Punjab State Board PSEB 8th Class Social Science Book Solutions History Chapter 21 ਰਾਸ਼ਟਰੀ ਅੰਦੋਲਨ : 1885-1919 ਈ. Textbook Exercise Questions and Answers.
PSEB Solutions for Class 8 Social Science History Chapter 21 ਰਾਸ਼ਟਰੀ ਅੰਦੋਲਨ : 1885-1919 ਈ.
SST Guide for Class 8 PSEB ਰਾਸ਼ਟਰੀ ਅੰਦੋਲਨ : 1885-1919 ਈ. Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਿੱਥੇ ਅਤੇ ਕਿਸ ਦੀ ਪ੍ਰਧਾਨਗੀ ਦੇ ਹੇਠ ਹੋਇਆ ਅਤੇ ਇਸ ਵਿਚ ਕਿੰਨੇ ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ ?
ਉੱਤਰ-
ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ 28 ਦਸੰਬਰ ਤੋਂ 30 ਦਸੰਬਰ, 1885 ਤੱਕ ਵੋਮੇਸ਼ ਚੰਦਰ ਬੈਨਰਜੀ ਦੀ ਪ੍ਰਧਾਨਗੀ ਹੇਠ ਹੋਇਆ । ਇਸ ਵਿਚ 72 ਪ੍ਰਤੀਨਿਧਾਂ ਨੇ ਭਾਗ ਲਿਆ ।
ਪ੍ਰਸ਼ਨ 2.
ਬੰਗਾਲ ਦੀ ਵੰਡ ਕਦੋਂ ਅਤੇ ਕਿਸ ਗਵਰਨਰ-ਜਨਰਲ ਦੇ ਸਮੇਂ ਵਿਚ ਹੋਈ ਸੀ ?
ਉੱਤਰ-
ਬੰਗਾਲ ਦੀ ਵੰਡ 1905 ਈ: ਵਿਚ ਲਾਰਡ ਕਰਜ਼ਨ ਦੇ ਸਮੇਂ ਹੋਈ ਸੀ ।
ਪ੍ਰਸ਼ਨ 3.
ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ਸੀ ? &
ਉੱਤਰ-
ਮੁਸਲਿਮ ਲੀਗ ਦੀ ਸਥਾਪਨਾ 30 ਦਸੰਬਰ, 1906 ਈ: ਨੂੰ ਮੁਸਲਿਮ ਨੇਤਾਵਾਂ ਨੇ ਕੀਤੀ ਸੀ । ਇਸ ਦੇ ਮੁੱਖ ਨੇਤਾ ਸਰ ਸੱਯਦ ਅਹਿਮਦ ਖ਼ਾਂ, ਸਲੀਮਉਲਾ ਖ਼ਾਂ ਅਤੇ ਨਵਾਬ ਮੋਹਸਿਨ ਆਦਿ ਸਨ ।
ਪ੍ਰਸ਼ਨ 4.
ਗ਼ਦਰ ਪਾਰਟੀ ਦੀ ਸਥਾਪਨਾ ਕਦੋਂ, ਕਿੱਥੇ ਅਤੇ ਕਿਸ ਦੁਆਰਾ ਕੀਤੀ ਗਈ ?
ਉੱਤਰ-
ਗ਼ਦਰ ਪਾਰਟੀ ਦੀ ਸਥਾਪਨਾ 1913 ਈ: ਵਿਚ ਅਮਰੀਕਾ ਅਤੇ ਕੈਨੇਡਾ ਵਿਚ ਰਹਿਣ ਵਾਲੇ ਭਾਰਤੀਆਂ ਨੇ ਕੀਤੀ । ਸੀ । ਇਸਦੀ ਸਥਾਪਨਾ ਸਾਨਫ਼ਰਾਂਸਿਸਕੋ ਵਿਚ ਹੋਈ ।
ਪ੍ਰਸ਼ਨ 5.
ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦਾ ਆਰੰਭ 1905 ਈ: ਵਿਚ ਲਾਰਡ ਕਰਜ਼ਨ ਦੁਆਰਾ ਬੰਗਾਲ ਦੀ ਵੰਡ ਕਰਨ ਨਾਲ ਬੰਗਾਲ ਵਿਚ ਹੋਇਆ | ਪਰ ਛੇਤੀ ਹੀ ਇਹ ਭਾਰਤ ਦੇ ਹੋਰ ਭਾਗਾਂ ਵਿਚ ਵੀ ਫੈਲ ਗਿਆ । ਇਸ ਅੰਦੋਲਨ ਦੀ ਅਗਵਾਈ ਸੁਰਿੰਦਰ ਨਾਥ ਬੈਨਰਜੀ, ਵਿਪਿਨ ਚੰਦਰ ਪਾਲ ਅਤੇ ਬਾਲ ਗੰਗਾਧਰ ਤਿਲਕ ਆਦਿ ਪ੍ਰਮੁੱਖ ਨੇਤਾਵਾਂ ਨੇ ਕੀਤੀ ਸੀ । ਭਾਰਤ ਵਿਚ ਥਾਂ-ਥਾਂ ‘ਤੇ ਸਰਵਜਨਕ ਸਭਾਵਾਂ ਕੀਤੀਆਂ ਗਈਆਂ । ਇਨ੍ਹਾਂ ਸਭਾਵਾਂ ਵਿਚ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨ ਅਤੇ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨ ਦੀ ਸਹੁੰ ਲਈ ਗਈ । ਦੁਕਾਨਦਾਰਾਂ ਨੂੰ ਵਿਦੇਸ਼ੀ ਮਾਲ ਨਾ ਵੇਚਣ ਅਤੇ ਗਾਹਕਾਂ ਨੂੰ ਵਿਦੇਸ਼ੀ ਮਾਲ ਨਾ ਖ਼ਰੀਦਣ ਲਈ ਮਜਬੂਰ ਕੀਤਾ ਗਿਆ । ਭਾਰਤ ਵਿਚ ਅਨੇਕ ਥਾਂਵਾਂ ‘ਤੇ ਵਿਦੇਸ਼ੀ ਕੱਪੜੇ ਦੀ ਹੋਲੀ ਜਲਾਈ ਗਈ । ਰਾਸ਼ਟਰਵਾਦੀ ਸਮਾਚਾਰ-ਪੱਤਰਾਂ ਵਿਚ ਵੀ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨ ਲਈ ਪ੍ਰਚਾਰ ਕੀਤਾ ਗਿਆ । ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦਾ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਿਆ । ਇਸ ਨੇ ਭਾਰਤੀਆਂ ਦੇ ਮਨ ਵਿਚ ਰਾਸ਼ਟਰੀ ਭਾਵਨਾਵਾਂ ਨੂੰ ਮਜ਼ਬੂਤ ਬਣਾਇਆ ।
ਪ੍ਰਸ਼ਨ 6.
ਕ੍ਰਾਂਤੀਕਾਰੀ ਅੰਦੋਲਨ ‘ਤੇ ਨੋਟ ਲਿਖੋ ।
ਉੱਤਰ-
ਨਰਮ ਦਲ ਦੇ ਨੇਤਾਵਾਂ ਦੀ ਅਸਫਲਤਾ ਅਤੇ ਗਰਮ ਦਲ ਦੇ ਨੇਤਾਵਾਂ ਦੇ ਪ੍ਰਤੀ ਸਰਕਾਰ ਦੀ ਦਮਨਕਾਰੀ ਨੀਤੀ ਦੇ ਕਾਰਨ ਭਾਰਤ ਵਿਚ ਕ੍ਰਾਂਤੀਕਾਰੀ ਅੰਦੋਲਨ ਦਾ ਜਨਮ ਹੋਇਆ ,। ਕ੍ਰਾਂਤੀਕਾਰੀ ਨੇਤਾਵਾਂ ਦਾ ਮੁੱਖ ਉਦੇਸ਼ ਭਾਰਤ ਵਿਚੋਂ ਬਿਟਿਸ਼ ਸ਼ਾਸਨ ਦਾ ਅੰਤ ਕਰਨਾ ਸੀ । ਇਸ ਲਈ ਉਨ੍ਹਾਂ ਨੇ ਦੇਸ਼ ਵਿਚ ਕਈ ਗੁਪਤ ਸੰਸਥਾਵਾਂ ਦੀ ਸਥਾਪਨਾ ਕੀਤੀ । ਇਨ੍ਹਾਂ ਸੰਸਥਾਵਾਂ ਵਿਚ ਕ੍ਰਾਂਤੀਕਾਰੀਆਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ । ਇਨ੍ਹਾਂ ਦੇ ਮੁੱਖ ਕੇਂਦਰ ਮਹਾਂਰਾਸ਼ਟਰ, ਬੰਗਾਲ ਅਤੇ ਪੰਜਾਬ ਆਦਿ ਵਿਚ ਸਨ ।
ਪੰਜਾਬ ਦੇ ਕ੍ਰਾਂਤੀਕਾਰੀ ਅੰਦੋਲਨ ਦੇ ਮੁੱਖ ਨੇਤਾ ਸਰਦਾਰ ਅਜੀਤ ਸਿੰਘ, ਪਿੰਡੀ ਦਾਸ, ਸੂਫ਼ੀ ਅੰਬਾ ਪ੍ਰਸਾਦ ਅਤੇ ਲਾਲ ਚੰਦਰ ਫਲਕ ਸਨ । ਇਨ੍ਹਾਂ ਦੀ ਅਗਵਾਈ ਵਿਚ ਕਈ ਨਗਰਾਂ ਵਿਚ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ । ਭਾਰਤ ਤੋਂ ਇਲਾਵਾ ਵਿਦੇਸ਼ਾਂ ਅਰਥਾਤ ਇੰਗਲੈਂਡ, ਅਮਰੀਕਾ ਅਤੇ ਕੈਨੇਡਾ (ਕਨਾਡਾ) ਆਦਿ ਵਿਚ ਵੀ ਕ੍ਰਾਂਤੀਕਾਰੀ ਅੰਦੋਲਨ ਚਲਾਏ ਗਏ । ਇੰਗਲੈਂਡ ਵਿਚ ਸ਼ਿਆਮਜੀ ਕ੍ਰਿਸ਼ਨ ਵਰਮਾ ਨੇ ਇੰਡੀਅਨ ਹੋਮ ਰੂਲ ਸੋਸਾਇਟੀ ਦੀ ਸਥਾਪਨਾ ਕੀਤੀ । ਇਹ ਸੋਸਾਇਟੀ ਕ੍ਰਾਂਤੀਕਾਰੀਆਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣੀ । ਅਮਰੀਕਾ ਵਿਚ ਲਾਲਾ ਹਰਦਿਆਲ ਨੇ ਗਦਰ ਪਾਰਟੀ ਦੀ ਸਥਾਪਨਾ ਕੀਤੀ ।
ਪ੍ਰਸ਼ਨ 7.
ਇੰਡੀਅਨ ਨੈਸ਼ਨਲ ਕਾਂਗਰਸ ਦੇ ਮੁੱਖ ਉਦੇਸ਼ ਕਿਹੜੇ ਹਨ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ (ਇੰਡੀਅਨ ਨੈਸ਼ਨਲ ਕਾਂਗਰਸ ਦੇ ਮੁੱਖ ਉਦੇਸ਼ ਹੇਠ ਲਿਖੇ ਸਨ-
- ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਦੇਸ਼ ਹਿਤ ਦਾ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਅਤੇ ਮਿੱਤਰਤਾ ਸਥਾਪਿਤ ਕਰਨੀ ।
- ਭਾਰਤੀਆਂ ਵਿਚ ਜਾਤੀਵਾਦ, ਤਵਾਦ ਅਤੇ ਧਾਰਮਿਕ ਭੇਦ-ਭਾਵ ਦਾ ਅੰਤ ਕਰਕੇ ਏਕਤਾ ਦੀ ਭਾਵਨਾ . ਪੈਦਾ ਕਰਨਾ ।
- ਲੋਕਾਂ ਦੇ ਕਲਿਆਣ ਲਈ ਸਰਕਾਰ ਦੇ ਸਾਹਮਣੇ ਮੰਗ-ਪੱਤਰ ਅਤੇ ਪ੍ਰਾਰਥਨਾ-ਪੱਤਰ ਪੇਸ਼ ਕਰਨਾ ।
- ਦੇਸ਼ ਵਿਚ ਸਮਾਜਿਕ ਅਤੇ ਆਰਥਿਕ ਸੁਧਾਰ ਲਈ ਸੁਝਾਅ ਇਕੱਤਰ ਕਰਨਾ ।
- ਅਗਲੇ 12 ਮਹੀਨਿਆਂ ਲਈ ਰਾਸ਼ਟਰਵਾਦੀਆਂ ਦੁਆਰਾ ਦੇਸ਼ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਰੂਪ-ਰੇਖਾ ਤਿਆਰ ਕਰਨਾ ।
PSEB 8th Class Social Science Guide ਰਾਸ਼ਟਰੀ ਅੰਦੋਲਨ : 1885-1919 ਈ. Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਭਾਰਤੀ ਰਾਸ਼ਟਰੀ ਕਾਂਗਰਸ (ਇੰਡੀਅਨ ਨੈਸ਼ਨਲ ਕਾਂਗਰਸ) ਦੀ ਸਥਾਪਨਾ ਤੋਂ ਪਹਿਲਾਂ ਸਥਾਪਿਤ ਕੋਈ ਚਾਰ ਰਾਜਨੀਤਿਕ ਸੰਸਥਾਵਾਂ ਦਾ ਕੀ ਉਦੇਸ਼ ਸੀ ?
ਉੱਤਰ-
ਇਨ੍ਹਾਂ ਸੰਸਥਾਵਾਂ ਦਾ ਉਦੇਸ਼ ਸਰਕਾਰ ਕੋਲੋਂ ਭਾਰਤੀ ਸ਼ਾਸਨ ਪ੍ਰਬੰਧ ਵਿਚ ਸੁਧਾਰ ਦੀ ਮੰਗ ਕਰਨਾ ਅਤੇ ਭਾਰਤੀ ਲੋਕਾਂ ਲਈ ਰਾਜਨੀਤਿਕ ਅਧਿਕਾਰ ਪ੍ਰਾਪਤ ਕਰਨਾ ਸੀ ।
ਪ੍ਰਸ਼ਨ 2.
ਇਲਬਰਟ ਬਿਲ ਕਿਸ ਨੇ ਅਤੇ ਕਿਉਂ ਪੇਸ਼ ਕੀਤਾ ?
ਉੱਤਰ-
ਇਲਬਰਟ ਬਿਲ ਲਾਰਡ ਰਿਪਨ ਨੇ ਪੇਸ਼ ਕੀਤਾ ਕਿਉਂਕਿ ਉਹ ਭਾਰਤੀ ਜੱਜਾਂ ਨੂੰ ਅੰਗਰੇਜ਼ ਜੱਜਾਂ ਦੇ ਸਮਾਨ ਦਰਜਾ ਦਿਲਾਉਣਾ ਚਾਹੁੰਦਾ ਸੀ ।
ਪ੍ਰਸ਼ਨ 3.
1885 ਤੋਂ 1905 ਈ: ਤਕ ਦੇ ਰਾਸ਼ਟਰਵਾਦੀ ਅੰਦੋਲਨ ਨੂੰ ਉਦਾਰਵਾਦੀ ਯੁੱਗ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1885 ਈ: ਤੋਂ 1905 ਈ: ਤਕ ਦੇ ਰਾਸ਼ਟਰਵਾਦੀ ਅੰਦੋਲਨ ਨੂੰ ਇਸ ਲਈ ਉਦਾਰਵਾਦੀ ਯੁਗ ਕਿਹਾ ਜਾਂਦਾ ਹੈ, ਕਿਉਂਕਿ ਇਸ ਕਾਲ ਦੇ ਕਾਂਗਰਸ ਦੇ ਸਾਰੇ ਨੇਤਾ ਪੂਰੀ ਤਰ੍ਹਾਂ ਉਦਾਰਵਾਦੀ ਸਨ ।
ਪ੍ਰਸ਼ਨ 4.
ਦੋ ਪ੍ਰਮੁੱਖ ਉਦਾਰਵਾਦੀ ਨੇਤਾਵਾਂ ਦੇ ਨਾਂ ਦੱਸੋ ।
ਉੱਤਰ-
ਫ਼ਿਰੋਜ਼ਸ਼ਾਹ ਮਹਿਤਾ, ਦਾਦਾ ਭਾਈ ਨੌਰੋਜੀ, ਸੁਰਿੰਦਰ ਨਾਥ ਬੈਨਰਜੀ, ਗੋਪਾਲ ਕ੍ਰਿਸ਼ਨ ਗੋਖਲੇ ਅਤੇ ਮਦਨ ਮੋਹਨ ਮਾਲਵੀਆ ।
ਪ੍ਰਸ਼ਨ 5.
ਲਾਰਡ ਕਰਜ਼ਨ ਦੁਆਰਾ ਬੰਗਾਲ ਦੀ ਵੰਡ ਕਿਉਂ ਕੀਤੀ ਗਈ, ਉਸ ਦਾ ਕੀ ਮਨੋਰਥ ਸੀ ?
ਉੱਤਰ-
ਲਾਰਡ ਕਰਜ਼ਨ ਦਾ ਕਹਿਣਾ ਸੀ ਕਿ ਇਹ ਵੰਡ ਬੰਗਾਲ ਦੀ ਪ੍ਰਸ਼ਾਸਨਿਕ ਸਹੂਲਤ ਲਈ ਜ਼ਰੂਰੀ ਹੈ । ਪਰ ਇਸਦਾ ਅਸਲ ਉਦੇਸ਼ ਭਾਰਤੀਆਂ ਵਿਚ ਫੁੱਟ ਪਾ ਕੇ ਰਾਸ਼ਟਰੀ ਅੰਦੋਲਨ ਨੂੰ ਕਮਜ਼ੋਰ ਬਣਾਉਣਾ ਸੀ ।
ਪ੍ਰਸ਼ਨ 6.
ਕਾਂਗਰਸ ਦੀ ਵੰਡ ਕਦੋਂ, ਕਿਹੜੇ ਦੋ ਭਾਗਾਂ ਵਿਚ ਹੋਈ ?
ਉੱਤਰ-
ਕਾਂਗਰਸ ਦੀ ਵੰਡ ਨਰਮ ਦਲ ਅਤੇ ਗਰਮ ਦਲ ਵਿਚ ਹੋਈ । ਇਹ ਵੰਡ 1907 ਈ: ਵਿਚ ਸੂਰਤ ਦੇ ਇਜਲਾਸ ਵਿਚ ਹੋਈ ।
ਪ੍ਰਸ਼ਨ 7.
ਗ਼ਦਰ ਲਹਿਰ ਦਾ ਪ੍ਰਧਾਨ ਕੌਣ ਸੀ ? ਇਸ ਲਹਿਰ ਦਾ ਕੀ ਉਦੇਸ਼ ਸੀ ?
ਉੱਤਰ-
ਗ਼ਦਰ ਲਹਿਰ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸੀ । ਇਸ ਲਹਿਰ ਦਾ ਉਦੇਸ਼ ਕ੍ਰਾਂਤੀਕਾਰੀ ਗਤੀਵਿਧੀਆਂ ਦੁਆਰਾ ਭਾਰਤ ਵਿਚ ਅੱਤਿਆਚਾਰੀ ਅੰਗਰੇਜ਼ੀ ਸ਼ਾਸਨ ਦਾ ਅੰਤ ਕਰਨਾ ਸੀ ।
ਪ੍ਰਸ਼ਨ 8.
ਮਿੰਟੋ ਮਾਰਲੇ ਸੁਧਾਰ ਕਦੋਂ ਪਾਸ ਹੋਏ ? ਇਨ੍ਹਾਂ ਦੇ ਪਿੱਛੇ ਸਰਕਾਰ ਦਾ ਕੀ ਉਦੇਸ਼ ਸੀ ?
ਉੱਤਰ-
ਮਿੰਟੋ ਮਾਰਲੇ ਸੁਧਾਰ 1909 ਵਿਚ ਪਾਸ ਹੋਏ । ਇਨ੍ਹਾਂ ਦੇ ਪਿੱਛੇ ਸਰਕਾਰ ਦਾ ਮੁੱਖ ਉਦੇਸ਼ ਗਰਮ ਦਲ ਦੇ ਨੇਤਾਵਾਂ ਨੂੰ ਖੁਸ਼ ਕਰਨਾ ਅਤੇ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਉਨ੍ਹਾਂ ਨੂੰ ਹਿੰਦੂਆਂ ਤੋਂ ਅਲੱਗ ਕਰਨਾ ਸੀ ।
ਪ੍ਰਸ਼ਨ 9.
ਗ਼ਦਰ ਪਾਰਟੀ ਦੇ ਸਮਾਚਾਰ-ਪੱਤਰ (ਅਖ਼ਬਾਰ) ਦਾ ਨਾਂ ਕੀ ਸੀ ?
ਉੱਤਰ-
ਗ਼ਦਰ ਪਾਰਟੀ ਦੇ ਸਮਾਚਾਰ-ਪੱਤਰ (ਅਖ਼ਬਾਰ) ਦਾ ਨਾਂ ‘ਗ਼ਦਰ’ ਸੀ ।
ਪ੍ਰਸ਼ਨ 10.
ਹੋਮਰੂਲ ਅੰਦੋਲਨ ਦੇ ਦੋ ਮੁੱਖ ਨੇਤਾਵਾਂ ਦੇ ਨਾਂ ਦੱਸੋ ।
ਉੱਤਰ-
ਬਾਲ ਗੰਗਾਧਰ ਤਿਲਕ ਅਤੇ ਸ੍ਰੀਮਤੀ ਐਨੀ ਬੇਸੈਂਟ ।
ਪ੍ਰਸ਼ਨ 11.
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ, ਕਦੋਂ ਅਤੇ ਕਿੱਥੇ ਕੀਤੀ ਸੀ ?
ਉੱਤਰ-
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਮਿ: ਏ. ਓ. ਹਿਉਮ ਨੇ 28 ਦਸੰਬਰ, 1885 ਈ: ਨੂੰ ਮੁੰਬਈ ਦੇ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਚ ਕੀਤੀ ।
ਪ੍ਰਸ਼ਨ 12.
ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕਿਸਨੇ, ਕਦੋਂ ਤੇ ਕਿੱਥੇ ਕੀਤੀ ਸੀ ?
ਉੱਤਰ-
ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ 1876 ਈ: ਵਿਚ ਸੁਰਿੰਦਰ ਨਾਥ ਬੈਨਰਜੀ ਨੇ ਕੀਤੀ ।
ਪ੍ਰਸ਼ਨ 13.
ਲਖਨਊ ਸਮਝੌਤਾ ਕਦੋਂ ਅਤੇ ਕਿਹੜੇ ਦੋ ਰਾਜਨੀਤਿਕ ਦਲਾਂ ਦੇ ਵਿਚਕਾਰ ਹੋਇਆ ਸੀ ?
ਉੱਤਰ-
ਲਖਨਊ ਸਮਝੌਤਾ 1916 ਈ: ਵਿਚ ਕਾਂਗਰਸ ਅਤੇ ਮੁਸਲਿਮ ਲੀਗ ਦੇ ਵਿਚਕਾਰ ਹੋਇਆ ਸੀ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ (1885 ਈ: ਵਿਚ) ਕਿਸ ਦੀ ਪ੍ਰਧਾਨਗੀ ਵਿਚ ਹੋਇਆ ?
(i) ਦਾਦਾ ਭਾਈ ਨੌਰੋਜੀ
(ii) ਜਵਾਹਰ ਲਾਲ ਨਹਿਰੂ
(iii) ਵੋਮੇਸ਼ ਚੰਦਰ ਬੈਨਰਜੀ
(iv) ਏ.ਓ. ਹਿਊਮ ।
ਉੱਤਰ-
(iii) ਵੋਮੇਸ਼ ਚੰਦਰ ਬੈਨਰਜੀ
ਪ੍ਰਸ਼ਨ 2.
1905 ਈ: ਵਿਚ ਬੰਗਾਲ ਦੀ ਵੰਡ ਕੀਤੀ-
(i) ਲਾਰਡ ਡਲਹੌਜ਼ੀ
(ii) ਲਾਰਡ ਕਰਜ਼ਨ
(iii) ਲਾਰਡ ਮੈਕਾਲੇ
(iv) ਲਾਰਡ ਵਿਲੀਅਮ ਬੈਂਟਿੰਕ ।
ਉੱਤਰ-
(ii) ਲਾਰਡ ਕਰਜ਼ਨ
ਪ੍ਰਸ਼ਨ 3.
ਮੁਸਲਿਮ ਲੀਗ ਦੇ ਮੁੱਖ ਨੇਤਾ ਸਨ-
(i) ਸਰ ਸੱਯਦ ਅਹਿਮਦ ਖ਼ਾਂ
(ii) ਸਲੀਮ-ਉਲਾ ਖ਼ਾ
(iii) ਨਵਾਬ ਮੋਹਸਿਨ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ
ਪ੍ਰਸ਼ਨ 4.
13 ਅਪ੍ਰੈਲ, 1919 ਨੂੰ ਅਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਲਗਭਗ 20 ਹਜ਼ਾਰ ਲੋਕ ਇਕੱਠੇ ਹੋਏ । ਇਨ੍ਹਾਂ ਦੇ ਰੋਸ਼ ਪ੍ਰਦਰਸ਼ਨ ਦਾ ਮੁੱਖ ਕਾਰਣ ਕੀ ਸੀ ?
(i) ਰੌਲੇਟ ਐਕਟ
(ii) ਅਸਹਿਯੋਗ ਅੰਦੋਲਨ
(iii) ਸਾਈਮਨ ਕਮਿਸ਼ਨ
(iv) ਸਵਿਨਯ ਅਵਗਿਆ ਅੰਦੋਲਨ ।
ਉੱਤਰ-
(i) ਰੌਲਟ ਐਕਟ
ਪ੍ਰਸ਼ਨ 5.
ਹੋਮਰੂਲ ਅੰਦਲੋਨ ਦੇ ਮੁੱਖ ਨੇਤਾ ਸੀ –
(i) ਦਾਦਾ ਭਾਈ ਨੌਰਜੀ ।
(ii) ਬਾਲ ਗੰਗਾਧਰ ਤਿਲਕ
(iii) ਲਾਲਾ ਹਰਦਿਆਲ ਸਿੰਘ
(iv) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ii) ਬਾਲ ਗੰਗਾਧਰ ਤਿਲਕ ।
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਮਿਸਟਰ ਏ. ਓ. ਹਿਊਮ ਨੇ …………………… ਈ: ਵਿੱਚ ਬੰਬਈ ਵਿਖੇ ਕੀਤੀ ।
2. ਲਾਰਡ ਕਰਜ਼ਨ ਨੇ ………………….. ਈ: ਵਿੱਚ ਬੰਗਾਲ ਦੀ ਵੰਡ ਕੀਤੀ ।
3. …………………… ਨੇ ਕਿਹਾ ਸੀ, “ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰ ਕੇ ਹੀ | ਰਹਾਂਗਾ ।”
4. ਇੰਡੀਅਨ ਨੈਸ਼ਨਲ ਕਾਂਗਰਸ ਦਾ ਸਮਾਗਮ ਸੂਰਤ ਵਿਖੇ ……………………….. ਈ: ਵਿਚ ਹੋਇਆ ।
ਉੱਤਰ-
1. 1885,
2. 1905,
3. ਬਾਲ ਗੰਗਾਧਰ ਤਿਲਕ,
4, 1907.
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
1. 1907 ਦੀ ਵੰਡ ਦੇ ਬਾਅਦ 1916 ਵਿਚ ਕਾਂਗਰਸ ਦੇ ਦੋਨੋਂ ਦਲਾਂ ਵਿਚ ਸਮਝੌਤਾ ਹੋ ਗਿਆ ।
2. ਸ੍ਰੀਮਤੀ ਐਨੀ ਬੇਸੈਂਟ ਅਤੇ ਬਾਲ ਗੰਗਾਧਰ ਤਿਲਕ ਕਾਂਗਰਸ ਦੇ ਉਦਾਰਵਾਦੀ ਨੇਤਾ ਸਨ ।
3. ਕਾਂਗਰਸ ਦੇ ਪਹਿਲੇ ਸਭਾਪਤੀ ਵੋਮੇਸ਼ ਚੰਦਰ ਬੈਨਰਜੀ ਸਨ ।
ਉੱਤਰ-
1. (√)
2. (×)
3. (√)
(ਹ) ਸਹੀ ਜੋੜੇ ਬਣਾਓ :
1. ਹੋਮ ਰੂਲ ਅੰਦੋਲਨ | 1914 ਈ: |
2. ਮੁਸਲਿਮ ਲੀਗ | ਸੋਹਣ ਸਿੰਘ ਭਕਨਾ |
3. ਮਿੰਟੋ ਮਾਰਲੇ ਸੁਧਾਰ | ਸਰ ਸੱਯਦ ਅਹਿਮਦ ਖ਼ਾਂ |
4. ਗ਼ਦਰ ਪਾਰਟੀ | ਲਾਰਡ ਕਰਜ਼ਨ |
5. ਪਹਿਲਾ ਮਹਾਂ ਯੁੱਧ | 1916 ਈ: |
ਉੱਤਰ-
1. ਹੋਮ ਰੂਲ ਅੰਦੋਲਨ | 1916 ਈ: |
2. ਮੁਸਲਿਮ ਲੀਗ | ਸਰ ਸੱਯਦ ਅਹਿਮਦ ਖ਼ਾਂ |
3. ਮਿੰਟੋ ਮਾਰਲੇ ਸੁਧਾਰ | ਲਾਰਡ ਕਰਜ਼ਨ |
4. ਗ਼ਦਰ ਪਾਰਟੀ | ਸੋਹਨ ਸਿੰਘ ਭਕਨਾ |
5. ਪਹਿਲਾ ਮਹਾਂ ਯੁੱਧ | 1914 ਈ.। |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉਦਾਰਵਾਦੀਆਂ ਦੀਆਂ ਸਫਲਤਾਵਾਂ ਕਿਹੜੀਆਂ ਸਨ ?
ਉੱਤਰ-
- ਉਦਾਰਵਾਦੀ ਨੇਤਾਵਾਂ ਦੇ ਯਤਨਾਂ ਨਾਲ ਹਰ ਸਾਲ ਕਾਂਗਰਸ ਦੇ ਇਜਲਾਸ ਹੋਣ ਲੱਗੇ । ਇਨ੍ਹਾਂ ਇਜਲਾਸਾਂ ਵਿਚ ਭਾਰਤੀਆਂ ਦੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਜਾਂਦੀਆਂ ਸਨ ।
- ਉਦਾਰਵਾਦੀਆਂ ਨੇ ਆਪਣੇ ਭਾਸ਼ਣਾਂ ਅਤੇ ਅਖ਼ਬਾਰਾਂ ਵਿਚ ਦਿੱਤੇ ਆਪਣੇ ਲੇਖਾਂ ਦੁਆਰਾ ਭਾਰਤੀਆਂ ਵਿਚ ਰਾਸ਼ਟਰੀ ਭਾਵਨਾ ਪੈਦਾ ਕੀਤੀ ।
- ਦਾਦਾ ਭਾਈ ਨੌਰੋਜੀ, ਰਿੰਦਰ ਨਾਥ ਬੈਨਰਜੀ, ਗੋਪਾਲ ਕ੍ਰਿਸ਼ਨ ਗੋਖਲੇ ਆਦਿ ਉਦਾਰਵਾਦੀ ਨੇਤਾ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਨ ਲਈ ਇੰਗਲੈਂਡ ਵਿਚ ਵੀ ਗਏ ।
- ਉਦਾਰਵਾਦੀਆਂ ਦੇ ਯਤਨਾਂ ਨਾਲ 1892 ਈ: ਵਿਚ ਇੰਗਲੈਂਡ ਦੀ ਪਾਰਲੀਮੈਂਟ ਨੇ ਇੰਡੀਅਨ ਕੌਂਸਿਲਜ਼ ਐਕਟ, ਪਾਸ ਕੀਤਾ ਜਿਸ ਦੇ ਅਨੁਸਾਰ ਕਾਨੂੰਨ ਬਣਾਉਣ ਵਾਲੀਆਂ ਪਰਿਸ਼ਦਾਂ ਵਿਚ ਭਾਰਤੀਆਂ ਨੂੰ ਸਥਾਨ ਦਿੱਤਾ ਗਿਆ ।
- ਇਨ੍ਹਾਂ ਦੇ ਯਤਨਾਂ ਨਾਲ ਅੰਗਰੇਜ਼ੀ ਸਰਕਾਰ ਨੇ ਆਈ. ਸੀ. ਐੱਸ. ਦੀ ਪ੍ਰੀਖਿਆ ਲੈਣ ਦਾ ਪ੍ਰਬੰਧ ਭਾਰਤ ਵਿਚ ਕੀਤਾ ।
ਪ੍ਰਸ਼ਨ 2.
ਬੰਗਾਲ ਦੀ ਵੰਡ ਕਦੋਂ ਅਤੇ ਕਿਉਂ ਕੀਤੀ ਗਈ ? ਭਾਰਤੀ ਸੁਤੰਤਰਤਾ ਅੰਦੋਲਨ ’ਤੇ ਇਸਦਾ ਕੀ ” ਪ੍ਰਭਾਵ ਪਿਆ ?
ਉੱਤਰ-
ਬੰਗਾਲ ਦੀ ਵੰਡ 1905 ਈ: ਵਿਚ ਲਾਰਡ ਕਰਜ਼ਨ ਨੇ ਕੀਤੀ । ਉਸਦਾ ਇਸ ਵੰਡ ਦਾ ਵਾਸਤਵਿਕ ਉਦੇਸ਼ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਫੁੱਟ ਪਾ ਕੇ ਰਾਸ਼ਟਰੀ ਅੰਦੋਲਨ ਨੂੰ ਕਮਜ਼ੋਰ ਕਰਨਾ ਸੀ । ਬੰਗਾਲ ਵੰਡ ਦੇ ਵਿਰੋਧ ਵਿਚ ਲੋਕਾਂ ਨੇ ਥਾਂ-ਥਾਂ ‘ਤੇ ਜਲਸੇ, ਜਲੂਸ ਅਤੇ ਹੜਤਾਲਾਂ ਕੀਤੀਆਂ । ਬੰਗਾਲ ਦੀ ਵੰਡ ਦੇ ਵਿਰੋਧ ਵਿਚ ਸਵਦੇਸ਼ੀ ਅੰਦੋਲਨ ਵੀ ਆਰੰਭ ਕੀਤਾ ਗਿਆ ।
ਪ੍ਰਭਾਵ – ਇਸ ਵੰਡ ਦਾ ਭਾਰਤੀ ਸੁਤੰਤਰਤਾ ਅੰਦੋਲਨ ‘ਤੇ ਡੂੰਘਾ ਪ੍ਰਭਾਵ ਪਿਆ-
- ਬੰਗਾਲ ਦੀ ਵੰਡ ਦੇ ਕਾਰਨ ਭਾਰਤੀ ਲੋਕਾਂ ਵਿਚ ਰਾਸ਼ਟਰੀ ਜਾਗ੍ਰਿਤੀ ਪੈਦਾ ਹੋਈ ।
- ਬੰਗਾਲ ਦੀ ਵੰਡ ਨਾਲ ਕਾਂਗਰਸ ਵਿਚ ਗਰਮ ਦਲ ਅਤੇ ਨਰਮ ਦਲ ਨਾਂ ਦੇ ਦੋ ਸ਼ਕਤੀਸ਼ਾਲੀ ਦਲ ਬਣ ਗਏ ।
ਪ੍ਰਸ਼ਨ 3.
1909 ਦੇ ਮਿੰਟੋ-ਮਾਰਲੇ ਸੁਧਾਰ ਐਕਟ ਦੀਆਂ ਪ੍ਰਮੁੱਖ ਧਾਰਾਵਾਂ ਕੀ ਸਨ ?
ਉੱਤਰ-
ਮਿੰਟੋ-ਮਾਰਲੇ ਸੁਧਾਰ ਐਕਟ ਦੀਆਂ ਪ੍ਰਮੁੱਖ ਧਾਰਾਵਾਂ ਹੇਠ ਲਿਖੀਆਂ ਸਨ-
- ਗਵਰਨਰ-ਜਨਰਲ ਦੀ ਕਾਰਜਕਾਰਣੀ ਪਰਿਸ਼ਦ ਵਿਚ ਐੱਸ. ਪੀ. ਸਿਨਹਾ ਨਾਂ ਦਾ ਇਕ ਭਾਰਤੀ ਮੈਂਬਰ ਨਿਯੁਕਤ · ਕੀਤਾ ਗਿਆ ।
- ਕੇਂਦਰੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ 16 ਤੋਂ 60 ਕਰ ਦਿੱਤੀ ਗਈ ।
- ਪ੍ਰਾਂਤਾਂ ਦੀਆਂ ਵਿਧਾਨ ਪਰਿਸ਼ਦਾਂ ਦੇ ਮੈਂਬਰਾਂ ਦੀ ਸੰਖਿਆ 30 ਤੋਂ 50 ਕਰ ਦਿੱਤੀ ਗਈ ।
- ਵਿਧਾਨ ਪਰਿਸ਼ਦਾਂ ਦੇ ਮੈਂਬਰਾਂ ਦੀ ਚੋਣ ਕਰਨ ਲਈ ਅਪ੍ਰਤੱਖ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ । ਇਸ ਚੋਣ ਪ੍ਰਣਾਲੀ ਦੇ ਅਨੁਸਾਰ ਸਭ ਤੋਂ ਪਹਿਲਾਂ ਲੋਕਾਂ ਦੁਆਰਾ ਨਗਰਪਾਲਿਕਾਵਾਂ ਜਾਂ ਜ਼ਿਲ੍ਹਾ ਬੋਰਡਾਂ ਦੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ । ਇਹ ਚੁਣੇ ਗਏ ਮੈਂਬਰ ਅੱਗੇ ਪ੍ਰਾਂਤਾਂ ਦੀਆਂ ਵਿਧਾਨ ਪਰਿਸ਼ਦਾਂ ਦੇ ਮੈਂਬਰਾਂ ਦੀ ਚੋਣ ਕਰਦੇ ਸਨ ।
- ਮੁਸਲਮਾਨਾਂ ਲਈ ਅਲੱਗ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ । ਉਨ੍ਹਾਂ ਲਈ ਕੇਂਦਰੀ ਵਿਧਾਨ ਪਰਿਸ਼ਦ ਵਿਚ 6 ਸਥਾਨ ਰਾਖਵੇਂ ਰੱਖੇ ਗਏ । ਇਨ੍ਹਾਂ ਸਥਾਨਾਂ ਲਈ ਚੋਣ ਕੇਵਲ ਮੁਸਲਮਾਨ ਮਤਦਾਤਾਵਾਂ ਦੁਆਰਾ ਹੀ ਕੀਤੀ ਜਾਣੀ ਸੀ ।
ਪ੍ਰਸ਼ਨ 4.
ਨਰਮ ਦਲ ਅਤੇ ਗਰਮ ਦਲ ਦੀਆਂ ਨੀਤੀਆਂ ਵਿਚ ਕੀ ਅੰਤਰ ਸੀ ?
ਉੱਤਰ-
ਨਰਮ ਦਲ ਅਤੇ ਗਰਮ ਦਲ ਦੀਆਂ ਨੀਤੀਆਂ ਵਿਚ ਹੇਠ ਲਿਖੇ ਅੰਤਰ ਸਨ-
- ਨਰਮ ਦਲ ਦੇ ਨੇਤਾ ਦਾਦਾ ਭਾਈ ਨੌਰੋਜੀ, ਸੁਰਿੰਦਰ ਨਾਥ ਬੈਨਰਜੀ, ਫ਼ਿਰੋਜ਼ਸ਼ਾਹ ਮਹਿਤਾ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਬ੍ਰਿਟਿਸ਼ ਸ਼ਾਸਨ ਨੂੰ ਭਾਰਤੀਆਂ ਲਈ ਵਰਦਾਨ ਮੰਨਦੇ ਸਨ ਜਦੋਂ ਕਿ ਗਰਮ ਦਲ ਦੇ ਨੇਤਾ ਵਿਪਿਨ ਚੰਦਰ ਪਾਲ, ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਬਿਟਿਸ਼ ਸ਼ਾਸਨ ਨੂੰ ਭਾਰਤੀਆਂ ਲਈ ਸਰਾਪ ਮੰਨਦੇ ਸਨ ।
- ਨਰਮ ਦਲ ਦੇ ਨੇਤਾ ਪ੍ਰਸ਼ਾਸਨ ਵਿਚ ਸੁਧਾਰ ਲਿਆਉਣ ਲਈ ਸਰਕਾਰ ਨੂੰ ਸਹਿਯੋਗ ਦੇਣਾ ਚਾਹੁੰਦੇ ਸਨ, ਜਦੋਂ ਕਿ ਗਰਮ ਦਲ ਦੇ ਨੇਤਾ ਭਾਰਤ ਵਿਚੋਂ ਦ੍ਰਿਸ਼ ਸ਼ਾਸਨ ਦਾ ਅੰਤ ਕਰਨਾ ਚਾਹੁੰਦੇ ਸਨ ।
- ਨਰਮ ਦਲ ਦੇ ਨੇਤਾ ਸਰਕਾਰ ਕੋਲੋਂ ਆਪਣੀਆਂ ਮੰਗਾਂ ਪ੍ਰਸਤਾਵਾਂ ਅਤੇ ਪ੍ਰਾਰਥਨਾ-ਪੱਤਰਾਂ ਦੁਆਰਾ ਮਨਵਾਉਣਾ ਚਾਹੁੰਦੇ ਸਨ । ਪਰ ਗਰਮ ਦਲ ਦੇ ਨੇਤਾ ਆਪਣੀ ਸ਼ਕਤੀ ਦੁਆਰਾ ਮੰਗਾਂ ਮਨਵਾਉਣ ਦੇ ਪੱਖ ਵਿਚ ਸਨ ।
ਪ੍ਰਸ਼ਨ 5.
ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ? ਇਸ ਦੀ ਸਥਾਪਨਾ ਦੇ ਕੀ ਕਾਰਨ ਸਨ ?
ਉੱਤਰ-
30 ਦਸੰਬਰ, 1906 ਈ: ਨੂੰ ਮੁਸਲਿਮ ਨੇਤਾਵਾਂ ਨੇ ‘ਮੁਸਲਿਮ ਲੀਗ’ ਨਾਂ ਦੀ ਆਪਣੀ ਇਕ ਅਲੱਗ ਰਾਜਨੀਤਿਕ ਸੰਸਥਾ ਸਥਾਪਿਤ ਕਰ ਲਈ। ਇਸ ਦੇ ਮੁੱਖ ਨੇਤਾ ਸਰ ਸੱਯਦ ਅਹਿਮਦ , ਸਲੀਮ-ਉਲਾ ਖਾਂ ਅਤੇ ਨਵਾਬ ਮੋਹਸਿਨ ਆਦਿ ਸਨ ।
ਕਾਰਨ – ਮੁਸਲਿਮ ਲੀਗ ਦੀ ਸਥਾਪਨਾ ਮੁੱਖ ਰੂਪ ਤੋਂ ਸੰਪਰਦਾਇਕ ਰਾਜਨੀਤੀ ਦਾ ਨਤੀਜਾ ਸੀ । ਇਸ ਦੀ ਸਥਾਪਨਾ ਦੇ ਮੁੱਖ ਕਾਰਨ ਹੇਠ ਲਿਖੇ ਸਨ-
- ਮੁਸਲਮਾਨ ਆਪਣੇ ਹਿੱਤਾਂ ਦੀ ਰੱਖਿਆ ਲਈ ਕੋਈ ਅਲੱਗ ਸੰਸਥਾ ਬਣਾਉਣਾ ਚਾਹੁੰਦੇ ਸਨ ।
- ਮੁਸਲਿਮ ਲੀਗ ਦੀ ਸਥਾਪਨਾ ਨਾਲ ਅੰਗਰੇਜ਼ਾਂ ਵਿਚ “ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਸਫਲ ਹੁੰਦੀ ਸੀ ।
- ਅਰਬ ਦੇਸ਼ਾਂ ਵਿਚ ਵਹਾਬੀ ਅੰਦੋਲਨ ਆਰੰਭ ਹੋਣ ਨਾਲ ਭਾਰਤ ਵਿਚ ਸੰਪਰਦਾਇਕਤਾ ਦੀ ਭਾਵਨਾ ਪੈਦਾ ਹੋ ਗਈ ਸੀ ।
- ਮੁਹੰਡਨ ਐਂਗਲੋ ਓਰੀਐਂਟਲ ਕਾਲਜ ਦੇ ਪ੍ਰਿੰਸੀਪਲ ਬੇਕ ਨੇ ਸੰਪਰਦਾਇਕਤਾ ਦੀ ਭਾਵਨਾ ਨੂੰ ਭੜਕਾਉਣ ਲਈ ਕਈ ਲੇਖ ਲਿਖੇ ਅਤੇ ਸਰ ਸੱਯਦ ਅਹਿਮਦ ਖਾਂ ਨੇ ਇਸ ਸੰਬੰਧ ਵਿਚ ਪ੍ਰਚਾਰ ਕੀਤਾ ।
- ਲਾਰਡ ਕਰਜ਼ਨ ਨੇ ਵੀ ਮੁਸਲਮਾਨਾਂ ਦੇ ਮਨ ਵਿਚ ਸੰਪਰਦਾਇਕਤਾ ਦੀ ਭਾਵਨਾ ਪੈਦਾ ਕੀਤੀ ।
ਪ੍ਰਸ਼ਨ 6.
ਗਰਮ ਦਲੀਆਂ ਦੇ ਪ੍ਰਮੁੱਖ ਉਦੇਸ਼ ਲਿਖੋ ।
ਉੱਤਰ-
ਗਰਮ ਦਲੀਆਂ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-
- ਪੂਰਨ ਸਵਰਾਜ ਦੀ ਪ੍ਰਾਪਤੀ – ਗਰਮ ਦਲੀ ਨੇਤਾਵਾਂ ਦਾ ਮੁੱਖ ਉਦੇਸ਼ ਪੂਰਨ ਸਵਰਾਜ ਪ੍ਰਾਪਤ ਕਰਨਾ ਸੀ । ਇਸ ਦੀ ਮੰਗ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ, “ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਂਗਾ ।” ਉਨ੍ਹਾਂ ਦਾ ਵਿਚਾਰ ਸੀ ਕਿ ਸ਼ਾਸਨ ਪ੍ਰਬੰਧ ਭਾਰਤੀ ਪਰੰਪਰਾਵਾਂ ਅਤੇ ਸੰਸਕ੍ਰਿਤੀ ‘ਤੇ ਆਧਾਰਿਤ ਹੋਣਾ ਚਾਹੀਦਾ ਹੈ ।
- ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਸੰਬੰਧ ਸਥਾਪਿਤ ਕਰਨਾ – ਗਰਮ ਦਲੀਆਂ ਦਾ ਦੂਜਾ ਮੁੱਖ ਉਦੇਸ਼ ਭਾਰਤ ਅਤੇ ਇੰਗਲੈਂਡ ਵਿਚਾਲੇ ਸੰਬੰਧਾਂ ਨੂੰ ਖ਼ਤਮ ਕਰਨਾ ਸੀ । ਵਿਪਿਨ ਚੰਦਰ ਪਾਲ ਦਾ ਕਹਿਣਾ ਸੀ, “ਅਸੀਂ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ । ਅਸੀਂ ਭਾਰਤ ਵਿਚ ਆਪਣੀ ਸਰਕਾਰ ਚਾਹੁੰਦੇ ਹਾਂ ।”
ਪ੍ਰਸ਼ਨ 7.
ਮੁਸਲਿਮ ਲੀਗ ਦੇ ਪ੍ਰਮੁੱਖ ਉਦੇਸ਼ ਲਿਖੋ ।
ਉੱਤਰ-
ਮੁਸਲਿਮ ਲੀਗ ਦੇ ਹੇਠ ਲਿਖੇ ਮੁੱਖ ਉਦੇਸ਼ ਸਨ-
- ਭਾਰਤੀ-ਮੁਸਲਮਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ।
- ਅੰਗਰੇਜ਼ੀ ਸਰਕਾਰ ਦੇ ਪ੍ਰਤੀ ਵਫ਼ਾਦਾਰ (ਰਾਜ ਭਗਤ) ਰਹਿਣਾ, ਤਾਂ ਕਿ ਅੰਗਰੇਜ਼ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ।
- ਭਾਰਤੀ ਮੁਸਲਮਾਨਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਭਾਵ ਤੋਂ ਮੁਕਤ ਕਰਾਉਣਾ ।
- ਮੁਸਲਮਾਨਾਂ ਲਈ ਅਲੱਗ ਚੋਣ-ਮੰਡਲ ਸਥਾਪਿਤ ਕਰਨਾ ।
- ਮੁਸਲਮਾਨਾਂ ਲਈ ਅਲੱਗ ਰਾਜ (ਪਾਕਿਸਤਾਨ ਦੀ ਮੰਗ ਕਰਨਾ ।
ਪ੍ਰਸ਼ਨ 8.
ਅੰਗਰੇਜ਼ੀ ਭਾਸ਼ਾ ਦਾ ਰਾਸ਼ਟਰੀਅਤਾ ਦੇ ਵਿਕਾਸ ‘ਤੇ ਕੀ ਅਸਰ ਪਿਆ ।
ਉੱਤਰ-
ਪ੍ਰਸ਼ਾਸਨ ਦੀ ਭਾਸ਼ਾ ਬਣ ਜਾਣ ਦੇ ਕਾਰਨ ਭਾਰਤ ਦੇ ਲੋਕਾਂ ਨੇ ਅੰਗਰੇਜ਼ੀ ਭਾਸ਼ਾ ਦਾ ਅਧਿਐਨ ਕੀਤਾ । ਅੰਗਰੇਜ਼ੀ ਦੇ ਮਾਧਿਅਮ ਨਾਲ ਪੰਜਾਬੀ, ਮਦਰਾਸੀ, ਬੰਗਾਲੀ, ਗੁਜਰਾਤੀ ਅਤੇ ਰਾਜਸਥਾਨੀ ਇਕ-ਦੂਜੇ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਸਨ । ਇਸ ਪ੍ਰਕਾਰ ਅੰਗਰੇਜ਼ੀ ਭਾਸ਼ਾ ਨੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੇ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਵਿਚ ਬਹੁਤ ਸਹਾਇਤਾ ਕੀਤੀ । ਅੰਗਰੇਜ਼ੀ ਭਾਸ਼ਾ ਦੇ ਕਾਰਨ ਭਾਰਤ ਦੇ ਲੋਕ ਪੱਛਮੀ ਸਿੱਖਿਆ ਅਤੇ ਸਾਹਿਤ ਤੋਂ ਜਾਣੂ ਹੋਏ । ਇਸ ਸਾਹਿਤ ਨਾਲ ਉਨ੍ਹਾਂ ਨੂੰ ਸੁਤੰਤਰਤਾ, ਸਮਾਨਤਾ ਅਤੇ ਲੋਕਤੰਤਰ ਦੇ ਮਹੱਤਵ ਦਾ ਪਤਾ ਚਲਿਆ । ਸਿੱਟੇ ਵਜੋਂ, ਉਹ ਰਾਸ਼ਟਰੀ ਏਕਤਾ ਦੇ ਸੂਤਰ ਵਿਚ ਬੱਝ ਗਏ ਅਤੇ ਉਹ ਆਪਣੇ ਦੇਸ਼ ਵਿਚ ਸੁਤੰਤਰ ਵਾਤਾਵਰਨ ਪੈਦਾ ਕਰਨ ਦੇ ਵਿਸ਼ੇ ਵਿਚ ਸੋਚਣ ਲੱਗੇ ।
ਪ੍ਰਸ਼ਨ 9.
ਅੰਗਰੇਜ਼ਾਂ ਵਲੋਂ ਭਾਰਤੀਆਂ ਨਾਲ ਅਸਮਾਨਤਾ ਦਾ ਵਿਵਹਾਰ ਕਰਨ ਦਾ ਭਾਰਤੀ ਭਾਸ਼ਾ ਅਤੇ ਅਖ਼ਬਾਰਾਂ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਅੰਗਰੇਜ਼ ਭਾਰਤੀਆਂ ਨਾਲ ਅਸਮਾਨਤਾ ਦਾ ਵਿਵਹਾਰ ਕਰਦੇ ਸਨ । ਭਾਰਤੀਆਂ ਨੂੰ ਸਿਰਫ਼ ਨੀਵੇਂ ਸਰਕਾਰੀ ਅਹੁਦੇ ਹੀ ਦਿੱਤੇ ਜਾਂਦੇ ਸਨ ਅਤੇ ਉਹ ਵੀ ਘੱਟ ਤਨਖ਼ਾਹ ‘ਤੇ । ਉਨ੍ਹਾਂ ਨੂੰ ਅਜਿਹਾ ਕੋਈ ਅਹੁਦਾ ਨਹੀਂ ਦਿੱਤਾ ਜਾਂਦਾ ਸੀ ਜੋ ਜ਼ਿੰਮੇਵਾਰੀ ਨਾਲ ਜੁੜਿਆ ਹੋਵੇ ।ਉਨ੍ਹਾਂ ਦੇ ਨਾਲ ਜਾਤੀ ਆਧਾਰ ‘ਤੇ ਵੀ ਭੇਦਭਾਵ ਕੀਤਾ ਜਾਂਦਾ ਸੀ । ਭਾਰਤੀ ਭਾਸ਼ਾਵਾਂ ਵਿਚ ਛਪਣ ਵਾਲੀਆਂ ਅਖ਼ਬਾਰਾਂ ਇਸ ਅਨਿਆਂ ਨੂੰ ਸਹਿਣ ਨਾ ਕਰ ਸਕੀਆਂ । ਇਸ ਲਈ ਉਨ੍ਹਾਂ ਨੇ ਅਜਿਹੇ ਲੇਖ ਪ੍ਰਕਾਸ਼ਿਤ ਕਰਨੇ ਆਰੰਭ ਕਰ ਦਿੱਤੇ, ਜਿਨ੍ਹਾਂ ਵਿਚ ਜਨਤਾ ਦੇ ਕਸ਼ਟਾਂ ਦਾ ਵਰਣਨ ਕੀਤਾ ਜਾਂਦਾ ਸੀ । ਇਸ ਨੂੰ ਰੋਕਣ ਲਈ ਸਰਕਾਰ ਨੇ ਕਠੋਰ ਕਦਮ ਚੁੱਕੇ । ਸਿੱਟੇ ਵਜੋਂ ਭਾਰਤੀ ਜਨਤਾ ਵਿਚ ਜਾਗ੍ਰਿਤੀ ਆਈ ਅਤੇ ਰਾਸ਼ਟਰੀਅਤਾ ਦੀ ਭਾਵਨਾ ਦਾ ਵਿਕਾਸ ਹੋਇਆ ।
ਪ੍ਰਸ਼ਨ 10.
ਗ਼ਦਰ ਪਾਰਟੀ ‘ਤੇ ਇਕ ਨੋਟ ਲਿਖੋ ।
ਉੱਤਰ-
ਬਹੁਤ ਸਾਰੇ ਭਾਰਤੀ ਅਮਰੀਕਾ ਅਤੇ ਕੈਨੇਡਾ ਆਦਿ ਦੇਸ਼ਾਂ ਵਿਚ ਰਹਿੰਦੇ ਸਨ । ਪਰ ਇੱਥੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ । ਇਸ ਲਈ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਜਦੋਂ ਤਕ ਉਹ ਆਪਣੇ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਨਹੀਂ ਕਰਾ ਲੈਂਦੇ, ਉਦੋਂ ਤਕ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਸਨਮਾਨ ਪ੍ਰਾਪਤ ਨਹੀਂ ਹੋ ਸਕਦਾ । ਇਸ ਲਈ ਉਨ੍ਹਾਂ ਨੇ ਭਾਰਤ ਨੂੰ ਅਜ਼ਾਦ ਕਰਾਉਣ ਦੀ ਯੋਜਨਾ ਬਣਾਈ । 1913 ਈ: ਵਿਚ ਉਨ੍ਹਾਂ ਨੇ ਇਕੱਠੇ ਹੋ ਕੇ ਸਾਨਫ਼ਰਾਂਸਿਸਕੋ (ਅਮਰੀਕਾ) ਵਿਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ । ਸੋਹਨ ਸਿੰਘ ਭਕਨਾ ਨੂੰ ਇਸ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ । ਲਾਲਾ ਹਰਦਿਆਲ ਨੂੰ ਇਸ ਸੰਸਥਾ ਦਾ ਸਕੱਤਰ ਚੁਣਿਆ ਗਿਆ ।
ਗ਼ਦਰ ਪਾਰਟੀ ਦਾ ਮੁੱਖ ਉਦੇਸ਼ ਕ੍ਰਾਂਤੀਕਾਰੀ ਗਤੀਵਿਧੀਆਂ ਦੁਆਰਾ ਭਾਰਤ ਨੂੰ ਅਜ਼ਾਦ ਕਰਾਉਣਾ ਸੀ । ਪਾਰਟੀ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ “ਗਦਰ” ਨਾਂ ਦਾ ਇਕ ਅਖ਼ਬਾਰ ਵੀ ਕੱਢਿਆ । ਇਸ ਵਿਚ ਅੰਗਰੇਜ਼ਾਂ ਦੇ ਸਮਰਥਕਾਂ ਦੀ ਹੱਤਿਆ, ਸਰਕਾਰੀ ਖ਼ਜ਼ਾਨਾ ਲੁੱਟਣਾ, ਬੰਬ ਬਣਾਉਣਾ, ਰੇਲਵੇ ਲਾਇਨਾਂ ਨੂੰ ਤੋੜਨਾ, ਟੈਲੀਫੋਨ ਤਾਰਾਂ ਨੂੰ ਕੱਟਣਾ ਅਤੇ ਸੈਨਿਕਾਂ ਨੂੰ ਵਿਦਰੋਹ ਕਰਨ ਲਈ ਉਤਸ਼ਾਹਿਤ ਕਰਨਾ ਆਦਿ ਦੇ ਬਾਰੇ ਵਿਚ ਸਾਮੱਗਰੀ ਛਾਪੀ ਜਾਂਦੀ ਸੀ ।
ਪ੍ਰਸ਼ਨ 11.
ਇੰਡੀਅਨ ਨੈਸ਼ਨਲ ਭਾਰਤੀ ਰਾਸ਼ਟਰੀ ਕਾਂਗਰਸ ਵਿਚ 1907 ਈ: ਵਿੱਚ ਕਿਸ ਪ੍ਰਕਾਰ ਫੁੱਟ ਪਈ ?
ਉੱਤਰ-
1907 ਈ: ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੂਰਤ ਵਿਚ ਇਜਲਾਸ ਹੋਇਆ । ਇਸ ਇਜਲਾਸ ਵਿਚ ਉਦਾਰਵਾਦੀ ਨੇਤਾਵਾਂ ਨੇ ਸਵਦੇਸ਼ੀ ਅਤੇ ਬਾਈਕਾਟ ਦੇ ਪ੍ਰਸਤਾਵਾਂ ਦੀ ਨਿੰਦਾ ਕੀਤੀ । ਇਸ ਤੋਂ ਇਲਾਵਾ ਸੰਮੇਲਨ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਸੰਸਥਾ ਦੇ ਪ੍ਰਧਾਨ ਪਦ ਦੀ ਚੋਣ ਦੇ ਪ੍ਰਸ਼ਨ ’ਤੇ ਨਰਮ ਦਲੀ ਅਤੇ ਗਰਮ ਦਲੀ ਨੇਤਾਵਾਂ ਵਿਚ ਵਿਵਾਦ ਵੀ ਹੋ ਗਿਆ । ਨਰਮ ਦਲ ਦੇ ਨੇਤਾ ਰਾਸ ਬਿਹਾਰੀ ਬੋਸ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ, ਪਰ ਗਰਮ ਦਲ ਦੇ ਨੇਤਾਵਾਂ ਦੀ ਪਸੰਦ ਲਾਲਾ ਲਾਜਪਤ ਰਾਏ ਸਨ । ਉਹ ਨਰਮਦਲੀਆਂ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਸੰਵਿਧਾਨਿਕ ਤਰੀਕਿਆਂ ਦੇ ਵੀ ਵਿਰੁੱਧ ਸਨ । ਇਸ ਲਈ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਲੱਗ ਹੋ ਕੇ ਆਪਣਾ ਉਦੇਸ਼ ਪੂਰਾ ਕਰਨ ਲਈ ਕੰਮ ਕਰਨਾ ਆਰੰਭ ਕਰ ਦਿੱਤਾ । ਇਸ ਪ੍ਰਕਾਰ ਕਾਂਗਰਸ ਵਿਚ ਫੁੱਟ ਪੈ ਗਈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇੰਡੀਅਨ ਨੈਸ਼ਨਲ ਕਾਂਗਰਸ (1885-1905 ਈ:) ਦੀਆਂ ਮੰਗਾਂ, ਕਾਰਜਕ੍ਰਮ ਅਤੇ ਸਰਕਾਰ ਦੇ ਕਾਂਗਰਸ ਪ੍ਰਤੀ ਵਿਵਹਾਰ ਦਾ ਵਰਣਨ ਕਰੋ ।
ਉੱਤਰ-
ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਪ੍ਰਮੁੱਖ ਮੰਗਾਂਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਮੁੱਖ ਮੰਗਾਂ ਹੇਠ ਲਿਖੀਆਂ ਸਨ-
- ਕੇਂਦਰੀ ਅਤੇ ਪ੍ਰਾਂਤਿਕ ਵਿਧਾਨ ਸਭਾਵਾਂ ਵਿਚ ਭਾਰਤੀ ਲੋਕਾਂ ਨੂੰ ਆਪਣੇ ਪ੍ਰਤੀਨਿਧ ਚੁਣਨ ਦਾ ਅਧਿਕਾਰ ਦਿੱਤਾ ਜਾਵੇ ।
- ਭਾਰਤੀਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਉੱਚੇ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਵੇ ।
- ਦੇਸ਼ ਵਿਚ ਸਿੱਖਿਆ ਦਾ ਪ੍ਰਸਾਰ ਕੀਤਾ ਜਾਵੇ ।
- ਪੇਂਸ ‘ਤੇ ਲਗਾਈਆਂ ਗਈਆਂ ਅਣਉੱਚਿਤ ਰੋਕਾਂ ਨੂੰ ਹਟਾਇਆ ਜਾਵੇ ।
- ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਨੂੰ ਇਕ-ਦੂਜੇ ਤੋਂ ਅਲੱਗ ਕੀਤਾ ਜਾਵੇ ।
- ਸਥਾਨਿਕ ਸੰਸਥਾਵਾਂ ਦਾ ਵਿਕਾਸ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਵਧੇਰੇ ਸ਼ਕਤੀਆਂ ਦਿੱਤੀਆਂ ਜਾਣ ।
- ਭਾਰਤ ਵਿਚ ਵੀ ਇੰਗਲੈਂਡ ਦੇ ਬਰਾਬਰ ਆਈ. ਸੀ. ਐੱਸ. ਦੀ ਪ੍ਰੀਖਿਆ ਲੈਣ ਦਾ ਪ੍ਰਬੰਧ ਕੀਤਾ ਜਾਵੇ ।
- ਸੈਨਾ ’ਤੇ ਕੀਤੇ ਜਾ ਰਹੇ ਖ਼ਰਚ ਵਿਚ ਕਮੀ ਕੀਤੀ ਜਾਵੇ ।
- ਕਿਸਾਨਾਂ ‘ਤੇ ਲਗਾਏ ਜਾ ਰਹੇ ਲਗਾਨ ਦੀ ਰਾਸ਼ੀ ਘੱਟ ਕੀਤੀ ਜਾਵੇ ।
- ਸਿੰਚਾਈ ਦੀ ਉੱਚਿਤ ਵਿਵਸਥਾ ਕੀਤੀ ਜਾਵੇ ।
ਇੰਡੀਅਨ ਨੈਸ਼ਨਲ ਕਾਂਗਰਸ ਦਾ ਕਾਰਜਕ੍ਰਮ – 1885 ਤੋਂ 1905 ਤਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਰੇ ਨੇਤਾ ਉਦਾਰਵਾਦੀ ਸਨ । ਉਹ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕ੍ਰਾਂਤੀਕਾਰੀ ਜਾਂ ਹਿੰਸਕ ਕਾਰਵਾਈਆਂ ਕਰਨਾ ਪਸੰਦ ਨਹੀਂ ਕਰਦੇ ਸਨ । ਉਹ ਭਾਸ਼ਣਾਂ, ਪ੍ਰਸਤਾਵਾਂ ਅਤੇ ਪ੍ਰਾਰਥਨਾ-ਪੱਤਰਾਂ ਦੁਆਰਾ ਆਪਣੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖਦੇ ਸਨ । ਉਹ ਕਾਂਗਰਸ ਦੇ ਹਰੇਕ ਇਜਲਾਸ ਵਿਚ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਭੇਜਦੇ ਸਨ ।ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜ਼ਰੂਰ ਸਵੀਕਾਰ ਕਰ ਲਵੇਗੀ ।
ਸਰਕਾਰ ਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਤੀ ਵਿਵਹਾਰ – ਸਰਕਾਰ ਚਾਹੁੰਦੀ ਸੀ ਕਿ ਕਾਂਗਰਸ ਉਸਦੇ ਅਧੀਨ ਰਹੇ । ਪਰ ਅਜਿਹਾ ਨਾ ਹੋ ਸਕਣ ਦੇ ਕਾਰਨ ਸਰਕਾਰ ਕਾਂਗਰਸ ਦੇ ਵਿਰੁੱਧ ਹੋ ਗਈ । ਸਰਕਾਰ ਨੇ ਸਰਕਾਰੀ ਪ੍ਰਤੀਨਿਧੀਆਂ ਦੇ ਕਾਂਗਰਸ ਦੇ ਇਜਲਾਸਾਂ ਵਿਚ ਭਾਗ ਲੈਣ ‘ਤੇ ਰੋਕ ਲਗਾ ਦਿੱਤੀ । ਸਰਕਾਰ ਦੁਆਰਾ ਮੁਸਲਮਾਨਾਂ ਨੂੰ ਕਾਂਗਰਸ ਤੋਂ ਅਲੱਗ ਕਰਨ ਦੇ ਵੀ ਯਤਨ ਕੀਤੇ ਜਾਣ ਲੱਗੇ । ਇਸ ਪ੍ਰਕਾਰ ਸਰਕਾਰ ਨੇ ਕਾਂਗਰਸ ਦੇ ਪ੍ਰਤੀ ਉਦਾਸੀਨਤਾ ਦੀ ਨੀਤੀ ਅਪਣਾਈ ।
ਪ੍ਰਸ਼ਨ 2.
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਵਿਚ ਭਾਰਤੀ ਲੋਕਾਂ ਵਿਚ ਰਾਸ਼ਟਰੀ ਜਾਗ੍ਰਿਤੀ ਪੈਦਾ ਹੋ ਗਈ ਸੀ । ਫਲਸਰੂਪ ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਨ ਲਈ ਅਨੇਕ ਸੰਸਥਾਵਾਂ ਦੀ ਸਥਾਪਨਾ ਕੀਤੀ । ਇਨ੍ਹਾਂ ਸੰਸਥਾਵਾਂ ਵਿਚੋਂ ਜ਼ਿਮੀਂਦਾਰ ਸਭਾ (1838 ਈ:), ਬੰਬਈ ਸਭਾ (1852 ਈ:), ਪੂਨਾ ਸਰਵਜਨਕ ਸਭਾ (1870 ਈ:), ਮਦਰਾਸ (ਚੇਨੱਈ) ਨੇਟਿਵ ਐਸੋਸੀਏਸ਼ਨ ( 1852 ਈ:) ਆਦਿ ਪ੍ਰਮੁੱਖ ਸਨ । ਇਨ੍ਹਾਂ ਦੀ ਸਥਾਪਨਾ ਆਪਣੇ-ਆਪਣੇ ਪ੍ਰਾਂਤਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਕੀਤੀ ਗਈ ਸੀ । ਹੌਲੀ-ਹੌਲੀ ਭਾਰਤ ਦੇ ਬੁੱਧੀਜੀਵੀਆਂ ਨੇ ਰਾਸ਼ਟਰੀ ਪੱਧਰ ਦੇ ਸੰਗਠਨ ਦੀ ਲੋੜ ਮਹਿਸੂਸ ਕੀਤੀ । ਅੰਤ 1876 ਈ: ਵਿਚ ਸੁਰਿੰਦਰ ਨਾਥ ਬੈਨਰਜੀ ਨੇ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ।
ਆਈ.ਸੀ.ਐੱਸ. ਪਾਸ ਸੁਰਿੰਦਰ ਨਾਥ ਬੈਨਰਜੀ ਨੇ ਰਾਸ਼ਟਰੀ ਪੱਧਰ ਦੀ ਸੰਸਥਾ ਦੀ ਸਥਾਪਨਾ ਲਈ ਸਾਰੇ ਭਾਰਤ ਵਿਚ ਸਵਰਾਜ ਪ੍ਰਾਪਤ ਕਰਨ ਲਈ ਪ੍ਰਚਾਰ ਕੀਤਾ ਅਤੇ ਅਨੇਕ ਸੰਸਥਾਵਾਂ ਸਥਾਪਿਤ ਕੀਤੀਆਂ । ਇਸ ਸਮੇਂ ਇਕ ਅੰਗਰੇਜ਼ ਅਧਿਕਾਰੀ ਏ. ਓ. ਹਿਊਮ ਨੇ ਸੁਰਿੰਦਰ ਨਾਥ ਬੈਨਰਜੀ ਦਾ ਸਾਥ ਦਿੱਤਾ । ਉਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਸਮੱਸਿਆਵਾਂ ਸਰਕਾਰ ਦੇ ਅੱਗੇ ਪੇਸ਼ ਕਰਨ ।
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ – ਮਿਸਟਰ ਏ.ਓ. ਹਿਊਮ ਨੇ ਦਸੰਬਰ, 1885 ਈ: ਵਿਚ ਬੰਬਈ (ਮੁੰਬਈ) ਵਿਚ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ । ਉਹ ਇਕ ਸੇਵਾਮੁਕਤ ਅੰਗਰੇਜ਼ ਆਈ.ਸੀ.ਐੱਸ. ਅਧਿਕਾਰੀ ਸੀ । ਉਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਿਤਾ ਵੀ ਕਿਹਾ ਜਾਂਦਾ ਹੈ । ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਇਜਲਾਸ 28 ਦਸੰਬਰ ਤੋਂ 30 ਦਸੰਬਰ, 1885 ਈ: ਤਕ ਮੁੰਬਈ ਵਿਚ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਚ ਹੀ ਹੋਇਆ । ਇਸ ਦੇ ਸਭਾਪਤੀ ਵੋਮੇਸ਼ ਚੰਦਰ ਬੈਨਰਜੀ ਸਨ । ਇਸ ਇਜਲਾਸ ਵਿਚ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਏ 72 ਪ੍ਰਤੀਨਿਧੀਆਂ ਨੇ ਹਿੱਸਾ ਲਿਆ ।
ਪ੍ਰਸ਼ਨ 3.
ਗਰਮ ਰਾਸ਼ਟਰਵਾਦ ਦੇ ਉੱਥਾਨ ਦੇ ਬਾਰੇ ਸੰਖੇਪ ਵਰਣਨ ਕਰੋ । .
ਉੱਤਰ-
1905 ਈ: ਤੋਂ 1919 ਈ: ਤਕ ਰਾਸ਼ਟਰੀ ਅੰਦੋਲਨ ਦੀ ਅਗਵਾਈ ਗਰਮਪੱਖੀ ਨੇਤਾਵਾਂ ਦੇ ਹੱਥਾਂ ਵਿਚ ਰਹੀ । ਗਰਮ ਦਲ ਦੇ ਉੱਥਾਨ ਦੇ ਅਨੇਕ ਕਾਰਨ ਸਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
- ਉਦਾਰਵਾਦੀਆਂ ਦੀ ਅਸਫਲਤਾ – ਉਦਾਰਵਾਦੀ ਨੇਤਾ ਸਰਕਾਰ ਕੋਲੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਵਿਚ ਅਸਫਲ ਰਹੇ ਸਨ । ਇਸ ਲਈ ਨੌਜਵਾਨਾਂ ਨੇ ਠੋਸ ਰਾਜਨੀਤਿਕ ਕਾਰਵਾਈ ਕਰਨ ਦੀ ਮੰਗ ਕੀਤੀ ।
- ਬੇਰੁਜ਼ਗਾਰੀ – ਬਹੁਤ ਸਾਰੇ ਭਾਰਤੀਆਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਸੀ, ਪਰ ਉਹ ਬੇਰੁਜ਼ਗਾਰ ਸਨ । ਇਸ ਲਈ ਉਨ੍ਹਾਂ ਵਿਚ ਨਿਰਾਸ਼ਾ ਦੀਆਂ ਭਾਵਨਾਵਾਂ ਪੈਦਾ ਹੋਣ ਲੱਗੀਆਂ ਅਤੇ ਉਨ੍ਹਾਂ ਨੇ ਸਰਕਾਰ ਦਾ ਵਿਰੋਧ ਕਰਨ ਲਈ ਕਠੋਰ ਕਦਮ ਚੁੱਕਣ ਦਾ ਫ਼ੈਸਲਾ ਕੀਤਾ ।
- ਅੰਗਰੇਜ਼ਾਂ ਦੀ ਆਰਥਿਕ ਨੀਤੀ – ਅੰਗਰੇਜ਼ਾਂ ਦੁਆਰਾ ਭਾਰਤ ਵਿਚ ਅਪਣਾਈ ਗਈ ਆਰਥਿਕ ਨੀਤੀ ਵੀ ਗਰਮ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਵਿਚ ਸਹਾਇਕ ਹੋਈ ।
- ਅਕਾਲ ਅਤੇ ਪਲੇਗ – 1896-97 ਈ: ਵਿਚ ਭਾਰਤ ਵਿਚ ਅਨੇਕ ਸਥਾਨਾਂ ‘ਤੇ ਕਾਲ ਪੈ ਗਿਆ । 1897 ਈ: ਵਿਚ ਪੁਣੇ ਪੂਨੇ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਪਲੇਗ ਵੀ ਫੈਲ ਗਈ । ਇਸ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਗਈ । ਬ੍ਰਿਟਿਸ਼ ਸਰਕਾਰ ਨੇ ਇਸ ਮੁਸ਼ਕਿਲ ਵਿਚ ਭਾਰਤੀਆਂ ਦੀ ਕੋਈ ਸਹਾਇਤਾ ਨਹੀਂ ਕੀਤੀ । ਇਸ ਲਈ ਭਾਰਤੀਆਂ ਨੇ ਗੁਰਮ ਨੀਤੀ ‘ਤੇ ਆਧਾਰਿਤ ਅੰਦੋਲਨ ਦਾ ਸਮਰਥਨ ਕੀਤਾ ।
- ਵਿਦੇਸ਼ਾਂ ਵਿਚ ਭਾਰਤੀਆਂ ਨਾਲ ਬੁਰਾ ਸਲੂਕ – ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਦੇ ਨਾਲ ਉੱਚਿਤ ਸਲੂਕ ਨਹੀਂ ਕੀਤਾ ਜਾਂਦਾ ਸੀ । ਇਸ ਲਈ ਭਾਰਤ ਦੇ ਰਾਸ਼ਟਰਵਾਦੀਆਂ ਨੇ ਭਾਰਤ ਨੂੰ ਅੰਗਰੇਜ਼ੀ ਸ਼ਾਸਨ ਤੋਂ ਆਜ਼ਾਦ ਕਰਾਉਣ ਲਈ ਸ਼ਕਤੀਸ਼ਾਲੀ ਅੰਦੋਲਨ ਚਲਾਇਆ ।
- ਵਿਦੇਸ਼ੀ ਕਾਂਤੀਆਂ ਤੋਂ ਪ੍ਰੇਰਨਾ – ਫ਼ਰਾਂਸ ਦੀ ਕ੍ਰਾਂਤੀ, ਅਮਰੀਕਾ ਦਾ ਸੁਤੰਤਰਤਾ ਸੰਗਰਾਮ, ਇਟਲੀ ਦਾ ਏਕੀਕਰਨ ਆਦਿ ਘਟਨਾਵਾਂ ਨਾਲ ਭਾਰਤੀਆਂ ਨੂੰ ਆਪਣਾ ਦੇਸ਼ ਸੁਤੰਤਰ ਕਰਾਉਣ ਦੀ ਪ੍ਰੇਰਨਾ ਮਿਲੀ । ਇਸ ਲਈ ਉਨ੍ਹਾਂ ਨੇ ਗਰਮ ਰਾਸ਼ਟਰਵਾਦ ਦਾ ਰਸਤਾ ਅਪਣਾਇਆ ॥
- ਜਾਪਾਨ ਦੇ ਹੱਥੋਂ ਰੂਸ ਦੀ ਹਾਰ – 1904-05 ਈ: ਵਿਚ ਜਾਪਾਨ ਅਤੇ ਰੂਸ ਦੇ ਵਿਚਾਲੇ ਯੁੱਧ ਹੋਇਆ । ਇਸ ਯੁੱਧ ਵਿਚ ਰੁਸ ਵਰਗਾ ਵੱਡਾ ਦੋਸ਼ ਜਾਪਾਨ ਵਰਗੇ ਛੋਟੇ ਦੇਸ਼ ਦੇ ਹੱਥੋਂ ਹਾਰ ਗਿਆ । ਜਾਪਾਨ ਦੀ ਇਸ ਜਿੱਤ ਨੇ ਭਾਰਤੀਆਂ ਦੇ ਮਨ ਵਿਚ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਦੀ ਭਾਵਨਾ ਪੈਦਾ ਕੀਤੀ । ਇਸ ਨਾਲ ਗਰਮ ਰਾਸ਼ਟਰਵਾਦ ਨੂੰ ਬਲ ਮਿਲਿਆ ।
- ਗਰਮਦਲੀ ਨੇਤਾਵਾਂ ਦੇ ਭਾਸ਼ਣ – ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਵਿਪਿਨ ਚੰਦਰ ਪਾਲ ਆਦਿ ਨੇਤਾਵਾਂ ਨੇ ਗਰਮ ਪੱਖੀ ਅੰਦੋਲਨ ਆਰੰਭ ਕੀਤਾ । ਉਨ੍ਹਾਂ ਨੇ ਭਾਰਤੀਆਂ ਵਿਚ ਰਾਸ਼ਟਰੀ ਭਾਵਨਾ ਪੈਦਾ ਕਰਨ ਲਈ ਥਾਂ-ਥਾਂ ‘ਤੇ ਜਲਸੇ ਕੀਤੇ ਅਤੇ ਭਾਸ਼ਣ ਦਿੱਤੇ । ਬਾਲ ਗੰਗਾਧਰ ਤਿਲਕ ਨੇ ਕਿਹਾ ਸੀ, “ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਂਗਾ ।” ਇਸ ਪ੍ਰਕਾਰ ਦੇ ਵਿਚਾਰ ਲਾਲਾ ਲਾਜਪਤ ਰਾਏ ਅਤੇ ਵਿਪਿਨ ਚੰਦਰ ਪਾਲ ਨੇ ਵੀ ਪ੍ਰਗਟ ਕੀਤੇ । ਇਨ੍ਹਾਂ ਵਿਚਾਰਾਂ ਦੇ ਕਾਰਨ ਗਰਮ ਰਾਸ਼ਟਰਵਾਦ ਨੂੰ ਹੋਰ ਉਤਸ਼ਾਹ ਮਿਲਿਆ ।
ਪ੍ਰਸ਼ਨ 4.
ਲਖਨਊ ਸਮਝੌਤਾ ਅਤੇ ਹੋਮਰੂਲ ਅੰਦੋਲਨ ਦਾ ਵਰਣਨ ਕਰੋ ।
ਉੱਤਰ-
ਲਖਨਊ ਸਮਝੌਤਾ-1914 ਈ: ਵਿਚ ਯੂਰਪ ਵਿਚ ਪਹਿਲਾ ਵਿਸ਼ਵ ਯੁੱਧ ਆਰੰਭ ਹੋਇਆ । ਇਸ ਯੁੱਧ ਵਿਚ ਅੰਗਰੇਜ਼ ਮੁਸਲਮਾਨਾਂ ਦੇ ਦੇਸ਼ ਤੁਰਕੀ ਦੇ ਵਿਰੁੱਧ ਲੜੇ । ਤੁਰਕੀ ਦਾ ਸੁਲਤਾਨ ਸੰਸਾਰ ਦੇ ਸਾਰਿਆਂ ਮੁਸਲਮਾਨਾਂ ਦਾ ਧਾਰਮਿਕ , ਨੇਤਾ ਸੀ । ਇਸ ਲਈ ਮੁਸਲਿਮ ਲੀਗ ਦੇ ਨੇਤਾ ਅੰਗਰੇਜ਼ਾਂ ਨਾਲ ਨਾਰਾਜ਼ ਹੋ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਮਿਲ ਗਏ 1916 ਈ: ਵਿਚ ਦੋਹਾਂ ਪਾਰਟੀਆਂ ਦੇ ਵਿਚਾਲੇ ਲਖਨਊ ਵਿਚ ਇਕ ਸਮਝੌਤਾ ਹੋਇਆ ਜਿਸ ਦੇ ਅਨੁਸਾਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੁਸਲਮਾਨਾਂ ਲਈ ਅਲੱਗ ਪ੍ਰਤੀਨਿਧਤਾ ਸਵੀਕਾਰ ਕਰ ਲਈ । ਇਸ ਲਈ ਦੋਹਾਂ ਸੰਸਥਾਵਾਂ ਨੇ ਮਿਲ ਕੇ ਰਾਸ਼ਟਰੀ ਅੰਦੋਲਨ ਵਿਚ ਭਾਗ ਲੈਣਾ ਆਰੰਭ ਕਰ ਦਿੱਤਾ । ਇਸ ਨਾਲ ਰਾਸ਼ਟਰੀ ਅੰਦੋਲਨ ਨੂੰ ਨਵੀਂ ਸ਼ਕਤੀ ਮਿਲੀ ।
ਹੋਮਲ ਅੰਦੋਲਨ – 1916 ਈ: ਵਿਚ ਸ੍ਰੀਮਤੀ ਐਨੀ ਬੇਸੈਂਟ ਨੇ ਮਦਰਾਸ ਵਿਚ ਅਤੇ ਬਾਲ ਗੰਗਾਧਰ ਤਿਲਕ ਨੇ ਪੁਣੇ ਵਿਚ ਹੋਮਰੂਲ ਲੀਗ ਦੀ ਸਥਾਪਨਾ ਕੀਤੀ । ਇਸ ਦਾ ਮੁੱਖ ਉਦੇਸ਼ ਭਾਰਤ ਵਿਚ ਹੋਮਰੁਲ ਜਾਂ ਸਵਰਾਜ ਦੀ ਸਥਾਪਨਾ ਕਰਨਾ ਅਤੇ ਭਾਰਤੀਆਂ ਦੇ ਮਨ ਵਿਚ ਸਵਰਾਜ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ । ਬਾਲ ਗੰਗਾਧਰ ਤਿਲਕ ਨੇ ਕਿਹਾ ਸੀ “…….ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗਾ ।” ਸਿੱਟੇ ਵਜੋਂ ਭਾਰਤ ਮੰਤਰੀ ਮਿ: ਮਾਂਟੇ ਨੇ ਅਗਸਤ, 1917 ਈ: ਵਿਚ ਘੋਸ਼ਣਾ ਕੀਤੀ ਕਿ ਅੰਗਰੇਜ਼ ਸਰਕਾਰ ਭਾਰਤ ਵਿਚ ਸਵੈ-ਸ਼ਾਸਨ ਦੀਆਂ ਸੰਸਥਾਵਾਂ ਸਥਾਪਿਤ ਕਰੇਗੀ ਅਤੇ ਹੌਲੀ-ਹੌਲੀ ਸਵੈ-ਸ਼ਾਸਨ ਦੀ ਸਥਾਪਨਾ ਕੀਤੀ ਜਾਵੇਗੀ । ਇਸ ਤਸੱਲੀ ਦੇ ਕਾਰਨ ਹੋਮਰੁਲ ਅੰਦੋਲਨ ਹੌਲੀ-ਹੌਲੀ ਸ਼ਾਂਤ ਹੋ ਗਿਆ ।
ਪ੍ਰਸ਼ਨ 5.
ਭਾਰਤੀ ਲੋਕਾਂ ਵਿਚ ਰਾਸ਼ਟਰੀ ਚੇਤਨਾ ਪੈਦਾ ਹੋਣ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਦੇ ਉੱਤਰ-ਅੱਧ ਵਿਚ ਭਾਰਤੀ ਲੋਕਾਂ ਵਿਚ ਰਾਸ਼ਟਰੀ ਚੇਤਨਾ ਪੈਦਾ ਹੋਈ । ਰਾਸ਼ਟਰੀ ਚੇਤਨਾ ਤੋਂ ਭਾਵ ਕਿਸੇ ਰਾਸ਼ਟਰ ਦੇ ਨਾਗਰਿਕਾਂ ਵਿਚ ਪਾਈ ਜਾਣ ਵਾਲੀ ਉਸ ਭਾਵਨਾ ਤੋਂ ਹੈ ਜਿਸ ਨਾਲ ਉਨ੍ਹਾਂ ਨੂੰ ਇਹ ਅਨੁਭਵ ਹੋਵੇ ਕਿ ਉਹ ਸਭ ਇਕ ਹੀ ਰਾਸ਼ਟਰ ਨਾਲ ਸੰਬੰਧ ਰੱਖਦੇ ਹਨ । ਭਾਰਤੀ ਲੋਕਾਂ ਵਿਚ ਰਾਸ਼ਟਰੀ ਚੇਤਨਾ ਪੈਦਾ ਹੋਣ ਦੇ ਅਨੇਕ ਕਾਰਨ ਸਨ ਜਿਨ੍ਹਾਂ ਵਿਚ ਪ੍ਰਮੁੱਖ ਕਾਰਨ ਹੇਠ ਲਿਖੇ ਹਨ-
1. 1857 ਈ: ਦੇ ਮਹਾਨ ਵਿਦਰੋਹ ਦਾ ਪ੍ਰਭਾਵ – ਭਾਰਤੀ ਲੋਕਾਂ ਨੇ ਅੰਗਰੇਜ਼ੀ ਸ਼ਾਸਨ ਨੂੰ ਖ਼ਤਮ ਕਰਨ ਲਈ 1857 ਈ: ਵਿਚ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਵਿਦਰੋਹ ਕੀਤਾ ਸੀ । ਇਸ ਵਿਦਰੋਹ ਨੂੰ ਅੰਗਰੇਜ਼ਾਂ ਨੇ ਸਖ਼ਤੀ ਨਾਲ ਦਬਾ ਦਿੱਤਾ ਸੀ । ਇਸ ਤੋਂ ਬਾਅਦ ਉਹ ਭਾਰਤੀ ਲੋਕਾਂ ‘ਤੇ ਅੱਤਿਆਚਾਰ ਕਰਨ ਲੱਗੇ । ਇਸ ਕਾਰਨ ਭਾਰਤੀ ਲੋਕਾਂ ਦੇ ਮਨ ਵਿਚ ਆਪਣੇ ਦੇਸ਼ ਨੂੰ ਅੰਗਰੇਜ਼ੀ ਸ਼ਾਸਨ ਤੋਂ ਮੁਕਤ ਕਰਾਉਣ ਦੀ ਭਾਵਨਾ ਪੈਦਾ ਹੋਈ ।
2. ਪ੍ਰਸ਼ਾਸਨਿਕ ਏਕਤਾ – ਅੰਗਰੇਜ਼ੀ ਸਰਕਾਰ ਨੇ ਸਾਰੇ ਭਾਰਤ ਵਿਚ ਇੱਕੋ-ਜਿਹੀ ਸ਼ਾਸਨ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਲਾਗੂ ਕੀਤੀ । ਇਸ ਦੇ ਫਲਸਰੂਪ ਭਾਰਤ ਵਿਚ ਭਿੰਨ-ਭਿੰਨ ਭਾਗਾਂ ਵਿਚ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਇਕ ਦੇਸ਼ ਦੇ ਨਾਗਰਿਕ ਸਮਝਣ ਲੱਗੇ । ਜਿਸ ਨਾਲ ਉਨ੍ਹਾਂ ਵਿਚ ਰਾਸ਼ਟਰੀ ਜਾਗ੍ਰਿਤੀ ਪੈਦਾ ਹੋਈ ।
3. ਸਮਾਜਿਕ-ਧਾਰਮਿਕ ਸੁਧਾਰ ਅੰਦੋਲਨ – 19ਵੀਂ ਸਦੀ ਵਿਚ ਭਾਰਤ ਦੇ ਵਿਭਿੰਨ ਪ੍ਰਾਂਤਾਂ ਵਿਚ ਅਨੇਕ ਸਮਾਜਿਕ-ਧਾਰਮਿਕ ਸੁਧਾਰ ਅੰਦੋਲਨ ਚੱਲੇ । ਰਾਜਾ ਰਾਮ ਮੋਹਨ ਰਾਏ (ਬ੍ਰਹਮੋ ਸਮਾਜ, ਸਵਾਮੀ ਦਯਾਨੰਦ (ਆਰੀਆ ਸਮਾਜ, ਸੀ ਸਤਿਗੁਰੂ ਰਾਮ ਸਿੰਘ ਜੀ (ਨਾਮਧਾਰੀ ਲਹਿਰ) ਆਦਿ ਸਮਾਜ-ਸੁਧਾਰਕਾਂ ਨੇ ਸਮਾਜ ਵਿਚ ਫੈਲੀਆਂ ਬੁਰਾਈਆਂ ਦੀ ਨਿੰਦਾ ਕੀਤੀ । ਉਨ੍ਹਾਂ ਨੇ ਭਾਰਤੀਆਂ ਵਿਚ ਇਨ੍ਹਾਂ ਬੁਰਾਈਆਂ ਦਾ ਅੰਤ ਕਰਨ ਲਈ ਸਮਾਜਿਕ-ਧਾਰਮਿਕ ਜਾਗ੍ਰਿਤੀ ਪੈਦਾ ਕੀਤੀ, ਜਿਸ ਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਜਨਮ ਦਿੱਤਾ ।
4. ਪੱਛਮੀ ਸਿੱਖਿਆ ਅਤੇ ਸਾਹਿਤ – ਭਾਰਤੀ ਲੋਕਾਂ ਨੇ ਵਿਦੇਸ਼ੀ ਲੇਖਕਾਂ ਜਿਵੇਂ ਕਿ-ਮਿਲਟਨ, ਮਿਲ ਅਤੇ ਬਰਨ ਆਦਿ ਦੀਆਂ ਪੁਸਤਕਾਂ ਪੜੀਆਂ ਅਤੇ ਆਪਣੇ ਰਾਜਨੀਤਿਕ ਅਧਿਕਾਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਰੂਸੋ, ਵਾਲਪੇਅਰ ਅਤੇ ਮੈਕਾਲੇ ਆਦਿ ਵਿਦਵਾਨਾਂ ਦੇ ਵਿਚਾਰਾਂ ਨੇ ਭਾਰਤੀ ਲੋਕਾਂ ਵਿਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਅਤੇ ਰਾਸ਼ਟਰੀ ਜਾਗ੍ਰਿਤੀ ਪੈਦਾ ਕੀਤੀ ।
5. ਭਾਰਤੀ ਲੋਕਾਂ ਦਾ ਆਰਥਿਕ ਸ਼ੋਸ਼ਣ – ਅੰਗਰੇਜ਼ ਵਪਾਰੀ ਵੱਧ ਤੋਂ ਵੱਧ ਧਨ ਕਮਾਉਣ ਲਈ ਭਾਰਤੀ ਲੋਕਾਂ ਤੋਂ ਘੱਟ ਕੀਮਤ ‘ਤੇ ਕੱਚਾ ਮਾਲ ਖ਼ਰੀਦ ਕੇ ਇੰਗਲੈਂਡ ਭੇਜਦੇ ਸਨ ਅਤੇ ਉੱਥੋਂ ਦੇ ਕਾਰਖ਼ਾਨਿਆਂ ਵਿਚ ਤਿਆਰ ਮਾਲ ਭਾਰਤ ਵਿਚ ਲਿਆ ਕੇ ਉੱਚੀਆਂ ਕੀਮਤਾਂ ‘ਤੇ ਵੇਚਦੇ ਸਨ । ਇਸ ਨਾਲ ਭਾਰਤ ਦੇ ਲਘੂ ਉਦਯੋਗਾਂ ਵਿਚ ਤਿਆਰ ਕੀਤੀਆਂ ਵਸਤੂਆਂ ਦੀ ਵਿਕਰੀ ਬੰਦ ਹੋ ਗਈ । ਕੱਚਾ ਮਾਲ ਨਾ ਮਿਲਣ ਦੇ ਕਾਰਨ ਲਘੂ ਉਦਯੋਗਾਂ ਦਾ ਪਤਨ ਹੋਣ ਲੱਗਾ । ਨਤੀਜੇ ਵਜੋਂ ਭਾਰਤੀ ਕਾਰੀਗਰ ਬੇਰੁਜ਼ਗਾਰ ਹੋ ਗਏ । ਕਿਸਾਨਾਂ ਕੋਲੋਂ ਵੀ ਕਾਫ਼ੀ ਮਾਤਰਾ ਵਿਚ ਲਗਾਨ ਲਿਆ ਜਾਂਦਾ ਸੀ ਜਿਸ ਦੇ ਕਾਰਨ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵੇਚਣੀਆਂ ਪਈਆਂ । ਇਸ ਪ੍ਰਕਾਰ ਉਹ ਸਾਰੇ ਬੇਰੁਜ਼ਗਾਰ ਹੋ ਗਏ ।
6. ਭਾਰਤੀਆਂ ਨੂੰ ਉੱਚੇ ਅਹੁਦਿਆਂ ‘ਤੇ ਨਿਯੁਕਤ ਨਾ ਕਰਨਾ – ਅੰਗਰੇਜ਼ੀ ਸਰਕਾਰ ਭਾਰਤੀ ਲੋਕਾਂ ਨੂੰ ਯੋਗਤਾ ਦੇ ਅਨੁਸਾਰ ਉੱਚੇ ਅਹੁਦਿਆਂ ‘ਤੇ ਨਿਯੁਕਤ ਨਹੀਂ ਕਰਦੀ ਸੀ । ਇਸ ਲਈ ਉਨ੍ਹਾਂ ਵਿਚ ਅੰਗਰੇਜ਼ਾਂ ਪ੍ਰਤੀ ਰੋਸ ਪੈਦਾ ਹੋ ਗਿਆ । ਇਸ ਤੋਂ ਇਲਾਵਾ ਇੱਕੋ ਜਿਹੇ ਪੱਧਰ ਦੀ ਨੌਕਰੀ ਕਰਨ ਵਾਲੇ ਅੰਗਰੇਜ਼ ਕਰਮਚਾਰੀਆਂ ਦੀ ਤੁਲਨਾ ਵਿਚ ਭਾਰਤੀ ਕਰਮਚਾਰੀਆਂ ਨੂੰ ਘੱਟ ਤਨਖ਼ਾਹਾਂ ਅਤੇ ਕੁੱਤੇ ਦਿੱਤੇ ਜਾਂਦੇ ਸਨ । ਇਸ ਲਈ ਭਾਰਤੀ ਕਰਮਚਾਰੀਆਂ ਦਾ ਮਨ ਦੁਖੀ ਰਹਿੰਦਾ ਸੀ । ਇਸ ਗੱਲ ਨੇ ਭਾਰਤੀਆਂ ਵਿਚ ਰਾਸ਼ਟਰੀ ਜਾਗ੍ਰਿਤੀ ਪੈਦਾ ਕਰਨ ਵਿਚ ਸਹਾਇਤਾ ਦਿੱਤੀ ।
7. ਭਾਰਤੀ ਸਮਾਚਾਰ – ਪੱਤਰ ਅਤੇ ਸਾਹਿਤ-ਭਾਰਤ ਵਿਚ ਅੰਗਰੇਜ਼ੀ ਅਤੇ ਦੇਸ਼ੀ ਭਾਸ਼ਾਵਾਂ ਵਿਚ ਕਈ ਪ੍ਰਕਾਰ ਦੇ ਸਮਾਚਾਰਪੱਤਰ, ਪੱਤਰਕਾਵਾਂ ਅਤੇ ਪੁਸਤਕਾਂ ਛਪਣ ਨਾਲ ਲੋਕਾਂ ਦੀ ਜਾਣਕਾਰੀ ਵਿਚ ਵਾਧਾ ਹੋਇਆ | ਸਮਾਚਾਰ-ਪੱਤਰਾਂ ਬਾਂਬੇ ਸਮਾਚਾਰ, ਅੰਮ੍ਰਿਤ ਬਾਜ਼ਾਰ ਪੱਤਰਿਕਾ, ਦ ਟ੍ਰਿਬਿਊਨ, ਕੇਸਰੀ ਆਦਿ ਦੇ ਮਾਧਿਅਮ ਨਾਲ ਦੇਸ਼-ਵਿਦੇਸ਼ ਦੇ ਸਮਾਚਾਰਾਂ ਦੀ ਜਾਣਕਾਰੀ ਪ੍ਰਾਪਤ ਹੋਣ ਨਾਲ ਲੋਕਾਂ ਵਿਚ ਰਾਸ਼ਟਰੀ ਜਾਗ੍ਰਿਤੀ ਪੈਦਾ ਹੋਈ । ਇਸ ਤੋਂ ਇਲਾਵਾ ਅਨੇਕਾਂ ਦੇਸ਼-ਭਗਤਾਂ ਦੀਆਂ ਰਚਨਾਵਾਂ ਜਿਵੇਂ ਕਿ-ਬੰਕਿਮ ਚੰਦਰ ਚੈਟਰਜੀ ਦਾ ‘ਆਨੰਦਮੱਠ ਅਤੇ ਉਸ ਦਾ ਗੀਤ ‘ਵੰਦੇ ਮਾਤਰਮ’ ਲੋਕਾਂ ਵਿਚ ਬਹੁਤ ਲੋਕਪ੍ਰਿਯ ਹੋ ਗਏ । ਰਵਿੰਦਰ ਨਾਥ ਟੈਗੋਰ, ਹੇਮਚੰਦਰ ਬੈਨਰਜੀ ਅਤੇ ਕੇਸ਼ਵ ਚੰਦਰ ਸੇਨ ਦੀਆਂ ਕਵਿਤਾਵਾਂ ਅਤੇ ਲੇਖਾਂ ਦੁਆਰਾ ਵੀ ਭਾਰਤੀ ਲੋਕਾਂ ਵਿਚ ਰਾਸ਼ਟਰੀ ਜਾਗ੍ਰਿਤੀ ਪੈਦਾ ਹੋਈ ।
8. ਆਵਾਜਾਈ ਅਤੇ ਸੰਚਾਰ ਦੇ ਸਾਧਨ – ਰੇਲ, ਡਾਕ ਅਤੇ ਤਾਰ ਆਦਿ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਹੋਣ ਨਾਲ ਦੇਸ਼ ਦੇ ਇਕ ਭਾਗ ਤੋਂ ਦੂਜੇ ਭਾਗ ਵਿਚ ਜਾਣਾ ਬਹੁਤ ਆਸਾਨ ਹੋ ਗਿਆ । ਇਸ ਨਾਲ ਭਾਰਤੀ ਲੋਕਾਂ ਵਿਚ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ । ਉਹ ਆਪਣੀਆਂ ਕਠਿਨਾਈਆਂ ਨੂੰ ਹੱਲ ਕਰਨ ਲਈ ਮਿਲ ਕੇ ਯਤਨ ਕਰਨ ਬਾਰੇ ਵੀ ਸੋਚਣ ਲੱਗੇ ।
9. ਐਲਬਰਟ ਬਿਲ ਦਾ ਵਿਰੋਧ – ਗਵਰਨਰ ਜਨਰਲ ਲਾਰਡ ਰਿਪਨ ਪਹਿਲਾ ਅੰਗਰੇਜ਼ ਅਧਿਕਾਰੀ ਸੀ ਜਿਹੜਾ ਭਾਰਤੀਆਂ ਪ੍ਰਤੀ ਹਮਦਰਦੀ ਰੱਖਦਾ ਸੀ । ਉਹ ਭਾਰਤੀ ਜੱਜਾਂ ਨੂੰ ਅੰਗਰੇਜ਼ਾਂ ਦੇ ਸਮਾਨ ਅਧਿਕਾਰ ਦਿਵਾਉਣਾ ਚਾਹੁੰਦਾ ਸੀ । ਇਸ ਲਈ ਉਸ ਨੇ ਐਲਬਰਟ ਬਿਲ ਪਾਸ ਕਰਨਾ ਚਾਹਿਆ ਪਰ ਅੰਗਰੇਜ਼ਾਂ ਨੇ ਇਸ ਬਿਲ ਦਾ ਵਿਰੋਧ ਕੀਤਾ । ਇਸ ਨਾਲ ਭਾਰਤੀ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ।
10. ਪ੍ਰਾਚੀਨ ਸਾਹਿਤ ਦਾ ਅਧਿਐਨ – ਵਿਲੀਅਮ ਜੋਨਜ਼, ਮੈਕਸ ਮੁਲਰ, ਜੈਕੋਬੀ ਆਦਿ ਪ੍ਰਸਿੱਧ ਯੂਰਪੀਅਨ ਵਿਦਵਾਨਾਂ ਨੇ ਪ੍ਰਾਚੀਨ ਭਾਰਤੀ ਸਾਹਿਤ ਦਾ ਅਧਿਐਨ ਕੀਤਾ । ਇਨ੍ਹਾਂ ਵਿਦਵਾਨਾਂ ਨੇ ਸਿੱਧ ਕਰ ਦਿੱਤਾ ਕਿ ਭਾਰਤੀ ਸੰਸਕ੍ਰਿਤੀ ਮਹਾਨ ਹੈ । ਇਸ ਲਈ ਭਾਰਤੀ ਲੋਕਾਂ ਨੂੰ ਆਪਣੇ ਦੇਸ਼ ਆਪਣੀ ਸੰਸਕ੍ਰਿਤੀ ‘ਤੇ ਮਾਣ ਹੋਣ ਲੱਗਾ । ਇਸ ਨਾਲ ਭਾਰਤੀ ਲੋਕਾਂ ਵਿਚ ਰਾਸ਼ਟਰੀ ਭਾਵਨਾ ਪੈਦਾ ਹੋਈ ।