Punjab State Board PSEB 8th Class Social Science Book Solutions Geography Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ Textbook Exercise Questions and Answers.
PSEB Solutions for Class 8 Social Science Geography Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ
SST Guide for Class 8 PSEB ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸਾਧਨ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਉਹ ਉਪਯੋਗੀ ਪਦਾਰਥ ਹਨ ਜਿਹੜੇ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ । ਦੂਸਰੇ ਸ਼ਬਦਾਂ ਵਿਚ ਸਾਧਨ ਉਹ ਕੁਦਰਤੀ ਤੋਹਫ਼ੇ ਹਨ ਜਿਹੜੇ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਵਿਸ਼ੇਸ਼ ਮਹੱਤਵ ਰੱਖਦੇ ਹਨ ।
ਪ੍ਰਸ਼ਨ 2.
ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ ?
ਉੱਤਰ-
ਜੰਗਲ, ਖਣਿਜ ਪਦਾਰਥ, ਮਿੱਟੀ, ਸਮੁੰਦਰ, ਸੂਰਜੀ ਉਰਜਾ ਆਦਿ ਸਾਧਨ ਕੁਦਰਤੀ ਸਾਧਨ ਹਨ । ਇਹ ਸਾਨੂੰ ਕੁਦਰਤ ਤੋਂ ਮਿਲੇ ਹਨ ।
ਪ੍ਰਸ਼ਨ 3.
ਸਾਧਨ ਦੀਆਂ ਕਿਸਮਾਂ ਦੀ ਸੂਚੀ ਬਣਾਓ ।
ਉੱਤਰ-
ਸਾਧਨ ਕੁਦਰਤੀ ਅਤੇ ਗੈਰ-ਕੁਦਰਤੀ ਦੋ ਪ੍ਰਕਾਰ ਦੇ ਹੁੰਦੇ ਹਨ । ਇਨ੍ਹਾਂ ਨੂੰ ਹੇਠਾਂ ਵੀ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ; ਜਿਵੇਂ-
- ਸਜੀਵ ਅਤੇ ਨਿਰਜੀਵ ਸਾਧਨ
- ਖ਼ਤਮ ਹੋਣ ਵਾਲੇ ਅਤੇ ਨਾ ਖ਼ਤਮ ਹੋਣ ਵਾਲੇ ਸਾਧਨ
- ਵਿਕਸਿਤ ਅਤੇ ਸੰਭਾਵਿਤ ਸਾਧਨ
- ਮਿੱਟੀ ਅਤੇ ਭੂਮੀ ਸਾਧਨ
- ਸਮੁੰਦਰੀ ਅਤੇ ਖਣਿਜ ਪਦਾਰਥ
- ਮਨੁੱਖੀ ਸਾਧਨ ।
ਪ੍ਰਸ਼ਨ 4.
ਮਿੱਟੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ, ਜਿਹੜੀ ਚੱਟਾਨਾਂ ਤੋਂ ਬਣੀ ਹੈ ।
ਪ੍ਰਸ਼ਨ 5.
ਸਮੁੰਦਰਾਂ ਤੋਂ ਸਾਨੂੰ ਕੀ-ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
ਸਮੁੰਦਰ ਸਾਨੂੰ ਖਣਿਜ ਅਤੇ ਸ਼ਕਤੀ ਸਾਧਨ ਪ੍ਰਦਾਨ ਕਰਦੇ ਹਨ । ਇਨ੍ਹਾਂ ਤੋਂ ਇਲਾਵਾ ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਮੋਤੀ, ਸਿੱਪੀਆਂ, ਹੀਰੇ-ਜਵਾਹਰਾਤ ਆਦਿ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 6.
ਸਾਧਨਾਂ ਦੀ ਸਹੀ ਸਾਂਭ-ਸੰਭਾਲ ਕਿਵੇਂ ਹੋ ਸਕਦੀ ਹੈ ?
ਉੱਤਰ-
ਸਾਧਨਾਂ ਦੀ ਸਹੀ ਸੰਭਾਲ ਇਨ੍ਹਾਂ ਦਾ ਉੱਚਿਤ ਅਤੇ ਜ਼ਰੂਰਤ ਅਨੁਸਾਰ ਪ੍ਰਯੋਗ ਕਰਨ ਨਾਲ ਹੀ ਹੋ ਸਕਦੀ ਹੈ । ਇਸ ਦੇ ਲਈ ਸਾਧਨਾਂ ਦੀ ਦੁਰਵਰਤੋਂ ਅਤੇ ਵਿਨਾਸ਼ ਤੋਂ ਬਚਣਾ ਚਾਹੀਦਾ ਹੈ ।
II ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਜੀਵ ਅਤੇ ਨਿਰਜੀਵ ਸਾਧਨਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜੀਵ ਸਾਧਨ – ਜੀਵ ਸਾਧਨ ਸਾਨੂੰ ਸਜੀਵ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ । ਜੀਵ-ਜੰਤੂ ਅਤੇ ਰੁੱਖ-ਪੌਦੇ ਇਨ੍ਹਾਂ ਦੇ ਉਦਾਹਰਨ ਹਨ | ਕੋਲਾ ਅਤੇ ਖਣਿਜ ਤੇਲ ਵੀ ਜੀਵ ਸਾਧਨ ਕਹਾਉਂਦੇ ਹਨ, ਕਿਉਂਕਿ ਇਹ ਰੁੱਖ-ਪੌਦਿਆਂ ਅਤੇ ਮਰੇ ਹੋਏ ਜੀਵਾਂ ਦੇ ਗਲਣ-ਸੜਨ ਤੋਂ ਬਣਦੇ ਹਨ ।
ਨਿਰਜੀਵ ਸਾਧਨ – ਨਿਰਜੀਵ ਸਾਧਨ ਕੁਦਰਤ ਤੋਂ ਪ੍ਰਾਪਤ ਨਿਰਜੀਵ ਵਸਤੂਆਂ ਹਨ । ਖਣਿਜ ਪਦਾਰਥ ਅਤੇ ਪਾਣੀ ਇਨ੍ਹਾਂ ਦੇ ਉਦਾਹਰਨ ਹਨ । ਖਣਿਜ ਪਦਾਰਥ ਸਾਡੇ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਲਦੀ ਖ਼ਤਮ ਹੋ ਸਕਦੇ ਹਨ ।
ਪ੍ਰਸ਼ਨ 2.
ਭੂਮੀ ਅਤੇ ਮਿੱਟੀ ਸਾਧਨਾਂ ਦੀ ਮਹੱਤਤਾ ‘ ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
- ਭੂਮੀ – ਭੂਮੀ ‘ਤੇ ਮਨੁੱਖ ਆਪਣੀਆਂ ਆਰਥਿਕ ਕ੍ਰਿਆਵਾਂ ਅਤੇ ਗਤੀਵਿਧੀਆਂ ਕਰਦਾ ਹੈ । ਇਨ੍ਹਾਂ ਕ੍ਰਿਆਵਾਂ ਅਤੇ ਗਤੀਵਿਧੀਆਂ ਵਿਚ ਖੇਤੀ ਕਰਨਾ, ਉਦਯੋਗ ਲਗਾਉਣਾ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਨਾ, ਖੇਡਾਂ ਖੇਡਣਾ, ਸੈਰ-ਸਪਾਟਾ ਕਰਨਾ ਆਦਿ ਸ਼ਾਮਿਲ ਹਨ | ਮਨੁੱਖ ਆਪਣੇ ਘਰ ਵੀ ਭੂਮੀ ‘ਤੇ ਹੀ ਬਣਾਉਂਦਾ ਹੈ ।
- ਮਿੱਟੀ – ਮਿੱਟੀ ਵਿਚ ਮਨੁੱਖ ਪੌਦੇ ਅਤੇ ਫ਼ਸਲਾਂ ਉਗਾਉਂਦਾ ਹੈ । ਇਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਹਨ; ਕਿਉਂਕਿ ਇਨ੍ਹਾਂ ਤੋਂ ਮਨੁੱਖ ਨੂੰ ਭੋਜਨ ਮਿਲਦਾ ਹੈ । ਇਨ੍ਹਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੇ ਦੂਸਰੇ ਪਦਾਰਥ ਵੀ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 3.
ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
ਉੱਤਰ-
ਖਣਿਜ ਪਦਾਰਥ ਸਾਨੂੰ ਧਰਤੀ ਦੇ ਅੰਦਰੂਨੀ ਹਿੱਸੇ ਤੋਂ ਪ੍ਰਾਪਤ ਹੁੰਦੇ ਹਨ । ਇਹ ਭਿੰਨ-ਭਿੰਨ ਪ੍ਰਕਾਰ ਦੀਆਂ ਚੱਟਾਨਾਂ ਤੋਂ ਵੀ ਮਿਲਦੇ ਹਨ । ਇਹ ਦੋ ਪ੍ਰਕਾਰ ਦੇ ਹੁੰਦੇ ਹਨ-ਧਾਤੂ ਖਣਿਜ ਅਤੇ ਅਧਾਤੂ ਖਣਿਜ । ਧਾਤੂ ਖਣਿਜਾਂ ਵਿਚ ਲੋਹਾ, ਤਾਂਬਾ, ਸੋਨਾ, ਚਾਂਦੀ, ਐਲੂਮੀਨੀਅਮ ਆਦਿ ਸ਼ਾਮਿਲ ਹਨ | ਅਧਾਤੂ ਖਣਿਜਾਂ ਵਿਚ ਕੋਲਾ, ਅਬਰਕ, ਮੈਂਗਨੀਜ਼ ਅਤੇ ਖਣਿਜ ਤੇਲ ਪ੍ਰਮੁੱਖ ਹਨ । ਖਣਿਜ ਪਦਾਰਥਾਂ ਦਾ ਪ੍ਰਯੋਗ ਉਦਯੋਗਾਂ ਵਿਚ ਕੀਤਾ ਜਾਂਦਾ ਹੈ । ਇਨ੍ਹਾਂ ਨੂੰ ਅਸੀਂ ਉਸੇ ਰੂਪ ਵਿਚ ਪ੍ਰਯੋਗ ਨਹੀਂ ਕਰ ਸਕਦੇ । ਪ੍ਰਯੋਗ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਉਦਯੋਗਾਂ ਵਿਚ ਸਾਫ਼ ਕਰਨਾ ਪੈਂਦਾ ਹੈ ।
ਪ੍ਰਸ਼ਨ 4.
ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨ ਸਹਿਤ ਸਮਝਾਓ ।
ਉੱਤਰ-
ਜਦੋਂ ਸਾਧਨ ਕਿਸੇ ਲਾਭਦਾਇਕ ਉਦੇਸ਼ ਦੀ ਪੂਰਤੀ ਲਈ ਵਰਤੋਂ ਵਿਚ ਲਿਆਏ ਜਾਂਦੇ ਹਨ, ਤਾਂ ਉਹ ਵਿਕਸਿਤ ਸਾਧਨ ਕਹਾਉਂਦੇ ਹਨ । ਪਰ ਜਦੋਂ ਤਕ ਉਨ੍ਹਾਂ ਨੂੰ ਵਰਤੋਂ ਵਿਚ ਨਹੀਂ ਲਿਆਇਆ ਜਾਂਦਾ, ਉਦੋਂ ਤਕ ਉਨ੍ਹਾਂ ਨੂੰ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ । ਇਨ੍ਹਾਂ ਨੂੰ ਹੇਠ ਲਿਖੇ ਉਦਾਹਰਨਾਂ ਨਾਲ ਸਮਝਿਆ ਜਾ ਸਕਦਾ ਹੈ-
- ਪਰਬਤਾਂ ਤੋਂ ਹੇਠਾਂ ਵਲ ਵਹਿੰਦੀਆਂ ਨਦੀਆਂ ਬਿਜਲੀ ਪੈਦਾ ਕਰਨ ਲਈ ਇਕ ਸੰਭਾਵਿਤ ਸਾਧਨ ਹੈ, ਪਰੰਤੂ ਇਨ੍ਹਾਂ ਨਦੀਆਂ ਦੇ ਪਾਣੀ ਤੋਂ ਜਦੋਂ ਬਿਜਲੀ ਪੈਦਾ ਕੀਤੀ ਜਾਣ ਲਗਦੀ ਹੈ, ਤਾਂ ਇਹ ਵਿਕਸਿਤ ਸਾਧਨ ਬਣ ਜਾਂਦੀ ਹੈ ।
- ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇਕ ਸੰਭਾਵਿਤ ਸਾਧਨ ਹੈ । ਇਸਦੇ ਉਲਟ ਪ੍ਰਯੋਗ ਵਿਚ ਲਿਆਇਆ ਜਾ ਰਿਹਾ ਕੋਲਾ ਇਕ ਵਿਕਸਿਤ ਸਾਧਨ ਹੈ ।
ਪ੍ਰਸ਼ਨ 5.
ਮੁੱਕਣ-ਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਮੁੱਕਣ-ਯੋਗ ਸਾਧਨ ਉਹ ਸਾਧਨ ਹਨ ਜਿਹੜੇ ਲਗਾਤਾਰ ਅਤੇ ਅਧਿਕ ਮਾਤਰਾ ਵਿਚ ਪ੍ਰਯੋਗ ਦੇ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ । ਉਦਾਹਰਨ ਵਜੋਂ ਕੋਲੇ ਅਤੇ ਪੈਟਰੋਲੀਅਮ ਦਾ ਪ੍ਰਯੋਗ ਲਗਾਤਾਰ ਵਧਦਾ ਜਾ ਰਿਹਾ ਹੈ । ਇਸ ਲਈ ਇਹ ਘੱਟ ਹੁੰਦੇ ਜਾ ਰਹੇ ਹਨ । ਇਕ ਸਮਾਂ ਆਏਗਾ ਜਦੋਂ ਇਹ ਬਿਲਕੁਲ ਖ਼ਤਮ ਹੋ ਜਾਣਗੇ, ਕਿਉਂਕਿ ਇਨ੍ਹਾਂ ਨੂੰ ਬਣਨ ਵਿਚ ਲੱਖਾਂ ਸਾਲ ਲਗਦੇ ਹਨ, ਇਸ ਲਈ ਅਸੀਂ ਇਨ੍ਹਾਂ ਤੋਂ ਹਮੇਸ਼ਾਂ ਲਈ ਵਾਂਝੇ ਹੋ ਜਾਵਾਂਗੇ । ਜੇਕਰ ਅਸੀਂ ਅਜਿਹੀ ਸਥਿਤੀ ਤੋਂ ਬਚਣਾ ਹੈ, ਤਾਂ ਸਾਨੂੰ ਇਨ੍ਹਾਂ ਦੀ ਵਰਤੋਂ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਪਵੇਗੀ ।
ਪ੍ਰਸ਼ਨ 6.
ਮਨੁੱਖੀ ਸਾਧਨਾਂ ਦਾ ਦੂਜੇ ਸਾਧਨਾਂ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
ਮਨੁੱਖ ਨੂੰ ਧਰਤੀ ਦੇ ਸਾਰੇ ਜੀਵਾਂ ਵਿਚੋਂ ਸਰਵੋਤਮ ਪ੍ਰਾਣੀ ਮੰਨਿਆ ਜਾਂਦਾ ਹੈ । ਉਹ ਆਪਣੀ ਬੁੱਧੀਮਤਾ, ਕੰਮ ਕਰਨ ਦੀ ਸ਼ਕਤੀ ਅਤੇ ਕੌਸ਼ਲ ਦੇ ਕਾਰਨ ਆਪਣੇ ਆਪ ਵਿਚ ਇਕ ਬਹੁਤ ਵੱਡਾ ਸਾਧਨ ਹੈ । ਧਰਤੀ ‘ਤੇ ਉਪਲੱਬਧ ਹੋਰ ਸਾਰਿਆਂ ਸਾਧਨਾਂ ਨੂੰ ਉਹ ਹੀ ਵਰਤੋਂ ਵਿਚ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਵਿਕਸਿਤ ਕਰਦਾ ਹੈ । ਕਿਸੇ ਵੀ ਖੇਤਰ ਦੇ ਵਿਕਾਸ ਦੇ ਪਿੱਛੇ ਮਨੁੱਖ ਦੀ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਜਾਪਾਨ ਇਸਦਾ ਬਹੁਤ ਵੱਡਾ ਉਦਾਹਰਨ ਹੈ ।ਉੱਥੇ ਹੋਰ ਸਾਧਨਾਂ ਦੀ ਕਮੀ ਹੁੰਦੇ ਹੋਏ ਵੀ, ਦੇਸ਼ ਨੇ ਬਹੁਤ ਅਧਿਕ ਉੱਨਤੀ ਕੀਤੀ ਹੈ । ਅਸਲ ਵਿਚ ਮਨੁੱਖ ਨੂੰ ਪਹਿਲਾਂ ਉਸਦੇ ਗੁਣ, ਸਿੱਖਿਆ, ਤਕਨੀਕੀ ਯੋਗਤਾ ਵਿਕਸਿਤ ਸਾਧਨ ਬਣਾਉਂਦੇ ਹਨ । ਫਿਰ ਉਹ ਹੋਰ ਸਾਧਨਾਂ ਨੂੰ ਵਿਕਸਿਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :
ਪ੍ਰਸ਼ਨ-
ਸਾਧਨਾਂ ਤੋਂ ਤੁਹਾਡਾ ਕੀ ਮਤਲਬ ਹੈ ? ਇਨ੍ਹਾਂ ਦੀਆਂ ਕਿਸਮਾਂ ਦੱਸਦੇ ਹੋਏ ਸਾਂਭ-ਸੰਭਾਲ ਦਾ ਮਹੱਤਵ ਅਤੇ ਸਾਂਭਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਣਨ ਕਰੋ ।
ਉੱਤਰ-
ਸਾਧਨ – ਸਾਧਨ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਉਹ ਉਪਯੋਗੀ ਪਦਾਰਥ ਹਨ, ਜੋ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ।
ਸਾਧਨਾਂ ਦੀਆਂ ਕਿਸਮਾਂ-ਸਾਧਨ ਪ੍ਰਾਕ੍ਰਿਤਕ ਅਤੇ ਅਪ੍ਰਾਕ੍ਰਿਤਕ ਦੋ ਪ੍ਰਕਾਰ ਦੇ ਹੁੰਦੇ ਹਨ । ਇਨ੍ਹਾਂ ਨੂੰ ਅੱਗੇ ਵੀ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ; ਜਿਵੇਂ-
- ਜੀਵ ਅਤੇ ਨਿਰਜੀਵ ਸਾਧਨ – ਸਜੀਵ ਸਾਧਨ ਸਜੀਵ ਵਸਤੂਆਂ ਤੋਂ ਪ੍ਰਾਪਤ ਹੁੰਦੇ ਹਨ, ਜਿਵੇਂ-ਜੀਵ-ਜੰਤੂ ਅਤੇ ਪੌਦੇ । ਇਸਦੇ ਉਲਟ ਨਿਰਜੀਵ ਸਾਧਨ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ, ਜਿਵੇਂ-ਖਣਿਜ ਪਦਾਰਥ, ਪਾਣੀ ਆਦਿ ।
- ਵਿਕਸਿਤ ਅਤੇ ਸੰਭਾਵਿਤ ਸਾਧਨ – ਸਾਰੇ ਉਪਲੱਬਧ ਸਾਧਨ ਸੰਭਾਵਿਤ ਸਾਧਨ ਕਹਾਉਂਦੇ ਹਨ । ਪਰੰਤੂ ਜਦੋਂ ਇਨ੍ਹਾਂ ਦਾ ਪ੍ਰਯੋਗ ਹੋਣ ਲਗਦਾ ਹੈ, ਤਾਂ ਉਹ ਵਿਕਸਿਤ ਸਾਧਨ ਕਹਾਉਂਦੇ ਹਨ ।
- ਮੁੱਕਣ ਵਾਲੇ ਅਤੇ ਨਾ ਮੁੱਕਣ ਵਾਲੇ ਸਾਧਨ – ਕੋਲਾ, ਪੈਟਰੋਲੀਅਮ ਆਦਿ ਖ਼ਤਮ ਹੋਣ ਵਾਲੇ ਸਾਧਨ ਹਨ । ਲਗਾਤਾਰ ਵਰਤੋਂ ਨਾਲ ਇਹ ਕਿਸੇ ਵੀ ਸਮੇਂ ਖ਼ਤਮ ਹੋ ਸਕਦੇ ਹਨ | ਦੂਸਰੇ ਪਾਸੇ ਪਾਣੀ ਨਾ ਮੁੱਕਣ ਵਾਲਾ ਸਾਧਨ ਹੈ । ਲਗਾਤਾਰ ਵਰਤੋਂ ਨਾਲ ਇਹ ਖ਼ਤਮ ਨਹੀਂ ਹੋਵੇਗਾ |
- ਮਿੱਟੀ ਅਤੇ ਭੂਮੀ ਸਾਧਨ – ਮਿੱਟੀ ਵਿਚ ਮਨੁੱਖ ਭੋਜਨ ਅਤੇ ਹੋਰ ਉਪਯੋਗੀ ਪਦਾਰਥ ਪ੍ਰਾਪਤ ਕਰਨ ਲਈ ਪੌਦੇ ਅਤੇ ਫ਼ਸਲਾਂ ਉਗਾਉਂਦਾ ਹੈ । ਭੂਮੀ ‘ਤੇ ਉਹ ਉਦਯੋਗ ਲਗਾਉਂਦਾ ਹੈ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਦਾ ਹੈ ਅਤੇ ਹੋਰ ਗਤੀਵਿਧੀਆਂ ਕਰਦਾ ਹੈ ।
- ਸਮੁੰਦਰੀ ਅਤੇ ਖਣਿਜ ਪਦਾਰਥ – ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਮੋਤੀ, ਸਿੱਪੀਆਂ ਅਤੇ ਹੀਰੇ-ਜਵਾਹਰਾਤ ਪ੍ਰਾਪਤ ਹੁੰਦੇ ਹਨ । ਖਣਿਜ ਸਾਧਨਾਂ ਤੋਂ ਸਾਨੂੰ ਧਾਤੂਆਂ, ਅਧਾਤੂਆਂ, ਊਰਜਾ ਆਦਿ ਮਿਲਦੀ ਹੈ । ਇਹ ਸਾਧਨ ਸਾਡੇ ਉਦਯੋਗਾਂ ਦਾ ਆਧਾਰ ਹੈ ।
- ਮਨੁੱਖੀ ਸਾਧਨ – ਮਨੁੱਖ ਆਪਣੇ ਆਪ ਵਿਚ ਸਭ ਤੋਂ ਵੱਡਾ ਸਾਧਨ ਹੈ । ਹੋਰ ਸਭ ਸਾਧਨਾਂ ਦਾ ਵਿਕਾਸ ਵੀ ਮਨੁੱਖ ਹੀ ਕਰਦਾ ਹੈ ।
ਸਾਧਨਾਂ ਦਾ ਮਹੱਤਵ – ਸਾਧਨਾਂ ਦਾ ਮਨੁੱਖ ਲਈ ਬਹੁਤ ਜ਼ਿਆਦਾ ਮਹੱਤਵ ਹੈ-
(i) ਇਹ ਮਨੁੱਖ ਦੀਆਂ ਮੁੱਢਲੀਆਂ ਅਤੇ ਹੋਰ ਲੋੜਾਂ ਦੀ ਪੂਰਤੀ ਕਰਦੇ ਹਨ ।
(ii) ਇਹ ਮਨੁੱਖ ਦੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਂਦੇ ਹਨ ਅਤੇ ਉਸਦੇ ਜੀਵਨ ਪੱਧਰ ਨੂੰ ਉੱਚਾ ਕਰਦੇ ਹਨ ।
(iii) ਸਾਧਨ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹਨ ।
ਸੰਭਾਲ ਦੇ ਤਰੀਕੇ – ਸਾਧਨਾਂ ਦੇ ਮਹੱਤਵ ਨੂੰ ਦੇਖਦੇ ਹੋਏ ਇਨ੍ਹਾਂ ਦੀ ਸੰਭਾਲ ਕਰਨਾ ਜ਼ਰੂਰੀ ਹੋ ਜਾਂਦਾ ਹੈ | ਖਣਿਜ ਪਦਾਰਥਾਂ ਵਰਗੇ ਸਾਧਨ ਤਾਂ ਦੁਰਲੱਭ ਹੁੰਦੇ ਹਨ । ਇਨ੍ਹਾਂ ਦੇ ਲਗਾਤਾਰ ਅਤੇ ਵੱਡੀ ਮਾਤਰਾ ਵਿਚ ਉਪਯੋਗ ਨਾਲ ਇਹ ਛੇਤੀ ਹੀ ਖ਼ਤਮ ਹੋ ਜਾਣਗੇ । ਇਸ ਲਈ ਇਨ੍ਹਾਂ ਦੀ ਸੰਭਾਲ ਹੋਰ ਵੀ ਜ਼ਰੂਰੀ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਤੋਂ ਲਾਭ ਉਠਾ ਸਕਣ । ਸਾਧਨਾਂ ਦੀ ਸੰਭਾਲ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-
- ਇਨ੍ਹਾਂ ਦੀ ਵਰਤੋਂ ਸੂਝ-ਬੂਝ ਨਾਲ ਲੰਬੇ ਸਮੇਂ ਤਕ ਕੀਤੀ ਜਾਵੇ ।
- ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਤਾਂ ਕਿ ਇਨ੍ਹਾਂ ਦੀ ਬਰਬਾਦੀ ਤੋਂ ਬਚਿਆ ਜਾ ਸਕੇ ।
- ਫਿਰ ਤੋਂ ਵਰਤੋਂ ਵਿਚ ਲਿਆਏ ਜਾ ਸਕਣ ਵਾਲੇ ਸਾਧਨਾਂ ਨੂੰ ਦੁਬਾਰਾ ਪ੍ਰਯੋਗ ਵਿਚ ਲਿਆਇਆ ਜਾਵੇ ।
- ਮਨੁੱਖ ਦੀ ਯੋਗਤਾ ਅਤੇ ਕੌਸ਼ਲ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਉਹ ਸਾਧਨਾਂ ਦੀ ਉਪਯੋਗਿਤਾ ਨੂੰ ਵਧਾ ਸਕੇ ।
PSEB 8th Class Social Science Guide ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਅਸੀਂ ਰੋਜ ਭੋਜਨ ਕਰਦੇ ਹਾਂ । ਉਸ ਵਿੱਚ ਸ਼ਾਮਿਲ 85% ਖਾਧ ਪਦਾਰਥ ਕਿਸ ਪ੍ਰਕਾਰ ਦੇ ਕੁਦਰਤੀ ਸਾਧਨਾਂ ਤੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਸਜੀਵ ਸਾਧਨਾਂ ਤੋਂ ।
ਪ੍ਰਸ਼ਨ 2.
ਮੇਰਾ ਭਰਾ ਕਾਰਖਾਨਿਆਂ ਲਈ ਪੁਰਜ਼ੇ ਅਤੇ ਮਸ਼ੀਨਾਂ ਬਣਾਉਂਦਾ ਹੈ, । ਉਹ ਮੁੱਖ ਰੂਪ ਵਿੱਚ ਕਿਹੜੇ ਸਾਧਨਾਂ ਨੂੰ ਪ੍ਰਯੋਗ ਵਿੱਚ ਲਿਆਉਂਦਾ ਹੋਵੇਗਾ ?
ਉੱਤਰ-
ਖਣਿਜ ਸਾਧਨ ।
ਪ੍ਰਸ਼ਨ 3.
ਮਨੁੱਖ ਨੂੰ ਆਪਣੇ ਕੰਮ ਸੰਬੰਧੀ ਕਿਰਿਆਕਲਾਪਾਂ ਲਈ ਕਿਸ ਸਾਧਨ ਦੀ ਜ਼ਰੂਰਤ ਹੋਵੇਗੀ ?
ਉੱਤਰ-
ਭੂਮੀ ਸਾਧਨ ।
ਪ੍ਰਸ਼ਨ 4.
ਸਾਧਨਾਂ ਦੇ ਵਿਕਾਸ ਲਈ ਇਕ ਮਹੱਤਵਪੂਰਨ ਸਾਧਨ ਦਾ ਹੋਣਾ ਜ਼ਰੂਰੀ ਹੈ ? ਉਹ ਕਿਹੜਾ ਅਤੇ ਕਿਸ ਗੁਣ ਵਾਲਾ ਹੁੰਦਾ ਹੈ ?
ਉੱਤਰ-
ਯੋਗ ਅਤੇ ਕੁਸ਼ਲ ਮਨੁੱਖ ।
ਪ੍ਰਸ਼ਨ 5.
ਕੁਝ ਸਾਧਨ ਦੇਖਣ ਵਿੱਚ ਨਿਰਜੀਵ ਲਗਦੇ ਹਨ, ਪਰ ਉਹ ਸਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ । ਇਸ ਤਰ੍ਹਾਂ ਦੇ ਮਹੱਤਵਪੂਰਨ ਸਾਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ ਅਤੇ ਪੈਟਰੋਲੀਅਮ/ਖਣਿਜ ਤੇਲ ।
ਪ੍ਰਸ਼ਨ 6.
ਸਮੁੰਦਰ ਤੋਂ ਪ੍ਰਾਪਤ ਹੋਣ ਵਾਲਾ ਇਕ ਸਾਧਨ ਜਿਸ ਤੋਂ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਭੋਜਨ ਪ੍ਰਾਪਤ ਕਰਦੀ ਹੈ । ਉਹ ਕਿਹੜਾ ਹੈ ?
ਉੱਤਰ-
ਮੱਛੀਆਂ ।
(ਅ) ਸਹੀ ਵਿਕਲਪ ਚੁਣੋ :
I.
ਪ੍ਰਸ਼ਨ 1.
ਦਿੱਤੇ ਗਏ ਚਿੱਤਰ ਵਿਚ ਕੁਦਰਤ ਦੇ ਕੁੱਝ ਉਪਹਾਰ ਦਿਖਾਏ ਗਏ ਹਨ, ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ । ਤੁਸੀਂ ਇਨ੍ਹਾਂ ਨੂੰ ਕੀ ਨਾਮ ਦਿਉਗੇ ?
(i) ਮਨੁੱਖੀ ਸਾਧਨ
(ii) ਖਣਿਜ ਪਦਾਰਥ
(iii) ਸਾਧਨ
(iv) ਊਰਜਾ ਦੇ ਰੂਪ ।
ਉੱਤਰ-
(i) ਮਨੁੱਖੀ ਸਾਧਨ
ਪ੍ਰਸ਼ਨ 2.
ਦਿੱਤੇ ਗਏ ਚਿੱਤਰ ਵਿਚ ਕੁੱਝ ਸਾਧਨ ਦਿਖਾਏ ਗਏ ਹਨ । ਇਹ ਕਿਸ ਪ੍ਰਕਾਰ ਦੇ ਹਨ ?
(i) ਕੁਦਰਤੀ ਸਾਧਨ
(ii) ਗੈਰ ਕੁਦਰਤੀ ਸਾਧਨ
(iii) ਸਜੀਵ ਸਾਧਨ
(iv) ਸੰਭਾਵਿਤ ਸਾਧਨ ।
ਉੱਤਰ-
(ii) ਗੈਰ ਕੁਦਰਤੀ ਸਾਧਨ
ਪ੍ਰਸ਼ਨ 3.
ਸਾਰੇ ਸਾਧਨਾਂ ਦਾ ਵਿਕਾਸ ਇਕ ਵਿਸ਼ੇਸ਼ ਪ੍ਰਕਾਰ ਦੇ ਸਾਧਨ ਉੱਤੇ ਨਿਰਭਰ ਕਰਦਾ ਹੈ ਜਿਸ ਨੂੰ ਚਿੱਤਰ ਵਿੱਚ ਦਿਖਾਇਆ ਗਿਆ ਹੈ ? ਇਹ ਕਿਹੜਾ ਹੈ ?
(i) ਪਸ਼ੂ ਸਾਧਨ
(ii) ਸਮੁੰਦਰੀ ਸਾਧਨ
(iii) ਭੂਮੀ ਸਾਧਨ
(iv) ਮਨੁੱਖੀ ਸਾਧਨ ।
ਉੱਤਰ-
(iv) ਮਨੁੱਖੀ ਸਾਧਨ ।
ਪ੍ਰਸ਼ਨ 4.
ਚਿੱਤਰ ਵਿੱਚ ਦਿਖਾਏ ਗਏ ਸਾਧਨ ਕਿਸ ਪ੍ਰਕਾਰ ਦੇ ਹਨ ?
(i) ਸਜੀਵ ਅਤੇ ਖਤਮ ਹੋਣ ਵਾਲੇ
(ii) ਸਜੀਵ ਅਤੇ ਨਾ ਖਤਮ ਹੋਣ ਵਾਲੇ
(iii) ਨਿਰਜੀਵ ਅਤੇ ਖਤਮ ਹੋਣ ਵਾਲੇ
(iv) ਨਿਰਜੀਵ ਅਤੇ ਨਾ ਖਤਮ ਹੋਣ ਵਾਲੇ ।
ਉੱਤਰ-
(i) ਸਜੀਵ ਅਤੇ ਖਤਮ ਹੋਣ ਵਾਲੇ
ਪ੍ਰਸ਼ਨ 5.
ਦਿੱਤੇ ਗਏ ਚਿੱਤਰ ਵਿੱਚ ਦਿਖਾਈ ਗਈ ਆਕ੍ਰਿਤੀ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ?
(i) ਜੈਵਿਕ ਸਾਧਨ
(ii) ਖਣਿਜ ਪਦਾਰਥ
(iii) ਸ਼ਕਤੀ ਸਾਧਨ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।
ਪ੍ਰਸ਼ਨ 6.
ਦਿੱਤਾ ਹੋਇਆ ਚਿੱਤਰ ਕੀ ਦਰਸਾ ਰਿਹਾ ਹੈ ?
(i) ਭੂਮੀ ਸਾਧਨ ਦੀ ਦੁਰਵਰਤੋਂ
(ii) ਭੂਮੀ ਸਾਧਨ ਦੀ ਵਰਤੋਂ
(iii) ਖਣਿਜ ਪਦਾਰਥਾਂ ਦੀ ਖੁਦਾਈ
(iv) ਉਪਜਾਓ ਮਿੱਟੀ ਨੂੰ ਬੰਜਰ ਬਣਾਉਣਾ ।
ਉੱਤਰ-
(ii) ਭੂਮੀ ਸਾਧਨ ਦੀ ਵਰਤੋਂ
ਪ੍ਰਸ਼ਨ 7.
ਦਿੱਤੇ ਗਏ ਚਿੱਤਰ ਵਿਚ ਕਿਹੜੇ ਦੋ ਸਾਧਨਾਂ ਦੀ ਸੰਭਾਲ ਸਭ ਤੋਂ ਜ਼ਰੂਰੀ ਹੈ ਅਤੇ ਕਿਉਂ ?
(i) ਜਲ, ਰੁਖ ਅਤੇ ਪੌਦਿਆਂ ਦੀ ਕਿਉਂਕਿ ਇਹ ਅਸਾਨੀ ਨਾਲ ਨਹੀਂ ਮਿਲਦੇ ।
(ii) ਜਲ ਅਤੇ ਪੈਟਰੋਲੀਅਮ ਦੀ ਕਿਉਂਕਿ ਇਹ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ ।
(ii) ਕੋਲਾ ਅਤੇ ਖਣਿਜ ਤੇਲ ਕਿਉਂਕਿ ਇਹ ਦੁਰਲੱਭ ਜੀਵਾਸ਼ਮ ਇੰਧਨ ਹਨ ।
(iv) ਕੋਲਾ ਅਤੇ ਜਲ ਕਿਉਂਕਿ ਜਲ ਬਲਦੇ ਹੋਏ ਕੋਲੇ ਨੂੰ ਬੁਝਾ ਦਿੰਦਾ ਹੈ ।
ਉੱਤਰ-
(ii) ਕੋਲਾ ਅਤੇ ਖਣਿਜ ਤੇਲ ਕਿਉਂਕਿ ਇਹ ਦੁਰਲੱਭ ਜੀਵਾਸ਼ਮ ਇੰਧਨ ਹਨ ।
II. ਸਹੀ ਉੱਤਰ ਚੁਣੋ :
ਪ੍ਰਸ਼ਨ 1.
ਖ਼ਤਮ ਹੋਣ ਵਾਲਾ ਸਾਧਨ ਕਿਹੜਾ ਹੈ ?
(i) ਪਾਣੀ
(ii) ਕੋਲਾ
(iii) ਹਵਾ
(iv) ਸੂਰਜ ਦੀ ਊਰਜਾ ।
ਉੱਤਰ-
(ii) ਕੋਲਾ
ਪ੍ਰਸ਼ਨ 2.
ਨਾ-ਖ਼ਤਮ ਹੋਣ ਵਾਲਾ ਸਾਧਨ ਕਿਹੜਾ ਹੈ ?
(i) ਸੂਰਜ ਦੀ ਊਰਜਾ
(ii) ਪੈਟਰੋਲੀਅਮ
(iii) ਕੋਲਾ
(iv) ਐਲੂਮੀਨੀਅਮ ।
ਉੱਤਰ-
(i) ਸੂਰਜ ਦੀ ਊਰਜਾ
ਪ੍ਰਸ਼ਨ 3.
ਧਰਤੀ ਦੀ ਕਿਹੜੀ ਸਤਹਿ ਮਿੱਟੀ ਕਹਾਉਂਦੀ ਹੈ ?
(i) ਸਭ ਤੋਂ ਅੰਦਰ ਦੀ ਸਤਹਿ
(ii) ਅੰਦਰਲੀ ਸਤਹਿ ।
(iii) ਸਭ ਤੋਂ ਉੱਪਰਲੀ ਸਤਹਿ
(iv) ਉਪਰੋਕਤ ਤਿੰਨੋਂ ।
ਉੱਤਰ-
(iii) ਸਭ ਤੋਂ ਉੱਪਰਲੀ ਸਤਹਿ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਧਰਤੀ ਦਾ ………………….. ਪ੍ਰਤੀਸ਼ਤ ਭਾਗ ਪਾਣੀ ਹੈ ।
2. ਸੰਸਾਧਨ ………………….. ਉਪਹਾਰ ਹਨ ਜਿਹੜੇ ਮਨੁੱਖ ਦੇ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ ।
3. ਜਿਹੜੇ ਸੰਸਾਧਨਾਂ ਦੀ ਵਰਤੋਂ ਨਹੀਂ ਹੁੰਦੀ ਉਨ੍ਹਾਂ ਨੂੰ …………………….. ਸੰਸਾਧਨ ਕਹਿੰਦੇ ਹਨ ।
ਉੱਤਰ-
1. 71,
2. ਕੁਦਰਤੀ,
3. ਸੰਭਾਵਿਤ ।
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਧਰਤੀ ‘ਤੇ ਜੀਵਨ ਸਭ ਤੋਂ ਪਹਿਲਾਂ ਸਮੁੰਦਰਾਂ ਵਿਚ ਸ਼ੁਰੂ ਹੋਇਆ ।
2. ਖਣਿਜ ਸੰਸਾਧਨ ਧਰਤੀ ਦੇ ਅੰਦਰੂਨੀ ਭਾਗ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਹਨ ।
3. ਕੁਦਰਤ ਦੇ ਜੀਵਾਂ ਵਿਚੋਂ ਪਸ਼ੂ-ਪੰਛੀਆਂ ਨੂੰ ਸਰਵੋਤਮ ਪ੍ਰਾਣੀ ਮੰਨਿਆ ਜਾਂਦਾ ਹੈ ।
ਉੱਤਰ-
1. (√)
2. (√)
3. (×) ।
(ਹ) ਸਹੀ ਜੋੜੇ ਬਣਾਓ :
1. ਧਾਤੁ ਖਣਿਜ | ਜਲ |
2. ਸਜੀਵ ਸੰਸਾਧਨ | ਮੈਂਗਨੀਜ਼ |
3. ਨਿਰਜੀਵ ਸੰਸਾਧਨ | ਪੌਦੇ |
4. ਅਧਾਤੂ ਖਣਿਜ | ਤਾਂਬਾ । |
ਉੱਤਰ-
1. ਧਾਤੁ ਖਣਿਜ | ਤਾਂਬਾ |
2. ਸਜੀਵ ਸੰਸਾਧਨ | ਪੌਦੇ |
3. ਨਿਰਜੀਵ ਸੰਸਾਧਨ | ਜਲ |
4. ਅਧਾਤੂ ਖਣਿਜ | ਮੈਂਗਨੀਜ਼ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਜੋਕੇ ਮਨੁੱਖ ਨੂੰ ਬਹੁਤ ਸਾਰੇ ਸਾਧਨਾਂ ‘ਤੇ ਨਿਰਭਰ ਕਿਉਂ ਹੋਣਾ ਪੈਂਦਾ ਹੈ ?
ਉੱਤਰ-
ਪਹਿਲੇ ਮਨੁੱਖ ਦੀਆਂ ਲੋੜਾਂ ਬਹੁਤ ਘੱਟ ਸਨ ਪਰੰਤੂ ਅੱਜ ਉਸਦੀਆਂ ਲੋੜਾਂ ਅਸੀਮਿਤ ਹੋ ਗਈਆਂ ਹਨ । ਇਸ ਲਈ ਉਸ ਨੂੰ ਬਹੁਤ ਸਾਰੇ ਸਾਧਨਾਂ ‘ਤੇ ਨਿਰਭਰ ਹੋਣਾ ਪੈਂਦਾ ਹੈ ।
ਪ੍ਰਸ਼ਨ 2.
ਉਦਾਹਰਨ ਦੇ ਕੇ ਸਮਝਾਓ, ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਸਾਧਨਾਂ ਦਾ ਉੱਚਿਤ ਵਿਕਾਸ ਹੈ ।
ਉੱਤਰ-
ਕੋਲਾ ਜਾਂ ਖਣਿਜ ਤੇਲ ਆਦਿ ਮਨੁੱਖ ਲਈ ਅਤੇ ਹਵਾਈ ਜਹਾਜ਼ ਦੀ ਖੋਜ ਤੋਂ ਪਹਿਲਾਂ ਐਲੂਮੀਨੀਅਮ ਆਧੁਨਿਕ ਮਨੁੱਖ ਲਈ ਕੋਈ ਮਹੱਤਵ ਨਹੀਂ ਰੱਖਦਾ ਸੀ । ਪਰੰਤੂ ਇਨ੍ਹਾਂ ਦੀ ਉਪਯੋਗਿਤਾ ਵਧਣ ਨਾਲ ਇਨ੍ਹਾਂ ਦਾ ਮਹੱਤਵ ਵੱਧ ਗਿਆ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਇਨ੍ਹਾਂ ਦਾ ਉੱਚਿਤ ਵਿਕਾਸ ਹੈ ।
ਪ੍ਰਸ਼ਨ 3.
ਸਾਧਨਾਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡਣ ਦੇ ਚਾਰ ਮੁੱਖ ਆਧਾਰ ਕਿਹੜੇ-ਕਿਹੜੇ ਹਨ ?
ਉੱਤਰ-
- ਜੀਵਨ
- ਉਪਲੱਬਧੀਆਂ
- ਵਿਕਾਸ ਪੱਧਰ
- ਪ੍ਰਯੋਗ ।
ਪ੍ਰਸ਼ਨ 4.
ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਕਿਹੜੇ ਸਾਧਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ ਅਤੇ ਕਿਉਂ ?
ਉੱਤਰ-
ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਜੈਵ ਸਾਧਨ ਸਭ ਤੋਂ ਵਧੇਰੇ ਮਹੱਤਵਪੂਰਨ ਹਨ, ਕਿਉਂਕਿ ਸੰਸਾਰ ਦੇ ਲਗਪਗ 85% ਖਾਧ ਪਦਾਰਥ ਇਨ੍ਹਾਂ ਸਾਧਨਾਂ ਤੋਂ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 5.
ਕੋਲੇ ਅਤੇ ਖਣਿਜ ਤੇਲ ਨੂੰ ਸਜੀਵ ਸਾਧਨਾਂ ਦੀ ਸ਼੍ਰੇਣੀ ਵਿਚ ਕਿਉਂ ਰੱਖਿਆ ਜਾਂਦਾ ਹੈ ?
ਉੱਤਰ-
ਕੋਲਾ ਅਤੇ ਖਣਿਜ ਤੇਲ ਪੌਦਿਆਂ ਅਤੇ ਜੀਵਾਂ ਵਰਗੇ ਸਜੀਵ ਸਾਧਨਾਂ ਦੇ ਅਵਸ਼ੇਸ਼ਾਂ ਤੋਂ ਬਣਦੇ ਹਨ ।
ਪਸ਼ਨ 6.
ਕਿਸੇ ਦੇਸ਼ ਦੇ ਅਮੀਰ ਹੋਣ ਦਾ ਅੰਦਾਜ਼ਾ ਕਿਸ ਗੱਲ ਤੋਂ ਲਗਾਇਆ ਜਾ ਸਕਦਾ ਹੈ ?
ਉੱਤਰ-
ਕਿਸੇ ਦੇਸ਼ ਦੇ ਅਮੀਰ ਹੋਣ ਦਾ ਅੰਦਾਜ਼ਾ ਦੇਸ਼ ਵਿਚ ਪ੍ਰਾਪਤ ਸਾਧਨਾਂ ਤੋਂ ਲਗਾਇਆ ਜਾਂਦਾ ਹੈ ।
ਪ੍ਰਸ਼ਨ 7.
ਮਿੱਟੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਨਾਮ ਲਿਖੋ ।
ਉੱਤਰ-
ਮਿੱਟੀ ਕਈ ਪ੍ਰਕਾਰ ਦੀ ਹੁੰਦੀ ਹੈ; ਜਿਵੇਂ-
- ਰੇਤੀਲੀ
- ਚੀਕਣੀ
- ਦੋਮਟ
- ਜਲੌੜ
- ਪਰਬਤੀ
- ਲਾਲ ਅਤੇ
- ਕਾਲੀ ਮਿੱਟੀ ।
ਪ੍ਰਸ਼ਨ 8.
ਉਪਜਾਊ ਮਿੱਟੀ ਵਾਲੇ ਖੇਤਰ ਸੰਘਣੀ ਜਨਸੰਖਿਆ ਵਾਲੇ ਅਤੇ ਆਰਥਿਕ ਕ੍ਰਿਆਵਾਂ ਨਾਲ ਭਰਪੂਰ ਹੁੰਦੇ ਹਨ । ਕਿਉਂ ?
ਉੱਤਰ-
ਉਪਜਾਊ ਮਿੱਟੀ ਫ਼ਸਲਾਂ ਉਗਾਉਣ ਲਈ ਸਰਵੋਤਮ ਹੁੰਦੀ ਹੈ । ਇਸ ਲਈ ਉਪਜਾਊ ਮਿੱਟੀ ਵਾਲੇ ਖੇਤਰਾਂ ਵਿਚ ਖੇਤੀ ਉੱਨਤ ਹੁੰਦੀ ਹੈ ਜਿਸ ਕਰਕੇ ਇਹ ਖੇਤਰ ਸੰਘਣੀ ਜਨਸੰਖਿਆ ਵਾਲੇ ਅਤੇ ਆਰਥਿਕ ਕ੍ਰਿਆਵਾਂ ਨਾਲ ਭਰਪੂਰ ਹੁੰਦੇ ਹਨ ।
ਪ੍ਰਸ਼ਨ 9.
ਭੂਮੀ ਦਾ ਪ੍ਰਯੋਗ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੁੰਦਾ ਹੈ ?
ਉੱਤਰ-
ਭੂਮੀ ਦਾ ਪ੍ਰਯੋਗ ਧਰਾਤਲ, ਢਲਾਣ, ਮਿੱਟੀ ਦੀਆਂ ਕਿਸਮਾਂ, ਪਾਣੀ ਦਾ ਨਿਕਾਸ ਅਤੇ ਮਨੁੱਖ ਦੀਆਂ ਲੋੜਾਂ ਆਦਿ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੁੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੁਦਰਤੀ ਅਤੇ ਮਨੁੱਖੀ ਸਾਧਨਾਂ (ਸੋਮਿਆਂ) ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਾਧਨ ਕੁਦਰਤੀ ਅਤੇ ਮਨੁੱਖੀ ਦੋ ਪ੍ਰਕਾਰ ਦੇ ਹੁੰਦੇ ਹਨ । ਕੁਦਰਤੀ ਸਾਧਨ ਮਨੁੱਖ ਨੂੰ ਕੁਦਰਤ ਪ੍ਰਕਿਰਤੀ) ਦੁਆਰਾ ਪ੍ਰਾਪਤ ਹੁੰਦੇ ਹਨ । ਇਨ੍ਹਾਂ ਵਿਚ ਜੰਗਲ, ਖਣਿਜ ਪਦਾਰਥ, ਨਹਿਰਾਂ, ਸੂਰਜੀ ਊਰਜਾ ਅਤੇ ਸਮੁੰਦਰ ਆਦਿ ਸ਼ਾਮਿਲ ਹਨ ।
ਮਨੁੱਖੀ ਸਾਧਨ ਖ਼ੁਦ ਮਨੁੱਖ ਦੁਆਰਾ ਬਣਾਏ ਜਾਂਦੇ ਹਨ , ਜਿਵੇਂ-ਸੜਕਾਂ, ਮਸ਼ੀਨਰੀ, ਆਵਾਜਾਈ ਦੇ ਸਾਧਨ, ਬਨਾਉਟੀ ਖਾਦਾਂ ਆਦਿ । ਇਹ ਸਾਧਨ ਮਨੁੱਖ ਦੀ ਉੱਨਤੀ ਦੇ ਪ੍ਰਤੀਕ ਹਨ । ਇਹ ਭੌਤਿਕ ਵੀ ਹੋ ਸਕਦੇ ਹਨ ਅਤੇ ਅਭੌਤਿਕ ਵੀ । ਮਨੁੱਖ ਦੀ ਬੁੱਧੀ, ਗਿਆਨ ਅਤੇ ਕਾਰਜ-ਕੁਸ਼ਲਤਾ ਨੂੰ ਵੀ ਮਨੁੱਖੀ ਸਾਧਨ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਮੁੱਕਣ ਵਾਲੇ ਅਤੇ ਨਾ-ਮੁੱਕਣ ਵਾਲੇ ਸਾਧਨਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਮੁੱਕਣ ਵਾਲੇ ਸਾਧਨ (ਸੋਮੇ ਉਹ ਸਾਧਨ ਹਨ ਜਿਹੜੇ ਅਧਿਕ ਮਾਤਰਾ ਵਿਚ ਅਤੇ ਲਗਾਤਾਰ ਵਰਤੋਂ ਦੇ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ । ਜੇਕਰ ਇਹ ਸਾਧਨ ਖ਼ਤਮ ਹੋ ਗਏ ਤਾਂ ਅਸੀਂ ਦੁਬਾਰਾ ਪ੍ਰਾਪਤ ਨਹੀਂ ਕਰ ਸਕਾਂਗੇ ਕਿਉਂਕਿ ਇਨ੍ਹਾਂ ਨੂੰ ਬਣਨ ਨੂੰ ਲੱਖਾਂ-ਕਰੋੜਾਂ ਸਾਲ ਲੱਗ ਜਾਂਦੇ ਹਨ । ਕੋਲਾ ਅਤੇ ਪੈਟਰੋਲੀਅਮ ਇਸੇ ਪ੍ਰਕਾਰ ਦੇ ਸਾਧਨ ਹਨ । | ਉਹ ਸਾਧਨ ਜਿਹੜੇ ਵਾਰ-ਵਾਰ ਵਰਤੋਂ ਕਰਨ ‘ਤੇ ਵੀ ਖ਼ਤਮ ਨਹੀਂ ਹੁੰਦੇ, ਨਾ-ਮੁੱਕਣ ਵਾਲੇ ਸਾਧਨ ਕਹਾਉਂਦੇ ਹਨ । ਇਹ ਇਸ ਲਈ ਖ਼ਤਮ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦੀ ਪੂਰਤੀ ਹੁੰਦੀ ਰਹਿੰਦੀ ਹੈ । ਇਨ੍ਹਾਂ ਸਾਧਨਾਂ ਵਿਚ ਸੂਰਜ ਦੀ ਊਰਜਾ, ਹਵਾ, ਪਾਣੀ, ਜੰਗਲ ਆਦਿ ਸ਼ਾਮਿਲ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ
ਪ੍ਰਸ਼ਨ 1.
ਸਮੁੰਦਰੀ ਅਤੇ ਖਣਿਜ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਸਮੁੰਦਰੀ ਸਾਧਨ – ਧਰਤੀ ਦਾ ਲਗਪਗ 71% ਭਾਗ ਪਾਣੀ ਹੈ । ਪਾਣੀ ਦੇ ਵੱਡੇ-ਵੱਡੇ ਭੰਡਾਰਾਂ ਨੂੰ ਸਮੁੰਦਰ ਕਿਹਾ ਜਾਂਦਾ ਹੈ । ਮੰਨਿਆ ਜਾਂਦਾ ਹੈ ਕਿ ਧਰਤੀ ‘ਤੇ ਜੀਵਨ ਦਾ ਆਰੰਭ ਸਭ ਤੋਂ ਪਹਿਲਾਂ ਸਮੁੰਦਰਾਂ ਵਿਚ ਹੀ ਹੋਇਆ ਸੀ । ਇਸ ਲਈ ਕੋਈ ਮਹੱਤਵ ਨਹੀਂ ਰੱਖਦਾ ਸੀ । ਪਰੰਤੂ ਇਨ੍ਹਾਂ ਦੀ ਉਪਯੋਗਿਤਾ ਵਧਣ ਨਾਲ ਇਨ੍ਹਾਂ ਦਾ ਮਹੱਤਵ ਵੱਧ ਗਿਆ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਇਨ੍ਹਾਂ ਦਾ ਉੱਚਿਤ ਵਿਕਾਸ ਹੈ ।
ਖਣਿਜ ਸਾਧਨ – ਖਣਿਜ ਸਾਧਨ ਸਾਨੂੰ ਧਰਤੀ ਦੇ ਅੰਦਰੂਨੀ ਭਾਗ ਤੋਂ ਪ੍ਰਾਪਤ ਹੁੰਦੇ ਹਨ । ਇਹ ਮੂਲ ਰੂਪ ਨਾਲ ਦੋ ਪ੍ਰਕਾਰ ਦੇ ਹੁੰਦੇ ਹਨ | ਧਾਤੁ (Metallic) ਖਣਿਜ ਅਤੇ ਅਧਾਤੁ (Non-metallic) ਖਣਿਜ । ਧਾਤੁ ਖਣਿਜਾਂ ਵਿਚ ਲੋਹਾ, ਤਾਂਬਾ, ਸੋਨਾ, ਚਾਂਦੀ, ਐਲੂਮੀਨੀਅਮ ਆਦਿ ਖਣਿਜ ਸ਼ਾਮਿਲ ਹਨ | ਅਧਾਤੂ ਖਣਿਜ ਪਦਾਰਥਾਂ ਵਿਚ ਕੋਲਾ, ਅਬਰਕ, ਮੈਂਗਨੀਜ਼ ਅਤੇ ਪੈਟਰੋਲੀਅਮ ਆਦਿ ਮੁੱਖ ਹਨ । ਖਣਿਜ ਸਾਧਨ ਭਿੰਨ-ਭਿੰਨ ਪ੍ਰਕਾਰ ਦੀਆਂ ਚੱਟਾਨਾਂ ਵਿਚ ਪਾਏ ਜਾਂਦੇ ਹਨ । ਚੱਟਾਨਾਂ ਤੋਂ ਮਿਲਣ ਵਾਲੇ ਖਣਿਜ ਪਦਾਰਥ ਪ੍ਰਤੱਖ ਰੂਪ ਨਾਲ ਪ੍ਰਯੋਗ ਨਹੀਂ ਕੀਤੇ ਜਾ ਸਕਦੇ । ਪ੍ਰਯੋਗ ਕਰਨ ਤੋਂ ਪਹਿਲਾਂ ਸਾਫ਼ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀਆਂ ਅਸ਼ੁੱਧੀਆਂ ਦੂਰ ਕੀਤੀਆਂ ਜਾਂਦੀਆਂ ਹਨ । ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ । ਇਸ ਲਈ ਇਨ੍ਹਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ।
ਪ੍ਰਸ਼ਨ 2.
ਸਾਧਨਾਂ ਦੀ ਸੰਭਾਲ ‘ਤੇ ਨੋਟ ਲਿਖੋ ।
ਉੱਤਰ-
ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹੈ । ਮਨੁੱਖ ਇਨ੍ਹਾਂ ਨੂੰ ਆਪਣੇ ਅਤੇ ਆਪਣੇ ਦੇਸ਼ ਦੇ ਵਿਕਾਸ ਲਈ ਪ੍ਰਯੋਗ ਕਰਦਾ ਹੈ । ਪਰ ਵਿਕਾਸ ਦੇ ਮਾਰਗ ‘ਤੇ ਚੱਲਦੇ ਹੋਏ ਮਨੁੱਖ ਦੂਜੇ ਦੇਸ਼ਾਂ ਦੇ ਨਾਲ ਮੁਕਾਬਲਾ ਵੀ ਕਰ ਰਿਹਾ ਹੈ । ਇਸ ਲਈ ਉਹ ਬਿਨਾਂ ਸੋਚੇ-ਸਮਝੇ ਇਨ੍ਹਾਂ ਸਾਧਨਾਂ ਨੂੰ ਖ਼ਤਮ ਕਰ ਰਿਹਾ ਹੈ । ਉਹ ਇਹ ਨਹੀਂ ਜਾਣਦਾ ਕਿ ਬਹੁਤ ਸਾਰੇ ਸਾਧਨਾਂ ਦੇ ਭੰਡਾਰ ਸੀਮਿਤ ਹਨ । ਜੇਕਰ ਇਹ ਭੰਡਾਰ ਇਕ ਵਾਰ ਖ਼ਤਮ ਹੋ ਗਏ ਤਾਂ ਅਸੀਂ ਫਿਰ ਦੁਬਾਰਾ ਪ੍ਰਾਪਤ ਨਹੀਂ ਕਰ ਸਕਾਂਗੇ । ਉਦਾਹਰਨ ਲਈ ਕੋਲਾ ਅਤੇ ਪੈਟਰੋਲੀਅਮ ਜਿਨ੍ਹਾਂ ਨੂੰ ਪੂਰਨ ਸਾਧਨ ਬਣਨ ਵਿਚ ਲੱਖਾਂ-ਕਰੋੜਾਂ ਸਾਲ ਲਗਦੇ ਹਨ, ਜੇਕਰ ਇਕ ਵਾਰ ਖ਼ਤਮ ਹੋ ਗਏ ਤਾਂ ਇਨ੍ਹਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਇਸ ਲਈ ਇਨ੍ਹਾਂ ਦੀ ਸੰਭਾਲ ਜ਼ਰੂਰੀ ਹੈ ।
- ਸਾਧਨਾਂ ਅਤੇ ਇਨ੍ਹਾਂ ਦੀ ਸੰਭਾਲ ਦਾ ਆਪਸ ਵਿਚ ਬਹੁਤ ਡੂੰਘਾ ਸੰਬੰਧ ਹੈ । ਸਾਧਨਾਂ ਦੀ ਸੰਭਾਲ ਤੋਂ ਭਾਵ ਇਨ੍ਹਾਂ ਦਾ ਸਹੀ ਪ੍ਰਯੋਗ ਹੈ ਤਾਂਕਿ ਇਨ੍ਹਾਂ ਦੀ ਦੁਰਵਰਤੋਂ ਜਾਂ ਨਾਸ਼ ਨਾ ਹੋਵੇ | ਦੂਸਰੇ ਸ਼ਬਦਾਂ ਵਿਚ, ਇਨ੍ਹਾਂ ਦਾ ਪ੍ਰਯੋਗ ਵਿਕਾਸ ਲਈ ਹੋਵੇ ਅਤੇ ਲੰਬੇ ਸਮੇਂ ਲਈ ਹੋਵੇ ਤਾਂ ਕਿ ਭਵਿੱਖ ਵਿਚ ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਦਾ ਲਾਭ ਉਠਾ ਸਕਣ । ਉੱਚਿਤ ਅਤੇ ਜ਼ਰੂਰਤ ਦੇ ਅਨੁਸਾਰ ਇਨ੍ਹਾਂ ਦਾ ਪ੍ਰਯੋਗ ਹੀ ਇਨ੍ਹਾਂ ਸਾਧਨਾਂ ਦੀ ਸਹੀ ਸੰਭਾਲ ਹੋਵੇਗੀ ।
- ਉਂਝ ਤਾਂ ਸੰਭਾਲ ਹਰੇਕ ਸਾਧਨ ਲਈ ਜ਼ਰੂਰੀ ਹੈ ਪਰ ਜਿਹੜੇ ਸਾਧਨ ਦੁਰਲੱਭ ਹਨ, ਉਨ੍ਹਾਂ ਦੀ ਵਿਸ਼ੇਸ਼ ਸੰਭਾਲ ਦੀ ਲੋੜ ਹੈ । ਇਕ ਅਨੁਮਾਨ ਦੇ ਅਨੁਸਾਰ ਜੇਕਰ ਕੋਲਾ ਅਤੇ ਪੈਟਰੋਲੀਅਮ ਵਰਗੇ ਜੀਵ-ਅੰਸ਼ ਈਂਧਣਾਂ ਦਾ ਪ੍ਰਯੋਗ ਇਸੇ ਗਤੀ ਨਾਲ ਹੁੰਦਾ ਰਿਹਾ, ਤਾਂ ਲਗਪਗ 80% ਜੀਵ-ਅੰਸ਼ ਇੰਧਣ ਇਸੇ ਸਦੀ ਵਿਚ ਹੀ ਖ਼ਤਮ ਹੋ ਜਾਣਗੇ ।
- ਸਾਨੂੰ ਮਿੱਟੀ, ਪਾਣੀ ਅਤੇ ਜੰਗਲਾਂ ਆਦਿ ਸਾਧਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ । ਇਨ੍ਹਾਂ ਦਾ ਪ੍ਰਯੋਗ ਕਰਦੇ ਸਮੇਂ ਇਨ੍ਹਾਂ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ ।
- ਇਸ ਤੋਂ ਇਲਾਵਾ ਦੁਬਾਰਾ ਪ੍ਰਯੋਗ ਹੋਣ ਵਾਲੇ ਸਾਧਨਾਂ ਨੂੰ ਵਾਰ-ਵਾਰ ਪ੍ਰਯੋਗ ਵਿਚ ਲਿਆਇਆ ਜਾਵੇ । ਇਹ ਵੀ ਜ਼ਰੂਰੀ ਹੈ ਕਿ ਗਿਆਨ, ਸਿੱਖਿਆ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਉਠਾਇਆ ਜਾਵੇ ਅਤੇ ਲੋਕਾਂ ਨੂੰ ਇਨ੍ਹਾਂ ਸਾਧਨਾਂ ਦੀ ਸੰਭਾਲ ਦੇ ਬਾਰੇ ਵਿਚ ਜਾਗ੍ਰਿਤ ਕੀਤਾ ਜਾਵੇ ।