Punjab State Board PSEB 9th Class Science Book Solutions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ Textbook Exercise Questions and Answers.
PSEB Solutions for Class 9 Science Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ
PSEB 9th Class Science Guide ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ Textbook Questions and Answers
ਅਭਿਆਸ ਦੇ ਪ੍ਰਸ਼ਨ
ਪ੍ਰਸ਼ਨ 1.
ਫ਼ਸਲ ਉਤਪਾਦਨ ਦੀ ਕਿਸੇ ਇੱਕ ਵਿਧੀ ਦਾ ਵਰਣਨ ਕਰੋ ਜਿਸ ਨਾਲ ਜ਼ਿਆਦਾ ਪੈਦਾਵਾਰ ਪ੍ਰਾਪਤ ਹੋ ਸਕੇ । ਉੱਤਰ-ਫ਼ਸਲ ਉਤਪਾਦਨ ਦੀ ਜਿਸ ਵਿਧੀ ਨਾਲ ਵਧੇਰੇ ਪੈਦਾਵਾਰ ਪ੍ਰਾਪਤ ਹੋ ਸਕਦੀ ਹੈ, ਉਹ ਅੰਤਰ-ਫ਼ਸਲ ਪ੍ਰਣਾਲੀ ਹੈ । ਇਸ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਇਕੱਠੇ ਕਿਸੇ ਖੇਤ ਵਿੱਚ ਖ਼ਾਸ ਪੈਟਰਨ ‘ਤੇ ਉਗਾਇਆਂ ਜਾਂਦਾ ਹੈ । ਕੁੱਝ ਕਤਾਰਾਂ ਵਿੱਚ ਇੱਕ ਤਰ੍ਹਾਂ ਦੀ ਫ਼ਸਲ ਅਤੇ ਉਸ ਦੇ ਬਰਾਬਰ ਨਾਲ ਦੀ ਕਤਾਰ ਵਿੱਚ ਦੂਜੀ ਫ਼ਸਲ ਉਗਾਈ ਜਾਂਦੀ ਹੈ ।
ਉਦਾਹਰਨ-
- ਸੋਇਆਬੀਨ + ਮੱਕੀ
- ਬਾਜਰਾ + ਲੋਬੀਆ
ਫ਼ਸਲਾਂ ਦੀ ਚੋਣ ਉਹਨਾਂ ਦੀ ਪੋਸ਼ਕ ਤੱਤਾਂ ਦੀ ਲੋੜ ਅਨੁਸਾਰ ਕੀਤੀ ਜਾਂਦੀ ਹੈ । ਇਹ ਲੋੜਾਂ ਵੱਖ-ਵੱਖ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਪੋਸ਼ਕਾਂ ਦੀ ਵਰਤੋਂ ਵੱਧ ਤੋਂ ਵੱਧ ਹੋ ਸਕੇ ।ਇਸ ਵਿਧੀ ਰਾਹੀਂ ਸਾਰੀਆਂ ਫ਼ਸਲਾਂ ਦੇ ਪੌਦਿਆਂ ਵਿੱਚ ਪੀੜਕਾਂ ਅਤੇ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ।
ਪ੍ਰਸ਼ਨ 2.
ਖੇਤਾਂ ਵਿੱਚ ਖਾਦਾਂ ਅਤੇ ਰਸਾਇਣਾਂ ਦਾ ਪ੍ਰਯੋਗ ਕਿਉਂ ਕਰਦੇ ਹਾਂ ?
ਉੱਤਰ-
ਖੇਤਾਂ ਵਿੱਚ ਖਾਦਾਂ ਦੀ ਵਰਤੋਂ ਕਰਕੇ ਮਿੱਟੀ ਵਿੱਚ ਕਾਰਬਨਿਕ ਪਦਾਰਥਾਂ ਦੀ ਮਾਤਰਾ ਵਧਾਈ ਜਾਂਦੀ ਹੈ । ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਅਤੇ ਇਸ ਦੀ ਰਚਨਾ ਵਿੱਚ ਸੁਧਾਰ ਹੁੰਦਾ ਹੈ । ਇਸ ਕਾਰਨ ਰੇਤਲੀ ਮਿੱਟੀ ਵਿੱਚ ਪਾਣੀ ਨੂੰ ਸਾਂਭਣ ਦੀ ਸਮਰੱਥਾ ਵੱਧ ਜਾਂਦੀ ਹੈ ਅਤੇ ਚੀਕਣੀ ਮਿੱਟੀ ਵਿੱਚ ਕਾਰਬਨਿਕ ਪਦਾਰਥਾਂ ਦੀ ਵੱਧ ਮਾਤਰਾ ਪਾਣੀ ਨੂੰ ਜ਼ੀਰਣ ਵਿੱਚ ਸਹਾਇਤਾ ਕਰਦੀ ਹੈ ਜਿਸ ਨਾਲ ਪਾਣੀ ਇਕੱਠਾ ਨਹੀਂ ਹੁੰਦਾ । ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਮਾਤਰਾ ਮਿੱਟੀ ਵਿੱਚ ਵੱਧ ਜਾਂਦੀ ਹੈ ਜਿਸ ਨਾਲ ਪੌਦਿਆਂ ਵਿੱਚ ਇਕ ਵਾਧਾ ਵਧੀਆ ਤਰੀਕੇ ਨਾਲ ਹੁੰਦਾ ਹੈ ਅਤੇ ਇਹ ਸਿਹਤਮੰਦ ਰਹਿੰਦੇ ਹਨ ।
ਪ੍ਰਸ਼ਨ 3.
ਅੰਤਰ-ਫ਼ਸਲੀ ਅਤੇ ਫ਼ਸਲੀ ਚੱਕਰ ਅਪਨਾਉਣ ਦੇ ਕੀ ਲਾਭ ਹਨ ?
ਉੱਤਰ-
ਅੰਤਰ-ਫ਼ਸਲੀਕਰਨ ਦੁਆਰਾ ਇਕੋ ਸਮੇਂ ਕਿਸੇ ਖੇਤ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਨਾਲ ਪੋਸ਼ਕ ਤੱਤਾਂ ਦਾ ਵਧੇਰੇ ਉਪਯੋਗ ਹੋ ਜਾਂਦਾ ਹੈ । ਇਸ ਨਾਲ ਪੀੜਕਾਂ ਅਤੇ ਰੋਗਾਂ ਨੂੰ ਫ਼ਸਲਾਂ ਦੇ ਸਾਰੇ ਪੌਦਿਆਂ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਵਧੀਆ ਉਤਪਾਦਨ ਪ੍ਰਾਪਤ ਕੀਤਾ ਜਾ ਸਕਦਾ ਹੈ ।
ਕਿਸੇ ਖੇਤ ਵਿੱਚ ਵਾਰ-ਵਾਰ ਪਹਿਲਾਂ ਤੋਂ ਹੀ ਯੋਜਨਾ ਅਨੁਸਾਰ ਤਰ੍ਹਾਂ-ਤਰ੍ਹਾਂ ਦੀਆਂ ਫ਼ਸਲਾਂ ਨੂੰ ਫ਼ਸਲ-ਚੱਕਰ ਦੇ ਅਧੀਨ ਉਗਾਇਆ ਜਾਂਦਾ ਹੈ । ਫ਼ਸਲ ਨੂੰ ਪੱਕਣ ਲਈ ਕਿੰਨਾ ਸਮਾਂ ਲੱਗਦਾ ਹੈ ਇਸ ਆਧਾਰ ‘ਤੇ ਉੱਚਿਤ ਫ਼ਸਲ ਚੱਕਰ ਨੂੰ ਅਪਣਾਉਣ ਨਾਲ ਸਾਲ ਵਿੱਚ ਦੋ ਤਿੰਨ ਫ਼ਸਲਾਂ ਦਾ ਵਧੀਆ ਉਤਪਾਦਨ ਪ੍ਰਾਪਤ ਕੀਤਾ ਜਾ ਸਕਦਾ ਹੈ ।
ਇਸ ਦੇ ਹੇਠ ਲਿਖੇ ਲਾਭ ਹਨ-
- ਮਿੱਟੀ ਦੀ ਉਪਜਾਊ ਸ਼ਕਤੀ ਠੀਕ ਰਹਿੰਦੀ ਹੈ ।
- ਉਪਜ ਵਿੱਚ ਵਾਧਾ ਹੁੰਦਾ ਹੈ ।
- ਖੇਤ ਨੂੰ ਖ਼ਾਲੀ ਨਹੀਂ ਛੱਡਣਾ ਚਾਹੀਦਾ ਹੈ ।
- ਇੱਕੋ ਹੀ ਖੇਤ ਵਿੱਚ ਫ਼ਸਲਾਂ ਦੀ ਅਦਲਾ-ਬਦਲੀ ਹੋ ਜਾਂਦੀ ਹੈ ।
- ਮਿੱਟੀ ਵਿੱਚ ਪੋਸ਼ਕ ਤੱਤ ਕੰਟਰੋਲ ਵਿੱਚ ਰਹਿੰਦੇ ਹਨ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ।
- ਨਾਈਟ੍ਰੋਜਨ ਵਰਗ ਦੇ ਰਸਾਇਣਿਕ ਖਾਦਾਂ ਦੀ ਬੱਚਤ ਹੁੰਦੀ ਹੈ ।
- ਪੀੜਕਾਂ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਮਿਲਦੀ ਹੈ ।
- ਫ਼ਸਲਾਂ ਰੋਗਾਂ ਤੋਂ ਬਚ ਜਾਂਦੀਆਂ ਹਨ ।
- ਕੀਟਾਂ ਦੇ ਵਾਧੇ `ਤੇ ਰੋਕ ਲੱਗਦੀ ਹੈ ।
ਪ੍ਰਸ਼ਨ 4.
ਅਣੂਵੰਸ਼ਿਕ ਫੇਰ ਬਦਲ ਕੀ ਹੈ ? ਖੇਤੀ ਪ੍ਰਕਿਰਿਆਵਾਂ ਵਿੱਚ ਇਸ ਦੀ ਕੀ ਮਹੱਤਤਾ ਹੈ ?
ਉੱਤਰ-
ਅਣੂਵੰਸ਼ਿਕ ਫੇਰ ਬਦਲ – ਅਣੂਵੰਸ਼ਿਕ ਫੇਰ ਬਦਲ ਪੌਦਿਆਂ ਵਿੱਚ ਇੱਛੁਕ ਗੁਣ ਪੈਦਾ ਕਰਨ ਦੀ ਪ੍ਰਕਿਰਿਆ ਹੈ । ਇਸ ਦੁਆਰਾ ਰੋਗਾਂ ਪ੍ਰਤੀ ਪ੍ਰਤੀਰੋਧਕਤਾ ਵਿੱਚ ਵਾਧਾ, ਰਸਾਇਣਿਕ ਖਾਂਦਾ ਦੇ ਪ੍ਰਤੀ ਅਨੁਰੂਪਤਾ, ਉਪਜ ਦੀ ਗੁਣਵੱਤਾ ਅਤੇ ਵਧੇਰੇ ਉਤਪਾਦਨ ਦੇ ਗੁਣਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਅਤੇ ਫ਼ਸਲਾਂ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ । ਇਸ ਵਿਧੀ ਦੁਆਰਾ ਵੱਖ-ਵੱਖ ਅਣੂਵੰਸ਼ਿਕ ਗੁਣਾਂ ਵਾਲੇ ਪੌਦਿਆਂ ਵਿੱਚ ਸੰਕਰਨ ਕਰਵਾਇਆ ਜਾਂਦਾ ਹੈ । ਇਹ ਸੰਕਰਨ ਅੰਤਰ ਕਿਸਮੀ (ਵੱਖ ਕਿਸਮਾਂ ਵਿੱਚ), ਅੰਤਰ ਸਪੀਸ਼ੀਜ਼ (ਇਕ ਹੀ ਜੀਨਸ ਦੀਆਂ ਦੋ ਵੱਖ-ਵੱਖ ਸਪੀਸ਼ੀਜ਼ ਵਿੱਚ) ਅਤੇ ਅੰਤਰ-ਵੰਸ਼ੀ ਵੱਖ-ਵੱਖ ਜੇਨਰਾਂ ਵਿੱਚ), ਹੋ ਸਕਦਾ ਹੈ । ਇਸ ਦੇ ਸਿੱਟੇ ਵਜੋਂ ਅਣੁਵੰਸ਼ਿਕ ਰੂਪਾਂਤਰਿਤ ਫ਼ਸਲਾਂ ਪ੍ਰਾਪਤ ਹੋ ਸਕਦੀਆਂ ਹਨ । ਖੇਤੀ ਪ੍ਰਣਾਲੀਆਂ ਵਿੱਚ ਇਸ ਵਿਧੀ ਨੂੰ ਬੀਜਾਂ ਦੀਆਂ ਨਵੀਆਂ-ਨਵੀਆਂ ਕਿਸਮਾਂ ਅਤੇ ਜਾਤੀਆਂ ਪ੍ਰਦਾਨ ਕੀਤੀਆਂ ਹਨ ਜਿਸ ਕਾਰਨ ਅਨਾਜ ਉਤਪਾਦਨ ਵਧਿਆ ਹੈ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਇਆ ਹੈ ।
ਪ੍ਰਸ਼ਨ 5.
ਭੰਡਾਰ-ਘਰਾਂ (ਗੋਦਾਮਾਂ) ਵਿੱਚ ਅਨਾਜ ਦੀ ਹਾਨੀ ਕਿਵੇਂ ਹੁੰਦੀ ਹੈ ?
ਉੱਤਰ-
ਭੰਡਾਰ-ਘਰਾਂ ਵਿੱਚ ਅਨਾਜ ਦੀ ਹਾਨੀ ਦੋ ਤਰੀਕਿਆਂ ਨਾਲ ਹੁੰਦੀ ਹੈ-
- ਜੈਵਿਕ ਕਾਰਕ
- ਅਜੈਵਿਕ ਕਾਰਕ
ਜੈਵਿਕ ਆਧਾਰ ‘ਤੇ ਕੀਟ, ਉੱਲੀਆਂ, ਚਿੱਚੜੀ ਅਤੇ ਜੀਵਾਣੂ ਫ਼ਸਲਾਂ ਦੀ ਗੁਣਵੱਤਾ ਨੂੰ ਖ਼ਰਾਬ ਕਰਦੇ ਹਨ ਅਤੇ ਉਹਨਾਂ ਦੇ ਭਾਰ ਨੂੰ ਘੱਟ ਕਰ ਦਿੰਦੇ ਹਨ । ਇਸ ਤਰ੍ਹਾਂ ਉਤਪਾਦ ਬੇਰੰਗਾ ਹੋ ਜਾਂਦਾ ਹੈ । ਇਹਨਾਂ ਵਿੱਚ ਪੁੰਗਰਨ ਦੀ ਸ਼ਕਤੀ ਘੱਟ ਜਾਂਦੀ ਹੈ ।
ਅਜੈਵਿਕ ਆਧਾਰ ‘ਤੇ ਨਮੀ ਅਤੇ ਤਾਪ ਫ਼ਸਲਾਂ ਨੂੰ ਖ਼ਰਾਬ ਕਰ ਦਿੰਦੇ ਹਨ । ਫ਼ਸਲ ਵਿੱਚ ਉੱਲੀ ਪੈਦਾ ਹੋ ਜਾਂਦੀ ਹੈ ।
ਪ੍ਰਸ਼ਨ 6.
ਕਿਸਾਨਾਂ ਲਈ ਚੰਗੀਆਂ ਪਸ਼ੂ ਪਾਲਣ ਕਿਰਿਆਵਾਂ ਕਿਵੇਂ ਲਾਭਦਾਇਕ ਹਨ ?
ਉੱਤਰ-
ਕਿਸਾਨਾਂ ਦੇ ਲਈ ਪਸ਼ੂ ਪਾਲਣ ਪ੍ਰਣਾਲੀਆਂ ਬਹੁਤ ਉਪਯੋਗੀ ਹਨ । ਇਸ ਤਰ੍ਹਾਂ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂਆਂ ਤੋਂ ਵੀ ਆਰਥਿਕ ਲਾਭ ਮਿਲਦਾ ਹੈ ।
- ਖਾਦ ਪਦਾਰਥ ਦੇਣ ਵਾਲੇ – ਗਾਂ, ਮੱਝ ਆਦਿ ਪਸ਼ੂਆਂ ਤੋਂ ਦੁੱਧ ਮਿਲਦਾ ਹੈ । ਦੁੱਧ ਮਨੁੱਖ ਲਈ ਪੂਰਨ ਭੋਜਨ ਹੈ ਅਤੇ ਸਰੀਰ ਦੇ ਪੂਰੀ ਤਰ੍ਹਾਂ ਵੱਧਣ-ਫੁੱਲਣ ਲਈ ਇਸ ਵਿੱਚ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ ।
- ਖਾਦ ਦੀ ਪ੍ਰਾਪਤੀ – ਸਾਰੇ ਪਾਲਤੂ ਪਸ਼ੂ; ਜਿਵੇਂ-ਬਲਦ, ਮੱਝ, ਬੱਕਰੀ, ਊਠ, ਘੋੜਾ, ਗਾਂ ਆਦਿ ਦੇ ਮਲ-ਮੂਤਰ ਤੋਂ ਸਾਨੂੰ ਖਾਦ ਪ੍ਰਾਪਤ ਹੁੰਦੀ ਹੈ ।
- ਖੇਤਾਂ ਵਿੱਚ ਕੰਮ ਕਰਨਾ ਅਤੇ ਭਾਰ ਢੋਣਾ – ਬਲਦ, ਘੋੜਾ, ਖੱਚਰ, ਊਠ ਆਦਿ ਪਸ਼ੂ ਕਿਸਾਨਾਂ ਦੇ ਲਈ ਖੇਤੀ ਦੇ ਕੰਮ ਕਰਦੇ ਹਨ ਅਤੇ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਢੋ ਕੇ ਲੈ ਜਾਂਦੇ ਹਨ ।
ਪ੍ਰਸ਼ਨ 7.
ਪਸ਼ੂ ਪਾਲਣ ਦੇ ਕੀ ਲਾਭ ਹਨ ?
ਉੱਤਰ-
ਪਸ਼ੂ ਪਾਲਣ ਦੇ ਲਾਭ-
- ਦੁੱਧ ਦੇਣ ਵਾਲੇ ਪਸ਼ੂਆਂ ਤੋਂ ਦੁੱਧ ਦੀ ਪ੍ਰਾਪਤੀ ਹੁੰਦੀ ਹੈ ।
- ਪੋਲਟਰੀ ਫਾਰਮ ਤੋਂ ਆਂਡਿਆਂ ਦੀ ਪ੍ਰਾਪਤੀ ਹੁੰਦੀ ਹੈ ।
- ਮੱਛੀ ਪਾਲਣ ਅਤੇ ਮੁਰਗੀ ਪਾਲਣ ਤੋਂ ਮਾਸ ਦੀ ਪ੍ਰਾਪਤੀ ਹੁੰਦੀ ਹੈ ।
- ਜੰਤੂਆਂ ਦੇ ਮਲ-ਮੂਤਰ ਖਾਦ ਬਣਾਉਣ ਦੇ ਕੰਮ ਆਉਂਦੇ ਹਨ ।
- ਬੈਲ, ਊਠ, ਖੱਚਰ ਆਦਿ ਪਸ਼ੂਆਂ ਨੂੰ ਖੇਤੀ ਪੱਧਤੀ ਵਿੱਚ ਕੰਮ ਵਿੱਚ ਲਿਆਇਆ ਜਾਂਦਾ ਹੈ ।
- ਭਾਰ ਢੋਣ ਵਾਲੇ ਪਸ਼ੂ ਭਾਰ ਢੋਂਦੇ ਹਨ ।
- ਮਧੂਮੱਖੀ ਤੋਂ ਸ਼ਹਿਦ ਅਤੇ ਮੋਮ ਮਿਲਦਾ ਹੈ ।
- ਭੇਡ ਬੱਕਰੀਆਂ ਤੋਂ ਸਾਨੂੰ ਉੱਨ ਪ੍ਰਾਪਤ ਹੁੰਦੀ ਹੈ ਜੋ ਸਰਦੀਆਂ ਵਿੱਚ ਸਾਨੂੰ ਠੰਢ ਤੋਂ ਬਚਾਉਂਦੀ ਹੈ ।
ਪ੍ਰਸ਼ਨ 8.
ਉਤਪਾਦਨ ਵਧਾਉਣ ਲਈ ਮੁਰਗੀ ਪਾਲਣ, ਮੱਛੀ ਪਾਲਣ ਅਤੇ ਮਧੂ-ਮੱਖੀ ਪਾਲਣ ਵਿੱਚ ਕੀ ਸਮਾਨਤਾਵਾਂ ਹਨ ?
ਉੱਤਰ-
ਉਤਪਾਦਨ ਵਧਾਉਣ ਲਈ ਮੁਰਗੀ ਪਾਲਣ, ਮੱਛੀ ਪਾਲਣ ਅਤੇ ਮਧੂ-ਮੱਖੀ ਪਾਲਣ ਵਿੱਚ ਉੱਚਿਤ ਦੇਖ-ਭਾਲ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਪ੍ਰਤੀ ਅਨੁਕੂਲਤਾ ਜ਼ਰੂਰੀ ਹੈ । ਇਹਨਾਂ ਦੇ ਵਾਧੇ ਲਈ ਉੱਚਿਤ ਪਰਿਸਥਿਤੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 9.
ਮੱਛੀ ਫੜਨਾ (Fishing), ਮੈਰੀਕਲਚਰ (Marine culture) ਅਤੇ ਜਲ-ਕਲਚਰ (Aqua-culture) ਵਿੱਚ ਕੀ ਅੰਤਰ ਹੈ ?
ਉੱਤਰ-
- ਮੱਛੀ ਫੜਨਾ (Fishing) – ਸਾਫ਼ ਲੁਣ-ਰਹਿਤ ਅਤੇ ਸਮੁੰਦਰੀ ਲੂਣ ਸਹਿਤ ਜਲ ਸਰੋਤਾਂ ਵਿੱਚੋਂ ਮੱਛੀ ਫੜੀ ਜਾਂਦੀ ਹੈ | ਅਜਿਹੇ ਜਲ ਸਰੋਤ ਮੁੱਖ ਰੂਪ ਵਿੱਚ ਤਲਾਬ, ਛੱਪੜ, ਨਦੀ, ਨਦੀਆਂ ਦੇ ਮੁਹਾਣੇ, ਗੁਨ ਆਦਿ ਹੁੰਦੇ ਹਨ । ਇਸ ਵਿੱਚ ਉਤਪਾਦਨ ਘੱਟ ਹੁੰਦਾ ਹੈ ।
- ਮੈਰੀਕਲਚਰ (Marine culture) – ਆਰਥਿਕ ਮਹੱਤਵ ਦੀਆਂ ਕਈ ਮੱਛੀਆਂ ਦਾ ਵਾਧਾ ਸਮੁੰਦਰੀ ਪਾਣੀ ਵਿੱਚ ਕੀਤਾ ਜਾਂਦਾ ਹੈ । ਇਸ ਨੂੰ ਮੈਰੀਨ ਕਲਚਰ ਕਹਿੰਦੇ ਹਨ , ਜਿਵੇਂ -ਮੁਲੇਟ, ਭੇਟਕੀ, ਪਰਲ ਸਪਾਟ ਝੱਗਾ, ਮਰੁੱਸਲ, ਆਇਸਟਰ ਆਦਿ ।
- ਜਲ-ਕਲਚਰ (Aqua-culture) – ਤਾਲਾਬਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ ਦਾ ਵਾਧਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਪਾਲੀਆਂ ਮੱਛੀਆਂ ਵਿੱਚ ਆਪਸੀ ਮੁਕਾਬਲਾ ਨਹੀਂ ਹੁੰਦਾ । ਇਸ ਤਰ੍ਹਾਂ ਤਾਲਾਬ ਵਿੱਚ ਮੱਛੀਆਂ ਦਾ ਉਤਪਾਦਨ ਵੱਧ ਹੁੰਦਾ ਹੈ । ਇਸ ਪ੍ਰਕਾਰ ਦੀ ਮੱਛੀ ਪਾਲਣ ਵਿਧੀ ਨੂੰ ਜਲ-ਕਲਚਰ ਕਹਿੰਦੇ ਹਨ । ਇਹ ਮੱਛੀਆਂ ਜਲ ਸਰੋਤ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੀਆਂ ਹਨ , ਜਿਵੇਂ-
ਕਟਲਾ-ਪਾਣੀ ਦੀ ਸਤ੍ਹਾ ਤੋਂ
ਰੋਹੁ-ਤਾਲਾਬ ਦੇ ਮੱਧ ਵਿੱਚੋਂ
ਮ੍ਰਿਗਲ, ਕਾਮਨ ਕਾਰਪ-ਤਾਲਾਬ ਦੇ ਤਲ ਤੋਂ ।
Science Guide for Class 9 PSEB ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ InText Questions and Answers
ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਅਨਾਜ, ਦਾਲ, ਫ਼ਲ ਅਤੇ ਸਬਜ਼ੀਆਂ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
ਅਨਾਜ ਸਾਨੂੰ ਕਾਰਬੋਹਾਈਡਰੇਟ ਦਿੰਦੇ ਹਨ । ਇਹ ਸਾਨੂੰ ਕਣਕ, ਚਾਵਲ, ਮੱਕੀ, ਬਾਜਰਾ, ਜਵਾਰ ਆਦਿ ਤੋਂ ਪ੍ਰਾਪਤ ਹੁੰਦੇ ਹਨ । ਇਸ ਤੋਂ ਸਾਨੂੰ ਊਰਜਾ ਪ੍ਰਾਪਤ ਹੁੰਦੀ ਹੈ । ਦਾਲਾਂ ਤੋਂ ਸਾਨੂੰ ਪ੍ਰੋਟੀਨ ਪ੍ਰਾਪਤ ਹੁੰਦੀ ਹੈ । ਇਹ ਛੋਲੇ, ਮਟਰ, ਮਾਂਹ, ਮੂੰਗ, ਅਰਹਰ ਅਤੇ ਮਸਰ ਆਦਿ ਵਿੱਚ ਹੁੰਦੀ ਹੈ । ਫਲਾਂ ਅਤੇ ਸਬਜ਼ੀਆਂ ਵਿੱਚੋਂ ਵਿਟਾਮਿਨ, ਖਣਿਜ ਲੂਣ ਤੋਂ ਇਲਾਵਾ ਕੁੱਝ ਮਾਤਰਾ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਸਾ ਵੀ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 2.
ਜੈਵਕ ਅਤੇ ਅਜੈਵਿਕ ਕਾਰਕ ਕਿਸ ਤਰ੍ਹਾਂ ਫ਼ਸਲ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ ?
ਉੱਤਰ-
ਫ਼ਸਲਾਂ ਸਾਡੇ ਜੀਵਨ ਦਾ ਅਧਾਰ ਹਨ ।ਇਹ ਜੈਵਿਕ ਅਤੇ ਅਜੈਵਿਕ ਕਾਰਕਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ । ਇਸ ਨਾਲ ਇਹਨਾਂ ਦੇ ਉਤਪਾਦਨ ਅਤੇ ਗੁਣਵੱਤਾ ਤੇ ਸਿੱਧਾ ਅਸਰ ਪੈਂਦਾ ਹੈ ।
- ਜੈਵਿਕ ਕਾਰਕਾਂ ਦਾ ਪ੍ਰਭਾਵ – ਤਰ੍ਹਾਂ-ਤਰ੍ਹਾਂ ਦੇ ਰੋਗ, ਕੀਟ ਅਤੇ ਨਿਮੋਟੋਡ ਫ਼ਸਲਾਂ ਨੂੰ ਪ੍ਰਭਾਵਿਤ ਕਰਦੇ ਹਨ | ਸੂਖ਼ਮ ਜੀਵ ਅਨਾਜ ਨੂੰ ਬਹੁਤ ਹਾਨੀ ਪਹੁੰਚਾਉਂਦੇ ਹਨ । ਇਹਨਾਂ ਦੇ ਕਾਰਨ ਅਨਾਜ ਦੇ ਭਾਰ ਵਿੱਚ ਕਮੀ, ਨਾ-ਪੁੰਗਰਨਾ, ਬੇਰੰਪ ਹੋਣਾ, ਤਾਪ ਅਤੇ ਜ਼ਹਿਰੀਲੇ ਪਦਾਰਥਾਂ ਦਾ ਪੈਦਾ ਹੋਣਾ ਆਦਿ ਹੋ ਸਕਦੇ ਹਨ । ਉੱਲੀ, ਖ਼ਮੀਰ ਅਤੇ ਜੀਵਾਣੁ ਇਹਨਾਂ ਨੂੰ ਬਹੁਤ ਹਾਨੀ ਪਹੁੰਚਾਉਂਦੇ ਹਨ । ਚੂਹੇ ਅਤੇ ਪੰਛੀ ਖਾਧ ਪਦਾਰਥਾਂ ਨੂੰ ਬਹੁਤ ਹਾਨੀ ਪਹੁੰਚਾਉਂਦੇ ਹਨ ।
- ਅਜੈਵਿਕ ਕਾਰਕਾਂ ਦਾ ਪ੍ਰਭਾਵ – ਸੋਕਾ ਪੈਣਾ, ਸੇਮ, ਖਾਰਾਪਨ, ਹੜ, ਗਰਮੀ, ਠੰਡ ਅਤੇ ਪਾਲਾ ਆਦਿ ਦੇ ਕਾਰਨ ਫ਼ਸਲ ਉਤਪਾਦਨ ਘੱਟ ਹੋ ਜਾਂਦਾ ਹੈ । ਇਹਨਾਂ ਦੇ ਕਾਰਨ ਅਨਾਜ ਨੂੰ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ । ਐਨਜ਼ਾਈਮ, ਕੀਟ ਅਤੇ ਹੋਰ ਸੂਖ਼ਮ ਜੀਵ ਵੀ ਇਹਨਾਂ ਕਾਰਨਾਂ ਤੋਂ ਪ੍ਰਭਾਵਿਤ ਹੋ ਕੇ ਅਨਾਜ ਨੂੰ ਬਹੁਤ ਹਾਨੀ ਪਹੁੰਚਾਉਂਦੇ ਹਨ । ਸੋਕਾ ਪੈਣ ਤੇ ਫ਼ਸਲਾਂ ਨਸ਼ਟ ਹੋ ਜਾਂਦੀਆਂ ਹਨ ਅਤੇ ਹੜ੍ਹ ਆਉਣ ਅਤੇ ਸੇਮ ਨਾਲ ਜੜਾਂ ਗਲ ਜਾਂਦੀਆਂ ਹਨ । ਵਧੇਰੇ ਗਰਮੀ, ਠੰਡ ਅਤੇ ਪਾਲਾ ਵੀ ਉਪਜ ਨੂੰ ਪ੍ਰਭਾਵਿਤ ਕਰਦੇ ਹਨ ।
ਪ੍ਰਸ਼ਨ 3.
ਫ਼ਸਲ ਸੁਧਾਰ ਲਈ ਇੱਛਤ ਖੇਤੀ ਫ਼ਸਲਾਂ ਦੇ ਗੁਣ ਕਿਹੜੇ ਹਨ ?
ਉੱਤਰ-
ਪਸ਼ੂਆਂ ਲਈ ਚਾਰਾ ਤਦ ਹੀ ਵੱਧ ਪੈਦਾ ਹੋਵੇਗਾ ਜੇ ਚਾਰੇ ਵਾਲੀਆਂ ਫ਼ਸਲਾਂ ਦੀਆਂ ਸ਼ਾਖਾਵਾਂ ਵਧੇਰੇ ਹੋਣਗੀਆਂ | ਅਨਾਜ ਦੇ ਲਈ ਪੌਦੇ ਬੌਨੇ ਹੋਣੇ ਚਾਹੀਦੇ ਹਨ ਤਾਂਕਿ ਉਹਨਾਂ ਲਈ ਘੱਟ ਪੋਸ਼ਕਾਂ ਦੀ ਲੋੜ ਹੋਵੇ । ਫ਼ਸਲਾਂ ਵਿੱਚ ਅਜਿਹੇ ਸੁਧਾਰਾਂ ਲਈ ਇੱਛਤ ਖੇਤੀ ਵਿਗਿਆਨ ਸਹਾਇਕ ਸਿੱਧ ਹੁੰਦਾ ਹੈ ।
ਪ੍ਰਸ਼ਨ 4.
ਬਹੁ-ਮਾਤਰੀ ਪੋਸ਼ਕ ਤੱਤ ਕੀ ਹਨ ? ਇਨ੍ਹਾਂ ਨੂੰ ਬਹੁ-ਮਾਤਰੀ ਕਿਉਂ ਕਹਿੰਦੇ ਹਨ ?
ਉੱਤਰ-
ਬਹੁ-ਮਾਤਰੀ ਪੋਸ਼ਕ ਤੱਤ – ਬਹੁ-ਮਾਤਰੀ ਪੋਸ਼ਕ ਤੱਤ ਉਹਨਾਂ ਨੂੰ ਕਹਿੰਦੇ ਹਨ ਜੋ ਪੌਦਿਆਂ ਨੂੰ ਆਪਣੇ ਪੋਸ਼ਕ ਲਈ ਵੱਧ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ । ਇਹਨਾਂ ਦੀ ਗਿਣਤੀ ਛੇ ਹੈ ਅਤੇ ਇਹਨਾਂ ਨੂੰ ਮਿੱਟੀ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । ਬਹੁ-ਮਾਤਰੀ ਪੋਸ਼ਕ ਹਨ-ਨਾਈਟਰੋਜਨ, ਫ਼ਾਸਫੋਰਸ, ਪੋਟਾਸ਼ੀਅਮ, ਜ਼ਿੰਕ, ਕਾਪਰ, ਮਾਲੀ-ਬਡੇਨਮ ।
ਪ੍ਰਸ਼ਨ 5.
ਪੌਦੇ ਆਪਣੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ ਹਨ ?
ਉੱਤਰ-
ਪੌਦੇ ਆਪਣੇ ਪੋਸ਼ਕ ਤੱਤ ਹਵਾ, ਪਾਣੀ ਅਤੇ ਮਿੱਟੀ ਤੋਂ ਪ੍ਰਾਪਤ ਕਰਦੇ ਹਨ । ਹਵਾ ਵਿੱਚੋਂ ਇਹਨਾਂ ਨੂੰ ਆਕਸੀਜਨ ਅਤੇ ਕਾਰਬਨ ਪ੍ਰਾਪਤ ਹੁੰਦੀ ਹੈ | ਪਾਣੀ ਤੋਂ ਹਾਈਡਰੋਜਨ ਮਿਲਦੀ ਹੈ ਅਤੇ ਮਿੱਟੀ ਵਿੱਚੋਂ 13 ਪੋਸ਼ਕ ਪ੍ਰਾਪਤ ਹੁੰਦੇ ਹਨ । ਜਿਨ੍ਹਾਂ ਵਿੱਚੋਂ 6 ਬਹੁ-ਮਾਤਰੀ ਪੋਸ਼ਕ ਅਤੇ 7 ਘੱਟ ਮਾਤਰੀ ਪੋਸ਼ਕ ਤੱਤ ਹੁੰਦੇ ਹਨ । ਪੌਦੇ ਜੜਾਂ ਦੁਆਰਾ ਮਿੱਟੀ ਵਿੱਚੋਂ ਪੋਸ਼ਕ ਤੱਤ ਪ੍ਰਾਪਤ ਕਰਦੇ ਹਨ, ਜੋ ਪਾਣੀ ਨਾਲ ਮਿਲ ਕੇ ਜੜ੍ਹਾਂ ਦੁਆਰਾ ਸੋਖਿਤ ਹੁੰਦੇ ਹਨ ।
ਪ੍ਰਸ਼ਨ 6.
ਮਿੱਟੀ ਦੀ ਉਪਜਾਊ ਸ਼ਕਤੀ ਬਚਾਈ ਰੱਖਣ ਲਈ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਤੁਲਨਾ ਕਰੋ ।
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਬਚਾਈ ਰੱਖਣ ਲਈ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਆਪਣੀ-ਆਪਣੀ ਭੂਮਿਕਾ ਹੈ ।
ਖਾਦ ਮਿੱਟੀ ਨੂੰ ਪੋਸ਼ਕਾਂ ਅਤੇ ਕਾਰਬਨਿਕ ਪਦਾਰਥਾਂ ਨਾਲ ਭਰਪੂਰ ਕਰਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ । ਕਾਰਬਨਿਕ ਪਦਾਰਥ ਵਧੇਰੇ ਮਾਤਰਾ ਵਿੱਚ ਹੋਣ ਦੇ ਕਾਰਨ ਮਿੱਟੀ ਦੀ ਸੰਰਚਨਾ ਵਿੱਚ ਸੁਧਾਰ ਕਰਦੀ ਹੈ । ਇਸ ਦੇ ਕਾਰਨ ਰੇਤਲੀ ਮਿੱਟੀ ਵਿੱਚ ਪਾਣੀ ਨੂੰ ਰੱਖਣ ਦੀ ਸਮਰੱਥਾ ਵੱਧ ਜਾਂਦੀ ਹੈ । ਚੀਕਣੀ ਮਿੱਟੀ ਵਿੱਚ ਕਾਰਬਨਿਕ ਪਦਾਰਥਾਂ ਦੀ ਵੱਧ ਮਾਤਰਾ ਦੇ ਕਾਰਨ ਪਾਣੀ ਨੂੰ ਕੱਢਣ ਵਿੱਚ ਸਹਾਇਤਾ ਕਰਦੀ ਹੈ ਜਿਸ ਨਾਲ ਪਾਣੀ ਇਕੱਠਾ ਨਹੀਂ ਹੁੰਦਾ ।
ਰਸਾਇਣਿਕ ਖਾਦਾਂ ਤੋਂ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਪ੍ਰਾਪਤ ਹੁੰਦੇ ਹਨ । ਇਹਨਾਂ ਦੀ ਵਰਤੋਂ ਕਰਕੇ ਪੌਦਿਆਂ ਦੀਆਂ ਟਹਿਣੀਆਂ, ਪੱਤੇ ਅਤੇ ਫੁੱਲਾਂ ਦਾ ਵਾਧਾ ਵਧੀਆ ਹੁੰਦਾ ਹੈ ਅਤੇ ਸਿਹਤਮੰਦ ਪੌਦਿਆਂ ਦੀ ਪ੍ਰਾਪਤੀ ਹੁੰਦੀ ਹੈ । ਪਰ ਇਹ ਰਸਾਇਣਿਕ ਖਾਦਾਂ ਆਰਥਿਕ ਰੂਪ ਵਿੱਚ ਮਹਿੰਗੀਆਂ ਪੈਂਦੀਆਂ ਹਨ । ਬਹੁਤ ਜ਼ਿਆਦਾ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸੰਰਚਨਾ ਵਿੱਚ ਬਦਲਾਵ ਵੀ ਆ ਸਕਦਾ ਹੈ । ਇਹ ਕਈ ਵਾਰ ਪਾਣੀ ਪ੍ਰਦੂਸ਼ਣ ਦਾ ਕਾਰਨ ਵੀ ਬਣਦਾ ਹੈ । ਇਸ ਲਈ ਇਹਨਾਂ ਦੀ ਵਰਤੋਂ ਸਾਨੂੰ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ।
ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜੇ ਹਲਾਤਾਂ ਵਿੱਚ ਸਭ ਤੋਂ ਵੱਧ ਲਾਭ ਹੋਵੇਗਾ
(a) ਕਿਸਾਨ ਉੱਤਮ ਕਿਸਮ ਦੇ ਬੀਜ ਬੀਜਦੇ ਹਨ, ਸਿੰਚਾਈ ਨਹੀਂ ਕਰਦੇ ਅਤੇ ਨਾ ਹੀ ਰਸਾਇਣਿਕ ਖਾਦਾਂ ਵਰਤਦੇ ਹਨ ।
(b) ਕਿਸਾਨ ਆਮ ਬੀਜਾਂ ਨੂੰ ਬੀਜਦੇ ਹਨ । ਸਿੰਚਾਈ ਵੀ ਕਰਦੇ ਹਨ ਅਤੇ ਰਸਾਇਣਿਕ ਖਾਦਾਂ ਦੀ ਵਰਤਦੇ ਹਨ ।
(c) ਕਿਸਾਨ ਚੰਗੀਆਂ ਕਿਸਮਾਂ ਦੇ ਬੀਜ ਬੀਜਦੇ ਹਨ । ਸਿੰਚਾਈ ਕਰਦੇ ਹਨ । ਰਸਾਇਣਿਕ ਖਾਦਾਂ ਅਤੇ ਫ਼ਸਲ ਸੁਰੱਖਿਆ ਵਿਧੀਆਂ ਦੀ ਵਰਤੋਂ ਕਰਦੇ ਹਨ ।
ਉੱਤਰ-
(c) ਕਿਸਾਨ ਚੰਗੀ ਕਿਸਮ ਦੇ ਬੀਜ ਬੀਜਦੇ ਹਨ, ਸਿੰਚਾਈ ਕਰਦੇ ਹਨ, ਰਸਾਇਣਿਕ ਖਾਦਾਂ ਅਤੇ ਫ਼ਸਲ ਸੁਰੱਖਿਆ ਵਿਧੀਆਂ ਦੀ ਵਰਤੋਂ ਕਰਦੇ ਹਨ । ਇਸ ਤਰ੍ਹਾਂ ਚੰਗੀ ਫ਼ਸਲ ਦੀ ਪ੍ਰਾਪਤੀ ਹੋਵੇਗੀ । ਚੰਗੇ ਬੀਜਾਂ ਦੀ ਚੋਣ ਇਸ ਆਧਾਰ ‘ਤੇ ਕਰਨੀ ਚਾਹੀਦੀ ਹੈ ਕਿ ਇਹ ਅਨੁਕੂਲ ਹਾਲਾਤਾਂ ਵਿੱਚ ਉੱਗ ਸਕੇ । ਸੰਕਰਣ ਵਿਧੀ ਤੋਂ ਪ੍ਰਾਪਤ ਅਜਿਹੇ ਬੀਜਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਰੋਗਾਂ ਦੇ ਪ੍ਰਤੀ ਰੋਗ ਪ੍ਰਤੀਰੋਧਕਤਾ ਵਾਲੇ ਗੁਣਾਂ ਤੋਂ ਯੁਕਤ ਹੋਣ । ਉਹਨਾਂ ਵਿੱਚ ਉਤਪਾਦਨ ਦੀ ਗੁਣਵੱਤਾ ਅਤੇ ਉੱਚ ਉਤਪਾਦਨ ਸਮਰੱਥਾ ਹੋਣੀ ਚਾਹੀਦੀ ਹੈ । ਚੰਗੇ ਗੁਣਾਂ ਵਾਲੇ ਜੀਨ ਤੋਂ ਯੁਕਤ ਬੀਜ ਹੀ ਉਪਯੁਕਤ ਹੁੰਦੇ ਹਨ । ਸਿੰਚਾਈ ਲੋੜ ਅਨੁਸਾਰ ਨਿਯਮਿਤ ਰੂਪ ਵਿੱਚ ਕੀਤੀ ਜਾਣੀ ਚਾਹੀਦੀ ਹੈ । ਸਿੰਚਾਈ ਦੀ ਕਮੀ ਕਾਰਨ ਫ਼ਸਲ ਦੀ ਉਪਜ ਘੱਟ ਹੋ ਜਾਂਦੀ ਹੈ । ਰਸਾਇਣਿਕ ਖਾਦਾਂ ਦੀ ਵਰਤੋਂ ਫ਼ਸਲ ਦੀ ਪ੍ਰਕਿਰਤੀ ਅਨੁਸਾਰ ਦੁਆਰਾ ਨਾਈਟਰੋਜਨ, ਪੋਟਾਸ਼ੀਅਮ ਅਤੇ ਫ਼ਾਸਫੋਰਸ ਤੱਤ ਮਿੱਟੀ ਵਿੱਚ ਮਿਲਾਏ ਜਾ ਸਕਦੇ ਹਨ ਜਿਸ ਨਾਲ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਚੰਗੀ ਫ਼ਸਲ ਪ੍ਰਾਪਤ ਹੁੰਦੀ ਹੈ । ਫ਼ਸਲ ਸੁਰੱਖਿਆ ਦੀਆਂ ਵਿਧੀਆਂ ਵੀ ਅਪਣਾਈਆਂ ਜਾਣੀਆਂ ਚਾਹੀਦੀਆਂ ਹਨ । ਨਦੀਨ ਅਤੇ ਪੀੜਤਾਂ ਨੂੰ ਕਾਬੂ ਕਰਨਾ ਚਾਹੀਦਾ ਹੈ । ਖੇਤਾਂ ਵਿੱਚ ਫ਼ਸਲ ਨਦੀਨਾਂ, ਰੋਗਾਂ, ਕੀਟਾਂ ਅਤੇ ਪੀੜਕਾਂ ਤੋਂ ਪ੍ਰਭਾਵਿਤ ਹੁੰਦੀ ਹੈ । ਜੇ ਸਮੇਂ ਸਿਰ ਇਹਨਾਂ ‘ਤੇ ਕਾਬੂ ਨਾ ਪਾਇਆ ਜਾਵੇ, ਤਾਂ ਇਹ ਫ਼ਸਲਾਂ ਨੂੰ ਬਹੁਤ ਹਾਨੀ ਪਹੁੰਚਾਉਂਦੇ ਹਨ ।
ਪ੍ਰਸ਼ਨ 8.
ਫ਼ਸਲ ਦੇ ਸੁਰੱਖਿਆ ਤਰੀਕੇ ਅਤੇ ਜੈਵਿਕ ਵਿਧੀਆਂ ਨਾਲ ਕੰਟਰੋਲ ਕਰਨ ਦੇ ਢੰਗ ਫ਼ਸਲਾਂ ਨੂੰ ਬਚਾਉਣ ਲਈ ਕਿਉਂ ਲਾਹੇਵੰਦ ਹਨ ?
ਉੱਤਰ-
ਫ਼ਸਲ ਦੀ ਸੁਰੱਖਿਆ ਦੇ ਲਈ ਨਿਰੋਧਕ ਵਿਧੀਆਂ ਅਤੇ ਜੈਵਿਕ ਵਿਧੀਆਂ ਨਾਲ ਕੰਟਰੋਲ ਬਹੁਤ ਜ਼ਰੂਰੀ ਹੈ । ਤਰ੍ਹਾਂ-ਤਰ੍ਹਾਂ ਦੇ ਜੈਵਿਕ ਅਤੇ ਅਜੈਵਿਕ ਕਾਰਕ ਫ਼ਸਲ ਨੂੰ ਖ਼ਰਾਬ ਕਰ ਦਿੰਦੇ ਹਨ ਜਿਸ ਕਾਰਨ ਉਤਪਾਦਕ ਅਤੇ ਵਪਾਰੀ ਨੂੰ ਆਰਥਿਕ ਹਾਨੀ ਹੋਣ ਦੇ ਨਾਲ-ਨਾਲ ਮਾਨਸਿਕ ਅਘਾਤ ਵੀ ਪਹੁੰਚਦਾ ਹੈ । ਇਹਨਾਂ ਨਿਰੋਧਕ ਵਿਧੀਆਂ ਅਤੇ ਜੈਵਿਕ ਕੰਟਰੋਲ ਨੂੰ ਨਾ ਅਪਣਾਉਣ ਨਾਲ ਹੇਠ ਲਿਖੀਆਂ ਹਾਨੀਆਂ ਹੁੰਦੀਆਂ ਹਨ :
- ਫ਼ਸਲ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ ।
- ਫ਼ਸਲ ਦਾ ਭਾਰ ਘੱਟ ਹੋ ਜਾਂਦਾ ਹੈ ।
- ਪੁੰਗਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ । ਇਹਨਾਂ ਸਾਰੇ ਕਾਰਨਾਂ ਕਰਕੇ ਉਪਜ ਦੀ ਕੀਮਤ ਘੱਟ ਹੋ ਜਾਂਦੀ ਹੈ ।
ਪ੍ਰਸ਼ਨ 9.
ਦਾਣਿਆਂ ਦੇ ਭੰਡਾਰਨ ਸਮੇਂ ਹੋਣ ਵਾਲੀ ਹਾਨੀ ਲਈ ਕਿਹੜੇ ਕਾਰਕ ਜ਼ਿੰਮੇਵਾਰ ਹਨ ?
ਉੱਤਰ-
ਭੰਡਾਰਨ ਦੇ ਸਮੇਂ ਜੈਵਿਕ ਅਤੇ ਅਜੈਵਿਕ ਕਾਰਕ ਅਨਾਜ ਦੀ ਹਾਨੀ ਲਈ ਜ਼ਿੰਮੇਵਾਰ ਹਨ । ਜੈਵਿਕ ਕਾਰਕ ਹਨ-ਕੀਟ, ਉੱਲੀ, ਚਿੱਚੜ ਅਤੇ ਜੀਵਾਣੂ । ਅਜੈਵਿਕ ਕਾਰਕ ਹਨ-ਭੰਡਾਰਨ ਦੇ ਸਥਾਨ ਤੇ ਉਪਯੁਕਤ ਨਮੀ ਅਤੇ ਤਾਪ ਦਾ ਅਸੰਤੁਲਨ ।
ਪ੍ਰਸ਼ਨ 10.
ਪਸ਼ੂਆਂ ਦੀ ਨਸਲ ਸੁਧਾਰ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਉਂ ?
ਉੱਤਰ-
ਪਸ਼ੂਆਂ ਦੀ ਨਸਲ ਸੁਧਾਰ ਲਈ ਲੰਬੇ ਸਮੇਂ ਤੱਕ ਦੁੱਧ ਦੇਣ ਦੇ ਸਮੇਂ ਵਾਲੀ ਜਰਸੀ, ਬ੍ਰਾਊਨ ਸਵਿਸ ਵਰਗੀਆਂ ਨਸਲਾਂ ਅਤੇ ਰੋਗਾਂ ਦੇ ਪ੍ਰਤੀ ਪ੍ਰਤੀਰੋਧਕਤਾ ਵਿੱਚ ਵਧੀਆ ਦੇਸ਼ੀ ਨਸਲਾਂ ਲਾਲ ਸਿੰਧੀ ਅਤੇ ਸਾਹੀਵਾਲ ਵਿੱਚ ਸੰਕਰਨ ਕਰਵਾਇਆ ਜਾਂਦਾ ਹੈ ਤਾਂ ਕਿ ਸੰਕਰਣ ਪਸ਼ੂਆਂ ਵਿੱਚ ਦੋਵੇਂ, ਵਧੇਰੇ ਦੁੱਧ ਦੇਣ ਦੇ ਸਮੇਂ ਅਤੇ ਰੋਗਾਂ ਦੀ ਪ੍ਰਤੀਰੋਧਕ ਸਮਰੱਥਾ ਦੇ ਗੁਣ ਹੋਣ ।
ਪ੍ਰਸ਼ਨ 11.
ਹੇਠ ਲਿਖੇ ਕਥਨ ਦੀ ਵਿਆਖਿਆ ਕਰੋ :
ਇਹ ਗੱਲ ਧਿਆਨ ਖਿੱਚਦੀ ਹੈ ਕਿ ਭਾਰਤ ਵਿੱਚ ਮੁਰਗੀ ਪਾਲਣ ਧੰਦੇ ਨਾਲ ਅਸੀਂ ਮਨੁੱਖੀ ਵਰਤੋਂ ਵਿੱਚ ਨਾ ਆਉਣ ਵਾਲੇ ਘੱਟ ਫਾਈਬਰ ਵਾਲੇ ਭੋਜਨ ਪਦਾਰਥਾਂ ਨੂੰ ਬਹੁਤ ਹੀ ਪੋਸ਼ਕ ਜੰਤੂ ਪ੍ਰੋਟੀਨ ਭੋਜਨ ਵਿੱਚ ਬਦਲ ਸਕਦੇ ਹਾਂ ।
ਉੱਤਰ-
ਇਹ ਕਥਨ ਪੂਰੀ ਤਰ੍ਹਾਂ ਸੱਚ ਹੈ । ਮੁਰਗੀਆਂ ਨੂੰ ਕਣਕ, ਚਾਵਲ, ਜਵਾਰ, ਜੌ, ਬਾਜਰਾ ਆਦਿ ਦੇ ਦਲੇ ਹੋਏ ਦਾਣਿਆਂ ਦੇ ਨਾਲ ਹੱਡੀ ਚੂਰਾ, ਫਾਲਤੂ ਮਾਸ ਆਦਿ ਖਾਣੇ ਵਿੱਚ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਮਨੁੱਖ ਦੁਆਰਾ ਨਹੀਂ ਕੀਤੀ ਜਾਂਦੀ | ਮਰਗੀਆਂ ਇਹਨਾਂ ਨੂੰ ਖਾ ਕੇ ਆਂਡਿਆਂ ਅਤੇ ਮਾਸ ਵਿੱਚ ਸੰਸ਼ਲੇਸ਼ਿਤ ਕਰਦੀਆਂ ਹਨ ਅਤੇ ਉੱਚ-ਕੋਟੀ ਦੇ ਪੋਸ਼ਕ ਪਸ਼ੂ ਪ੍ਰੋਟੀਨ ਆਹਾਰ ਵਿੱਚ ਪਰਿਵਰਤਿਤ ਹੋ ਜਾਂਦੇ ਹਨ । ਉਹਨਾਂ ਦੇ ਅੰਡੇ ਵਿੱਚ 36% ਪੀਤੱਕ ਅਤੇ 64% ਪ੍ਰੋਟੀਨ ਹੁੰਦਾ ਹੈ । ਉਹਨਾਂ ਦੇ ਮਾਸ ਵਿੱਚ ਕਾਫ਼ੀ ਮਾਤਰਾ ਵਿੱਚ ਪ੍ਰੋਟੀਨ, ਖਣਿਜ ਲੂਣ ਅਤੇ ਵਿਟਾਮਿਨ ਹੁੰਦੇ ਹਨ ।
ਪ੍ਰਸ਼ਨ 12.
ਪਸ਼ੂ ਪਾਲਣ ਅਤੇ ਮੁਰਗੀ ਪਾਲਣ ਬੰਧਨ ਪ੍ਰਣਾਲੀ ਵਿੱਚ ਕੀ ਸਾਂਝ ਹੈ ?
ਉੱਤਰ-
ਪਸ਼ੂ ਪਾਲਣ ਅਤੇ ਮੁਗਰੀ ਪਾਲਣ ਦੀ ਪ੍ਰਬੰਧਨ ਪ੍ਰਣਾਲੀ ਵਿੱਚ ਸਾਂਝ ਹੈ । ਦੋਵਾਂ ਵਿੱਚ ਹੀ ਸੰਕਰਣ ਦੁਆਰਾ ਵਧੀਆ ਜਾਤੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਦੁਆਰਾ ਮਨੁੱਖਤਾ ਲਈ ਉਪਯੋਗੀ ਖਾਧ ਪਦਾਰਥ ਪ੍ਰਾਪਤ ਕੀਤੇ ਜਾ ਸਕਣ ਜੋ ਮਾਤਰਾ ਅਤੇ ਗੁਣਵੱਤਾ ਵਿੱਚ ਵਧੀਆ ਹੋਣ । ਦੋਨਾਂ ਨੂੰ ਹੀ ਵੱਖ-ਵੱਖ ਕਾਰਨਾਂ ਕਰਕੇ ਕਈ ਰੋਗ ਹੋ ਜਾਂਦੇ ਹਨ । ਜਿਨ੍ਹਾਂ ਤੋਂ ਬਚਾਅ ਲਈ ਉੱਚਿਤ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ । ਦੋਨਾਂ ਦੇ ਪਾਲਣ ਵਿੱਚ ਆਹਾਰ ਵੱਲ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ । ਇਸ ਤਰ੍ਹਾਂ ਮੌਤ ਦਰ ਘੱਟ ਜਾਂਦੀ ਹੈ ਅਤੇ ਉਤਪਾਦਾਂ ਦੀ ਗੁਣਵੱਤਾ ਬਣੀ ਰਹਿੰਦੀ ਹੈ । ਉਹਨਾਂ ਦੇ ਆਵਾਸ ਵਿੱਚ ਉੱਚਿਤ ਤਾਪ, ਸਫ਼ਾਈ ਅਤੇ ਪ੍ਰਬੰਧਨ ਦੀ ਸਾਂਝੇ ਰੂਪ ਵਿੱਚ ਲੋੜ ਹੁੰਦੀ ਹੈ । ਸੰਕਰਾਮਕ ਰੋਗਾਂ ਤੋਂ ਬਚਾਅ ਲਈ ਦੋਵਾਂ ਨੂੰ ਟੀਕਾ ਲਗਵਾਉਣਾ ਜ਼ਰੂਰੀ ਹੈ ।
ਪ੍ਰਸ਼ਨ 13.
ਬਾਇਲਰ ਅਤੇ ਲੇਅਰਜ਼ ਦੇ ਪ੍ਰਬੰਧਨ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਬਾਇਲਰ ਮਾਸ ਪ੍ਰਦਾਨ ਕਰਦੇ ਹਨ ਜਦਕਿ ਲੇਅਰਜ਼ ਅੰਡੇ ਦਿੰਦੇ ਹਨ । ਲੇਅਰਜ਼ ਨੂੰ ਰਹਿਣ ਲਈ ਕਾਫ਼ੀ ਜਗਾ, ਪ੍ਰਕਾਸ਼ ਅਤੇ ਪੌਸ਼ਟਿਕ ਖੁਰਾਕ ਦੇਣੀ ਚਾਹੀਦੀ ਹੈ ਜਦੋਂ ਕਿ ਬਾਇਲਰ ਨੂੰ ਪ੍ਰੋਟੀਨ, ਵਸਾ ਅਤੇ ਵਿਟਾਮਿਨਜ਼ A ਅਤੇ K ਤੋਂ ਯੁਕਤ ਮੁਰਗੀ ਆਹਾਰ ਦੇਣਾ ਚਾਹੀਦਾ ਹੈ | ਬਾਇਲਰ ਦੀ ਮੌਤ ਦਰ ਘੱਟ ਹੈ | ਪਰ ਲੇਅਰਜ਼ ਦੀ ਮੌਤ ਦਰ ਤੁਲਨਾ ਵਿੱਚ ਵੱਧ ਹੈ । ਬਾਇਲਰ 6-7 ਹਫ਼ਤੇ ਵਿੱਚ ਹੀ ਮਾਸ ਲਈ ਵਰਤਿਆ ਜਾ ਸਕਦਾ ਹੈ ਜਦ ਕਿ ਲੇਅਰਜ਼ ਹਫ਼ਤੇ ਬਾਅਦ ਅੰਡੇ ਦੇ ਸਕਦੇ ਹਨ ।
ਪ੍ਰਸ਼ਨ 14.
ਮੱਛੀਆਂ ਕਿਵੇਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
ਉੱਤਰ-
ਮੱਛੀਆਂ ਸਮੁੰਦਰੀ ਪਾਣੀ ਅਤੇ ਤਾਜ਼ੇ ਪਾਣੀ ਦੋਵਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਤਾਜ਼ਾ ਪਾਣੀ ਨਦੀਆਂ ਅਤੇ ਤਲਾਬਾਂ ਵਿੱਚ ਹੁੰਦਾ ਹੈ । ਮੱਛੀ ਪਕੜਨਾ ਅਤੇ ਮੱਛੀ ਦੇ ਉਤਪਾਦਨ ਵਿੱਚ ਵਾਧਾ ਸਮੁੰਦਰ ਅਤੇ ਤਾਜ਼ੇ ਪਾਣੀ ਦੇ ਪਰਿਸਥਿਤਕ ਤੰਤਰ ਵਿੱਚ ਕੀਤਾ ਜਾਂਦਾ ਹੈ । ਮੱਛੀ ਫੜਨ ਲਈ ਵੱਖ-ਵੱਖ ਜਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ । ਸੈਟੇਲਾਈਟ ਅਤੇ ਪ੍ਰਤੀਧੁਨੀ ਯੰਤਰ ਰਾਹੀਂ ਖੁੱਲ੍ਹੇ ਸਮੁੰਦਰ ਵਿੱਚ ਮੱਛੀਆਂ ਦੇ ਵੱਡੇ ਸਮੂਹਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਜਾਲ ਵਿੱਚ ਫੜ ਲਿਆ ਜਾਂਦਾ ਹੈ ।
ਪ੍ਰਸ਼ਨ 15.
ਮਿਸ਼ਰਤ ਮੱਛੀ ਕਲਚਰ ਪ੍ਰਣਾਲੀ ਦੇ ਕੀ ਲਾਭ ਹਨ ?
ਉੱਤਰ-
ਮਿਸ਼ਰਤ ਮੱਛੀ ਕਲਚਰ ਵਿੱਚ ਦੇਸੀ-ਵਿਦੇਸ਼ੀ ਮੱਛੀਆਂ ਪਾਈਆਂ ਜਾ ਸਕਦੀਆਂ ਹਨ । ਅਜਿਹੀ ਪ੍ਰਣਾਲੀ ਵਿੱਚ ਵਧੇਰੇ ਮਾਤਰਾ ਵਿੱਚ ਮੱਛੀ ਪਾਪਤ ਹੁੰਦੀ ਹੈ । ਇਕ ਹੀ ਤਲਾਬ ਵਿੱਚ 5 ਜਾਂ 6 ਮੱਛੀਆਂ ਦੀਆਂ ਜਾਤੀਆਂ ਨੂੰ ਵਧਾਇਆ ਜਾ ਸਕਦਾ ਹੈ । ਮੱਛੀਆਂ ਇਕ ਸਥਾਨ ‘ਤੇ ਰਹਿ ਕੇ ਪਾਣੀ ਦੀਆਂ ਵੱਖ-ਵੱਖ ਸੜਾ ਤੋਂ ਭੋਜਨ ਪ੍ਰਾਪਤ ਕਰਦੀਆਂ ਹਨ । ਗ੍ਰਾਸ ਕਾਰਪ ਜਾਤੀ ਦੀਆਂ ਮੱਛੀਆਂ, ਤਾਂ ਨਦੀਨਾਂ ਨੂੰ ਵੀ ਖਾ ਜਾਂਦੀਆਂ ਹਨ । ਮੱਛੀਆਂ ਵਿੱਚ ਭੋਜਨ ਲਈ ਮੁਕਾਬਲਾ ਨਹੀਂ ਹੁੰਦਾ । ਤਾਲਾਬ ਦੇ ਹਰ ਭਾਗ ਵਿੱਚ ਮੌਜੂਦ ਭੋਜਨ ਦਾ ਉਪਯੋਗ ਹੋ ਜਾਂਦਾ ਹੈ ।
ਪ੍ਰਸ਼ਨ 16.
ਸ਼ਹਿਦ ਉਤਪਾਦਨ ਲਈ ਵਰਤੀਆਂ ਜਾਣ ਵਾਲੀਆਂ ਮਧੂ-ਮੱਖੀਆਂ ਵਿੱਚ ਕਿਹੜੇ ਇੱਛੁਕ ਗੁਣ ਹੋਣੇ ਚਾਹੀਦੇ ਹਨ ?
ਉੱਤਰ-
- ਮਧੂਮੱਖੀ ਵਿੱਚ ਸ਼ਹਿਦ ਇਕੱਠਾ ਕਰਨ ਦੀ ਸਮਰੱਥਾ ਵਧੇਰੇ ਹੋਣੀ ਚਾਹੀਦੀ ਹੈ ।
- ਉਸ ਨੂੰ ਡੰਗ ਘੱਟ ਮਾਰਨਾ ਚਾਹੀਦਾ ਹੈ ।
- ਪ੍ਰਜਣਨ ਤੇਜ਼ੀ ਨਾਲ ਕਰਨਾ ਚਾਹੀਦਾ ਹੈ ।
- ਆਪਣੇ ਛੱਤੇ ਵਿੱਚ ਵਧੇਰੇ ਸਮੇਂ ਤੱਕ ਰਹਿ ਸਕਣ ।
- ਖ਼ੁਦ ਨੂੰ ਦੁਸ਼ਮਣਾਂ ਤੋਂ ਬਚਾ ਸਕਣ ।
ਪ੍ਰਸ਼ਨ 17.
ਚਾਰਗਾਹ ਕੀ ਹੈ ਅਤੇ ਇਹ ਸ਼ਹਿਦ ਉਤਪਾਦਨ ਨਾਲ ਕਿਵੇਂ ਸੰਬੰਧ ਰੱਖਦੀ ਹੈ ?
ਉੱਤਰ-
ਚਾਰਗਾਹ ਅਜਿਹਾ ਫੈਲਿਆ ਹੋਇਆ ਖੇਤਰ ਹੈ ਜਿਥੇ ਘਾਹ ਅਤੇ ਹੋਰ ਬਨਸਪਤੀਆਂ ਹੁੰਦੀਆਂ ਹਨ । ਮਧੁਮੱਖੀਆਂ ਫੁੱਲਾਂ ਤੋਂ ਰਸ ਤੇ ਪਰਾਗ ਇਕੱਠਾ ਕਰਦੀਆਂ ਹਨ, ਜਿਸ ਚਾਰਗਾਹ ਵਿੱਚ ਜਿੰਨੇ ਵਧੇਰੇ ਅਤੇ ਭਿੰਨ-ਭਿੰਨ ਪ੍ਰਕਾਰ ਦੇ ਫੁੱਲ ਹੋਣਗੇ ਓਨੀਆਂ ਹੀ ਕਿਸਮਾਂ ਸ਼ਹਿਦ ਦੇ ਸੁਆਦ ਦੀਆਂ ਵੀ ਹੋਣਗੀਆਂ । ਇਸ ਲਈ ਸ਼ਹਿਦ ਉਤਪਾਦਨ ਦਾ ਚਾਰਗਾਹ ਨਾਲ ਸੰਬੰਧ ਹੈ ।