Punjab State Board PSEB 8th Class Punjabi Book Solutions Chapter 8 ਗੋਦੜੀ ਦਾ ਲਾਲ-ਯੋਗਰਾਜ Textbook Exercise Questions and Answers.
PSEB Solutions for Class 8 Punjabi Chapter 8 ਗੋਦੜੀ ਦਾ ਲਾਲ-ਯੋਗਰਾਜ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਕਿਹੜੀ ਹੈ ?
(ਉ) ਨਵਾਂ ਸ਼ਹਿਰ
(ਅ) ਗੜ੍ਹਸ਼ੰਕਰ
(ਇ) ਬੰਗਾ ।
ਉੱਤਰ :
ਗੜ੍ਹਸ਼ੰਕਰ
(ii) ਯੋਗ ਰਾਜ ਦੀ ਮਾਤਾ ਦਾ ਕੀ ਨਾਂ ਸੀ ?
(ਉ) ਪ੍ਰੀਤੋ
(ਅ) ਜੀਤੋ
(ਈ) ਗੁਰਮੀਤੋ ।
ਉੱਤਰ :
ਜੀਤੋ
(iii) ਯੋਗ ਰਾਜ ਦਾ ਕੱਦ ਕਿਹੋ-ਜਿਹਾ ਸੀ ?
(ਉ) ਲੰਮਾ
(ਅ) ਮਧਰਾ
(ਇ) ਦਰਮਿਆਨਾ ।
ਉੱਤਰ :
ਮਧਰਾ
(iv) ਯੋਗ ਰਾਜ ਕਿਸ ਵਿਸ਼ੇ ਦੇ ਅਧਿਆਪਕ ਸਨ ?
(ਉ) ਸਮਾਜਿਕ ਸਿੱਖਿਆ
(ਅ) ਅੰਗਰੇਜ਼ੀ
(ਈ) ਗਣਿਤ ।
ਉੱਤਰ :
ਸਮਾਜਿਕ ਸਿੱਖਿਆ
(v) ਯੋਗ ਰਾਜੇ ਨੇ ਸੰਘ ਲੋਕ-ਸੇਵਾ ਆਯੋਗ ਦੀ ਪਰੀਖਿਆ ਕਿਸ ਮਾਧਿਅਮ ਵਿੱਚ ਪਾਸ ਕੀਤੀ ?
(ਉ) ਮਾਂ-ਬੋਲੀ ਪੰਜਾਬੀ
(ਅ) ਹਿੰਦੀ
(ਈ) ਅੰਗਰੇਜ਼ੀ ।
ਉੱਤਰ :
ਮਾਂਬੋਲੀ ਪੰਜਾਬੀ ।
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬੀਤ ਦਾ ਇਲਾਕਾ ਕਿੱਥੇ ਸਥਿਤ ਹੈ ?
ਉੱਤਰ :
ਗੜ੍ਹਸ਼ੰਕਰ ਤੋਂ ਦਸ ਕੁ ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ।
ਪ੍ਰਸ਼ਨ 2.
ਯੋਗ ਰਾਜ ਦਾ ਪਿੰਡ ਕਿਹੜਾ ਹੈ ?
ਉੱਤਰ :
ਮੈਰਾ ।
ਪ੍ਰਸ਼ਨ 3.
ਯੋਗ ਰਾਜ ਦਾ ਜਨਮ ਕਦੋਂ ਹੋਇਆ ?
ਉੱਤਰ :
15 ਮਈ, 1970 ਨੂੰ ।
ਪ੍ਰਸ਼ਨ 4.
ਕਿਸ ਨੇ ਯੋਗ ਰਾਜ ਨੂੰ ਉਂਗਲੀ ਫੜ ਕੇ ਮੰਜ਼ਲ ਵਲ ਤੋਰਿਆ ?
ਉੱਤਰ :
ਮਾਸਟਰ ਜੋਗਿੰਦਰ ਸਿੰਘ ਨੇ ।
ਪ੍ਰਸ਼ਨ 5.
ਯੋਗ ਰਾਜ ਪ੍ਰਹਿਲਾਦ ਭਗਤ ਖੰਨਾ ਦਾ ਸਤਿਕਾਰ ਕਿਉਂ ਕਰਦਾ ਹੈ ?
ਉੱਤਰ :
ਕਿਉਂਕਿ ਉਸ ਨੇ ਉਸ ਨੂੰ ਕਦੇ ਕਿਤਾਬਾਂ ਉਧਾਰ ਦੇਣ ਤੋਂ ਨਾਂਹ ਨਾ ਕੀਤੀ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਯੋਗ ਰਾਜ ਦਾ ਜੀਵਨ ਕਿਹੋ-ਜਿਹਾ ਸੀ ?
ਉੱਤਰ :
ਯੋਗ ਰਾਜ ਦਾ ਜੀਵਨ ਗ਼ਰੀਬੀ, ਮੁਸ਼ਕਿਲਾਂ ਤੇ ਮਿਹਨਤ-ਮੁਸ਼ੱਕਤ ਭਰਿਆ ਸੀ । ਉਹ ਦਿੜ ਇਰਾਦੇ ਵਾਲਾ ਕਰਮਯੋਗੀ ਸੀ; ਇਸੇ ਕਰਕੇ ਅਪੰਗਤਾ ਉਸ ਦੇ ਰਾਹ ਵਿਚ ਰੁਕਾਵਟ ਨਾ ਬਣ ਸਕੀ ਤੇ ਉਹ ਆਪਣੀ ਉੱਚੀ ਮੰਜ਼ਲ ਉੱਤੇ ਪਹੁੰਚ ਗਿਆ ।
ਪ੍ਰਸ਼ਨ 2.
ਯੋਗ ਰਾਜ ਦੇ ਮਾਤਾ-ਪਿਤਾ ਦਾ ਕੀ ਨਾਂ ਸੀ ?
ਉੱਤਰ :
ਯੋਗ ਰਾਜ ਦੇ ਪਿਤਾ ਦਾ ਨਾਂ ਸ੍ਰੀ ਸਰਵਣ ਰਾਮ ਤੇ ਮਾਤਾ ਦਾ ਸ੍ਰੀਮਤੀ ਜੀਤੋ ਸੀ ।
ਪ੍ਰਸ਼ਨ 3.
ਯੋਗ ਰਾਜ ਛੋਟੀ ਉਮਰ ਵਿੱਚ ਕੀ ਕੰਮ ਕਰਦਾ ਸੀ ?
ਉੱਤਰ :
ਯੋਗ ਰਾਜ ਛੋਟੀ ਉਮਰ ਵਿਚ ਜਗਤਪੁਰ ਜੱਟਾਂ ਦੀ ਮੰਡੀ ਵਿਚ ਕਣਕ ਤੇ ਝੋਨੇ ਦੀ ਛੜਾਈ ਤੇ ਭਰਾਈ ਦਾ ਕੰਮ ਕਰਨ ਤੋਂ ਇਲਾਵਾ ਸ਼ੈਲਰਾਂ ਵਿਚ ਕੰਮ ਕਰਦਾ ਸੀ । ਉਸ ਨੇ ਪੱਥਰ ਇਕੱਠੇ ਕਰਨ, ਰੋੜੀ ਕੁੱਟ ਕੇ ਟਰੱਕ ਭਰਨ ਤੇ ਰਾਜ-ਮਿਸਤਰੀਆਂ ਨਾਲ ਮਜ਼ਦੂਰੀ ਦਾ ਕੰਮ ਵੀ ਕੀਤਾ । ਇਸ ਤੋਂ ਇਲਾਵਾ ਉਹ ਪਾਈਪਾਂ ਵਿਛਾਉਣ ਤੇ ਬੂਟੇ ਲਾਉਣ ਲਈ ਟੋਏ ਵੀ ਪੁੱਟਦਾ ਰਿਹਾ ।
ਪ੍ਰਸ਼ਨ 4.
ਸੰਤੋਖਗੜ੍ਹ ਵਿਖੇ ਉਸਨੇ ਕਿਸ ਕੰਮ ਦਾ ਠੇਕਾ ਲਿਆ ?
ਉੱਤਰ :
ਸੰਤੋਖਗੜ੍ਹ ਵਿਚ ਉਸ ਨੇ ਰੁੜੀਆਂ ਦੇ ਢੇਰ ਭਰ ਕੇ ਖੇਤਾਂ ਵਿਚ ਸੁੱਟਣ ਦਾ ਠੇਕਾ ਲਿਆ ।
ਪ੍ਰਸ਼ਨ 5.
ਦਿੜ ਵਿਸ਼ਵਾਸ ਨਾਲ ਕਿਹੜੀ ਚੀਜ਼ ਕਦੇ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣਦੀ ? ਸਪੱਸ਼ਟ ਕਰੋ ।
ਉੱਤਰ :
ਦ੍ਰਿੜ ਵਿਸ਼ਵਾਸ ਨਾਲ ਗਰੀਬੀ ਤੇ ਅਪੰਗਤਾ ਕਦੇ ਜ਼ਿੰਦਗੀ ਦੀ ਤਰੱਕੀ ਵਿਚ ਰੁਕਾਵਟ ਨਹੀਂ ਬਣਦੀ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਵਾਕਾਂ ਵਿੱਚ ਵਰਤੋ :
ਔਕੜਾਂ, ਸਰਦੇ-ਪੁੱਜਦੇ, ਅਸਾਮੀ, ਸਿਲਸਿਲਾ, ਕਾਮਯਾਬੀ, ਸਬੱਬ ।
ਉੱਤਰ-
1. ਔਕੜਾਂ (ਮੁਸ਼ਕਿਲਾਂ) – ਯੋਗ ਰਾਜ ਨੂੰ ਬਚਪਨ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ।
2. ਸਰਦੇ-ਪੁੱਜਦੇ (ਖਾਂਦੇ-ਪੀਂਦੇ, ਅਮੀਰ) – ਸਰਦੇ-ਪੁੱਜਦੇ ਲੋਕ ਵਿਆਹਾਂ ਸਮੇਂ ਖੂਬ ਦਿਖਾਵਾ ਕਰਦੇ ਹਨ ।
3. ਅਸਾਮੀ (ਸੇਵਾ, ਨੌਕਰੀ) – ਇਸ ਦਫ਼ਤਰ ਵਿਚ ਕਲਰਕ ਦੀ ਅਸਾਮੀ ਲਈ ਇਕ ਜਗ੍ਹਾ ਖ਼ਾਲੀ ਹੈ ।
4. ਸਿਲਸਿਲਾ (ਪ੍ਰਬੰਧ) – ਸਾਡੇ ਦੇਸ਼ ਵਿਚ ਭਿੰਨ-ਭਿੰਨ ਸਮਾਜਿਕ ਕੰਮਾਂ ਲਈ ਰਸਮਾਂ-ਰੀਤਾਂ ਦਾ ਸਿਲਸਿਲਾ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ ।
5. ਕਾਮਯਾਬੀ (ਸਫਲਤਾ) – ਮਿਹਨਤ ਕਰਨ ਵਾਲੇ ਨੂੰ ਹਰ ਮੈਦਾਨ ਵਿਚ ਕਾਮਯਾਬੀ ਪ੍ਰਾਪਤ ਹੁੰਦੀ ਹੈ ।
6. ਸਬੱਬ (ਕਾਰਨ) – ਹਰ ਘਟਨਾ ਲਈ ਕੋਈ ਨਾ ਕੋਈ ਸਬੱਬ ਬਣ ਜਾਂਦਾ ਹੈ ।
ਪ੍ਰਸ਼ਨ 2.
ਖ਼ਾਲੀ ਸਥਾਨ ਭਰੋ :
(ਸੰਤੋਖਗੜ੍ਹ, ਪੰਦਰਾਂ ਰੁਪਏ, ਹਨੇਰਾ, ਸ੍ਰੀਮਤੀ ਜੋਤੀ, ਬਲੈਕ ਬੋਰਡ)
(ੳ) ਸੂਰਜ ਛਿਪਣ ਤੋਂ ਬਾਅਦ ………….. ਹੋ ਰਿਹਾ ਸੀ ।
(ਅ) ਯੋਗ ਰਾਜ ਦਾ ਜਨਮ ………….. ਕੁੱਖੋਂ ਹੋਇਆ ।
(ਈ) ………….. ‘ਤੇ ਲਿਖਿਆ ਸਾਫ਼ ਦਿਖਾਈ ਨਹੀਂ ਸੀ ਦਿੰਦਾ ।
(ਸ) ਹਿਮਾਚਲ ਪ੍ਰਦੇਸ਼ ਦੇ ਕਸਬਾ ………….. ਵਿਖੇ ਮਜ਼ਦੂਰੀ ਕੀਤੀ ।
(ਹ) ਠੇਕੇ ‘ਤੇ ਮਜ਼ਦੂਰੀ ਦਾ ਕੰਮ ਲੈਂਦਾ, ਜਿਸ ਨਾਲ ਤ ਮਜ਼ਦੂਰੀ ਦਾ ਕੰਮ ਲੈਂਦਾ, ਜਿਸ ਨਾਲ ………….. ਦਿਹਾੜੀ ਬਣ ਜਾਂਦੀ ।
ਉੱਤਰ :
(ੳ) ਸੂਰਜ ਛਿਪਣ ਤੋਂ ਬਾਅਦ ਹਨੇਰਾ ਹੋ ਰਿਹਾ ਸੀ ।
(ਅ) ਯੋਗ ਰਾਜ ਦਾ ਜਨਮ ਸ੍ਰੀਮਤੀ ਜੀਤੋ ਦੀ ਕੁੱਖੋਂ ਹੋਇਆ ।
(ਈ) ਬਲੈਕ ਬੋਰਡ ‘ਤੇ ਲਿਖਿਆ ਸਾਫ਼ ਦਿਖਾਈ ਨਹੀਂ ਸੀ ਦਿੰਦਾ ।
(ਸ) ਹਿਮਾਚਲ ਪ੍ਰਦੇਸ਼ ਦੇ ਕਸਬਾ ਸੰਤੋਖਗੜ੍ਹ ਵਿਖੇ ਮਜ਼ਦੂਰੀ ਕੀਤੀ ।
(ਹ) ਠੇਕੇ ‘ਤੇ ਮਜ਼ਦੂਰੀ ਦਾ ਕੰਮ ਲੈਂਦਾ, ਜਿਸ ਨਾਲ ਪੰਦਰਾਂ ਰੁਪਏ ਦਿਹਾੜੀ ਬਣ ਜਾਂਦੀ ।
ਪ੍ਰਸ਼ਨ 3.
ਵਚਨ ਬਦਲੋ :ਗ਼ਰੀਬ, ਰੌਸ਼ਨੀ, ਪਹਾੜੇ, ਅਖ਼ਬਾਰ, ਸਹਿਪਾਠੀ ।
ਉੱਤਰ :
ਵਚਨ ਬਦਲੋ
ਗ਼ਰੀਬ – ਗ਼ਰੀਬ/ਗਰੀਬਾਂ
ਰੌਸ਼ਨੀ – ਰੌਸ਼ਨੀਆਂ
ਪਹਾੜੇ – ਪਹਾੜਾ
ਅਖ਼ਬਾਰ – ਅਖ਼ਬਾਰਾਂ
ਸਹਿਪਾਠੀ – ਸਹਿਪਾਠੀ/ਸਹਿਪਾਠੀਆਂ ।
ਪ੍ਰਸ਼ਨ 4.
ਲਿੰਗ ਬਦਲੋ :ਸ੍ਰੀਮਾਨ, ਅਧਿਆਪਕ, ਕਵੀ, ਬਾਲਕ, ਬੱਚਾ ।
ਉੱਤਰ :
ਲਿੰਗ ਬਦਲੀ
ਸ੍ਰੀਮਾਨ – ਸ੍ਰੀਮਤੀ
ਅਧਿਆਪਕ – ਅਧਿਆਪਕਾ
ਕਵੀ – ਕਵਿਤੀ
ਬਾਲਕ – ਬਾਲਿਕਾ
ਬੱਚਾ – ਬੱਚੀ ।
ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭਾਰਤ – भारत – India
ਰਾਤ – …………. – ………….
ਹਸਪਤਾਲ – …………. – ………….
ਬਲੈਕ-ਬੋਰਡ – …………. – ………….
ਸਮੱਸਿਆ – …………. – ………….
ਨਤੀਜਾ – …………. – ………….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭਾਰਤ – भारत – India
ਰਾਤ – रात – Night
ਹਸਪਤਾਲ – अस्पताल – Hospital
ਬਲੈਕ-ਬੋਰਡ – ब्लैकबोर्ड – Black Board
ਸਮੱਸਿਆ – समस्या – Problem
ਨਤੀਜਾ – परिणाम – Result
ਪ੍ਰਸ਼ਨ 6.
ਹੇਠ ਲਿਖੇ ਵਾਕ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਘਰ ਦੀ ਗਰੀਬੀ ਕਾਰਨ ਯੋਗਰਾਜ ਕਿਤਾਬਾਂ ਵੀ ਨਹੀਂ ਸੀ ਖ਼ਰੀਦ ਸਕਦਾ ।
ਉੱਤਰ :
………………………………………………………..
………………………………………………………..
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ਉ) ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋਈ । (ਨਾਂਵ ਚੁਣੋ)
(ਅ) ਉਹਨਾਂ ਦਾ ਸਾਰਾ ਕੰਮ ਯੋਗ ਰਾਜ ਨੂੰ ਹੀ ਕਰਨਾ ਪੈਂਦਾ । (ਪੜਨਾਂਵ ਚੁਣੋ)
(ਈ) ਆਰਥਿਕਤਾ ਦੀ ਨੰਗੀ ਤਲਵਾਰ ਸਿਰ ‘ਤੇ ਲਟਕ ਰਹੀ ਸੀ । (ਵਿਸ਼ੇਸ਼ਣ ਚੁਣੋ)
(ਸ) ‘‘ਤੂੰ ਕਿਹੜਾ ਪੜ੍ਹ ਕੇ ਡੀ. ਸੀ. ਲਗਣੇ ।” (ਕਿਰਿਆ ਚੁਣੋ)
ਉੱਤਰ :
(ਉ) ਅੱਖਾਂ, ਰੋਸ਼ਨੀ ।
(ਅ) ਉਹਨਾਂ ।
(ਇ) ਨੰਗੀ ।
(ਸ) ਲਗਣੈ ॥
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ
ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਦਸ ਕੁ ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਵੱਸੇ ਪਛੜੇ ਇਲਾਕੇ ‘ਬੀ’ ਦਾ ਇੱਕ ਛੋਟਾ ਜਿਹਾ ਪਿੰਡ ਹੈ-ਮੈਰਾ । ਚਾਰ ਦਹਾਕੇ ਪਹਿਲਾਂ ਇਸ ਪਿੰਡ ਵਿੱਚ ਗੁਰਬਤ ਦੀ ਮਾਰ ਝੱਲ ਰਿਹਾ ਇੱਕ ਬਾਲਕ ਹਾਲੇ ਪੰਜ ਕੁ ਸਾਲ ਦਾ ਸੀ । ਸੂਰਜ ਛਿਪਣ ਤੋਂ ਬਾਅਦ ਹਨੇਰਾ ਹੋ ਰਿਹਾ ਸੀ । ਉਹ ਘਰ ਵਿੱਚ ਮਿੱਟੀ ਦੇ ਤੇਲ ਦਾ ਦੀਵਾ ਬਾਲ ਕੇ ਦੀਵਟ ‘ਤੇ ਟਿਕਾ ਰਿਹਾ ਸੀ । ਸਿਰ ਅਤੇ ਮੂੰਹ ਉੱਤੇ ਬੰਨ੍ਹਿਆ ਮਫ਼ਲਰ ਦੀਵੇ ਦੀ ਲਾਟ ਨਾਲ ਲੱਗ ਕੇ ਮੱਚ ਉੱਠਿਆ । ਇਸ ਬਾਲਕ ਦਾ ਮੁੰਹ ਅਤੇ ਸਿਰ ਅੱਗ ਦੀ ਲਪੇਟ ਵਿੱਚ ਆ ਗਏ । ਹਸਪਤਾਲ ਪਹੁੰਚਣ ਤੱਕ 40 ਪ੍ਰਤਿਸ਼ਤ ਚਿਹਰਾ ਅਤੇ ਸਿਰ ਦੇ ਵਾਲ ਜਲ ਚੁੱਕੇ ਸਨ । ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋ ਗਈ । ਇਹ ਬਾਲਕ ਯੋਗ ਰਾਜ ਸੀ, ਜਿਸ ਨੇ ਗ਼ਰੀਬੀ ਭਰੇ ਜੀਵਨ ਵਿੱਚ ਪਹਾੜ ਜਿੱਡੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵਕਾਰੀ ਪਰੀਖਿਆ ਪਾਸ ਕਰ ਕੇ ਆਪਣੀ ਮਿੱਥੀ ਹੋਈ ਮੰਜ਼ਲ ਸਰ ਕੀਤੀ ਹੈ ।
ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਜਨਮ-ਦਿਨ ਦੀ ਪਾਰਟੀ
(ਅ) ਗੋਦੜੀ ਦਾ ਲਾਲ-ਯੋਗ ਰਾਜ
(ਈ) ਆਓ ਕਸੌਲੀ ਚਲੀਏ
(ਸ ਸਮੇਂ ਸਮੇਂ ਦੀ ਗੱਲ ।
ਉੱਤਰ :
ਗੋਦੜੀ ਦਾ ਲਾਲ-ਯੋਗ ਰਾਜ ।
ਪ੍ਰਸ਼ਨ 2.
ਗੜ੍ਹਸ਼ੰਕਰ ਕਿਹੜੇ ਜ਼ਿਲ੍ਹੇ ਦੀ ਤਹਿਸੀਲ ਹੈ ?
(ੳ) ਲੁਧਿਆਣਾ
(ਅ) ਹੁਸ਼ਿਆਰਪੁਰ
(ਈ) ਜਲੰਧਰ
(ਸ) ਤਰਨਤਾਰਨ ।
ਉੱਤਰ :
ਹੁਸ਼ਿਆਰਪੁਰ ।
ਪ੍ਰਸ਼ਨ 3.
ਹੁਸ਼ਿਆਰਪੁਰ ਤੋਂ ਚੜ੍ਹਦੇ ਪਾਸੇ ਦਸ ਕੁ ਮੀਲ ਦੂਰ ਕਿਹੜੀਆਂ ਪਹਾੜੀਆਂ ਹਨ ?
(ਉ) ਧੌਲਾਧਾਰ ।
(ਅ) ਮੋਰਨੀ
(ਇ) ਸ਼ਿਵਾਲਿਕ .
(ਸ) ਅਰਾਵਲੀ ।
ਉੱਤਰ :
ਸ਼ਿਵਾਲਿਕ ।
ਪ੍ਰਸ਼ਨ 4.
ਬੀਤ ਦਾ ਇਲਾਕਾ ਕਿੱਥੇ ਹੈ ?
(ਉ) ਤਹਿਸੀਲ ਦਸੂਹਾ ਵਿਚ
(ਅ) ਤਹਿਸੀਲ ਮੁਕੇਰੀਆਂ ਵਿਚ
(ਈ) ਤਹਿਸੀਲ ਗੜ੍ਹਸ਼ੰਕਰ ਵਿਚ
(ਸ) ਤਹਿਸੀਲ ਹੁਸ਼ਿਆਰਪੁਰ ਵਿੱਚ ।
ਉੱਤਰ :
ਤਹਿਸੀਲ ਗੜ੍ਹਸ਼ੰਕਰ ਵਿਚ ।
ਪ੍ਰਸ਼ਨ 5.
ਯੋਗ ਰਾਜ ਦਾ ਪਿੰਡ ਕਿਹੜਾ ਹੈ ?
(ਉ) ਮੈਰਾ ।
(ਅ) ਛਿਰਾਹਾਂ
(ਇ) ਚੱਕੋਆਲ
(ਸ) ਪੰਡੋਰੀ ।
ਉੱਤਰ :
ਮੈਰਾ !
ਪ੍ਰਸ਼ਨ 6.
ਯੋਗ ਰਾਜ ਕਿਹੜਾ ਦੀਵਾ ਬਾਲ ਕੇ ਟਿਕਾ ਰਿਹਾ ਸੀ ?
(ਉ) ਮਿੱਟੀ ਦੇ ਤੇਲ ਦਾ
(ਅ) ਸਰੋਂ ਦੇ ਤੇਲ ਦਾ
(ਈ) ਘਿਓ ਦਾ
(ਸ) ਮਿੱਟੀ ਦਾ ।
ਉੱਤਰ :
ਮਿੱਟੀ ਦੇ ਤੇਲ ਦਾ ।
ਪ੍ਰਸ਼ਨ 7.
ਯੋਗ ਰਾਜ ਨੇ ਸਿਰ ਮੂੰਹ ਉੱਤੇ ਕੀ ਬੰਨ੍ਹਿਆ ਹੋਇਆ ਸੀ ?
(ਉ) ਪੱਗ
(ਅ) ਚੁੰਨੀ
(ਈ) ਪਰਨਾ
(ਸ) ਮਫ਼ਲਰ ।
ਉੱਤਰ :
ਮਫ਼ਲਰ ।
ਪ੍ਰਸ਼ਨ 8.
ਮਫਲਰ ਨੂੰ ਅੱਗ ਕਿਸ ਤਰ੍ਹਾਂ ਲੱਗ ਗਈ ?
(ਉ) ਦੀਵੇ ਦੀ ਲਾਟ ਨਾਲ
(ਅ) ਬਲਦੀ ਮੋਮਬੱਤੀ ਨਾਲ
(ੲ) ਤੀਲੀ ਨਾਲ
(ਸ) ਫੁਲਝੜੀ ਨਾਲ ।
ਉੱਤਰ :
ਦੀਵੇ ਦੀ ਲਾਟ ਨਾਲ ।
ਪ੍ਰਸ਼ਨ 9.
ਯੋਗ ਰਾਜ ਦਾ ਕਿੰਨੇ ਪ੍ਰਤੀਸ਼ਤ ਚਿਹਰਾ ਤੇ ਵਾਲ ਸੜ ਗਏ ?
(ਉ) 40
(ਅ) 50%
(ੲ) 60%
(ਸ) 70%.
ਉੱਤਰ :
40%.
ਪ੍ਰਸ਼ਨ 10.
ਯੋਗ ਰਾਜ ਨੇ ਕਿਹੜੀ ਪ੍ਰੀਖਿਆ ਪਾਸ ਕਰ ਕੇ ਆਪਣੀ ਮਿੱਥੀ ਮੰਜ਼ਲ ਸਰ ਕੀਤੀ ?
(ਉ) ਬੈਂਕਿੰਗ
(ਅ) ਯੂਨੀਅਨ ਪਬਲਿਕ ਸਰਵਿਸ ਕਮਿਸ਼ਨ
(ੲ) ਪੰਜਾਬ ਸਿਵਲ ਸਰਵਿਸਜ਼
(ਸ) ਨੈੱਟ ।
ਉੱਤਰ :
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ।
II. ਹੇਠ ਲਿਖੇ ਪੈਰੇ ਨੂੰ ਪੜ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ।
4 ਜਨਵਰੀ, 2001 ਨੂੰ ਉਹ ਸਰਕਾਰੀ ਮਿਡਲ ਸਕੂਲ ਕੁਨੈਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਭਾਵੇਂ ਪੱਕੇ ਤੌਰ ‘ਤੇ ਸਮਾਜਿਕ ਸਿੱਖਿਆ ਅਧਿਆਪਕ ਨਿਯੁਕਤ ਹੋ ਗਿਆ, ਪਰ ਉਸ ਦੀ ਮੰਜ਼ਲ ਹਾਲੇ ਦੂਰ ਸੀ । ਤਨ-ਦੇਹੀ ਨਾਲ ਨੌਕਰੀ ਕਰਦਿਆਂ ਪੜ੍ਹਾਈ ਜਾਰੀ ਰੱਖੀ । 2005 ਵਿੱਚ ਪਹਿਲੀ ਵਾਰ ਸੰਘ ਲੋਕ ਸੇਵਾ ਆਯੋਗ ਦੀ ਪਰੀਖਿਆ ਦਿੱਤੀ, ਪਰ ਮੁੱਢਲੀ ਪਰੀਖਿਆ ਵੀ ਪਾਸ ਨਾ ਕਰ ਸਕਿਆ । 2008 ਵਿੱਚ ਫਿਰ ਅਜਿਹਾ ਹੀ ਹੋਇਆ । 2010 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਭੂਗੋਲ ਦੀ ਮਾਸਟਰ ਡਿਗਰੀ ਕੀਤੀ ਅਤੇ ਇਸੇ ਸਾਲ ਨੈੱਟ ਦੀ ਪਰੀਖਿਆ ਪਾਸ ਕਰ ਲਈ । 2009 ਵਿੱਚ ਪੰਜਾਬ ਸਿਵਲ ਸਰਵਿਸਿਜ਼ ਦੇ ਇਮਤਿਹਾਨ ਵਿੱਚ ਬੈਠਿਆ, ਜਿਸ ਦਾ ਨਤੀਜਾ 2012 ਵਿੱਚ ਘੋਸ਼ਿਤ ਹੋਇਆ । ਇਸ ਵਿੱਚ ਯੋਗ ਰਾਜ ਮਾਮੂਲੀ ਅੰਕਾਂ ਦੇ ਫ਼ਰਕ ਨਾਲ਼ ਰਹਿ ਗਿਆ । ਸਿਰੜੀ ਸੁਭਾਅ ਦਾ ਮਾਲਕ ਇਹ ਕਰਮਯੋਗੀ 2013 ਦੀ ਪੰਜਾਬ ਸਿਵਲ ਸਰਵਿਸਜ਼ ਪਰੀਖਿਆ ਦੇ ਆਖ਼ਰੀ ਪੜਾਅ ਵਿੱਚ 0.22 ਦੇ ਫ਼ਰਕ ਨਾਲ ਪਿੱਛੇ ਰਹਿ ਗਿਆ, ਪਰ ਹਿੰਮਤ ਨਾ ਹਾਰੀ ! ਜਨਵਰੀ, 2014 ਵਿੱਚ ਤਰੱਕੀ ਉਪਰੰਤ ਸਰਕਾਰੀ ਹਾਈ ਸਕੂਲ ਬੀਰਮਪੁਰ ਵਿਖੇ ਮੁੱਖ ਅਧਿਆਪਕ ਨਿਯੁਕਤ ਹੋਏ । ਪੂਰੀ ਤਿਆਰੀ ਨਾਲ 2014 ਵਿੱਚ ਸੰਘ ਲੋਕ ਸੇਵਾ ਆਯੋਗ ਦੀ ਪਰੀਖਿਆ ਵਿੱਚ ਦੇਸ਼ ਭਰ ਵਿੱਚੋਂ 1213ਵਾਂ ਰੈਂਕ ਹਾਸਲ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ । ਇਸ ਕਾਮਯਾਬੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਯੋਗ ਰਾਜ ਨੇ ਇਹ ਪਰੀਖਿਆ ਮਾਂ-ਬੋਲੀ ਪੰਜਾਬੀ ਦੇ ਮਾਧਿਅਮ ਰਾਹੀਂ ਪਾਸ ਕੀਤੀ । ਇਸ ਕਾਮਯਾਬੀ ਵੇਲੇ ਯੋਗ ਰਾਜ ਦੀ ਅੱਖਾਂ ਦੀ ਰੋਸ਼ਨੀ ਸਿਰਫ਼ 25 ਪ੍ਰਤਿਸ਼ਤ ਸੀ । ਯੋਗ ਰਾਜ ਅਨੁਸਾਰ ਗ਼ਰੀਬੀ ਅਤੇ ਸਰੀਰਿਕ ਅਪੰਗਤਾ ਕਾਮਯਾਬੀ ਵਿੱਚ ਕਦੇ ਰੁਕਾਵਟ ਨਹੀਂ ਬਣਦੀਆਂ । ਦਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਹਾਲਾਤ ਨੂੰ ਅਨੁਕੂਲ ਬਣਾਇਆ ਜਾ ਸਕਦਾ ਹੈ । ਯੋਗ ਰਾਜ ਕਿਤਾਬਾਂ ਵਾਲੇ ਸ੍ਰੀ ਪ੍ਰਹਿਲਾਦ ਭਗਤ ਖੰਨਾ ਨੂੰ ਦਿਲੋਂ ਸਤਿਕਾਰਦਾ ਹੈ, ਜਿਨ੍ਹਾਂ ਨੇ ਔਖੇ ਵੇਲਿਆਂ ਵਿੱਚ ਉਧਾਰ ਕਿਤਾਬਾਂ ਦੇਣ ਤੋਂ ਕਦੇ ਮੱਥੇ ਵੱਟ ਨਹੀਂ ਪਾਇਆ । ਮਾਸਟਰ ਤਿਲਕ ਰਾਜ ਧੀਮਾਨ ਵਲੋਂ ਦਿੱਤੀ ਹੱਲਾਸ਼ੇਰੀ ਉਸ ਲਈ ਅੱਗੇ ਵਧਣ ਦਾ ਸਬੱਬ ਬਣੀ । ਯੋਗ ਰਾਜ ਦੀ ਮਾਣਮੱਤੀ ਪ੍ਰਾਪਤੀ ਹਾਲਾਤ ਦੀ ਮਾਰ ਝੱਲ ਰਹੇ ਵੱਡੀ ਗਿਣਤੀ ਲੋਕਾਂ ਲਈ ਪ੍ਰੇਰਨਾ-ਸ੍ਰੋਤ ਬਣੀ ਰਹੇਗੀ ।
ਪ੍ਰਸ਼ਨ 1.
ਯੋਗ ਰਾਜ ਕਦੋਂ ਸਰਕਾਰੀ ਸਕੂਲ ਕੁਨੈਲ ਵਿਚ ਸਮਾਜਿਕ ਸਿੱਖਿਆ ਅਧਿਆਪਕ ਨਿਯੁਕਤ ਹੋਇਆ ?
(ਉ) 4 ਜਨਵਰੀ, 2001
(ਅ) 5 ਜਨਵਰੀ, 2001
(ੲ) 6 ਜਨਵਰੀ, 2001
(ਸ) 7 ਜਨਵਰੀ, 2001.
ਉੱਤਰ :
4 ਜਨਵਰੀ, 2001.
ਪ੍ਰਸ਼ਨ 2.
ਯੋਗ ਰਾਜ ਨੇ ਕਦੋਂ ਪਹਿਲੀ ਵਾਰੀ ਸੰਘ ਲੋਕ-ਸੇਵਾ ਆਯੋਗ ਦੀ ਪ੍ਰੀਖਿਆ ਦਿੱਤੀ ?
(ਉ) 2005
(ਅ) 2008
(ੲ) 2012
(ਸ) 2013.
ਉੱਤਰ :
2005.
ਪ੍ਰਸ਼ਨ 3.
ਯੋਗ ਰਾਜ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕਿਸ ਵਿਸ਼ੇ ਵਿਚ ਮਾਸਟਰ ਡਿਗਰੀ ਲਈ ?
(ੳ) ਇਤਿਹਾਸ
(ਅ) ਭੂਗੋਲ
(ੲ) ਹਿਸਾਬ
(ਸ) ਅੰਗਰੇਜ਼ੀ ।
ਉੱਤਰ :
ਭੂਗੋਲ ।
ਪ੍ਰਸ਼ਨ 4.
ਯੋਗ ਰਾਜ ਦਾ ਸੁਭਾ ਕਿਹੋ ਜਿਹਾ ਸੀ ?
(ਉ) ਡਰਪੋਕ
(ਅ) ਜਜ਼ਬਾਤੀ
(ਈ) ਹਸਮੁਖ
(ਸ) ਸਿਰੜੀ ਤੇ ਹਿੰਮਤੀ ।
ਉੱਤਰ :
ਸਿਰੜੀ ਤੇ ਹਿੰਮਤੀ ।
ਪ੍ਰਸ਼ਨ 5.
ਯੋਗ ਰਾਜ ਸਰਕਾਰੀ ਹਾਈ ਸਕੂਲ ਬੀਰਮਪੁਰ ਵਿਚ ਕਿਸ ਅਹੁਦੇ ਉੱਤੇ ਰਿਹਾ ?
(ਉ) ਅਧਿਆਪਕ
(ਅ) ਮੁੱਖ ਅਧਿਆਪਕ
(ਇ) ਕਲਰਕ
(ਸ) ਚਪੜਾਸੀ ।
ਉੱਤਰ :
ਮੁੱਖ ਅਧਿਆਪਕ ।
ਪ੍ਰਸ਼ਨ 6.
2014 ਵਿਚ ਯੋਗ ਰਾਜ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਵਿਚ ਦੇਸ਼ ਭਰ ਵਿਚੋਂ ਕਿੰਨਵੇਂ ਨੰਬਰ ਤੇ ਰਿਹਾ ?
(ਉ) 2113ਵੇਂ
(ਅ) 1213ਵੇਂ
(ਇ) 1231ਵੇਂ
(ਸ) 2131ਵੇਂ ।
ਉੱਤਰ :
1213ਵੇਂ ।
ਪ੍ਰਸ਼ਨ 7.
ਯੋਗ ਰਾਜ ਨੇ ਸੰਘ ਲੋਕ-ਸੇਵਾ ਆਯੋਗ ਦੀ ਪ੍ਰੀਖਿਆ ਕਿਹੜੀ ਬੋਲੀ ਦੇ ਮਾਧਿਅਮ ਰਾਹੀਂ ਪਾਸ ਕੀਤੀ ?
(ੳ) ਪੰਜਾਬੀ ਮਾਂ-ਬੋਲੀ
(ਅ) ਅੰਗਰੇਜ਼ੀ
(ਈ) ਹਿੰਦੀ
(ਸ) ਉਰਦੂ ।
ਉੱਤਰ :
ਪੰਜਾਬੀ ਮਾਂ-ਬੋਲੀ ।
ਪ੍ਰਸ਼ਨ 8.
ਜਦੋਂ ਯੋਗ ਰਾਜ ਨੇ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਪਾਸ ਕੀਤੀ, ਤਾਂ ਉਸਦੀ ਅੱਖਾਂ ਦੀ ਰੋਸ਼ਨੀ ਕਿੰਨੀ ਸੀ ?
(ਉ) 100%
(ਅ) 90%
(ਈ) 50%
(ਸ) 25%.
ਉੱਤਰ :
25%.
ਪ੍ਰਸ਼ਨ 9.
ਯੋਗ ਰਾਜ ਕਿਹੜੇ ਕਿਤਾਬਾਂ ਵਾਲੇ ਦਾ ਦਿਲੋਂ ਸਤਿਕਾਰ ਕਰਦਾ ਹੈ ?
(ੳ) ਸ੍ਰੀ ਭਗਤ ਰਾਮ ਖੰਨਾ
(ਅ) ਸ੍ਰੀ ਪ੍ਰਹਿਲਾਦ ਚੰਦ
() ਸ੍ਰੀ ਨੰਦ ਲਾਲ
(ਸ) ਸ੍ਰੀ ਪ੍ਰਹਿਲਾਦ ਭਗਤ ਖੰਨਾ ।
ਉੱਤਰ :
ਸ੍ਰੀ ਪ੍ਰਹਿਲਾਦ ਭਗਤ ਖੰਨਾ ।
ਪ੍ਰਸ਼ਨ 10.
ਕਿਸ ਮਾਸਟਰ ਨੇ ਯੋਗ ਰਾਜ ਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ ?
(ਉ) ਤਿਲਕ ਰਾਜ ਧੀਮਾਨ
(ਅ) ਪ੍ਰਹਿਲਾਦ ਭਗਤ ਖੰਨਾ
(ਇ) ਰਤਨ ਚੰਦ
(ਸ) ਮਾਣਕ ਚੰਦ ।
ਉੱਤਰ :
ਤਿਲਕ ਰਾਜ ਧੀਮਾਨ ।
ਪ੍ਰਸ਼ਨ 11.
ਯੋਗ ਰਾਜ ਦੀ ਮਾਣਮੱਤੀ ਪ੍ਰਾਪਤੀ ਕਿਨ੍ਹਾਂ ਲੋਕਾਂ ਲਈ ਪ੍ਰੇਰਨਾ-ਸ੍ਰੋਤ ਹੈ ?
(ਉ) ਵਿਗੜੇ ਹੋਏ
(ਆ) ਹਾਲਾਤਾਂ ਦੀ ਮਾਰ ਝੱਲ ਰਹੇ
(ਈ) ਰੱਜੇ-ਪੁੱਜੇ
(ਸ) ਬੇਰੁਜ਼ਗਾਰ ।
ਉੱਤਰ :
ਹਾਲਾਤਾਂ ਦੀ ਮਾਰ ਝੱਲ ਰਹੇ ।
ਔਖੇ ਸ਼ਬਦਾਂ ਦੇ ਅਰਥ :
ਗੁਰਬਤ ਦੀ ਮਾਰ-ਗਰੀਬੀ ਦੇ ਦੁੱਖ ਝੱਲ ਰਿਹਾ-ਸਹਿ ਰਿਹਾ, ਬਰਦਾਸ਼ਤ ਕਰ ਰਿਹਾ । ਦੀਵਟ-ਦਵਾਖੀ, ਦੀਵੇ ਨੂੰ ਉੱਚੀ ਥਾਂ ਟਿਕਾਉਣ ਲਈ ਲੱਕੜੀ ਦੀ ਬਣੀ ਟਿਕਟਿਕੀ । ਮਫ਼ਰ-ਗੁਲੂਬੰਦ, ਗਲ ਵਿਚ ਪਹਿਨਣ ਵਾਲਾ ਗਰਮ ਕੱਪੜਾ । ਮੱਚ ਉੱਠਿਆ-ਅੱਗ ਭੜਕ ਪਈ । ਪ੍ਰਤੀਸ਼ਤ-ਇਕ ਸੌ ਦਾ ਕੁੱਝ ਹਿੱਸਾ । ਚਿਹਰਾ-ਮੂੰਹ । ਵਕਾਰੀ-ਮਾਣ ਭਰੀ । ਮੰਜ਼ਲ-ਨਿਸ਼ਾਨਾ । ਸਰ ਕੀਤੀ-ਪ੍ਰਾਪਤ ਕੀਤੀ, ਫ਼ਤਹਿ ਕੀਤੀ । ਗਣਿਤ-ਹਿਸਾਬ । ਨਿਪੁੰਨ-ਮਾਹਰ । ਸਹਿਪਾਠੀਆਂ-ਜਮਾਤੀਆਂ । ਮੱਧਰਾ-ਛੋਟਾ, ਨੀਵਾਂ । ਜੁੱਸਾ-ਸਰੀਰ । ਖੜਨਾ-ਖੜੇ ਹੋਣਾ । ਚਿੜਾਉਂਦੇ-ਖਿਝਾਉਂਦੇ । ਗੌਲਿਆ-ਧਿਆਨ ਦਿੱਤਾ । ਤੱਪੜ-ਟਾਟ, ਰੱਸੀਆਂ ਦੀ ਬਣੀ ਲੰਮੀ ਚਟਾਈ । ਉਤਾਰਾ-ਨਕਲ । ਸਰਦੇ-ਪੁੱਜਦੇ-ਖਾਂਦੇਪੀਂਦੇ, ਅਮੀਰ । ਰਾਸ ਆਇਆ-ਲਾਭਕਾਰੀ ਸਿੱਧ ਹੋਇਆ । ਅਪਗ੍ਰੇਡ-ਦਰਜਾ ਉੱਚਾ ਕਰਨਾ । ਉਪਰੰਤ-ਪਿੱਛੋਂ । ਪਰਿਪੱਕਤਾ-ਮੁਹਾਰਤ, ਨਿਪੁੰਨਤਾ । ਧਰਿਆ-ਰੱਖਿਆ । ਬਦ ਤੋਂ ਬਦਤਰ-ਭੈੜੀ ਤੋਂ ਹੋਰ ਭੈੜੀ । ਹੀਲਾ-ਵਸੀਲਾ-ਸਾਧਨ, ਢੰਗ । ਸੰਘਰਸ਼-ਘੋਲ । ਛੜਾਈਝੋਨੇ ਵਿਚੋਂ ਚੌਲ ਕੱਢਣ ਦਾ ਕੰਮ । ਭਰਾਈ-ਬੋਰੀਆਂ ਵਿਚ ਭਰਨ ਦਾ ਕੰਮ । ਸ਼ੈਲਰ-ਚੌਲ ਆਦਿ ਛੜਨ ਦੀਆਂ ਮਸ਼ੀਨਾਂ ਪੈਂਡਾ-ਸਫ਼ਰ । ਪੱਲੇਦਾਰ-ਢੁਆਈ ਕਰਨ ਵਾਲਾ । ਸਰਾਂਮੁਸਾਫ਼ਰਾਂ/ਸੈਲਾਨੀਆਂ ਦੇ ਅਰਾਮ ਕਰਨ ਲਈ ਬਣੀ ਇਮਾਰਤ । ਸਾਲਾਂ-ਬੱਧੀ-ਕਈ ਸਾਲ । ਤਨਦੇਹੀ-ਸਰੀਰ ਤੇ ਮਨ ਦੀ ਤਾਕਤ ਨਾਲ । ਨੈੱਟ-Net, ਇਕ ਯੋਗਤਾ ਪ੍ਰੀਖਿਆ । ਘੋਸ਼ਿਤ ਹੋਇਆ-ਐਲਾਨ ਹੋਇਆ । ਸਿਰੜੀ-ਦ੍ਰਿੜ੍ਹਤਾ ਨਾਲ ਕੰਮ ਕਰਨ ਵਾਲਾ, ਹੱਠੀ । ਕਰਮਯੋਗੀ-ਕਹਿਣੀ ਤੇ ਕਰਨੀ ਇਕ ਰੱਖਣ ਵਾਲਾ । ਅਪੰਗਤਾ-ਅੰਗਹੀਣਤਾ । ਅਨੁਕੂਲਮੁਤਾਬਿਕ । ਮੱਥੇ ਵੱਟ ਨਹੀਂ ਪਾਇਆ-ਨਰਾਜ਼ਗੀ ਪ੍ਰਗਟ ਨਾ ਕੀਤੀ । ਹੱਲਾਸ਼ੇਰੀ-ਹੌਸਲਾ ਵਧਾਉਣਾ । ਸਬਬ-ਕਾਰਨ । ਪ੍ਰੇਰਨਾ-ਸੋਤ-ਪ੍ਰੇਰਨਾ ਦਾ ਸੋਮਾ, ਪ੍ਰੇਰਨਾ ਦੇਣ ਵਾਲਾ ।
ਗੋਦੜੀ ਦਾ ਲਾਲ-ਯੋਗ ਰਾਜ Summary
ਗੋਦੜੀ ਦਾ ਲਾਲ-ਯੋਗ ਰਾਜ ਪਾਠ ਦਾ ਸਾਰ
ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਦਸ ਕੁ ਕਿਲੋਮੀਟਰ ਦੂਰ ਪਹਾੜੀਆਂ ਵਿਚਲੇ ਪਛੜੇ ਇਲਾਕੇ ਬੀਤ ਵਿਚ ਇਕ ਪਿੰਡ ਹੈ, ਮੈਰਾ । ਚਾਰ ਕੁ ਦਹਾਕੇ ਪਹਿਲਾਂ ਇੱਥੇ ਗ਼ਰੀਬੀ ਦੀ ਮਾਰ ਝਲ ਰਿਹਾ ਪੰਜ ਕੁ ਸਾਲਾਂ ਦਾ ਇਕ ਬੱਚਾ ਯੋਗ ਰਾਜ ਦੀਵਟ ਉੱਤੇ ਮਿੱਟੀ ਦੇ ਤੇਲ ਦਾ ਦੀਵਾ ਟਿਕਾ ਰਿਹਾ ਸੀ ਕਿ ਮਫ਼ਲਰ ਨੂੰ ਅੱਗ ਲਗਣ ਨਾਲ ਉਸ ਦਾ 40% ਚਿਹਰਾ ਤੇ ਸਿਰ ਸੜ ਗਿਆ ਤੇ ਉਸਦੀਆਂ ਅੱਖਾਂ ਦੀ ਰੌਸ਼ਨੀ ਉੱਤੇ ਇਸਦਾ ਬੁਰਾ ਅਸਰ ਪਿਆ । ਉਸ (ਯੋਗ ਰਾਜ ਨੇ ਗ਼ਰੀਬੀ ਦੀ ਮਾਰ ਤੇ ਜੀਵਨ ਦੀਆਂ ਹੋਰ ਮੁਸ਼ਕਿਲਾਂ ਦਾ ਟਾਕਰਾ ਕਰਦਿਆਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰ ਕੇ ਆਪਣੀ ਮਿੱਥੀ ਮੰਜ਼ਿਲ ਨੂੰ ਪ੍ਰਾਪਤ ਕੀਤਾ ।
ਯੋਗ ਰਾਜ ਦਾ ਜਨਮ 15 ਮਈ, 1970 ਨੂੰ ਪਿਤਾ ਸ੍ਰੀ ਸਰਵਣ ਰਾਮ ਦੇ ਘਰ ਮਾਤਾ ਸ੍ਰੀਮਤੀ ਜੀਤੋ ਜੀ ਦੇ ਘਰ ਹੋਇਆ । ਮੁੱਢਲੀ ਵਿੱਦਿਆ ਉਸ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਪ੍ਰਾਪਤ ਕੀਤੀ । ਇੱਥੋਂ ਦੇ ਮਾਸਟਰ ਜੋਗਿੰਦਰ ਸਿੰਘ ਨੇ ਉਸ ਦੀ ਲਿਖਾਈ ਵਲ ਵਿਸ਼ੇਸ਼ ਧਿਆਨ ਦਿੰਦਿਆਂ, ਪਹਾੜਿਆਂ ਤੇ ਗਣਿਤ ਵਿਚ ਉਸਨੂੰ ਨਿਪੁੰਨ ਬਣਾ ਦਿੱਤਾ । ਪੰਜਵੀਂ ਪਾਸ ਕਰਨ ਮਗਰੋਂ ਉਹ ਮਿਡਲ ਸਕੂਲ, ਪੰਡੋਰੀ ਬੀਤ ਵਿਚ ਦਾਖ਼ਲ ਹੋਇਆ । ਉਸਦਾ ਸਰੀਰ ਕਮਜ਼ੋਰ ਅਤੇ ਕੱਦ ਮਧਰਾ ਸੀ । ਨਜ਼ਰ ਘੱਟ ਹੋਣ ਕਰਕੇ ਉਸਨੂੰ ਬਲੈਕ ਬੋਰਡ ਉੱਤੇ ਵੀ ਘੱਟ ਦਿਖਾਈ ਦਿੰਦਾ ਸੀ । ਉਹ ਆਪਣੇ ਨਾਲ ਤੱਪੜ ਉੱਤੇ ਬੈਠਦੇ ਸਾਥੀਆਂ ਦੀਆਂ ਕਾਪੀਆਂ ਤੋਂ ਉਤਾਰਾ ਕਰ ਲੈਂਦਾ ।
ਘਰ ਦੀ ਗਰੀਬੀ ਕਾਰਨ ਉਹ ਕਿਤਾਬਾਂ ਵੀ ਨਹੀਂ ਸੀ ਖ਼ਰੀਦ ਸਕਦਾ । ਸਰਦੇ-ਪੁੱਜਦੇ ਘਰਾਂ ਦੇ ਮੁੰਡੇ ਉਸਨੂੰ ਕਿਤਾਬਾਂ ਤਾਂ ਦੇ ਦਿੰਦੇ, ਪਰ ਬਦਲੇ ਵਿਚ ਉਸਨੂੰ ਉਨ੍ਹਾਂ ਦਾ ਸਕੂਲ ਦਾ ਘਰ ਲਈ ਮਿਲਿਆ ਸਾਰਾ ਕੰਮ ਕਰਨਾ ਪੈਂਦਾ । ਇਸ ਤਰ੍ਹਾਂ ਕਰਨਾ ਉਸ ਲਈ ਲਾਭਦਾਇਕ ਸਿੱਧ ਹੋਇਆ, ਕਿਉਂਕਿ ਉਸ ਦੀ ਨਾਲ-ਨਾਲ ਦੁਹਰਾਈ ਹੋ ਜਾਂਦੀ । ਪੰਡੋਰੀ ਬੀਤ ਦੇ ਸਕੂਲ ਦੇ ਅਪਗ੍ਰੇਡ ਹੋਣ ਕਰਕੇ ਉਸ ਨੇ 1986 ਵਿਚ ਦਸਵੀਂ ਉੱਥੋਂ ਹੀ ਪਾਸ ਕੀਤੀ । ਸਕੂਲ ਦੇ ਹੈੱਡਮਾਸਟਰ ਸ੍ਰੀ ਜੋਗਿੰਦਰ ਸਿੰਘ ਅੰਗਰੇਜ਼ੀ ਪੜ੍ਹਾਉਂਦੇ ਸਨ, ਜਿਨ੍ਹਾਂ ਨੇ ਉਸਨੂੰ ਅੰਗਰੇਜ਼ੀ ਵਿਚ ਪਰਿਪੱਕ ਕਰ ਦਿੱਤਾ । ਇਕ ਰਾਤ ਉਸਨੂੰ ਨੀਂਦ ਆ ਗਈ ਤੇ ਮੰਜੀ ਦੇ ਪਾਵੇ ਉੱਤੇ ਜਗਦੇ ਦੀਵੇ ਕਾਰਨ ਉਸਦੀਆਂ ਕਿਤਾਬਾਂ ਸੜ ਗਈਆਂ । ਕਿਸੇ ਨੇਕ ਦਿਲ ਅਧਿਆਪਕ ਨੇ ਉਸਨੂੰ ਹੋਰ ਕਿਤਾਬਾਂ ਖ਼ਰੀਦ ਦਿੱਤੀਆਂ ।
1986 ਵਿੱਚ ਉਸਦੇ ਘਰ ਦੀ ਹਾਲਤ ਹੋਰ ਵਿਗੜ ਗਈ ਸੀ । ਨੇੜੇ-ਤੇੜੇ ਕੋਈ ਹਾਇਰ ਸੈਕੰਡਰੀ ਸਕੂਲ ਵੀ ਨਹੀਂ ਸੀ । ਇਸ ਕਰਕੇ ਉਸ ਨੇ 1986 ਵਿਚ ਫਗਵਾੜਾ ਨੇੜੇ ਜਗਤਪੁਰ ਜੱਟਾਂ ਦੀ ਦਾਣਾ ਮੰਡੀ ਵਿਚ ਮਜ਼ਦੂਰੀ ਦਾ ਕੰਮ ਸ਼ੁਰੂ ਕੀਤਾ । ਇਸ ਤਰ੍ਹਾਂ ਦਸ ਸਾਲ ਉਹ ਕਣਕ ਤੇ ਝੋਨੇ ਦੀ ਛੜਾਈ ਤੇ ਭਰਾਈ ਤੋਂ ਇਲਾਵਾ ਸ਼ੈਲਰਾਂ ਵਿਚ ਕੰਮ ਕਰਦਾ ਰਿਹਾ । ਉਸ ਨੇ ਖੱਡਾਂ ਵਿਚੋਂ ਪੱਥਰ ਇਕੱਠੇ ਕਰਨ, ਰੋੜੀ ਕੁੱਟ ਕੇ ਟਰੱਕ ਭਰਨ ਆਦਿ ਦੇ ਕੰਮ ਵੀ ਕੀਤੇ ।
1988 ਵਿਚ ਉਸ ਨੇ ਪ੍ਰਾਈਵੇਟ ਤੌਰ ਤੇ 11ਵੀਂ ਦੀ ਪ੍ਰੀਖਿਆ ਦਿੱਤੀ, ਪਰ ਨਤੀਜੇ ਵਿਚ ਉਸ ਦੀ ਇਕ ਵਿਸ਼ੇ ਵਿਚ ਕੰਪਾਰਟਮੈਂਟ ਆ ਗਈ । 1990 ਵਿਚ ਉਸ ਨੇ 12ਵੀਂ ਤਾਂ ਪਾਸ ਕਰ ਲਈ, ਪਰ ਕੰਪਾਰਟਮੈਂਟ ਨਾ ਟੁੱਟਣ ਕਰਕੇ ਉਸਨੂੰ ਵਾਪਸ 11ਵੀਂ ਵਿਚ ਆਉਣਾ ਪਿਆ। ਫਿਰ ਉਸ ਨੇ 1991 ਵਿਚ ਗਿਆਰਵੀਂ ਤੇ 1992 ਵਿਚ ਬਾਰਵੀਂ ਪਾਸ ਕਰ ਲਈ । 1993 ਵਿਚ ਉਸਨੇ ਆਈ. ਟੀ. ਆਈ. ਨੰਗਲ ਤੋਂ ਡਰਾਫਟਸਮੈਨ ਸਿਵਲ ਦਾ ਡਿਪਲੋਮਾ ਕੀਤਾ । 1993 ਵਿਚ ਜਦੋਂ ਬੀਤ ਦੇ ਇਲਾਕੇ ਵਿਚ ਡੂੰਘੇ ਟਿਊਬਵੈੱਲ ਲੱਗਣ ਲੱਗੇ, ਤਾਂ ਉਸ ਨੇ ਪਾਈਪ ਲਾਈਨ ਵਿਛਾਉਣ ਲਈ ਡੂੰਘੀਆਂ ਖਾਈਆਂ ਪੁੱਟਣ ਦਾ ਕੰਮ ਵੀ ਕੀਤਾ । ਇਸ ਤੋਂ ਇਲਾਵਾ ਉਹ ਬਰਸਾਤਾਂ ਵਿਚ ਬੂਟੇ ਲਾਉਣ ਲਈ ਟੋਏ ਵੀ ਪੁੱਟਦਾ ਰਿਹਾ । ਉਸ ਨੇ ਰਾਜ-ਮਿਸਤਰੀਆਂ ਨਾਲ ਮਜ਼ਦੂਰੀ ਵੀ ਕੀਤੀ ।
1993 ਦੇ ਅਖੀਰ ਵਿਚ ਬੀ.ਏ. ਭਾਗ ਦੂਜਾ ਦਾ ਦਾਖ਼ਲਾ ਭਰਨ ਸਮੇਂ ਉਹ ਦਿੱਲੀ ਦੀ ਟਰਾਂਸਪੋਰਟ ਕੰਪਨੀ ਵਿਚ ਪੱਲੇਦਾਰੀ ਕਰਦਾ ਰਿਹਾ । ਕੰਮ ਖ਼ਤਮ ਕਰ ਕੇ ਜਦੋਂ ਉਹ ਰਾਤ ਨੂੰ ਪੜ੍ਹਨ ਲਈ ਬੈਠਦਾ, ਤਾਂ ਉਸ ਦੇ ਸਾਥੀ ਖਿਝ ਕੇ ਕਹਿੰਦੇ, “ਲਾਈਟ ਬੁਝਾ ਦੇ ਯਾਰ, ਤੂੰ ਕਿਹੜਾ ਪੜ੍ਹ ਕੇ ਡੀ.ਸੀ. ਲੱਗਣੈ ।”
ਹਿਮਾਚਲ ਪ੍ਰਦੇਸ਼ ਦੇ ਕਸਬਾ ਸੰਤੋਖਗੜ੍ਹ ਨੇੜੇ ਸੁਆਂ ਨਦੀ ਦੀ ਚੈਨੇਲਾਈਜ਼ੇਸ਼ਨ ਸਮੇਂ ਉਹ ਪੱਥਰ ਚੁੱਕਦਾ ਰਿਹਾ ਤੇ ਰਾਤ ਸਰਾਂ ਵਿਚ ਵਿਛੀਆਂ ਦਰੀਆਂ ਉੱਤੇ ਕੱਟ ਲੈਂਦਾ । ਉਹ ਰੁੜੀਆਂ ਦੇ ਢੇਰ ਭਰ ਕੇ ਖੇਤਾਂ ਵਿਚ ਸੁੱਟਣ ਦਾ ਕੰਮ ਵੀ ਸਾਲਾਂ-ਬੱਧੀ ਕਰਦਾ ਰਿਹਾ ।
1996 ਵਿਚ ਉਸ ਨੇ ਬੀ.ਏ. ਪਾਸ ਕੀਤੀ । ਜ਼ਮੀਨ ਗਹਿਣੇ ਰੱਖ ਕੇ 1999 ਵਿਚ ਉਸ ਨੇ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਤੋਂ ਬੀ.ਐੱਡ. ਪਾਸ ਕੀਤੀ । ਫਿਰ ਉਹ ਇਕ ਨਿੱਜੀ ਸਕੂਲ ਵਿਚ ਪੜ੍ਹਾਉਣ ਲੱਗਾ, ਜਿੱਥੇ ਉਸਨੂੰ 800 ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ, ਜਦ ਕਿ ਉਹ ਮਜ਼ਦੂਰੀ ਕਰ ਕੇ 2500 ਤੋਂ 3000 ਰੁਪਏ ਕਮਾ ਲੈਂਦਾ ਸੀ ।
ਜੁਲਾਈ 2000 ਵਿਚ ਉਹ ਸੁਨਿਚਰਵਾਰ ਤੇ ਐਤਵਾਰ ਦੀ ਦਿਹਾੜੀ ਲਾਉਣ ਕਰਕੇ ਅਖ਼ਬਾਰ ਨਾ ਪੜ੍ਹ ਸਕਿਆ, ਜਿਸ ਕਰਕੇ ਉਹ ਲੈਕਚਰਾਰ ਦੀਆਂ ਅਸਾਮੀਆਂ ਲਈ ਅਰਜ਼ੀ ਫ਼ਾਰਮ ਭਰਨ ਤੋਂ ਰਹਿ ਗਿਆ, ਜਿਸ ਕਰਕੇ ਉਸ ਤੋਂ ਘੱਟ ਅੰਕਾਂ ਵਾਲੇ ਉਮੀਦਵਾਰ ਲੈਕਚਰਾਰ ਨਿਯੁਕਤ ਹੋ ਗਏ ।
4 ਜਨਵਰੀ, 2001 ਨੂੰ ਉਹ ਸਰਕਾਰੀ ਮਿਡਲ ਸਕੂਲ ਕੁਨੈਲ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੱਕੇ ਤੌਰ ‘ਤੇ ਸਮਾਜਿਕ ਸਿੱਖਿਆ ਅਧਿਆਪਕ ਨਿਯੁਕਤ ਹੋ ਗਿਆ । 2005 ਵਿਚ ਉਸ ਨੇ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦਿੱਤੀ, ਪਰ ਉਹ ਮੁੱਢਲੀ ਪ੍ਰੀਖਿਆ ਵੀ ਪਾਸ ਨਾ ਕਰ ਸਕਿਆ । 2008 ਵਿਚ ਫਿਰ ਅਜਿਹਾ ਹੀ ਹੋਇਆ । 2010 ਵਿਚ ਉਸ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਭੂਗੋਲ ਦੀ ਮਾਸਟਰਜ਼ ਡਿਗਰੀ ਲਈ ਤੇ ਨਾਲ ਹੀ ਨੈੱਟ ਦੀ ਪ੍ਰੀਖਿਆ ਪਾਸ ਕੀਤੀ । 2009 ਵਿੱਚ ਉਸ ਨੇ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦਿੱਤੀ ਤੇ 2012 ਵਿਚ ਐਲਾਨੇ ਨਤੀਜੇ ਵਿਚ ਮਾਮੂਲੀ ਫ਼ਰਕ ਨਾਲ ਰਹਿ ਗਿਆ । 2013 ਵਿਚ ਉਹ ਫਿਰ ਅਸਫਲ ਰਿਹਾ । 2014 ਵਿਚ ਉਹ ਸਰਕਾਰੀ ਹਾਈ ਸਕੂਲ ਬੀਰਮਪੁਰ ਵਿਚ ਮੁੱਖ ਅਧਿਆਪਕ ਨਿਯੁਕਤ ਹੋਇਆ । 2014 ਵਿਚ ਉਸ ਨੇ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਪਾਸ ਕਰ ਕੇ 1213ਵਾਂ ਰੈਂਕ ਪ੍ਰਾਪਤ ਕੀਤਾ ਤੇ ਸਾਬਤ ਕਰ ਦਿੱਤਾ ਕਿ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਹਰ ਕਾਮਯਾਬੀ ਪ੍ਰਾਪਤ ਕੀਤੀ ਜਾ ਸਕਦੀ ਹੈ ।
ਯੋਗ ਰਾਜ ਦੀ ਇਸ ਕਾਮਯਾਬੀ ਦੀ ਇਹ ਵਿਸ਼ੇਸ਼ਤਾ ਸੀ ਕਿ ਉਸ ਨੇ ਇਹ ਪ੍ਰੀਖਿਆ ਮਾਂਬੋਲੀ ਪੰਜਾਬੀ ਦੇ ਮਾਧਿਅਮ ਰਾਹੀਂ ਕੀਤੀ । ਇਸ ਸਮੇਂ ਉਸਦੀਆਂ ਅੱਖਾਂ ਦੀ ਰੌਸ਼ਨੀ ਸਿਰਫ਼ 25% ਸੀ । ਉਸ ਦੀ ਗ਼ਰੀਬੀ ਤੇ ਅਪੰਗਤਾ ਉਸ ਦੇ ਰਾਹ ਵਿਚ ਰੁਕਾਵਟ ਨਾ ਬਣ ਸਕੀਆਂ । ਉਹ ਕਿਤਾਬਾਂ ਵਾਲੇ ਸ੍ਰੀ ਪ੍ਰਹਿਲਾਦ ਭਗਤ ਖੰਨਾ ਦਾ ਦਿਲੋਂ ਸਤਿਕਾਰ ਕਰਦਾ ਹੈ, ਜਿਸ ਨੇ ਔਖੇ ਵੇਲੇ ਉਸਨੂੰ ਕਿਤਾਬਾਂ ਉਧਾਰ ਦਿੱਤੀਆਂ । ਮਾਸਟਰ ਤਿਲਕ ਰਾਜ ਧੀਮਾਨ ਦੀ ਹੱਲਾਸ਼ੇਰੀ ਨੇ ਉਸਨੂੰ ਅੱਗੇ ਵਧਣ ਲਈ ਪ੍ਰੇਰਿਆ । ਯੋਗ ਰਾਜ ਦੀ ਮਿਹਨਤ ਤੇ ਮਾਣ-ਮੱਤੀ ਪ੍ਰਾਪਤੀ ਹਾਲਾਤ ਦੀ ਮਾਰ ਝੱਲ ਰਹੇ ਲੋਕਾਂ ਦੀ ਵੱਡੀ ਗਿਣਤੀ ਲਈ ਪ੍ਰੇਰਨਾ-ਸੋਤ ਬਣੀ ਰਹੇਗੀ !