Punjab State Board PSEB 5th Class Punjabi Book Solutions Punjabi Rachana ਕਹਾਣੀ ਰਚਨਾ Exercise Questions and Answers.
PSEB 5th Class Punjabi Rachana ਕਹਾਣੀ ਰਚਨਾ (1st Language)
1. ਤਿਹਾਇਆ ਕਾਂ
ਜਾਂ
ਪਿਆਸਾ ਕਾਂ
ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ। ਉਹ ਪਾਣੀ ਦੀ ਭਾਲ ਵਿਚ ਇਧਰ – ਉਧਰ ਉੱਡਿਆ ਅੰਤ ਉਹ ਇਕ ਬਗੀਚੇ ਵਿਚ ਪੁੱਜਾ। ਉਸ ਨੇ ਪਾਣੀ ਦਾ ਇਕ ਘੜਾ ਦੇਖਿਆ। ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ। ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ। ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ। ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ।
ਉਹ ਕਾਂ ਬਹੁਤ ਸਿਆਣਾ ਸੀ। ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ। ਉਸ ਨੂੰ ਇਕ ਢੰਗ ਸੁੱਝਿਆ। ਉਸ ਨੇ ਰੋੜੇ ਤੇ ਠੀਕਰੀਆਂ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ – ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।
ਸਿੱਖਿਆ – ਜਿੱਥੇ ਚਾਹ ਉੱਥੇ ਰਾਹ।
2. ਕਾਂ ਅਤੇ ਲੂੰਬੜੀ
ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ। ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ – ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ ਅੰਤ ਉਹ ਦਰੱਖ਼ਤਾਂ ਦੇ ਇਕ ਬੁੰਡ ਹੇਠ ਪਹੁੰਚੀ। ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ।
ਇੰਨੇ ਨੂੰ ਲੂੰਬੜੀ ਨੇ ਉੱਪਰ ਧਿਆਨ ਮਾਰਿਆ। ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ। ਇਹ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ।
ਉਸ ਨੇ ਬੜੀ ਚਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, ”ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ। ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ। ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ। ਕਿਰਪਾ ਕਰਕੇ ਮੈਨੂੰ ਗਾ ਕੇ ਸੁਣਾ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਵਿਚ ਆ ਕੇ ਖੁਸ਼ੀ ਨਾਲ ਫੁੱਲ ਗਿਆ। ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ। ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ – ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ।
ਸਿੱਖਿਆ – ‘ਸਾਨੂੰ ਕਿਸੇ ਦੀ ਖੁਸ਼ਾਮਦ ਵਿਚ ਨਹੀਂ ਆਉਣਾ ਚਾਹੀਦਾ।
3. ਸ਼ੇਰ ਅਤੇ ਚੂਹੀ
ਇਕ ਦਿਨ ਬਹੁਤ ਗਰਮੀ ਸੀ। ਇਕ ਸ਼ੇਰ ਇਕ ਦਰੱਖ਼ਤ ਦੀ ਛਾਂ ਹੇਠਾਂ ਸੁੱਤਾ ਪਿਆ ਸੀ। ਨੇੜੇ ਹੀ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ। ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਦੇ ਉੱਪਰ ਚੜ੍ਹ ਕੇ ਟੱਪਣ ਲੱਗੀ। ਸ਼ੇਰ ਨੂੰ ਜਾਗ ਆ ਗਈ। ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿਚ ਫੜ ਲਿਆ। ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, “ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ। ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ।
ਕੁੱਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿਚ ਫਸਾ ਲਿਆ। ਉਸ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ – ਪੈਰ ਮਾਰੇ, ਪਰ ਵਿਅਰਥ , ਉਹ ਦੁੱਖ ਨਾਲ ਗਰਜਣ ਲੱਗਾ। ਉਸ ਦੀ ਆਵਾਜ਼ ਚੂਹੀ ਦੇ ਕੰਨੀਂ ਪਈ।
ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ। ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਸ਼ੇਰ ਜਾਲ ਵਿਚੋਂ ਬਾਹਰ ਨਿਕਲ ਆਇਆ ॥ ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ।
ਸਿੱਖਿਆ – ਅੰਤ ਭਲੇ ਦਾ ਭਲਾ।
4. ਲੂੰਬੜੀ ਅਤੇ ਅੰਗੂਰ
ਜਾਂ
ਹੱਥ ਨਾ ਪਹੁੰਚੇ ਤਾਂ ਬੂਹ ਕੌੜੀ
ਇਕ ਦਿਨ ਬੜੀ ਗਰਮੀ ਸੀ। ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ, ਪਰ ਉਸ ਨੂੰ ਇਧਰੋਂ-ਉਧਰੋਂ ਖਾਣ ਲਈ ਕੁੱਝ ਨਾ ਮਿਲਿਆ। ਉਹ ਖ਼ੁਰਾਕ ਦੀ ਭਾਲ ਵਿਚ ਬਹੁਤ ਦੂਰ ਨਿਕਲ ਗਈ। ਅੰਤ ਉਹ ਇਕ ਸੰਘਣੀ ਛਾਂ ਵਾਲੇ ਦਰੱਖ਼ਤ ਹੇਠ ਪੁੱਜੀ। ਉਹ ਉਸ ਦੀ ਛਾਂ ਹੇਠ ਲੰਮੀ ਪੈ ਗਈ। ਇੰਨੇ ਨੂੰ ਲੂੰਬੜੀ ਦੀ ਨਿਗਾਹ ਉੱਪਰ ਪਈ। ਉਸ ਨੇ ਦੇਖਿਆ ਕਿ ਅੰਗੂਰਾਂ ਦੀ ਵੇਲ ਨਾਲ ਪੱਕੇ ਹੋਏ ਅੰਗੂਰਾਂ ਦੇ ਗੁੱਛੇ ਲਮਕ ਰਹੇ ਹਨ। ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਉੱਛਲ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅੰਗੂਰ ਬਹੁਤ ਉੱਚੇ ਸਨ। ਉਸ ਨੇ ਵਾਰ-ਵਾਰ ਛਾਲਾਂ ਮਾਰੀਆਂ, ਪਰ ਵਿਅਰਥ। ਅੰਤ ਉਹ ਨਫ਼ਰਤ ਨਾਲ ਇਹ ਕਹਿੰਦੀ ਹੋਈ ਅੱਗੇ ਤੁਰ ਪਈ ਕਿ ਅੰਗੂਰ ਖੱਟੇ ਹਨ।
ਸਿੱਖਿਆ – ਹੱਥ ਨਾਂ ਪਹੁੰਚੇ ਧੂਹ ਕੌੜੀ।
5. ਬੁਰੀ ਸੰਗਤ
ਇਕ ਅਮੀਰ ਆਦਮੀ ਦਾ ਪੁੱਤਰ ਬੁਰੀ ਸੰਗਤ ਵਿਚ ਪੈ ਗਿਆ। ਉਸ ਨੂੰ ਆਪਣੇ ਪੁੱਤਰ ਦੀ ਇਸ ਆਦਤ ਦਾ ਬਹੁਤ ਦੁੱਖ ਹੋਇਆ। ਉਸ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਬੁਰੀ ਸੰਗਤ ਛੱਡ ਦੇਵੇ, ਪਰ ਪੁੱਤਰ ਉੱਤੇ ਕੋਈ ਅਸਰ ਨਾ ਹੋਇਆ ਅੰਤ ਉਸ ਨੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਇਕ ਤਰੀਕਾ ਕੱਢਿਆ।
ਉਸ ਨੇ ਬਜ਼ਾਰੋਂ ਵਧੀਆ ਸੇਬਾਂ ਦੀ ਇਕ ਟੋਕਰੀ ਮੰਗਾਈ ਅਤੇ ਨਾਲ ਹੀ ਇਕ ਗਲਿਆ – ਸੜਿਆ ਸੇਬ ਮੰਗਵਾ ਲਿਆ। ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗਲੇ – ਸੜੇ ਸੇਬ ਨੂੰ ਬਾਕੀ ਚੰਗੇ ਸੇਬਾਂ ਦੇ ਵਿਚਕਾਰ ਰੱਖ ਦੇਵੇ। ਪੁੱਤਰ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਫਿਰ ਪਿਤਾ ਦੇ ਕਹੇ ਅਨੁਸਾਰ ਉਸ ਨੇ ਉਹ ਟੋਕਰੀ. ਅਲਮਾਰੀ ਵਿਚ ਰੱਖ ਦਿੱਤੀ।
ਅਗਲੇ ਦਿਨ ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਟੋਕਰੀ ਵਿਚੋਂ ਇਕ ਸੇਬ ਲਿਆਵੇ। ਪੁੱਤਰ ਨੇ ਅਲਮਾਰੀ ਖੋਲ੍ਹੀ। ਜਦੋਂ ਉਸ ਨੇ ਟੋਕਰੀ ਚੁੱਕੀ, ਤਾਂ ਦੇਖਿਆ ਕਿ ਉਸ ਵਿਚ ਸਾਰੇ ਸੇਬ ਖ਼ਰਾਬ ਹੋ ਚੁੱਕੇ ਹਨ। ਪਿਤਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਇਕ ਖ਼ਰਾਬ ਸੇਬ ਨੇ ਸਾਰੇ ਸੇਬ ਖ਼ਰਾਬ ਕਰ ਦਿੱਤੇ ਹਨ। ਤੈਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਤੈਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੈਨੂੰ ਵੀ ਬਰਾ ਬਣਾ ਦੇਵੇਗੀ। ਪਿਤਾ ਦੀ ਸਿੱਖਿਆ ਪੱਤਰ ਦੇ ਮਨ ‘ਤੇ ਅਸਰ ਕਰ ਗਈ ਅਤੇ ਉਸ ਨੇ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ।
ਸਿੱਖਿਆ – ਬੁਰੀ ਸੰਗਤ ਨਾਲੋਂ ਇਕੱਲਾ ਭਲਾ।