This PSEB 11th Class Sociology Notes Chapter 9 ਸਮਾਜਿਕ ਸੰਰਚਨਾ will help you in revision during exams.
PSEB 11th Class Sociology Notes Chapter 9 ਸਮਾਜਿਕ ਸੰਰਚਨਾ
→ ਸਮਾਜ ਵਿਗਿਆਨ ਦੇ ਬਹੁਤ ਸਾਰੇ ਮੂਲ ਸੰਕਲਪ ਹਨ ਅਤੇ ਸਮਾਜਿਕ ਸੰਰਚਨਾ ਉਹਨਾਂ ਵਿੱਚੋਂ ਇੱਕ ਹੈ । ਸਭ ਤੋਂ ਪਹਿਲਾਂ ਇਸ ਸ਼ਬਦ ਦਾ ਪ੍ਰਯੋਗ ਪ੍ਰਸਿੱਧ ਸਮਾਜ ਸ਼ਾਸਤਰੀ ‘ਹਰਬਰਟ ਸਪੈਂਸਰ ਨੇ ਕੀਤਾ ਸੀ । ਉਸ ਤੋਂ ਬਾਅਦ ਬਹੁਤ ਸਾਰੇ ਸਮਾਜ ਵਿਗਿਆਨੀਆਂ ਜਿਵੇਂ ਕਿ ਟਾਲਕਟ ਪਾਰਸੰਜ਼, ਰੈਡਕਲਿਫ਼ ਬਰਾਉਨ, ਮੈਕਾਈਵਰ ਆਦਿ ਨੇ ਇਸ ਬਾਰੇ ਬਹੁਤ ਕੁੱਝ ਲਿਖਿਆ ।
→ ਸਾਡੇ ਸਮਾਜ ਦੇ ਬਹੁਤ ਸਾਰੇ ਭਾਗ ਹੁੰਦੇ ਹਨ ਜਿਹੜੇ ਇੱਕ-ਦੂਜੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਹੁੰਦੇ ਹਨ । ਇਹ ਸਾਰੇ ਭਾਗ ਅੰਤਰ ਸੰਬੰਧਿਤ ਹੁੰਦੇ ਹਨ । ਇਹਨਾਂ ਸਾਰੇ ਭਾਗਾਂ ਦੇ ਵਿਵਸਥਿਤ ਰੂਪ ਨੂੰ ਸਮਾਜਿਕ ਸੰਰਚਨਾ ਦਾ ਨਾਮ ਦਿੱਤਾ ਜਾਂਦਾ ਹੈ । ਇਹ ਚਾਹੇ ਅਮੂਰਤ ਹੁੰਦੇ ਹਨ ਪਰ ਸਾਡੇ ਜੀਵਨ ਨੂੰ ਨਿਰਦੇਸ਼ਿਤ ਕਰਦੇ ਰਹਿੰਦੇ ਹਨ ।
→ ਸਮਾਜਿਕ ਸੰਰਚਨਾ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਹ ਅਮੂਰਤ ਹੁੰਦੀ ਹੈ, ਇਸ ਦੇ ਬਹੁਤ ਸਾਰੇ ਅੰਤਰ-ਸੰਬੰਧਿਤ ਭਾਗ ਹੁੰਦੇ ਹਨ, ਇਹਨਾਂ ਸਾਰੇ ਭਾਗਾਂ ਵਿੱਚ ਇੱਕ ਵਿਵਸਥਾ ਪਾਈ ਜਾਂਦੀ ਹੈ, ਇਹ ਸਾਡੇ ਵਿਵਹਾਰ ਨੂੰ ਨਿਰਦੇਸ਼ਿਤ ਕਰਦੇ ਹਨ, ਇਹ ਸਰਵਵਿਆਪਕ ਹੁੰਦੇ ਹਨ, ਇਹ ਸਮਾਜ ਦੇ ਬਾਹਰੀ ਰੂਪ ਨੂੰ ਵਿਖਾਉਂਦੇ ਹਨ ਆਦਿ ।
→ ਹਰਬਰਟ ਸਪੈਂਸਰ ਨੇ ਇੱਕ ਕਿਤਾਬ ਲਿਖੀ The Principal of Sociology’ ਜਿਸ ਵਿੱਚ ਉਸਨੇ ਸਮਾਜਿਕ ਸੰਰਚਨਾ ਸ਼ਬਦ ਦਾ ਜ਼ਿਕਰ ਕੀਤਾ ਅਤੇ ਇਸਦੀ ਤੁਲਨਾ ਜੀਵਿਤ ਸਰੀਰ ਨਾਲ ਕੀਤੀ । ਉਸਨੇ ਕਿਹਾ ਜਿਵੇਂਸਰੀਰ ਦੇ ਅੱਡ-ਅੱਡ ਹਿੱਸੇ ਸਰੀਰ ਨੂੰ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੁੰਦੇ ਹਨ, ਉਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਦੇ ਅੱਡ-ਅੱਡ ਹਿੱਸੇ ਇਸ ਸੰਰਚਨਾ ਨੂੰ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ।
→ ਸਮਾਜਿਕ ਸੰਰਚਨਾ ਦੇ ਬਹੁਤ ਸਾਰੇ ਤੱਤ ਹੁੰਦੇ ਹਨ ਜਿਨ੍ਹਾਂ ਵਿੱਚ ਪ੍ਰਸਥਿਤੀ ਅਤੇ ਭੂਮਿਕਾ ਕਾਫ਼ੀ ਮਹੱਤਵਪੂਰਨ ਹਨ । ਪ੍ਰਸਥਿਤੀ ਦਾ ਅਰਥ ਉਹ ਰੁਤਬਾ ਜਾਂ ਸਥਿਤੀ ਹੈ ਜਿਹੜੀ ਵਿਅਕਤੀ ਨੂੰ ਸਮਾਜ ਵਿੱਚ ਰਹਿੰਦੇ ਹੋਏ ਦਿੱਤੀ ਜਾਂਦੀ ਹੈ । ਇੱਕ ਵਿਅਕਤੀ ਦੀਆਂ ਬਹੁਤ ਸਾਰੀਆਂ ਪ੍ਰਸਥਿਤੀਆਂ ਹੁੰਦੀਆਂ ਹਨ ਜਿਵੇਂ ਕਿ ਅਫ਼ਸਰ, ਪਿਤਾ, ਪੁੱਤਰ, ਕਲੱਬ ਦਾ ਪ੍ਰਧਾਨ ਆਦਿ ।
→ ਪ੍ਰਸਥਿਤੀ ਦੋ ਪ੍ਰਕਾਰ ਦੀ ਹੁੰਦੀ ਹੈ-ਪ੍ਰਦਤ ਅਤੇ ਅਰਜਿਤ । ਪ੍ਰਦਤ ਪ੍ਰਸਥਿਤੀ ਉਹ ਹੁੰਦੀ ਹੈ ਜੋ ਵਿਅਕਤੀ ਨੂੰ ਬਿਨਾਂ ਕਿਸੇ ਮਿਹਨਤ ਦੇ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ ਹੈ । ਅਰਜਿਤ ਪ੍ਰਸ਼ਥਿਤੀ ਵਿਅਕਤੀ ਨੂੰ ਆਪਣੇ ਆਪ ਪ੍ਰਾਪਤ ਨਹੀਂ ਹੁੰਦੀ ਬਲਕਿ ਉਹ ਆਪਣੀ ਮਿਹਨਤ ਨਾਲ ਇਹਨਾਂ ਨੂੰ ਪ੍ਰਾਪਤ ਕਰਦਾ ਹੈ ।
→ ਭੂਮਿਕਾ ਉਮੀਦਾਂ ਦਾ ਉਹ ਗੁੱਛਾ ਹੈ ਜਿਸਦੀ ਵਿਅਕਤੀ ਤੋਂ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ । ਹਰੇਕ ਪ੍ਰਸਥਿਤੀ ਨਾਲ ਕੁੱਝ ਭੁਮਿਕਾਵਾਂ ਵੀ ਲਗਾ ਦਿੱਤੀਆਂ ਜਾਂਦੀਆਂ ਹਨ । ਭੁਮਿਕਾ ਨਾਲ ਹੀ ਪਤਾ ਚਲਦਾ ਹੈ ਕਿ ਅਸੀਂ ਕਿਸ ਤਰ੍ਹਾਂ ਇੱਕ ਪ੍ਰਸਥਿਤੀ ਉੱਤੇ ਰਹਿੰਦੇ ਹੋਏ ਕਿਸੇ ਵਿਸ਼ੇਸ਼ ਸਮੇਂ ਵਿਵਹਾਰ ਕਰਾਂਗੇ ।
→ ਭੂਮਿਕਾ ਦੀਆਂ ਕਈ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਭੂਮਿਕਾ ਸਿੱਖੀ ਜਾਂਦੀ ਹੈ, ਭੂਮਿਕਾ ਪ੍ਰਸਥਿਤੀ ਦਾ ਕਾਰਜਾਤਮਕ ਪੱਖ ਹੈ, ਭੂਮਿਕਾ ਦੇ ਮਨੋਵਿਗਿਆਨਿਕ ਆਧਾਰ ਹਨ ਆਦਿ ।
→ ਪ੍ਰਸਥਿਤੀ ਅਤੇ ਭੂਮਿਕਾ ਵਿਚਕਾਰ ਬਹੁਤ ਡੂੰਘਾ ਸੰਬੰਧ ਹੈ ਕਿਉਂਕਿ ਇਹ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹਨ । ਜੇਕਰ ਕਿਸੇ ਵਿਅਕਤੀ ਨੂੰ ਕੋਈ ਪਸਥਿਤੀ ਪ੍ਰਾਪਤ ਹੋਵੇਗੀ ਤਾਂ ਉਸ ਨਾਲ ਸੰਬੰਧਿਤ ਭੂਮਿਕਾ ਵੀ ਆਪਣੇ ਆਪ ਹੀ ਮਿਲ ਜਾਵੇਗੀ । ਬਿਨਾਂ ਭੂਮਿਕਾ ਦੇ ਪ੍ਰਸਥਿਤੀ ਦਾ ਕੋਈ ਲਾਭ ਨਹੀਂ ਅਤੇ ਬਿਨਾਂ ਪ੍ਰਸਥਿਤੀ ਦੇ ਭੂਮਿਕਾ ਨਹੀਂ ਨਿਭਾਈ ਜਾ ਸਕਦੀ ।