Punjab State Board PSEB 12th Class Environmental Education Book Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ Textbook Exercise Questions and Answers.
PSEB Solutions for Class 12 Environmental Education Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ
Environmental Education Guide for Class 12 PSEB ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ Textbook Questions and Answers
ਪ੍ਰਸ਼ਨ 1.
ਝੋਨੇ ਦੀ ਪਰਾਲੀ ਤੋਂ ਤੂੜੀ ਕਿਉਂ ਨਹੀਂ ਬਣਾਈ ਜਾ ਸਕਦੀ ?
ਉੱਤਰ-
ਕਣਕ ਅਤੇ ਝੋਨੇ ਦੀ ਫ਼ਸਲ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਈ ਤਰ੍ਹਾਂ ਦੀਆਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦੇ ਸਿੱਟੇ ਵਜੋਂ ਵੱਡੀ ਮਾਤਰਾ ਵਿੱਚ ਇਨ੍ਹਾਂ ਫ਼ਸਲਾਂ ਦੀ ਨਾੜ ਵੀ ਪੈਦਾ ਹੁੰਦੀ ਹੈ । ਨਾੜ ਦੀ ਮਜ਼ਬੂਤੀ ਫ਼ਸਲ ਦੇ ਸਿੱਟਿਆਂ ਨੂੰ ਖੜ੍ਹਾ ਰੱਖਣ ਵਿਚ ਅਤੇ ਪੱਕਣ ਵਿਚ ਸਹਾਇਤਾ ਕਰਦੀ ਹੈ । ਵਾਢੀ ਤੋਂ ਬਾਅਦ ਕਣਕ ਦੀ ਨਾੜ ਤੋਂ ਰੀਪਰ ਨਾਲ ਤੂੜੀ ਬਣਾ ਲਈ ਜਾਂਦੀ ਹੈ, ਜਦਕਿ ਝੋਨੇ ਦੀ ਨਾੜ ਵਿੱਚ ਸਿਲੀਕਾ (Silica) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਖੇਤ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ । ਸਿਲੀਕਾ ਕਾਰਨ ਝੋਨੇ ਦੀ ਨਾੜ ਨੂੰ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤਿਆ ਜਾ ਸਕਦਾ ਹੈ ।
ਪ੍ਰਸ਼ਨ 2.
ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ?
ਉੱਤਰ-
ਕਿਸਾਨ ਝੋਨੇ ਦੀ ਪਰਾਲੀ ਨੂੰ ਸੰਭਾਲਣ ਦਾ ਕੋਈ ਜਲਦ ਹੱਲ ਨਾ ਹੋਣ ਕਾਰਨ ਇਸ ਨੂੰ ਅੱਗ ਲਗਾ ਦਿੰਦੇ ਹਨ । ਕਿਸਾਨ ਕਣਕ ਦੀ ਬਿਜਾਈ ਲਈ ਖੇਤਾਂ ਨੂੰ ਤਿਆਰ ਕਰਨ ਦੀ ਕਾਹਲੀ ਵਿਚ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਅਤੇ ਖੇਤਾਂ ਵਿਚ ਹੀ ਸਾੜ ਦਿੰਦੇ ਹਨ। ਕਿਉਂਕਿ ਉਨ੍ਹਾਂ ਕੋਲ ਠੋਸ ਰਹਿੰਦ-ਖੂੰਹਦ ਦਾ ਜਲਦ ਨਿਪਟਾਰਾ ਉਪਲੱਬਧ ਨਾ ਹੋਣ ਕਾਰਨ ਮਜ਼ਬੂਰੀ ਵੱਸ ਇਸ ਤਰ੍ਹਾਂ ਕਰਦੇ ਹਨ ।
ਪ੍ਰਸ਼ਨ 3.
ਪਰਾਲੀ ਸਾੜਨ ਨਾਲ ਪੈਦਾ ਹੋਇਆ ਧੂੰਆਂ ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਪਰਾਲੀ ਨੂੰ ਅੱਗ ਲਾਉਣ ਕਾਰਨ ਚਾਰ-ਚੁਫੇਰੇ ਫੈਲੇ ਧੂੰਏਂ ਕਾਰਨ ਸਾਹ ਦੀਆਂ ਬੀਮਾਰੀਆਂ, ਅੱਖਾਂ ਦੀ ਜਲਣ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ । | ਇਸ ਧੂੰਏਂ ਅਤੇ ਧੂੜ-ਕਣ ਦੇ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।
ਪ੍ਰਸ਼ਨ 4.
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਨਾਲ ਜ਼ਮੀਨ ਦੀ ਸਿਹਤ ਵਿਚ ਨਿਘਾਰ ਕਿਉਂ ਆਉਂਦਾ ਹੈ ?
ਉੱਤਰ-
- ਅੱਗ ਲਾਉਣ ਕਾਰਨ ਜ਼ਮੀਨ ਦੀ ਉੱਪਰਲੀ ਸਤਾ ਦਾ ਤਾਪਮਾਨ ਵਧਣ ਕਾਰਨ ਇਸ ਵਿੱਚ ਮਿਲਣ ਵਾਲੇ ਸੂਖ਼ਮ ਕਣ, ਬੈਕਟੀਰੀਆ, ਉੱਲੀ, ਮਿੱਤਰ ਕੀੜੇ ਅਤੇ ਕਈ ਹੋਰ ਜਾਨਵਰ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ।
- ਜ਼ਮੀਨ ਵਿੱਚੋਂ ਫ਼ਸਲਾਂ ਨੂੰ ਮਿਲਣ ਵਾਲੇ ਲਾਭਦਾਇਕ ਤੱਤ ਅਤੇ ਯੌਗਿਕ ਵੀ ਤਾਪਮਾਨ ਵਿਚ ਹੋਣ ਵਾਲੇ ਵਾਧੇ ਕਾਰਨ ਨਸ਼ਟ ਹੋ ਜਾਂਦੇ ਹਨ ।
- ਇੱਕ ਟਨ ਪਰਾਲੀ ਸਾੜਨ ਨਾਲ 400 ਕਿਲੋਗ੍ਰਾਮ ਯੋਗਿਕ ਕਾਰਬਨ, 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ ਅਤੇ 1.2 ਕਿਲੋਗ੍ਰਾਮ ਸਲਫਰ ਦਾ ਨੁਕਸਾਨ ਹੁੰਦਾ ਹੈ ।
ਸਿੱਟੇ ਵਜੋਂ ਜ਼ਮੀਨ ਦੀ ਸਿਹਤ ਹਰ ਸਾਲ ਨਿਘਰਦੀ ਜਾਂਦੀ ਹੈ ।
ਪ੍ਰਸ਼ਨ 5.
ਅਜਿਹੇ ਕੁੱਝ ਉਦਯੋਗਾਂ ਦੀ ਚਰਚਾ ਕਰੋ ਜਿਨ੍ਹਾਂ ਵਿੱਚ ਪਰਾਲੀ ਵਰਤੀ ਜਾਂਦੀ ਹੈ ।
ਉੱਤਰ-
- ਝੋਨੇ ਦੀ ਪਰਾਲੀ ਦੀ ਵਰਤੋਂ ਬਿਜਲੀ ਘਰਾਂ ਵਿੱਚ ਬਾਲਣ ਵਜੋਂ ਕੀਤੀ ਜਾਂਦੀ ਹੈ ।
- ਪਰਾਲੀ ਨੂੰ ਬਾਇਓਗੈਸ ਦੀ ਤਿਆਰੀ ਲਈ ਵਰਤਿਆ ਜਾਂਦਾ ਹੈ ।
- ਪਰਾਲੀ ਨੂੰ ਕਾਗ਼ਜ਼ ਤੇ ਗੱਤਾ ਫੈਕਟਰੀਆਂ ਵਿਚ ਵਰਤਿਆ ਜਾਂਦਾ ਹੈ ।
- ਪਰਾਲੀ ਦੀ ਵਰਤੋਂ ਇੱਟਾਂ ਬਣਾਉਣ ਵਾਲੇ ਭੱਠਿਆਂ ਵਿਚ ਬਾਲਣ ਵਜੋਂ ਕੀਤੀ ਜਾਂਦੀ ਹੈ ।
- ਪਰਾਲੀ ਨੂੰ ਖੁੰਭਾਂ ਦੀ ਕਾਸ਼ਤ ਵਿਚ ਵੀ ਵਰਤਿਆ ਜਾਂਦਾ ਹੈ ।
- ਰਾਜ ਸਰਕਾਰ ਵਲੋਂ ਪਰਾਲੀ ਤੋਂ ਈਥਾਨੋਲ (Ethanol) ਦੀ ਉਦਯੋਗਿਕ ਪੱਧਰ ਤੇ ਤਿਆਰੀ ਦੀ ਯੋਜਨਾ ਨੂੰ ਵਿਚਾਰਿਆ ਜਾ ਰਿਹਾ ਹੈ ।
ਪ੍ਰਸ਼ਨ 6.
ਪਰਾਲੀ ਦੇ ਪ੍ਰਭਾਵੀ ਪ੍ਰਬੰਧਣ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੀ ਵਰਤੋਂ ਉੱਪਰ ਚਾਨਣਾ ਪਾਓ !
ਉੱਤਰ-
- ਬੇਲਰ ਮਸ਼ੀਨ ਜੋ ਟਰੈਕਟਰ ਨਾਲ ਚਲਦੀ ਹੈ ਅਤੇ ਖੇਤ ਵਿੱਚ ਖਿਲਰੀ ਹੋਈ ਪਰਾਲੀ ਦੀਆਂ ਆਇਤਾਕਾਰ ਜਾਂ ਗੋਲ ਗੱਠਾਂ ਬਣਾ ਦਿੰਦੀ ਹੈ ।
- ਉਲਟਾਵੇਂ ਹਲ ਜ਼ਮੀਨ ਦੀ ਵਹਾਈ ਲਈ ਵਰਤੇ ਜਾਂਦੇ ਹਨ ।
- ਰੋਟਾਵੇਟਰ ਦੀ ਸਹਾਇਤਾ ਨਾਲ ਚੋਪਰ ਦੁਆਰਾ ਕੁਤਰਾ ਕੀਤੀ ਗਈ ਪਰਾਲੀ ਨੂੰ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ ।
- ਟਰਬੋ ਹੈਪੀ ਸੀਡਰ ਨਾਮੀ ਮਸ਼ੀਨ ਨਾਲ ਝੋਨੇ ਦੀ ਕੰਬਾਈਨ ਦੁਆਰਾ ਕਟਾਈ ਤੋਂ ਤੁਰੰਤ ਬਾਅਦ ਖੇਤ ਵਿਚ ਕਣਕ ਦੀ ਸਿੱਧਿਆਂ ਹੀ ਬਿਜਾਈ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 7.
ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਵੇਂ ਪਤਾ ਲੱਗਦਾ ਹੈ ?
ਉੱਤਰ-
ਕੌਮੀ ਗ੍ਰੀਨ ਟ੍ਰਿਬਿਊਨਲ (NGT-National Green Tribunal) ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਰੀਮੋਟ ਸੈਂਸਿੰਗ ਸੈਂਟਰ ਦੇ ਜ਼ਰੀਏ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ‘ਬਾਜ਼ ਅੱਖ ਰੱਖੀ ਜਾ ਰਹੀ ਹੈ । ਇਸ ਨਾਲ ਪੀ.ਪੀ.ਸੀ. ਬੋਰਡ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗ ਕਿੱਥੇ ਲੱਗੀ ਹੈ ।