦੁਸ਼ਮਣੀ ਵਾਲਾ ਹੁੰਦਾ ਹੈ । ਇਹਨਾਂ ਸਮੂਹਾਂ ਦੇ ਵਿਚ ਮਨਾਹੀ ਵੀ ਹੁੰਦੀ ਹੈ । ਕਈ ਵਾਰੀ ਲੜਾਈ ਕਰਨ ਸਮੇਂ ਲੋਕ ਇਕ ਸਮੂਹ ਨਾਲ ਜੁੜ ਕੇ ਦੂਸਰੇ ਸਮੂਹ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ । ਅੰਤਰੀ ਸਮੂਹਾਂ ਦੇ ਵਿਚ “ਅਸੀਂ ਦੀ ਭਾਵਨਾ’ ਪਾਈ ਜਾਂਦੀ ਹੈ ।
IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਸਮਾਜਿਕ ਸਮੂਹ ਬਾਰੇ ਤੁਸੀਂ ਕੀ ਸਮਝਦੇ ਹੋ, ਇਸ ‘ਤੇ ਵਿਸਤਾਰ ਨੋਟ ਲਿਖੋ ।
ਉੱਤਰ-
ਸਮੂਹ ਦਾ ਅਰਥ (Meaning of Group) – ਆਮ ਆਦਮੀ ਰੋਜ਼ਾਨਾ ਦੀ ਬੋਲਚਾਲ ਦੀ ਭਾਸ਼ਾ ਵਿਚ ਸਮੂਹ ਸ਼ਬਦ ਦਾ ਪ੍ਰਯੋਗ ਕਰਦਾ ਹੈ । ਆਮ ਆਦਮੀ ਦੇ ਲਈ ਸਮੂਹ ਸ਼ਬਦ ਦਾ ਇਕ ਨਹੀਂ ਬਲਕਿ ਕਈ ਅਰਥ ਹਨ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਲੋਕਾਂ ਉੱਪਰ ਕਿਸੇ ਚੀਜ਼ ਦੇ ਪ੍ਰਭਾਵ ਦਾ ਅਧਿਐਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਚੀਜ਼ ਨੂੰ ਦੋ ਸਮੂਹਾਂ ਵਿਚ ਰੱਖ ਕੇ ਹੀ ਅਧਿਐਨ ਕਰਨਾ ਪਵੇਗਾ । ਪਹਿਲਾ ਸਮੁਹ ਤਾਂ ਉਹ ਹੋਵੇਗਾ ਕਿ ਜਿਹੜਾ ਉਸ ਚੀਜ਼ ਦਾ ਪ੍ਰਯੋਗ ਨਹੀਂ ਕਰਦਾ ਹੈ ਤੇ ਦੂਜਾ ਸਮੂਹ ਉਹ ਹੋਵੇਗਾ ਜਿਹੜਾ ਉਸ ਚੀਜ਼ ਦਾ ਪ੍ਰਯੋਗ ਕਰਦਾ ਹੈ । ਦੋਵੇਂ ਸਮੂਹ ਇਕ-ਦੂਜੇ ਤੋਂ ਦੂਰ ਵੀ ਹੋ ਸਕਦੇ ਹਨ ਅਤੇ ਨੇੜੇ ਵੀ ਹੋ ਸਕਦੇ ਹਨ । ਇਸ ਤਰ੍ਹਾਂ ਜੇਕਰ ਸਾਡੇ ਉਦੇਸ਼ ਵੱਖ ਹਨ ਤਾਂ ਸਮੂਹ ਵੀ ਵੱਖ ਹੋ ਸਕਦੇ ਹਨ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿਚ ਮਨੁੱਖਾਂ ਦਾ ਇਕੱਠ ਲੋਕਾਂ ਦੇ ਸਮੂਹ ਨੂੰ ਕਹਿੰਦੇ ਹਨ ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਸਮੁਹ ਵਿਚ ਹਿੱਸਾ ਲੈਣ ਨਾਲ ਸੰਬੰਧਿਤ ਹੁੰਦੀ ਹੈ । ਜਨਮ ਤੋਂ ਬਾਅਦ ਸਭ ਤੋਂ ਪਹਿਲਾ ਸਮੂਹ ਉਸ ਨੂੰ ਪਰਿਵਾਰ ਮਿਲਦਾ ਹੈ ਤੇ ਫਿਰ ਸਮੇਂ ਦੇ ਨਾਲ-ਨਾਲ ਉਹ ਹੋਰ ਦੂਜੇ ਸਮੂਹਾਂ ਦਾ ਮੈਂਬਰ ਬਣ ਜਾਂਦਾ ਹੈ । ਹਰ ਇਕ ਸਮਾਜਿਕ ਸਮੂਹ ਵਿਚ ਮਨੁੱਖਾਂ ਦੀਆਂ ਅਰਥ ਭਰਪੂਰ ਕ੍ਰਿਆਵਾਂ ਮਿਲਦੀਆਂ ਹਨ । ਵਿਅਕਤੀ ਨਾ ਸਿਰਫ਼ ਇਹਨਾਂ ਸਮੂਹਾਂ ਦੇ ਵਿਚ ਸੰਬੰਧ ਸਥਾਪਿਤ ਕਰਦਾ ਹੈ ਬਲਕਿ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਵੀ ਕਰਦਾ ਹੈ । ਸਮੂਹ ਦੇ ਅਰਥ ਇਕ ਆਮ ਆਦਮੀ ਲਈ ਤੇ ਸਮਾਜ ਵਿਗਿਆਨੀ ਲਈ ਵੱਖ-ਵੱਖ ਹਨ | ਆਮ ਆਦਮੀ ਲਈ ਸਮੂਹ ਕੁਝ ਨਹੀਂ ਬਲਕਿ ਕੁਝ ਮਨੁੱਖਾਂ ਦਾ ਇਕੱਠ ਹੈ । ਪਰ ਸਮਾਜ ਵਿਗਿਆਨੀ ਦੇ ਲਈ ਇਸਦੇ ਹੋਰ ਅਰਥ ਹਨ । ਸਮਾਜ ਵਿਗਿਆਨੀ ਲਈ ਕੁਝ ਮਨੁੱਖਾਂ ਦਾ ਇਕੱਠ ਉਸ ਸਮੇਂ ਹੁੰਦਾ ਹੈ ਜਦੋਂ ਉਹਨਾਂ ਮਨੁੱਖਾਂ ਵਿਚਕਾਰ ਨਿਸ਼ਚਿਤ ਸੰਬੰਧ ਹੁੰਦੇ ਹਨ ਤੇ ਇਹਨਾਂ ਸੰਬੰਧਾਂ ਦਾ ਨਤੀਜਾ ਪਿਆਰ ਦੀ ਭਾਵਨਾ ਹੋਵੇ ।
ਸਮੂਹ ਦੀਆਂ ਪਰਿਭਾਸ਼ਾਵਾਂ (Definitions of Group)
- ਸੈਂਡਰਸਨ (Sanderson) ਦੇ ਅਨੁਸਾਰ, “ਸਮੂਹ ਦੋ ਜਾਂ ਦੋ ਤੋਂ ਵੱਧ ਮਨੁੱਖਾਂ ਦਾ ਇਕੱਠ ਹੈ ਜਿਸ ਵਿਚ . ਮਨੋਵਿਗਿਆਨਕ ਅੰਤਰ ਕਾਰਜ ਦਾ ਇਕ ਨਿਸ਼ਚਿਤ ਢੰਗ ਪਾਇਆ ਜਾਂਦਾ ਹੈ ਤੇ ਆਪਣੇ ਵਿਸ਼ੇਸ਼ ਪ੍ਰਕਾਰ ਦੇ ਸਮੂਹਿਕ ਵਿਵਹਾਰ ਦੇ ਕਾਰਨ ਆਪਣੇ ਮੈਂਬਰਾਂ ਅਤੇ ਜ਼ਿਆਦਾਤਰ ਦੁਜਿਆਂ ਦੁਆਰਾ ਹੀ ਇਸ ਨੂੰ ਅਸਲੀ ਵਸਤੁ ਸਮਝਿਆ ਜਾਂਦਾ ਹੈ ।”
- ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮਾਜਿਕ ਸਮੂਹ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਨੂੰ ਕਹਿੰਦੇ ਹਨ ਜਿਸ ਦਾ ਧਿਆਨ ਕੁੱਝ ਸਾਂਝੇ ਉਦੇਸ਼ਾਂ ਉੱਤੇ ਹੁੰਦਾ ਹੈ ਅਤੇ ਜੋ ਇਕ-ਦੂਜੇ ਨੂੰ ਪ੍ਰੇਰਨਾ ਦਿੰਦੇ ਹੋਣ, ਜਿਨ੍ਹਾਂ ਵਿਚ ਸਾਂਝੀ ਭਾਵਨਾ ਹੋਵੇ ਅਤੇ ਜੋ ਸਾਂਝੀਆਂ ਕ੍ਰਿਆਵਾਂ ਵਿਚ ਸ਼ਾਮਿਲ ਹੋਣ ।”
- ਹੈਰੀ ਐਮ. ਜਾਨਸਨ (Harry M. Johnson) ਦੇ ਅਨੁਸਾਰ, “ਸਮਾਜਿਕ ਸਮੂਹ ਅੰਤਰ-ਕ੍ਰਿਆਵਾਂ ਦੀ ਵਿਵਸਥਾ ਹੈ ।”
- ਗਿਲਿਨ ਅਤੇ ਗਿਲਿਨ (Gillen and Gillen) ਦੇ ਅਨੁਸਾਰ, “ਸਮਾਜਿਕ ਸਮੂਹ ਦੀ ਉੱਤਪਤੀ ਲਈ ਇਕ ਅਜਿਹੀ ਪ੍ਰਸਥਿਤੀ ਦਾ ਹੋਣਾ ਜ਼ਰੂਰੀ ਹੈ ਜਿਸ ਨਾਲ ਸੰਬੰਧਿਤ ਵਿਅਕਤੀਆਂ ਵਿਚ ਅਰਥ ਪੂਰਨ ਅੰਤਰ ਉਤੇਜਨਾ ਅਤੇ ਅਰਥ ਪੂਰਨ ਪ੍ਰਤੀਕ੍ਰਿਆ ਹੋ ਸਕੇ ਅਤੇ ਜਿਸ ਵਿਚ ਸਾਂਝੀਆਂ ਉਤੇਜਨਾਵਾਂ ਅਤੇ ਹਿੱਤਾਂ ਉੱਤੇ ਸਭ ਦਾ ਧਿਆਨ ਕੇਂਦਰਿਤ ਹੋ ਸਕੇ ਅਤੇ ਕੁੱਝ ਸਾਂਝੀਆਂ ਪ੍ਰਤੀਆਂ, ਪ੍ਰੇਰਨਾਵਾਂ ਅਤੇ ਭਾਵਨਾਵਾਂ ਦਾ ਵਿਕਾਸ ਹੋ ਸਕੇ ।”
ਇਸ ਤਰ੍ਹਾਂ ਉੱਪਰ ਦਿੱਤੀਆਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੁੱਝ ਵਿਅਕਤੀਆਂ ਦਾ ਇਕੱਠ, ਜਿਹੜਾ ਸਰੀਰਕ ਤੌਰ ਉੱਤੇ ਇਕ-ਦੂਜੇ ਦੇ ਨੇੜੇ ਹੈ ਪਰੰਤੂ ਉਹ ਆਪਣੇ ਸਾਂਝੇ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਇਕਦੂਜੇ ਨੂੰ ਸਹਿਯੋਗ ਨਹੀਂ ਕਰਦੇ ਅਤੇ ਇਕ-ਦੂਜੇ ਦੀ ਅੰਤਰ ਕ੍ਰਿਆ ਨਾਲ ਪ੍ਰਭਾਵਿਤ ਨਹੀਂ ਹੁੰਦੇ, ਤਾਂ ਉਹ ਸਮੂਹ ਨਹੀਂ ਕਹਾ ਸਕਦਾ । ਇਸ ਇਕੱਠ ਨੂੰ ਤਾਂ ਸਿਰਫ਼ ਭੀੜ ਹੀ ਕਿਹਾ ਜਾ ਸਕਦਾ ਹੈ । ਸਮਾਜ ਵਿਗਿਆਨ ਲਈ ਸਮੂਹ ਉਹਨਾਂ ਵਿਅਕਤੀਆਂ ਦਾ ਇਕੱਠ ਹੈ ਜੋ ਇਕੋ ਜਿਹੇ ਹੋਣ ਅਤੇ ਜਿਸ ਦੇ ਮੈਂਬਰਾਂ ਵਿਚਕਾਰ ਆਪਸੀ ਸਮਾਜਿਕ ਕ੍ਰਿਆ, ਪ੍ਰਤੀਕ੍ਰਿਆ, ਸੰਬੰਧ, ਸਾਂਝੇ ਹਿਤ, ਚੇਤਨਾ, ਉਤੇਜਨਾਵਾਂ, ਸਵਾਰਥ, ਭਾਵਨਾਵਾਂ ਹੁੰਦੇ ਹਨ । ਸਮੂਹ ਦੇ ਮੈਂਬਰ ਇਸ ਤਰੀਕੇ ਨਾਲ ਇਕ-ਦੂਜੇ ਨਾਲ ਬੰਨ੍ਹੇ ਰਹਿੰਦੇ ਹਨ ਅਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ । ਸਮੂਹ ਦੇ ਵਿਚ ਵਿਚਾਰਾਂ ਦਾ ਲੈਣ-ਦੇਣ ਵੀ ਹੁੰਦਾ ਹੈਂ ਅਤੇ ਸਮੂਹ ਦੇ ਮੈਂਬਰਾਂ ਵਿਚ ਸਿਰਫ਼ ਸਰੀਰਕ ਨੇੜਤਾ ਨਹੀਂ ਬਲਕਿ ਚੇਤਨਾ ਅਤੇ ਇਕ-ਦੂਜੇ ਪ੍ਰਤੀ ਖਿੱਚ ਵੀ ਪਾਈ ਜਾਂਦੀ ਹੈ । ਇਹਨਾਂ ਦੇ ਸਾਂਝੇ ਸਵਾਰਥ ਅਤੇ ਹਿੱਤ ਹੁੰਦੇ ਹਨ ।
ਪ੍ਰਸ਼ਨ 2.
ਤੁਸੀਂ ਮੁੱਢਲੇ ਅਤੇ ਗੌਣ ਸਮੂਹਾਂ ਦਾ ਕਿਸ ਤਰ੍ਹਾਂ ਵਰਣਨ ਕਰੋਗੇ ।
ਉੱਤਰ-
ਮੁੱਢਲੇ ਜਾਂ ਪ੍ਰਾਥਮਿਕ ਸਮੂਹ (Primary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਸਮਾਜਿਕ ਸਮੂਹਾਂ ਦਾ ਵਰਗੀਕਰਣ ਕੀਤਾ ਹੈ ਤੇ ਦੋ ਪ੍ਰਕਾਰ ਦੇ ਸਮੂਹਾਂ ਮੁੱਢਲੇ ਅਤੇ ਗੌਣ ਬਾਰੇ ਦੱਸਿਆ ਹੈ । ਇਸ ਵਰਗੀਕਰਣ ਨੂੰ ਹਰੇਕ ਸਮਾਜ ਵਿਗਿਆਨੀ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ । ਕੂਲੇ ਨੇ ਮੁੱਢਲੇ ਸਮੂਹ ਵਿਚ ਬਹੁਤ ਹੀ ਨੇੜੇ ਦੇ ਸੰਬੰਧਾਂ ਨੂੰ ਸ਼ਾਮਲ ਕੀਤਾ ਹੈ, ਜਿਵੇਂ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ । ਕੂਲੇ ਦੇ ਅਨੁਸਾਰ ਇਸ ਪ੍ਰਕਾਰ ਦੇ ਸਮੂਹਾਂ ਵਿਚ ਵਿਅਕਤੀਆਂ ਦੇ ਇਕ-ਦੂਜੇ ਨਾਲ ਸੰਬੰਧ ਹਮਦਰਦੀ, ਆਦਰ, ਸਹਿਯੋਗ ਅਤੇ ਪਿਆਰ ਵਾਲੇ ਹੁੰਦੇ ਹਨ । ਇਹਨਾਂ ਸਮੂਹਾਂ ਵਿਚ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਕੰਮ ਕਰਦਾ ਹੈ । ਇਹਨਾਂ ਸਮੂਹਾਂ ਵਿਚ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਅਤੇ ਸੰਬੰਧ ਵੀ ਈਰਖਾ ਵਾਲੇ ਨਹੀਂ ਹੁੰਦੇ । ਇਹਨਾਂ ਸਮੂਹਾਂ ਦੇ ਮੈਂਬਰਾਂ ਵਿਚ ਵਿਅਕਤੀਗਤ ਦੀ ਥਾਂ ਸਮੂਹਿਕ ਭਾਵਨਾ ਹੁੰਦੀ ਹੈ ਅਤੇ ਇਹ ਸਮੂਹ ਵਿਅਕਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ।
ਕੂਲੇ ਨੇ ਮੁੱਢਲੇ ਸਮੂਹ ਦੀ ਪਰਿਭਾਸ਼ਾ ਦਿੱਤੀ ਹੈ । ਕੂਲੇ (Cooley) ਦੇ ਅਨੁਸਾਰ, “ਮੁੱਢਲੇ ਸਮੂਹ ਤੋਂ ਮੇਰਾ ਭਾਵ ਉਹਨਾਂ ਸਮੂਹਾਂ ਤੋਂ ਹੈ ਜਿਨ੍ਹਾਂ ਵਿਚ ਖ਼ਾਸ ਕਰ ਕੇ ਆਹਮੋ-ਸਾਹਮਣੇ ਦੇ ਸੰਬੰਧ ਪਾਏ ਜਾਂਦੇ ਹਨ । ਇਹ ਮੁੱਢਲੇ ਕਈ ਅਰਥ ਵਿਚ ਹਨ ਪਰੰਤੂ ਮੁੱਖ ਤੌਰ ‘ਤੇ ਇਸ ਅਰਥ ਵਿਚ ਕਿ ਵਿਅਕਤੀ ਦੇ ਸੁਭਾਅ ਅਤੇ ਆਦਰਸ਼ ਦਾ ਨਿਰਮਾਣ ਕਰਨ ਵਿਚ ਮੌਲਿਕ ਹਨ । ਇਹਨਾਂ ਗੁੜੇ ਤੇ ਸਹਿਯੋਗੀ ਸੰਬੰਧਾਂ ਦੇ ਨਤੀਜੇ ਵਜੋਂ ਮੈਂਬਰਾਂ ਦੇ ਵਿਅਕਤਿਤੱਵ ਸਾਂਝੀ ਪੂਰਨਤਾ ਵਿਚ ਘੁਲ ਮਿਲ ਜਾਂਦੇ ਹਨ ਤਾਂ ਜੋ ਘੱਟੋ-ਘੱਟ ਕਈ ਉਦੇਸ਼ਾਂ ਲਈ ਵਿਅਕਤੀ ਦਾ ਸਵੈ ਹੀ ਸਮੂਹ ਦਾ ਸਾਂਝਾ ਜੀਵਨ ਤੇ ਉਦੇਸ਼ ਬਣ ਜਾਂਦਾ ਹੈ । ਸ਼ਾਇਦ ਇਸ ਪੂਰਨਤਾ ਨੂੰ ਵਰਣਨ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ । ਇਸ ਨੂੰ ਅਸੀਂ ਸਮੁਹ ਵੀ ਕਿਹਾ ਜਾਂਦਾ ਹੈ, ਇਸ ਵਿਚ ਹਮਦਰਦੀ ਤੇ ਪਰਸਪਰ ਪਹਿਚਾਣ ਦੀ ਭਾਵਨਾ ਲੁਪਤ ਹੁੰਦੀ ਹੈ ਅਤੇ ਅਸੀਂ ਇਸ ਦਾ ਕੁਦਰਤੀ ਪ੍ਰਗਟਾਵਾ ਹੈ ।”
ਕੂਲੇ ਦੇ ਅਨੁਸਾਰ ਮੁੱਢਲੇ ਸਮੂਹ ਮੁੱਢਲੇ ਇਸ ਕਰਕੇ ਹਨ ਕਿ ਇਹ ਸਮੂਹ ਵਿਅਕਤੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ । ਵਿਅਕਤੀ ਤੇ ਸਮਾਜ ਦਾ ਸੰਪਰਕ ਵੀ ਇਹਨਾਂ ਦੀ ਮਦਦ ਨਾਲ ਹੁੰਦਾ ਹੈ । ਕਿਉਂਕਿ ਇਹਨਾਂ ਵਿਚ ਸੰਬੰਧ ਆਹਮੋਸਾਹਮਣੇ ਦੇ ਹੁੰਦੇ ਹਨ ਇਸ ਕਰਕੇ ਇਹਨਾਂ ਵਿਚ ਪਿਆਰ, ਹਮਦਰਦੀ, ਨਿੱਜੀਪਣ ਤੇ ਸਹਿਯੋਗ ਦੀ ਭਾਵਨਾ ਵੀ ਪਾਈ ਜਾਂਦੀ ਹੈ । ਇਹਨਾਂ ਸਮੂਹਾਂ ਵਿਚ ਵਿਅਕਤੀ ਇਕ-ਦੂਜੇ ਨਾਲ ਐਨਾ ਜੁੜ ਜਾਂਦੇ ਹਨ ਕਿ ਨਿੱਜੀ ਸਵਾਰਥ ਵੀ ਭਾਵਨਾ ਉਹਨਾਂ ਵਿਚ ਬਿਲਕੁਲ ਹੀ ਖਤਮ ਹੋ ਜਾਂਦੀ ਹੈ । ਲੋੜ ਪੈਣ ਉੱਤੇ ਉਹ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਛੋਟੀ-ਮੋਟੀ ਗੱਲ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ । ਇਹ ਵਿਅਕਤੀ ਕੇ ਵਿਅਕਤਿੱਤਵ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ । ਕੁਲੇ ਦਾ ਕਹਿਣਾ ਹੈ ਕਿ, “ਇਹ ਸਮੂਹ ਲਗਭਗ ਸਾਰੇ ਸਮਿਆਂ ਤੇ ਵਿਕਾਸ ਦੇ ਸਭ ਪੱਧਰਾਂ ਉੱਤੇ ਸਰਬਵਿਆਪਕ ਰਹੇ ਹਨ । ਇਹ ਮਨੁੱਖੀ ਸੁਭਾਅ ਅਤੇ ਮਨੁੱਖੀ ਆਦਰਸ਼ਾਂ ਵਿਚ ਜੋ ਸਰਬਵਿਆਪਕ ਅੰਸ਼ ਹੈ, ਉਸ ਦੇ ਮੁੱਖ ਆਧਾਰ ਹਨ ।”
ਕੂਲੇ ਨੇ ਤਿੰਨ ਪ੍ਰਕਾਰ ਦੇ ਮੁੱਢਲੇ ਸਮੂਹਾਂ ਨੂੰ ਮਹੱਤਵਪੂਰਨ ਦੱਸਿਆ ਹੈ-
- ਪਰਿਵਾਰ (Family)
- ਖੇਡ ਸਮੂਹ (Play group)
- ਗੁਆਂਢ (Neighbour level) ।
ਕੂਲੇ ਦਾ ਕਹਿਣਾ ਹੈ ਕਿ ਇਹ ਤਿੰਨੋਂ ਸਮੂਹ ਹਰੇਕ ਸਮਾਜ ਵਿਚ ਹਰ ਸਮੇਂ ਨਾਲ ਸੰਬੰਧਿਤ ਹੋਣ ਕਰਕੇ ਸਰਬਵਿਆਪਕ ਹਨ । ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਵਿਅਕਤੀ ਇਹਨਾਂ ਵਿਚ ਵੀ ਪ੍ਰਵੇਸ਼ ਕਰਦਾ ਹੈ । ਜਨਮ ਤੋਂ ਬਾਅਦ ਬੱਚਾ ਆਪਣੇ ਆਪ ਜਿਉਂਦਾ ਨਹੀਂ ਰਹਿ ਸਕਦਾ । ਬੱਚੇ ਦੇ ਪਾਲਣ ਪੋਸ਼ਣ ਲਈ ਪਰਿਵਾਰ ਹੀ ਉਹ ਸਮੂਹ ਹੈ ਜਿਸ ਵਿਚ ਵਿਅਕਤੀ ਆਪਣੇ ਆਪ ਨੂੰ ਸ਼ਾਮਲ ਕਰਦਾ ਹੈ । ਬੱਚੇ ਦਾ ਸਮਾਜੀਕਰਣ ਪਰਿਵਾਰ ਵਿਚ ਹੀ ਹੁੰਦਾ ਹੈ ਅਤੇ ਸਮਾਜ ਵਿਚ ਰਹਿਣ ਦੇ ਤਰੀਕੇ ਸਿੱਖਦਾ ਹੈ । ਬੱਚੇ ਦੀ ਮੁੱਢਲੀ ਸਿੱਖਿਆ ਪਰਿਵਾਰ ਵਿਚ ਰਹਿ ਕੇ ਹੀ ਹੁੰਦੀ ਹੈ । ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਸੰਸਕ੍ਰਿਤੀ, ਰੀਤੀਰਿਵਾਜ ਬੱਚਾ ਪਰਿਵਾਰ ਵਿਚ ਰਹਿ ਕੇ ਹੀ ਸਿੱਖਦਾ ਹੈ ।
ਪਰਿਵਾਰ ਵਿਚ ਵਿਅਕਤੀਆਂ ਦੇ ਸੰਬੰਧ ਆਪਸ ਵਿਚ ਸਿੱਧੇ ਹੁੰਦੇ ਹਨ ਜਿਸ ਕਰਕੇ ਆਪਸੀ ਸਹਿਯੋਗ ਦੀ ਭਾਵਨਾ ਵੱਧ ਜਾਂਦੀ ਹੈ । ਪਰਿਵਾਰ ਤੋਂ ਬਾਅਦ ਬੱਚਾ ਗੁਆਂਢ ਦੇ ਸੰਪਰਕ ਵਿਚ ਆਉਂਦਾ ਹੈ ਕਿਉਂਕਿ ਘਰ ਤੋਂ ਬਾਹਰ ਉਹ ਗੁਆਂਢ ਵਿਚ ਹੀ ਜਾਂਦਾ ਹੈ । ਗੁਆਂਢ ਵਿਚ ਉਸ ਨੂੰ ਪਰਿਵਾਰ ਵਰਗਾ ਹੀ ਪਿਆਰ ਪ੍ਰਾਪਤ ਹੁੰਦਾ ਹੈ । ਉਸ ਨੂੰ ਗੁਆਂਢ ਤੋਂ ਹੀ ਪਤਾ ਚਲਦਾ ਹੈ ਕਿ ਵੱਡਿਆਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਤੇ ਕਿਸ ਤਰ੍ਹਾਂ ਕਿਸੇ ਦਾ ਆਦਰ ਕਰਨਾ ਹੈ । ਗੁਆਂਢ ਤੋਂ ਬਾਅਦ ਉਹ ਖੇਡ ਸਮੂਹ ਦੇ ਸੰਪਰਕ ਵਿਚ ਆਉਂਦਾ ਹੈ | ਖੇਡ ਸਮੂਹ ਵਿਚ ਉਸ ਦੀ ਆਪਣੀ ਉਮਰ ਦੇ ਬੱਚੇ ਹੁੰਦੇ ਹਨ । ਜਿਸ ਕਰਕੇ ਉਹ ਆਪਣੇ ਆਪ ਨੂੰ ਕੁਝ ਸੁਤੰਤਰ ਮਹਿਸੂਸ ਕਰਦਾ ਹੈ । ਖੇਡਦੇ ਹੋਏ ਉਹ ਹੋਰਾਂ ਬੱਚਿਆਂ ਨਾਲ ਸਹਿਯੋਗ ਕਰਨਾ ਸਿੱਖਦਾ ਹੈ ਅਤੇ ਖੇਡ ਦੇ ਨਿਯਮਾਂ ਦੀ ਪਾਲਣਾ ਕਰਨਾ ਸਿੱਖਦਾ ਹੈ । ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਵਿਚ ਅਨੁਸ਼ਾਸਨ ਆ ਜਾਂਦਾ ਹੈ ਅਤੇ ਉਹ ਹੋਰ ਵਿਅਕਤੀਆਂ ਪ੍ਰਤੀ ਵਿਵਹਾਰ ਅਤੇ ਕੰਮ ਕਰਨਾ ਸਿੱਖ ਜਾਂਦਾ ਹੈ । ਇਸ ਸਭ ਨਾਲ ਉਸ ਦੇ ਚਰਿੱਤਰ ਦਾ ਨਿਰਮਾਣ ਅਤੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਇਸ ਵਿਚ ਨੇੜੇ ਦੇ ਸੰਬੰਧ ਹੁੰਦੇ ਹਨ ਜਿਸ ਕਰਕੇ ਇਹਨਾਂ ਨੂੰ ਪ੍ਰਾਰੰਭਿਕ, ਪ੍ਰਾਥਮਿਕ ਜਾਂ ਪ੍ਰਾਇਮਰੀ ਸਮੂਹ ਕਿਹਾ ਜਾਂਦਾ ਹੈ ।
ਗੌਣ ਜਾਂ ਦੂਤੀਆ ਸਮੂਹ (Secondary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਪ੍ਰਾਥਮਿਕ ਸਮੂਹਾਂ ਦੇ ਨਾਲ-ਨਾਲ ਦੂਤੀਆਂ ਸਮੂਹਾਂ ਦਾ ਵੀ ਵਰਣਨ ਕੀਤਾ ਹੈ । ਵਿਅਕਤੀ ਪ੍ਰਾਥਮਿਕ ਸਮੂਹਾਂ ਵਿਚ ਵੱਡਾ ਹੁੰਦਾ ਹੈ ਪਰ ਅੱਜ-ਕਲ੍ਹ ਦੇ ਗੁੰਝਲਦਾਰ ਸਮਾਜਾਂ ਵਿਚ ਵਿਅਕਤੀ ਸਿਰਫ਼ ਮੁੱਢਲੇ ਸਮੂਹਾਂ ਵਿਚ ਰਹਿ ਕੇ ਹੀ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਸਕਦਾ । ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਵਿਅਕਤੀ ਨੂੰ ਹੋਰ ਵਿਅਕਤੀਆਂ ਉੱਪਰ ਨਿਰਭਰ ਰਹਿਣਾ ਪੈਂਦਾ ਹੈ । ਇਸ ਕਰਕੇ ਹੀ ਸੌਣ ਸਮੂਹਾਂ ਦੀ ਆਧੁਨਿਕ ਸਮੂਹਾਂ ਵਿਚ ਬਹੁਤ ਮਹੱਤਤਾ ਹੁੰਦੀ ਹੈ । ਗੌਣ ਸਮੂਹਾਂ ਦੀ ਮਹੱਤਤਾ ਵੱਧਣ ਕਰਕੇ ਮੁੱਢਲੇ ਸਮੂਹਾਂ ਦੀ ਮਹੱਤਤਾ ਘੱਟ ਗਈ ਹੈ ਤੇ ਇਹਨਾਂ ਸਮੂਹਾਂ ਦੀ ਥਾਂ ਹੋਰ ਸੰਸਥਾਵਾਂ ਨੇ ਲੈ ਲਈ ਹੈ । ਸ਼ਹਿਰਾਂ ਵਿਚ ਤਾਂ ਮੁੱਢਲੇ ਸਮੂਹ ਬਹੁਤ ਹੀ ਘੱਟ ਹੋ ਗਏ ਹਨ । ਗੌਣ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਮੈਂਬਰਾਂ ਵਿਚਕਾਰ ਅਸੀਂ ਸੰਬੰਧ ਹੁੰਦੇ ਹਨ ।
ਗੌਣ ਸਮੂਹਾਂ ਵਿਚ ਹਰੇਕ ਵਿਅਕਤੀ ਆਪਣਾ ਵੱਖ-ਵੱਖ ਕੰਮ ਕਰਦਾ ਹੈ ਪਰ ਫਿਰ ਵੀ ਉਹ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ! ਗੌਣ ਸਮੂਹਾਂ ਵਿਚ ਮੈਂਬਰਾਂ ਦੇ ਵਿਸ਼ੇਸ਼ ਉਦੇਸ਼ ਹੁੰਦੇ ਹਨ ਜਿਹੜੇ ਕਿ ਆਪਸੀ ਸਹਿਯੋਗ ਨਾਲ ਪ੍ਰਾਪਤ ਕੀਤੇ ਜਾਂਦੇ ਹਨ । ਦੇਸ਼, ਸਭਾਵਾਂ, ਕਲੱਬ, ਰਾਜਨੀਤਿਕ ਸਮੂਹ ਜਾਂ ਦਲ ਦੁਤੀਆ ਸਮੂਹਾਂ ਦੀਆਂ ਉਦਾਹਰਨਾਂ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਬਣਾਏ ਜਾਂਦੇ ਹਨ । ਇਹਨਾਂ ਸਮੂਹਾਂ ਦੇ ਮੈਂਬਰ ਇਕ-ਦੂਜੇ ਨੂੰ ਨਹੀਂ ਜਾਣਦੇ ਹੁੰਦੇ ਤੇ ਅਸਿੱਧੇ ਰੂਪ ਵਿਚ ਇਕ-ਦੂਜੇ ਨੂੰ ਸਹਿਯੋਗ ਕਰਦੇ ਹਨ ।
ਗੌਣ ਸਮੂਹ ਕਿਸੇ ਵਿਸ਼ੇਸ਼ ਉਦੇਸ਼ ਲਈ ਬਣਾਏ ਜਾਂਦੇ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ । ਵਿਅਕਤੀ ਆਪਣੇ ਕਿਸੇ ਵਿਸ਼ੇਸ਼ ਉਦੇਸ਼ ਨੂੰ ਪੂਰਾ ਕਰਨ ਲਈ ਗੌਣ ਸਮੂਹਾਂ ਦਾ ਮੈਂਬਰ ਬਣਦਾ ਹੈ ਅਤੇ ਆਪਣੇ ਉਦੇਸ਼ ਦੇ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਮੂਹਾਂ ਨੂੰ ਛੱਡ ਦਿੰਦਾ ਹੈ । ਗੌਣ ਸਮੂਹਾਂ ਦੇ ਮੈਂਬਰਾਂ ਦੇ ਆਪਸੀ ਸੰਬੰਧਾਂ ਵਿਚ ਨੇੜਤਾ ਅਤੇ ਗੁੜਾਪਨ ਨਹੀਂ ਹੁੰਦਾ । ਗੌਣ ਸਮੂਹ ਦੇ ਮੈਂਬਰ ਰਸਮੀ ਨਿਯੰਤਰਨ ਦੇ ਸਾਧਨਾਂ ਦੁਆਰਾ ਨਿਯੰਤਰਿਤ ਹੁੰਦੇ ਹਨ । ਆਕਾਰ ਵੱਡਾ ਹੋਣ ਦੇ ਕਾਰਨ ਮੈਂਬਰ ਇਕ-ਦੂਜੇ ਨੂੰ ਨਿੱਜੀ ਰੂਪ ਵਿਚ ਨਹੀਂ ਜਾਣਦੇ ਹੁੰਦੇ ਇਨ੍ਹਾਂ ਦੀ ਮੱਦਦ ਨਾਲ ਰੀਤੀ-ਰਿਵਾਜ ਅਤੇ ਸਮਾਜਿਕ ਨਿਯਮ ਵੀ ਬਣਦੇ ਹਨ ।
ਪ੍ਰਸ਼ਨ 3.
ਤੁਸੀਂ ਸਮਾਜ ਦੇ ਮੈਂਬਰ ਹੁੰਦੇ ਹੋਏ ਅਲੱਗ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੋ, ਤੁਸੀਂ ਇਸ ਨੂੰ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਦੇਖਦੇ ਹੋ ?
ਉੱਤਰ-
ਅਸੀਂ ਸਾਰੇ ਲੋਕ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਕਈ ਪ੍ਰਕਾਰ ਦੇ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੀ ਰਹਿੰਦੇ ਹਾਂ । ਜੇਕਰ ਅਸੀਂ ਸਮਾਜ ਸ਼ਾਸਤਰੀ ਪਰਿਪੇਖ ਨਾਲ ਦੇਖੀਏ ਤਾਂ ਅਸੀਂ ਇਹਨਾਂ ਨੂੰ ਕਈ ਭਾਗਾਂ ਵਿੱਚ ਵੰਡ ਸਕਦੇ ਹਾਂ | ਅਸੀਂ ਪਰਿਵਾਰ ਵਿੱਚ ਰਹਿੰਦੇ ਹਾਂ, ਗੁਆਂਢੀਆਂ ਨਾਲ ਅੰਤਰਕਿਰਿਆ ਕਰਦੇ ਹਾਂ, ਆਪਣੇ ਦੋਸਤਾਂ ਦੇ ਸਮੂਹ ਨਾਲ ਬੈਠਦੇ ਹਾਂ । ਇਹ ਸਮੂਹ ਮੁੱਢਲੇ ਸਮੂਹ ਹੁੰਦੇ ਹਨ ਕਿਉਂਕਿ ਅਸੀਂ ਇਹਨਾਂ ਸਮੂਹਾਂ ਦੇ ਮੈਂਬਰਾਂ ਨਾਲ ਪ੍ਰਤੱਖ ਰੂਪ ਨਾਲ ਅੰਤਰਕਿਰਿਆ ਕਰਦੇ ਹਾਂ ਅਤੇ ਅਸੀਂ ਇਹਨਾਂ ਨਾਲ ਬੈਠਣਾ ਪਸੰਦ ਕਰਦੇ ਹਾਂ । ਅਸੀਂ ਇਹਨਾਂ ਸਮੂਹਾਂ ਦੇ ਸਥਾਈ ਮੈਂਬਰ ਹੁੰਦੇ ਹਾਂ ਅਤੇ ਮੈਂਬਰਾਂ ਵਿਚਕਾਰ ਗੈਰ-ਰਸਮੀ ਸੰਬੰਧ ਹੁੰਦੇ ਹਨ । ਇਹਨਾਂ ਸਮੂਹਾਂ ਦਾ ਸਾਡੇ ਜੀਵਨ ਵਿੱਚ ਬਹੁਤ . ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਇਹਨਾਂ ਸਮੂਹਾਂ ਤੋਂ ਬਿਨਾਂ ਵਿਅਕਤੀ ਜੀਊਂਦਾ ਨਹੀਂ ਰਹਿ ਸਕਦਾ । ਵਿਅਕਤੀ ਜਿੱਥੇ ਮਰਜੀ ਚਲਾ ਜਾਵੇ, ਪਰਿਵਾਰ, ਗੁਆਂਢ ਅਤੇ ਖੇਡ ਸਮੂਹ ਜਿਹੇ ਪ੍ਰਾਥਮਿਕ ਸਮੁਹ ਉਸਨੂੰ ਹਰ ਥਾਂ ਉੱਤੇ ਮਿਲ ਜਾਣਗੇ ।
ਮੁੱਢਲੇ ਸਮੂਹਾਂ ਦੇ ਨਾਲ-ਨਾਲ ਵਿਅਕਤੀ ਕੁਝ ਅਜਿਹੇ ਸਮੂਹਾਂ ਦਾ ਵੀ ਮੈਂਬਰ ਹੁੰਦਾ ਹੈ ਜਿਨ੍ਹਾਂ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀ ਇੱਛਾ ਨਾਲ ਹੀ ਇਹਨਾਂ ਦਾ ਮੈਂਬਰ ਬਣਦਾ ਹੈ । ਅਜਿਹੇ ਸਮੂਹਾਂ ਨੂੰ ਗੌਣ ਸਮੂਹ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਸਮੂਹਾਂ ਦਾ ਇੱਕ ਰਸਮੀ ਸੰਗਠਨ ਹੁੰਦਾ ਹੈ ਜਿਸਦੇ ਮੈਂਬਰਾਂ ਦੀ ਚੋਣ ਸਮੇਂ-ਸਮੇਂ ਉੱਤੇ ਹੁੰਦੀ ਰਹਿੰਦੀ ਹੈ । ਵਿਅਕਤੀ ਇਹਨਾਂ ਸਮੂਹਾਂ ਦਾ ਮੈਂਬਰ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਬਣਦਾ ਹੈ ਅਤੇ ਉਹ ਉਦੇਸ਼ ਪ੍ਰਾਪਤੀ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਰਾਜਨੀਤਿਕ ਦਲ, ਟਰੇਡ ਯੂਨੀਅਨ ਆਦਿ ਵਰਗੇ ਸਮੂਹ ਇਹਨਾਂ ਦੀ ਉਦਾਹਰਨ ਹਨ ।
ਜੇਕਰ ਕੋਈ ਆਮ ਵਿਅਕਤੀ ਵੱਖ-ਵੱਖ ਸਮੂਹਾਂ ਨਾਲ ਅੰਤਰਕਿਰਿਆ ਕਰਦਾ ਹੈ ਤਾਂ ਉਸ ਲਈ ਇਹਨਾਂ ਸਮੂਹਾਂ ਦਾ ਕੋਈ ਵੱਖ-ਵੱਖ ਅਰਥ ਨਹੀਂ ਹੋਵੇਗਾ ਪਰੰਤੁ ਇੱਕ ਸਮਾਜ ਸ਼ਾਸਤਰੀ ਪਰਿਪੇਖ ਤੋਂ ਸਾਰੇ ਪ੍ਰਕਾਰ ਦੇ ਸਮੂਹਾਂ ਨੂੰ ਵੱਖ-ਵੱਖ ਪ੍ਰਕਾਰਾਂ ਵਿੱਚ ਵੰਡਿਆ ਜਾ ਸਕਦਾ ਹੈ । ਇੱਥੋਂ ਤੱਕ ਕਿ ਵੱਖ-ਵੱਖ ਸਮਾਜ ਸ਼ਾਸਤਰੀਆਂ ਨੇ ਵੀ ਇਹਨਾਂ ਦੇ ਵੱਖ-ਵੱਖ ਪ੍ਰਕਾਰ ਦਿੱਤੇ ਹਨ | ਕਿਉਂਕਿ ਇਹਨਾਂ ਨਾਲ ਸਾਡਾ ਅੰਤਰਕਿਰਿਆ ਕਰਨ ਦਾ ਤਰੀਕਾ ਵੀ ਵੱਖ-ਵੱਖ ਹੁੰਦਾ ਹੈ ।
ਪ੍ਰਸ਼ਨ 4.
ਮਨੁੱਖ ਦੀ ਜ਼ਿੰਦਗੀ ਸਮੁਹ ਦੀ ਜ਼ਿੰਦਗੀ ਹੈ । ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਦਾ ਜੀਵਨ ਸਹਿਕ ਜੀਵਨ ਹੁੰਦਾ ਹੈ ਅਤੇ ਉਹ ਸਮੂਹ ਵਿੱਚ ਹੀ ਪੈਦਾ ਹੁੰਦਾ ਅਤੇ ਮਰਦਾ ਹੈ । ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਉਸ ਦਾ ਹੱਥ ਸਭ ਤੋਂ ਪਹਿਲਾ ਪਰਿਵਾਰ ਨਾਮਕ ਪ੍ਰਾਥਮਿਕ ਸਮੂਹ ਹੀ ਫੜਦਾ ਹੈ । ਮਨੁੱਖਾਂ ਦੇ ਬੱਚੇ ਸਾਰੇ ਜੀਵਾਂ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਧ ਸਮੇਂ ਲਈ ਆਪਣੇ ਪਰਿਵਾਰ ਉੱਤੇ ਨਿਰਭਰ ਕਰਦੇ ਹਨ । ਪਰਿਵਾਰ ਆਪਣੇ ਬੱਚੇ ਨੂੰ ਪਾਲਦਾ ਹੈ ਅਤੇ ਹੌਲੀ-ਹੌਲੀ ਵੱਡਾ ਕਰਦਾ ਹੈ ਜਿਸ ਕਾਰਨ ਉਸ ਨੂੰ ਆਪਣੇ ਪਰਿਵਾਰ ਨਾਲ ਸਭ ਤੋਂ ਵੱਧ ਪਿਆਰ ਅਤੇ ਲਗਾਵ ਹੁੰਦਾ ਹੈ । ਪਰਿਵਾਰ ਹੀ ਬੱਚੇ ਦਾ ਸਮਾਜੀਕਰਨ ਕਰਦਾ ਹੈ, ਉਸਨੂੰ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਂਦਾ ਹੈ, ਉਸ ਦੀ ਸਿੱਖਿਆ ਦਾ ਪ੍ਰਬੰਧ ਕਰਦਾ ਹੈ ਤਾਂਕਿ ਉਹ ਅੱਗੇ ਚੱਲ ਕੇ ਸਮਾਜ ਦਾ ਚੰਗਾ ਨਾਗਰਿਕ ਬਣ ਸਕੇ । ਇਸ ਤਰ੍ਹਾਂ ਪਰਿਵਾਰ ਨਾਮਕ ਸਮੂਹ ਵਿਅਕਤੀ ਨੂੰ ਸਮੂਹਿਕ ਜੀਵਨ ਦਾ ਪਹਿਲਾ ਪਾਠ ਪੜ੍ਹਾਉਂਦੇ ਹਨ ।
ਪਰਿਵਾਰ ਤੋਂ ਬਾਅਦ ਬੱਚਾ ਜਿਹੜੇ ਸਮੂਹ ਨਾਲ ਘੁਲਦਾ-ਮਿਲਦਾ ਹੈ ਉਹ ਹਨ ਗੁਆਂਢ ਅਤੇ ਖੇਡ ਸਮੂਹ । ਛੋਟੇ ਜਿਹੇ ਬੱਚੇ ਨੂੰ ਗੁਆਂਢ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਪਰਿਵਾਰ ਤੋਂ ਇਲਾਵਾ ਹੋਰ ਲੋਕ ਬੱਚੇ ਨੂੰ ਪਿਆਰ ਕਰਦੇ ਹਨ । ਬੱਚੇ ਦੇ ਗ਼ਲਤ ਕੰਮ ਕਰਨ ਉੱਤੇ ਉਸ ਨੂੰ ਡਾਂਟਿਆ ਵੀ ਜਾਂਦਾ ਹੈ । ਇਸਦੇ ਨਾਲ-ਨਾਲ ਬੱਚਾ ਮੁਹੱਲੇ ਦੇ ਹੋਰ ਬੱਚਿਆਂ ਨਾਲ ਮਿਲ ਕੇ ਖੇਡ ਸਮੂਹ ਦਾ ਨਿਰਮਾਣ ਕਰਦਾ ਹੈ ਅਤੇ ਨਵੇਂ-ਨਵੇਂ ਨਿਯਮ ਸਿੱਖਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਹੀ ਬੱਚੇ ਵਿੱਚ ਨੇਤਾ ਬਣਨ ਦੇ ਗੁਣ ਪਨਪ ਜਾਂਦੇ ਹਨ ਜੋ ਕਿ ਸਮਾਜਿਕ ਜੀਵਨ ਜੀਣ ਲਈ ਬਹੁਤ ਜ਼ਰੂਰੀ ਹੈ । ਇਹ ਦੋਵੇਂ ਸਮੁਹ ਵੀ ਪ੍ਰਾਥਮਿਕ ਸਮੂਹ ਹੁੰਦੇ ਹਨ ।
ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਹੋਰ ਕਈ ਪ੍ਰਕਾਰ ਦੇ ਸਮੂਹਾਂ ਦਾ ਮੈਂਬਰ ਬਣਦਾ ਹੈ ਜਿਨ੍ਹਾਂ ਨੂੰ ਦੂਤੀਆ ਸਮੂਹ ਕਿਹਾ ਜਾਂਦਾ ਹੈ । ਉਹ ਕਿਸੇ ਦਫ਼ਤਰ ਵਿੱਚ ਨੌਕਰੀ ਕਰਦਾ ਹੈ, ਕਿਸੇ ਕਲੱਬ, ਕਿਸੇ ਸੰਸਥਾ ਜਾਂ ਸਭਾ ਦਾ ਮੈਂਬਰ ਬਣਦਾ ਹੈ ਤਾਂਕਿ ਕੁਝ ਉਦੇਸ਼ਾਂ ਦੀ ਪੂਰਤੀ ਕੀਤੀ ਜਾ ਸਕੇ । ਉਹ ਕਿਸੇ ਰਾਜਨੀਤਿਕ ਦਲ, ਟਰੇਡ ਯੂਨੀਅਨ ਜਾਂ ਕਿਸੇ ਹੋਰ ਸਭਾ ਦੀ ਮੈਂਬਰਸ਼ਿਪ ਵੀ ਹਿਣ ਕਰਦਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਜੀਵਨ ਦੇ ਹਰੇਕ ਸਮੇਂ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਬਣਿਆ ਰਹਿੰਦਾ ਹੈ । ਉਹ ਆਪਣੀ ਮੌਤ ਤੱਕ ਬਹੁਤ ਸਾਰੇ ਸਮੂਹਾਂ ਦਾ ਮੈਂਬਰ ਬਣਦਾ ਰਹਿੰਦਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਪ ਛੱਡਦਾ ਰਹਿੰਦਾ ਹੈ ।
ਇਸ ਤਰ੍ਹਾਂ ਉੱਪਰ ਲਿਖੀ ਵਿਆਖਿਆ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਹੈ ਜਦੋਂ ਉਹ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਨਹੀਂ ਹੁੰਦਾ । ਇਸ ਤਰ੍ਹਾਂ ਮਨੁੱਖੀ ਜੀਵਨ ਸਮੂਹਿਕ ਜੀਵਨ ਹੁੰਦਾ ਹੈ ਅਤੇ ਸਮੂਹਾਂ ਤੋਂ ਬਿਨਾਂ ਉਸਦੇ ਜੀਵਨ ਦਾ ਕੋਈ ਅਸਤਿੱਤਵ ਹੀ ਨਹੀਂ ਹੈ ।