Punjab State Board PSEB 12th Class History Book Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ Textbook Exercise Questions and Answers.
PSEB Solutions for Class 12 History Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ
Long Answer Type Questions
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਨੇ ਅਟਕ ‘ ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ? ਇਸ ਦਾ ਮਹੱਤਵ ਵੀ ਦੱਸੋ । (How did Maharaja Ranjit Singh conquer Attock ? What was its significance ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅਟਕ ਉੱਤੇ ਜਿੱਤ ਅਤੇ ਹਜ਼ਰੋ ਦੀ ਲੜਾਈ ਦਾ ਸੰਖੇਪ ਵਰਣਨ ਕਰੋ ।
(Give a brief account of the Maharaja Ranjit Singh’s conquest of Attock and the battle of Hazro.)
ਉੱਤਰ-
ਅਟਕ ਦਾ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਅਫ਼ਗਾਨ ਗਵਰਨਰ ਜਹਾਂਦਾਦ ਖਾਂ ਦਾ ਸ਼ਾਸਨ ਸੀ । ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ, ਪਰ ਅਸਲ ਵਿੱਚ ਉਹ ਸੁਤੰਤਰ ਤੌਰ `ਤੇ ਸ਼ਾਸਨ ਕਰ ਰਿਹਾ ਸੀ । 1813 ਈ. ਵਿੱਚ ਜਦੋਂ ਕਾਬਲ ਦੇ ਵਜ਼ੀਰ ਫ਼ਤਹਿ ਮਾਂ ਨੇ ਕਸ਼ਮੀਰ ‘ਤੇ ਹਮਲਾ ਕਰਕੇ ਉਸ ਦੇ ਭਰਾ ਅੱਤਾ ਮੁਹੰਮਦ ਖਾਂ ਨੂੰ ਹਰਾ ਦਿੱਤਾ ਤਾਂ ਉਹ ਘਬਰਾ ਗਿਆ । ਉਸ ਨੂੰ ਇਹ ਪੱਕਾ ਯਕੀਨ ਸੀ ਕਿ ਫ਼ਤਹਿ ਖਾਂ ਦਾ ਅਗਲਾ ਹਮਲਾ ਅਟਕ ‘ਤੇ ਹੋਵੇਗਾ । ਇਸ ਲਈ ਉਸ ਨੇ ਇੱਕ ਲੱਖ ਰੁਪਏ ਦੀ ਸਾਲਾਨਾ ਜਾਗੀਰ ਦੇ ਬਦਲੇ ਅਟਕ ਦਾ ਕਿਲ੍ਹਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਜਦੋਂ ਫ਼ਤਹਿ ਖਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ।
ਉਸ ਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਕੂਚ ਕੀਤਾ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਹਿ ਖਾਂ ਨੂੰ ਕਰਾਰੀ ਹਾਰ ਦਿੱਤੀ । ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ । ਇਸ ਜਿੱਤ ਕਾਰਨ ਜਿੱਥੇ ਅਟਕ ’ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਸ ਦੀ ਸ਼ੋਹਰਤ ਵੀ ਦੂਰ-ਦੂਰ ਤਕ ਫੈਲ ਗਈ ।
ਪ੍ਰਸ਼ਨ 2.
ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ । (Write a brief note on the battle of Hazro or Haidru or Chachh.)
ਉੱਤਰ-
ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲ੍ਹਾ ਪ੍ਰਾਪਤ ਕਰ ਲਿਆ ਸੀ । ਇਹ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਜਦੋਂ ਫ਼ਤਹਿ ਖਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀ ਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ ਉਸ ਨੇ ਸਿੱਖਾਂ ਵਿਰੁੱਧ ਜਿਹਾਦ ਦਾ ਨਾਅਰਾ ਲਗਾਇਆ | ਫ਼ਤਹਿ ਸ਼ਾਂ ਦੀ ਸਹਾਇਤਾ ਲਈ ਕਾਬਲ ਤੋਂ ਵੀ ਕੁਝ ਸੈਨਿਕ ਸਹਾਇਤਾ ਭੇਜੀ ਗਈ ।ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਟਕ ਦੇ ਕਿਲ੍ਹੇ ਦੀ ਰਾਖੀ ਲਈ ਇੱਕ ਵਿਸ਼ਾਲ ਸੈਨਾ ਆਪਣੇ ਪ੍ਰਸਿੱਧ ਸੈਨਾਪਤੀ ਸ: ਹਰੀ ਸਿੰਘ ਨਲਵਾ, ਸ: ਜੋਧ ਸਿੰਘ ਰਾਮਗੜੀਆ ਅਤੇ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਭੇਜੀ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚਾਲੇ ਇੱਕ ਘਮਸਾਣ ਦੀ ਲੜਾਈ ਹੋਈ । ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਹਿ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ । ਇਸ ਕਾਰਨ ਜਿੱਥੇ ਅਟਕ ’ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਸ ਦੀ ਪ੍ਰਸਿੱਧੀ ਕਾਫ਼ੀ ਦੂਰ-ਦੂਰ ਤਕ ਫੈਲ ਗਈ ।
ਪ੍ਰਸ਼ਨ 3.
ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Give a brief account of Shah Shuja’s relations with Maharaja Ranjit Singh.)
ਜਾਂ
ਸ਼ਾਹ ਸ਼ੁਜਾਹ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Shah Shuja.)
ਉੱਤਰ-
ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ । ਉਸ ਨੇ 1803 ਈ. ਤੋਂ 1809 ਈ. ਤਕ ਸ਼ਾਸਨ ਕੀਤਾ । ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ 1809 ਈ. ਵਿੱਚ ਉਹ ਰਾਜਗੱਦੀ ਛੱਡ ਕੇ ਦੌੜ ਗਿਆ ਸੀ ਉਸ ਨੂੰ ਕਸ਼ਮੀਰ ਦੇ ਅਫ਼ਗਾਨ ਸੁਬੇਦਾਰ ਅੱਤਾਂ ਮੁਹੰਮਦ ਖ਼ਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ । 1813 ਈ. ਵਿੱਚ ਕਸ਼ਮੀਰ ਦੀ ਪਹਿਲੀ ਹਿੰਮ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਕੇ ਲਾਹੌਰ ਲੈ ਆਂਦਾ ਸੀ । ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜਾਹ ਦੀ ਪਤਨੀ ਵਫ਼ਾ ਬੇਗ਼ਮ ਤੋਂ ਸੰਸਾਰ ਪ੍ਰਸਿੱਧ ਕੋਹਿਨੂਰ ਹੀਰਾ ਪਾਪਤ ਕੀਤਾ ਸੀ ।
1833 ਈ. ਵਿੱਚ ਸ਼ਾਹ ਸ਼ੁਜਾਹ ਨੇ ਰਾਜਗੱਦੀ ਨੂੰ ਮੁੜ ਪ੍ਰਾਪਤ ਕਰਨ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ ਪਰ ਸ਼ਾਹ ਸ਼ੁਜਾਹ ਨੂੰ ਆਪਣੇ ਯਤਨਾਂ ਵਿੱਚ ਸਫਲਤਾ ਨਾ ਮਿਲੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਗਿਆ | ਅੰਗਰੇਜ਼ਾਂ ਦੇ ਯਤਨਾਂ ਸਦਕਾ 1839 ਈ. ਵਿੱਚ ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਤਾਂ ਬਣ ਗਿਆ ਪਰ ਛੇਤੀ ਹੀ ਉਸ ਵਿਰੁੱਧ ਵਿਦਰੋਹ ਹੋ ਗਿਆ ਜਿਸ ਵਿੱਚ ਸ਼ਾਹ ਸ਼ੁਜਾਹ ਮਾਰਿਆ ਗਿਆ ।
ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ । (Give a brief account of the relations between Maharaja Ranjit Singh and Dost Mohammad.).
ਉੱਤਰ-
ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ । ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ-ਖੇਤਰਾਂ ਵਿੱਚ ਤੇਜ਼ੀ ਨਾਲ ਵਧਦੇ ਹੋਏ ਪ੍ਰਭਾਵ ਨੂੰ ਕਦੇ ਸਹਿਣ ਕਰਨ ਲਈ ਤਿਆਰ ਨਹੀਂ ਸੀ । ਪਿਸ਼ਾਵਰ ਦੇ ਮਾਮਲੇ ਕਾਰਨ ਦੋਹਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ ਸੀ 1833 ਈ. ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਦੋਸਤ ਮੁਹੰਮਦ ਖ਼ਾਂ ਵਿਚਾਲੇ ਰਾਜਗੱਦੀ ਦੀ ਪ੍ਰਾਪਤੀ ਲਈ ਯੁੱਧ ਸ਼ੁਰੂ ਹੋ ਗਿਆ । ਇਸ ਸਥਿਤੀ ਦਾ ਫਾਇਦਾ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ । ਸ਼ਾਹ ਸ਼ੁਜਾਹ ਨੂੰ ਹਰਾਉਣ ਤੋਂ ਬਾਅਦ ਦੋਸਤ ਮੁਹੰਮਦ ਖ਼ਾਂ ਨੇ ਪਿਸ਼ਾਵਰ ਨੂੰ ਮੁੜ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਪ੍ਰਾਪਤ ਨਾ ਹੋਈ । 1837 ਈ. ਵਿੱਚ ਦੋਸਤ ਮੁਹੰਮਦ ਖ਼ਾਂ ਨੇ ਆਪਣੇ ਪੁੱਤਰ ਅਕਬਰ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਪਿਸ਼ਾਵਰ ਵੱਲ ਭੇਜੀ । ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ । ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁਖ ਨਾ ਕੀਤਾ ।
ਪ੍ਰਸ਼ਨ 5.
ਸੱਯਦ ਅਹਿਮਦ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Syed Ahmed.)
ਜਾਂ
ਸੱਯਦ ਅਹਿਮਦ ਦੇ ਧਰਮ ਯੁੱਧ ਉੱਪਰ ਇੱਕ ਨੋਟ ਲਿਖੋ । (Write a note on the ”Zihad’ [Religious War) of Syed Ahmed.)
ਉੱਤਰ-
1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਵਿਅਕਤੀ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ । ਉਹ ਬਰੇਲੀ ਦਾ ਰਹਿਣ ਵਾਲਾ ਸੀ । ਉਸ ਦਾ ਕਹਿਣਾ ਸੀ, “ਅਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ । ਥੋੜ੍ਹੇ ਹੀ ਸਮੇਂ ਵਿੱਚ ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ । ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਲਈ ਇੱਕ ਵੰਗਾਰ ਸੀ ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੁ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ । ਇਨ੍ਹਾਂ ਹਾਰਾਂ ਦੇ ਬਾਵਜੂਦ ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ | ਅੰਤ 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ । ਇਸ ਤਰ੍ਹਾਂ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ ।
ਪ੍ਰਸ਼ਨ 6.
ਜਮਰੌਦ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the Battle of Jamraud.)
ਉੱਤਰ-
ਕਾਬਲ ਪਹੁੰਚ ਕੇ ਦੋਸਤ ਮੁਹੰਮਦ ਖ਼ਾਂ ਚੁੱਪ ਨਾ ਬੈਠਿਆ । ਉਹ ਸਿੱਖਾਂ ਦੇ ਹੱਥੋਂ ਹੋਏ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ । ਦੂਜੇ ਪਾਸੇ ਸਿੱਖ ਵੀ ਪਿਸ਼ਾਵਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਰੁੱਝੇ ਹੋਏ ਸਨ 1 ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕਰਵਾਇਆ । ਦੋਸਤ ਮੁਹੰਮਦ ਖ਼ਾਂ ਸਿੱਖਾਂ ਦੀ ਪਿਸ਼ਾਵਰ ਵਿੱਚ ਵਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ । ਇਸ ਲਈ ਉਸ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸ-ਉਦ-ਦੀਨ ਦੇ ਅਧੀਨ 20,000 ਸੈਨਿਕਾਂ ਨੂੰ ਜਮਰੌਦ ਉੱਤੇ ਹਮਲਾ ਕਰਨ ਲਈ ਭੇਜਿਆ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਉੱਤੇ ਹਮਲਾ ਕਰ ਦਿੱਤਾ । ਸਰਦਾਰ ਮਹਾਂ ਸਿੰਘ ਨੇ ਦੋ ਦਿਨਾਂ ਤਕ ਆਪਣੇ ਕੇਵਲ 600 ਸੈਨਿਕਾਂ ਨਾਲ ਅਫ਼ਗਾਨ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ । ਉਸ ਸਮੇਂ ਹਰੀ ਸਿੰਘ ਨਲਵਾ ਪਿਸ਼ਾਵਰ ਵਿਖੇ ਸਖ਼ਤ ਬੀਮਾਰ ਪਿਆ ਸੀ ।
ਜਦੋਂ ਉਸ ਨੂੰ ਅਫ਼ਗਾਨਾਂ ਦੇ ਹਮਲੇ ਬਾਰੇ ਖ਼ਬਰ ਮਿਲੀ ਤਾਂ ਉਹ ਸ਼ੇਰ ਵਾਂਗ ਗਰਜਦਾ ਆਪਣੇ 10,000 ਸੈਨਿਕਾਂ ਨੂੰ ਨਾਲ ਲੈ ਕੇ ਜਮਰੌਦ ਪਹੁੰਚ ਗਿਆ । ਉਸ ਨੇ ਅਫ਼ਗਾਨ ਫ਼ੌਜਾਂ ਦੇ ਛੱਕੇ ਛੁਡਵਾ ਦਿੱਤੇ । ਅਚਾਨਕ ਦੋ ਗੋਲੇ ਲੱਗ ਜਾਣ ਕਾਰਨ 30 ਅਪਰੈਲ, 1837 ਈ. ਨੂੰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ | ਇਸ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖ ਫ਼ੌਜਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਉਹ ਗਿੱਦੜਾਂ ਵਾਂਗ ਕਾਬਲ ਵਾਪਸ ਦੌੜ ਗਏ । ਇਸ ਤਰ੍ਹਾਂ ਸਿੱਖ ਜਮਰੌਦ ਦੀ ਇਸ ਨਿਰਣਾਇਕ ਲੜਾਈ ਵਿੱਚ ਜੇਤੂ ਰਹੇ । ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀ ਮੌਤ ਬਾਰੇ ਪਤਾ ਚਲਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਕਈ ਦਿਨਾਂ ਤਕ ਹੰਝੂ ਵਹਿੰਦੇ ਰਹੇ । ਜਮਰੌਦ ਦੀ ਲੜਾਈ ਤੋਂ ਬਾਅਦ ਦੋਸਤ ਮੁਹੰਮਦ ਨੇ ਕਦੇ ਵੀ ਪਿਸ਼ਾਵਰ ‘ਤੇ ਦੁਬਾਰਾ ਹਮਲਾ ਕਰਨ ਦਾ ਯਤਨ ਨਾ ਕੀਤਾ । ਉਸ ਨੂੰ ਵਿਸ਼ਵਾਸ ਹੋ ਗਿਆ ਕਿ ਸਿੱਖਾਂ ਤੋਂ ਪਿਸ਼ਾਵਰ ਲੈਣਾ ਅਸੰਭਵ ਹੈ ।
ਪ੍ਰਸ਼ਨ 7.
ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Akali Phula Singh.)
ਜਾਂ
ਅਕਾਲੀ ਫੂਲਾ ਸਿੰਘ ਦੀਆਂ ਸੈਨਿਕ ਸਫਲਤਾਵਾਂ ‘ਤੇ ਇੱਕ ਨੋਟ ਲਿਖੋ । (Write a note on the achievements of Akali Phula Singh.)
ਉੱਤਰ-
ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਫੌਲਾਦੀ ਥੰਮ ਸਨ । ਉਨ੍ਹਾਂ ਨੇ ਸਿੱਖ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ । ਆਪ ਦੀ ਲਾਸਾਨੀ ਸੂਰਬੀਰਤਾ, ਨਿਡਰਤਾ, ਪੰਥਕ ਪਿਆਰ ਅਤੇ ਉੱਚੇ ਆਚਰਨ ਕਾਰਨ ਮਹਾਰਾਜਾ ਰਣਜੀਤ ਸਿੰਘ ਆਪ ਦਾ ਬਹੁਤ ਸਤਿਕਾਰ ਕਰਦਾ ਸੀ । 1807 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਕਾਰਨ ਕਸੁਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ । ਇਸੇ ਹੀ ਵਰੇ ਅਕਾਲੀ ਫੂਲਾ ਸਿੰਘ ਨੇ ਝੰਗ ਨੂੰ ਵੀ ਆਪਣੇ ਅਧੀਨ ਕੀਤਾ । ਆਪ ਜੀ ਦੇ ਸਹਿਯੋਗ ਸਦਕਾ ਹੀ 1816 ਈ. ਵਿੱਚ ਮੁਲਤਾਨ, ਭੱਖਰ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਮੁਸਲਮਾਨ ਹਾਕਮਾਂ ਵੱਲੋਂ ਸਿੱਖ ਰਾਜ ਵਿਰੁੱਧ ਭੜਕੀਆਂ ਬਗ਼ਾਵਤਾਂ ਨੂੰ ਕੁਚਲਿਆ ਜਾ ਸਕਿਆ ।
1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸੇ ਹੀ ਵਰ੍ਹੇ ਪਿਸ਼ਾਵਰ ‘ਤੇ ਹਮਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ । 1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨਾਲ ਸਨ ।ਉਹ 14 ਮਾਰਚ, 1823 ਈ. ਨੂੰ ਨੌਸ਼ਹਿਰਾ ਵਿਖੇ ਅਫ਼ਗਾਨਾਂ ਨਾਲ ਹੋਈ ਇੱਕ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ । ਨਿਰਸੰਦੇਹ ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਇੱਕ ਮਹਾਨ ਰਾਖੇ ਸਨ ।
ਪ੍ਰਸ਼ਨ 8.
ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Hari Singh Nalwa.)
ਜਾਂ
ਹਰੀ ਸਿੰਘ ਨਲਵਾ ਕੌਣ ਸੀ ? ਉਸ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (Who was Hari Singh Nalwa? What do you know about him ?)
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਮਹਾਨ ਅਤੇ ਨਿਡਰ ਜਰਨੈਲ ਸੀ । ਘੋੜਸਵਾਰੀ, ਤਲਵਾਰ-ਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਉਸ ਸਮੇਂ ਉਸ ਦਾ ਕੋਈ ਸਾਨੀ ਨਹੀਂ ਸੀ । ਉਹ ਇੱਕ ਮਹਾਨ ਯੋਧਾ ਹੋਣ ਦੇ ਨਾਲ-ਨਾਲ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ । ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ ਸੀ । ਛੇਤੀ ਹੀ ਉਹ ਉੱਨਤੀ ਦੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਸੈਨਾਪਤੀ ਦੇ ਉੱਚ ਅਹੁਦੇ ‘ਤੇ ਪਹੁੰਚ ਗਿਆ। ਇੱਕ ਵਾਰੀ ਹਰੀ ਸਿੰਘ ਨੇ ਆਪਣੇ ਹੱਥਾਂ ਨਾਲ ਇੱਕ ਸ਼ੇਰ ਨੂੰ ਮਾਰ ਦਿੱਤਾ ਸੀ ਜਿਸ ‘ਤੇ ਮਹਾਰਾਜੇ ਨੇ ਉਸ ਨੂੰ ਨਲਵਾ ਦੇ ਖਿਤਾਬ ਨਾਲ ਸਨਮਾਨਿਆ । ਉਹ ਏਨਾ ਬਹਾਦਰ ਸੀ ਕਿ ਦੁਸ਼ਮਣ ਵੀ ਉਸ ਤੋਂ ਥਰ-ਥਰ ਕੰਬਦੇ ਸਨ ।
ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕ ਮੁਹਿੰਮਾਂ ਵਿੱਚ ਹਿੱਸਾ ਲਿਆ ਅਤੇ ਹਰ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਕੀਤੀ । ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ (ਗਵਰਨਰ) ਰਹੇ । ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਨਾ ਸਿਰਫ਼ ਸ਼ਾਂਤੀ ਸਥਾਪਿਤ ਕੀਤੀ ਸਗੋਂ ਅਨੇਕਾਂ ਮਹੱਤਵਪੂਰਨ ਸੁਧਾਰ ਵੀ ਲਾਗੂ ਕੀਤੇ । ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ । ਉਸ ਦੀ ਮੌਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਭਾਰੀ ਸਦਮਾ ਪਹੁੰਚਿਆ ਤੇ ਉਹ ਕਈ ਦਿਨਾਂ ਤਕ ਰੋਂਦਾ ਰਿਹਾ । ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਵਿਸਥਾਰ ਵਿੱਚ ਹਰੀ ਸਿੰਘ ਨਲਵਾ ਨੇ ਬਹੁਮੁੱਲਾ ਯੋਗਦਾਨ ਦਿੱਤਾ ।
ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
(Describe the main features of North-West Frontier Policy of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਖੇਤਰ ਦੀ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ । (Explain the features of North-West Frontier Policy of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਅਟਕ, ਮੁਲਤਾਨ, ਕਸ਼ਮੀਰ, ਡੇਰਾ ਗਾਜ਼ੀ ਖ਼ਾਂ, ਡੇਰਾ ਇਸਮਾਈਲ ਖਾਂ, ਪਿਸ਼ਾਵਰ ਆਦਿ ਉੱਤਰ-ਪੱਛਮੀ ਸੀਮਾ ਦੇਸ਼ਾਂ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਦੇ ਵੀ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਯਤਨ ਨਾ ਕੀਤਾ । ਉਸ ਨੂੰ ਪਹਿਲਾਂ ਹੀ ਉੱਤਰ-ਪੱਛਮੀ ਸੀਮਾ ਪ੍ਰਦੇਸ਼ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਸ ਲਈ ਉਹ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਕੇ ਕੋਈ ਨਵੀਂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ ।
ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਮਹੱਤਵਪੂਰਨ ਕਦਮ ਚੁੱਕੇ ।ਉਸ ਨੇ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਕਈ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ । ਇਨ੍ਹਾਂ ਕਿਲ੍ਹਿਆਂ ਵਿੱਚ ਬੜੀ ਸਿੱਖਿਅਤ ਸੈਨਾ ਰੱਖੀ ਗਈ । ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ । ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਦੇਸ਼ ਦਾ ਸ਼ਾਸਨ ਪ੍ਰਬੰਧ ਬੜੀ ਸੂਝ-ਬੂਝ ਨਾਲ ਕੀਤਾ । ਉਸ ਨੇ ਇਸ ਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ । ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖਲ-ਅੰਦਾਜ਼ੀ ਨਾ ਕੀਤੀ ਗਈ । ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ ।
ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ ? (What is the significance of Noth-West Frontier Policy of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ । ਇਸ ਤੋਂ ਮਹਾਰਾਜੇ ਦੀ ਦੂਰ-ਦ੍ਰਿਸ਼ਟੀ, ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ ਉਸ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ । ਇਹ ਰਣਜੀਤ ਸਿੰਘ ਦੀ ਇੱਕ ਮਹਾਨ ਸਫਲਤਾ ਸੀ ਕਿ ਉਸ ਨੇ ਉੱਤਰ-ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ । ਮਹਾਰਾਜਾ ਰਣਜੀਤ ਸਿੰਘ ਨੇ ਕਬੀਲਿਆਂ ਵਿੱਚ ਪ੍ਰਚਲਿਤ ਕਾਨੂੰਨਾਂ ਅਤੇ ਰਸਮਾਂ-ਰਿਵਾਜਾਂ ਨੂੰ ਬਣਾਈ ਰੱਖਿਆ । ਉਹ ਫਜੂਲ ਹੀ ਉਨ੍ਹਾਂ ਦੇ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ ।
ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ । ਖੇਤੀ-ਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ । ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਬਹੁਤ ਕਮੀ ਕਰ ਦਿੱਤੀ ਗਈ । ਸਿੱਟੇ ਵਜੋਂ ਨਾ ਕੇਵਲ ਉੱਥੋਂ ਦੇ ਲੋਕ ਖੁਸ਼ਹਾਲ ਹੋਏ ਸਗੋਂ ਰਣਜੀਤ ਸਿੰਘ ਦੇ ਵਪਾਰ ਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਿਆ । ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਕਾਫ਼ੀ ਸਫਲ ਰਹੀ ।
ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ (Ranjit Singh’s Relations with Afghanistan)
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਕਰੋ । (Briefly describe Maharaja Ranjit Singh’s relations with the Afghans.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਦੇ ਮੁੱਖ ਪੜਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the main stages of relations of Maharaja Ranjit Singh with Afghanistan.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ-
(ੳ) ਸਿੱਖ-ਅਫ਼ਗਾਨ ਸੰਬੰਧਾਂ ਦਾ ਪਹਿਲਾ ਪੜਾਅ 1797-1812 ਈ.,
(ਅ) ਸਿੱਖ-ਅਫ਼ਗਾਨ ਸੰਬੰਧਾਂ ਦਾ ਦੂਜਾ ਪੜਾਅ 1813-1834 ਈ.,
(ੲ) ਸਿੱਖ-ਅਫ਼ਗਾਨ ਸੰਬੰਧਾਂ ਦਾ ਤੀਜਾ ਪੜਾਅ 1834-1837 ਈ.
(ਸ) ਸਿੱਖ-ਅਫ਼ਗਾਨ ਸੰਬੰਧਾਂ ਦਾ ਚੌਥਾ ਪੜਾਅ 1838-1839 ਈ. ।
(ੳ) ਸਿੱਖ-ਅਫ਼ਗਾਨ ਸੰਬੰਧਾਂ ਦਾ ਪਹਿਲਾ ਪੜਾਅ 1797-1812 ਈ. (First Stage of Sikh-Afghan Relations 1797-1812 A.D.)
1. ਰਣਜੀਤ ਸਿੰਘ ਅਤੇ ਸ਼ਾਹ ਜ਼ਮਾਨ (Ranjit Singh and Shah Zaman) – ਜਦੋਂ 1797 ਈ. ਵਿੱਚ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਉਸ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਜ਼ਮਾਨ ਸੀ । ਉਹ ਪੰਜਾਬ ਨੂੰ ਆਪਣੀ ਜੱਦੀ ਮਲਕੀਅਤ ਸਮਝਦਾ ਸੀ । ਇਸ ਦਾ ਕਾਰਨ ਇਹ ਸੀ ਕਿ ਇਸ ‘ਤੇ ਉਸ ਦੇ ਦਾਦੇ ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਕਬਜ਼ਾ ਕੀਤਾ ਸੀ । ਇਸ ਤਰ੍ਹਾਂ ਸ਼ਾਹ ਜ਼ਮਾਨ ਨੇ 27 ਨਵੰਬਰ, 1798 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਭੰਗੀ ਸਰਦਾਰ ਸ਼ਾਹ ਜ਼ਮਾਨ ਦਾ ਬਿਨਾਂ ਮੁਕਾਬਲਾ ਕੀਤੇ ਸ਼ਹਿਰ ਛੱਡ ਕੇ ਨੱਸ ਗਏ । ਉਸ ਸਮੇਂ ਅਫ਼ਗਾਨਿਸਤਾਨ ਵਿੱਚ ਹੋਈ ਬਗ਼ਾਵਤ ਕਾਰਨ ਸ਼ਾਹ ਜ਼ਮਾਨ ਨੂੰ ਕਾਬਲ ਜਾਣਾ ਪਿਆ । ਇਸ ’ਤੇ ਭੰਗੀ ਸਰਦਾਰਾਂ ਨੇ ਜਨਵਰੀ 1799 ਈ. ਨੂੰ ਲਾਹੌਰ ‘ਤੇ ਮੁੜ ਕਬਜ਼ਾ ਕਰ ਲਿਆ । ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਨੂੰ ਹਰਾ ਕੇ 7 ਜੁਲਾਈ, 1799 ਈ. ਨੂੰ ਲਾਹੌਰ ਉੱਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਦੀਆਂ 12 ਜਾਂ 15 ਤੋਪਾਂ ਜੋ ਦਰਿਆ ਜੇਹਲਮ ਵਿੱਚ ਡਿੱਗ ਪਈਆਂ ਸਨ ਕਢਵਾ ਕੇ ਕਾਬਲ ਭੇਜੀਆਂ । ਇਸ ਤੋਂ ਖ਼ੁਸ਼ ਹੋ ਕੇ ਸ਼ਾਹ ਜ਼ਮਾਨ ਨੇ ਰਣਜੀਤ ਸਿੰਘ ਦੇ ਲਾਹੌਰ ‘ਤੇ ਕੀਤੇ ਗਏ ਕਬਜ਼ੇ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ ।
2. ਅਫ਼ਗਾਨਿਸਤਾਨ ਵਿੱਚ ਰਾਜਨੀਤਿਕ ਅਸਥਿਰਤਾ (Political Instability in Afghanistan) – 1800 ਈ. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖ਼ਾਨਾਜੰਗੀ ਸ਼ੁਰੂ ਹੋ ਗਈ । ਸ਼ਾਹ ਜ਼ਮਾਨ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ । 1803 ਈ. ਵਿੱਚ ਸ਼ਾਹ ਸ਼ੁਜਾਹ ਨੇ ਸ਼ਾਹ ਮਹਿਮਦ ਤੋਂ ਗੱਦੀ ਹਥਿਆ ਲਈ ।ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ । ਇਸ ਕਾਰਨ ਅਫ਼ਗਾਨਿਸਤਾਨ ਵਿੱਚ ਅਰਾਜਕਤਾ ਫੈਲ ਗਈ । ਇਹ ਸੁਨਹਿਰੀ ਮੌਕਾ ਵੇਖ ਕੇ ਅਟਕ, ਕਸ਼ਮੀਰ, ਮੁਲਤਾਨ ਤੇ ਡੇਰਾਜਾਤ ਆਦਿ ਦੇ ਅਫ਼ਗਾਨ ਸੁਬੇਦਾਰਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਬਲ ਸਰਕਾਰ ਦੀ ਕਮਜ਼ੋਰੀ ਦਾ ਪੂਰਾ ਫਾਇਦਾ ਉਠਾਇਆ ਅਤੇ ਕਸੂਰ, ਝੰਗ, ਖੁਸ਼ਾਬ ਅਤੇ ਸਾਹੀਵਾਲ ਨਾਂ ਦੇ ਅਫ਼ਗਾਨ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਲਿਆ ।
(ਅ) ਸਿੱਖ-ਅਫ਼ਗਾਨ ਸੰਬੰਧਾਂ ਦਾ ਦੂਜਾ ਪੜਾਅ 1813-1834 ਈ. (Second Stage of Sikh-Afghan Relations 1813-1834 A.D.)
1813 ਈ. ਤੋਂ 1834 ਈ. ਤਕ ਦਾ ਕਾਲ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਦੇ ਇਤਿਹਾਸ ਵਿੱਚ ਅਤਿ ਮਹੱਤਵਪੂਰਨ ਕਾਲ ਹੈ । ਇਸ ਕਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅਫ਼ਗਾਨਾਂ ਵਿਚਕਾਰ ਇੱਕ ਲੰਬਾ ਸੰਘਰਸ਼ ਚਲਦਾ ਰਿਹਾ । ਇਸ ਸੰਘਰਸ਼ ਵਿੱਚ ਅੰਤ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ ।
1. ਰਣਜੀਤ ਸਿੰਘ ਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ 1813 ਈ. (Alliance between Ranjit Singh and Fateh Khan 1813 A.D. – 1813 ਈ. ਵਿੱਚ ਅਫ਼ਗਾਨ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ਜਿੱਤਣ ਦੀ ਯੋਜਨਾ ਬਣਾਈ । ਉਸ ਸਮੇਂ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਵੀ ਕਸ਼ਮੀਰ ਨੂੰ ਜਿੱਤਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਇਸ ਲਈ 18 ਅਪਰੈਲ, 1813 ਈ. ਨੂੰ ਰੋਹਤਾਸਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਇੱਕ ਸਮਝੌਤਾ ਹੋ ਗਿਆ । ਇਸ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਦੀਆਂ ਸਾਂਝੀਆਂ ਫ਼ੌਜਾਂ ਨੇ 1813 ਈ. ਵਿੱਚ ਕਸ਼ਮੀਰ ਉੱਤੇ ਹਮਲਾ ਕਰ ਦਿੱਤਾ । ਸ਼ੇਰਗੜ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਦੀ ਹਾਰ ਹੋਈ । ਇਸ ਜਿੱਤ ਤੋਂ ਬਾਅਦ ਫ਼ਤਿਹ ਖਾਂ ਆਪਣੇ ਵਾਅਦੇ ਤੋਂ ਮੁਕਰ ਗਿਆ ਤੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਤੇ ਕਸ਼ਮੀਰ ਦਾ ਕੋਈ ਪ੍ਰਦੇਸ਼ ਦਿੱਤਾ ਅਤੇ ਨਾ ਹੀ ਲੁੱਟ ਦੇ ਮਾਲ ਵਿੱਚੋਂ ਕੋਈ ਹਿੱਸਾ ।
2. ਅਟਕ ‘ਤੇ ਕਬਜ਼ਾ 1813 ਈ. (Occupation of Attock 1813 A.D.) – ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਦੁਆਰਾ ਕੀਤੇ ਗਏ ਧੋਖੇ ਕਾਰਨ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ । ਉਸ ਦੀ ਕੁਟਨੀਤੀ ਦੇ ਸਿੱਟੇ ਵਜੋਂ ਅਟਕ ਦੇ ਸ਼ਾਸਕ ਜਹਾਂਦਾਦ ਖਾਂ ਨੇ 1 ਲੱਖ ਰੁਪਏ ਦੀ ਜਾਗੀਰ ਦੇ ਬਦਲੇ ਅਟਕ ਦਾ ਇਲਾਕਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਜਦੋਂ ਫ਼ਤਿਹ ਖਾਂ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਹ ਅਟਕ ਵਿੱਚੋਂ ਸਿੱਖਾਂ ਨੂੰ ਕੱਢਣ ਲਈ ਤੁਰ ਪਿਆ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਹਿ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ । ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ । ਇਸ ਵਿੱਚ ਸਿੱਖਾਂ ਦੀ ਜਿੱਤ ਕਾਰਨ ਸਿੱਖਾਂ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ ।
3. ਕਸ਼ਮੀਰ ਦੀ ਜਿੱਤ 1819 ਈ. (Conguest of Kashmir 1819 A.D.) – ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ਨੂੰ ਜਿੱਤਣ ਦੀ ਯੋਜਨਾ ਬਣਾਈ | ਮੁਲਤਾਨ ਦੇ ਜੇਤੂ ਮਿਸਰ ਦੀਵਾਨ ਚੰਦ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਵੱਲ ਭੇਜੀ ਗਈ । ਇਹ ਫ਼ੌਜ ਕਸ਼ਮੀਰ ਦੇ ਸ਼ਾਸਕ ਜ਼ਬਰ ਖਾਂ ਨੂੰ ਹਰਾਉਣ ਅਤੇ ਕਸ਼ਮੀਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਰਹੀ । ਇਸ ਮਹੱਤਵਪੂਰਨ ਜਿੱਤ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ ।
4. ਨੌਸ਼ਹਿਰਾ ਦੀ ਲੜਾਈ 1823 ਈ. (Battle of Naushehra 1823 A.D.) – ਛੇਤੀ ਹੀ ਫ਼ਤਿਹ ਖਾਂ ਦੇ ਭਰਾ ਆਜ਼ਿਮ ਨੇ ਅਜੂਬ ਖਾਂ ਨੂੰ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਾਇਆ ਅਤੇ ਆਪ ਉਸ ਦਾ ਵਜ਼ੀਰ ਬਣ ਗਿਆ । ਅਫ਼ਗਾਨਿਸਤਾਨ ਵਿੱਚ ਫੈਲੀ ਬਦਅਮਨੀ ਦਾ ਲਾਭ ਉੱਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ 1818 ਈ. ਵਿੱਚ ਪਿਸ਼ਾਵਰ ‘ਤੇ ਹਮਲਾ ਕਰ ਦਿੱਤਾ । ਪਿਸ਼ਾਵਰ ਦੇ ਸ਼ਾਸਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ । ਆਜ਼ਿਮ ਸ਼ਾਂ ਇਹ ਕਦੇ ਸਹਿਣ ਨਹੀਂ ਕਰ ਸਕਦਾ ਸੀ । ਸਿੱਟੇ ਵਜੋਂ 14 ਮਾਰਚ, 1823 ਈ. ਨੂੰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚਾਲੇ ਇੱਕ ਨਿਰਣਾਇਕ ਲੜਾਈ ਹੋਈ। ਇਹ ਲੜਾਈ ਬੜੀ ਭਿਅੰਕਰ ਸੀ । ਇਸ ਲੜਾਈ ਵਿੱਚ ਸਿੱਖਾਂ ਨੇ ਅਫ਼ਗਾਨਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ । ਡਾਕਟਰ ਬੀ. ਜੇ. ਹਜਰਤ ਦੇ ਸ਼ਬਦਾਂ ਵਿਚ,
“ਨੌਸ਼ਹਿਰਾ ਵਿਖੇ ਸਿੱਖਾਂ ਦੀ ਜਿੱਤ ਨੇ ਸਿੰਧ ਨਦੀ ਦੇ ਪਰਲੇ ਪਾਸੇ ਅਫ਼ਗਾਨਾਂ ਦੀ ਸਰਵ-ਉੱਚਤਾ ਹਮੇਸ਼ਾਂ ਲਈ ਖ਼ਤਮ ਕਰ ਦਿੱਤੀ ।” 1
5. ਸੱਯਦ ਅਹਿਮਦ ਦਾ ਵਿਦਰੋਹ 1827-31 ਈ. (Revolt of Sayyed Ahmad 1827-31 A.D.1827) – ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਵਿਅਕਤੀ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ । ਉਸ ਦਾ ਕਹਿਣਾ ਸੀ, “ਅੱਲਾਹ ਨੇ ਮੈਨੂੰ ਅਫ਼ਗਾਨ ਦੇਸ਼ਾਂ ਵਿਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ । ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੁ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ । ਅੰਤ ਮਈ 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ । ਇਸ ਨਾਲ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ ।
6. ਸ਼ਾਹ ਸ਼ੁਜਾਹ ਨਾਲ ਸੰਧੀ 1833 ਈ. (Treaty with Shah Shujah 1833 A.D.) – 12 ਮਾਰਚ, 1833 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਾਲੇ ਇੱਕ ਸੰਧੀ ਹੋਈ । ਇਸ ਅਨੁਸਾਰ ਸ਼ਾਹ ਸ਼ੁਜਾਹ ਨੇ ਰਣਜੀਤ ਸਿੰਘ ਦੁਆਰਾ ਸਿੰਧ ਦਰਿਆ ਦੇ ਉੱਤਰ-ਪੱਛਮ ਵਿੱਚ ਜਿੱਤੇ ਗਏ ਸਾਰੇ ਦੇਸ਼ਾਂ ਉੱਤੇ ਉਸ ਦਾ ਅਧਿਕਾਰ ਸਵੀਕਾਰ ਕਰ ਲਿਆ । ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਖ਼ਾਂ ਵਿਰੁੱਧ ਲੜਨ ਵਿੱਚ ਸਹਾਇਤਾ ਕੀਤੀ ।
7. ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਮਿਲਾਉਣਾ 1834 ਈ. (Annexation of Peshawar to Lahore Kingdom 1834 A.D.) – ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ | ਇਸ ਉਦੇਸ਼ ਨਾਲ ਸ਼ਹਿਜ਼ਾਦਾ ਨੌਨਿਹਾਲ ਸਿੰਘ, ਹਰੀ ਸਿੰਘ ਨਲਵਾ ਅਤੇ ਜਨਰਲ ਵੈਂਤੂਰਾ ਦੇ ਅਧੀਨ ਇੱਕ ਵਿਸ਼ਾਲ ਫੌਜ ਪਿਸ਼ਾਵਰ ਭੇਜੀ । 6 ਮਈ, 1834 ਈ. ਨੂੰ ਪਿਸ਼ਾਵਰ ਨੂੰ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ । ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ ।
(ੲ) ਸਿੱਖ-ਅਫ਼ਗਾਨ ਸੰਬੰਧਾਂ ਦਾ ਤੀਜਾ ਪੜਾਅ 18341837 ਈ. (Third Stage of Sikh-Afghan Relations 1834-1837 A.D.)
1. ਦੋਸਤ ਮੁਹੰਮਦ ਖ਼ਾਂ ਦੇ ਪਿਸ਼ਾਵਰ ਵਾਪਸ ਲੈਣ ਦੇ ਯਤਨ 1835 ਈ. (Efforts to recapture Peshawar by Dost Muhammad Khan 1835 A.D.) – 1834 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਤਾਂ ਦੋਸਤ ਮੁਹੰਮਦ ਖਾਂ ਗੁੱਸੇ ਨਾਲ ਲਾਲ ਪੀਲਾ ਹੋ ਗਿਆ | ਵੱਡੀ ਗਿਣਤੀ ਵਿੱਚ ਅਫ਼ਗਾਨ ਕਬੀਲੇ ਉਸ ਦੇ ਝੰਡੇ ਅਧੀਨ ਇਕੱਠੇ ਹੋ ਗਏ । ਉਸ ਨੇ ਆਪਣੇ ਭਰਾ ਸੁਲਤਾਨ ਮੁਹੰਮਦ ਨੂੰ ਵੀ ਆਪਣੇ ਨਾਲ ਰਲਾ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼ਉੱਦੀਨ ਅਤੇ ਹਰਲਾਨ ਨੂੰ ਗੱਲਬਾਤ ਕਰਨ ਲਈ ਕਾਬਲ ਭੇਜਿਆ । ਇਸ ਮਿਸ਼ਨ ਦਾ ਇੱਕ ਹੋਰ ਉਦੇਸ਼ ਦੋਸਤ ਮੁਹੰਮਦ ਖਾਂ ਅਤੇ ਸੁਲਤਾਨ ਮੁਹੰਮਦ ਖ਼ਾਂ ਵਿੱਚ ਫੁੱਟ ਪਵਾਉਣਾ ਸੀ । ਇਹ ਮਿਸ਼ਨ ਆਪਣੇ ਉਦੇਸ਼ਾਂ ਵਿੱਚ ਸਫਲ ਰਿਹਾ । ਪਿਸ਼ਾਵਰ ਦੇ ਨੇੜੇ ਜਦੋਂ ਦੋਵੇਂ ਫ਼ੌਜਾਂ ਇੱਕ ਦੂਜੇ ਦੇ ਸਾਹਮਣੇ ਪਹੁੰਚੀਆਂ ਤਾਂ ਸੁਲਤਾਨ ਮੁਹੰਮਦ ਆਪਣੇ ਸੈਨਿਕਾਂ ਨਾਲ ਸਿੱਖ ਫ਼ੌਜਾਂ ਨਾਲ ਜਾ ਰਲਿਆ । ਇਹ ਵੇਖ ਕੇ ਦੋਸਤ ਮੁਹੰਮਦ ਖ਼ਾਂ ਬਿਨਾਂ ਲੜੇ ਹੀ 11 ਮਈ, 1835 ਈ. ਨੂੰ ਆਪਣੇ ਸੈਨਿਕਾਂ ਸਮੇਤ ਵਾਪਸ ਕਾਬਲ ਦੌੜ ਗਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਲੜੇ ਹੀ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ।
2. ਜਮਰੌਦ ਦੀ ਲੜਾਈ 1837 ਈ. (Battle of Jamraud 1837 A.D.) – ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ | ਹਰੀ ਸਿੰਘ ਨਲਵਾ ਦੀ ਇਸ ਕਾਰਵਾਈ ਨੂੰ ਰੋਕਣ ਲਈ ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸਉੱਦੀਨ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਭੇਜੀ ਇਸ ਫ਼ੌਜ ਨੇ 28 ਅਪਰੈਲ, 1837 ਈ. ਜਮਰੌਦ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਸੀ ਪਰ ਸਿੱਖਾਂ ਨੇ ਅਫ਼ਗਾਨ ਫ਼ੌਜਾਂ ਨੂੰ ਅਜਿਹੀ ਕਰਾਰੀ ਹਾਰ ਦਿੱਤੀ ਕਿ ਉਨ੍ਹਾਂ ਨੇ ਸੁਪਨੇ ਵਿੱਚ ਵੀ ਕਦੇ ਪਿਸ਼ਾਵਰ ਦਾ ਨਾਂ ਨਾ ਲਿਆ ।
(ਸ) ਸਿੱਖ-ਅਫ਼ਗਾਨ ਸੰਬੰਧਾਂ ਦਾ ਚੌਥਾ ਪੜਾਅ 1838-39 ਈ. (Fourth Stage of Sikh-Afghan Relations 1838-39 A.D.)
ਸਿੱਖ-ਅਫ਼ਗਾਨ ਸੰਬੰਧਾਂ ਦੇ ਚੌਥੇ ਅਤੇ ਅੰਤਿਮ ਪੜਾਅ ਵਿੱਚ ਇੱਕ ਹੋਰ ਮਹੱਤਵਪੂਰਨ ਤਬਦੀਲੀ ਆਈ । ਹੁਣ ਅੰਗਰੇਜ਼ ਵੀ ਇਸ ਵਿੱਚ ਸ਼ਾਮਲ ਹੋ ਗਏ ਸਨ ।
ਤੈ-ਪੱਖੀ ਸੰਧੀ 1838 ਈ. (Tripartite Treaty 1838 A.D.-1837 ਈ. ਵਿੱਚ ਰੁਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਰੂਸ ਦੇ ਭਾਰਤ ਉੱਤੇ ਕਿਸੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨਾਲ ਮਿੱਤਰਤਾ ਲਈ ਗੱਲਬਾਤ ਕੀਤੀ । ਇਹ ਗੱਲਬਾਤ ਕਿਸੇ ਸਿਰੇ ਨਾ ਚੜ ਸਕੀ । ਹੁਣ ਅੰਗਰੇਜ਼ਾਂ ਨੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦੀ ਯੋਜਨਾ ਬਣਾਈ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ । ਇਸ ਤਰ੍ਹਾਂ 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤੈ-ਪੱਖੀ ਸੰਧੀ ਹੋਈ ।
ਤੂੰ-ਪੱਖੀ ਸੰਧੀ ਦੀਆਂ ਸ਼ਰਤਾਂ ਇਹ ਸਨ-
- ਸ਼ਾਹ ਸ਼ੁਜਾਹ ਨੂੰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
- ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ ।
- ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫ਼ੈਸਲੇ ਹੋਣਗੇ ਸ਼ਾਹ ਸ਼ੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ ।
- ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ ।
- ਇਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ ।
- ਸ਼ਾਹ ਸ਼ੁਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ ।
ਤੈ-ਪੱਖੀ ਸੰਧੀ ਦੇ ਅਨੁਸਾਰ ਜਨਵਰੀ, 1839 ਈ. ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਸਾਂਝੀਆਂ ਫ਼ੌਜਾਂ ਨੇ ਅਫ਼ਗਾਨਿਸਤਾਨ ਉੱਤੇ ਹਮਲਾ ਕਰ ਦਿੱਤਾ । ਦੋਸਤ ਮੁਹੰਮਦ ਖ਼ਾਂ ਵਿਰੁੱਧ ਹਾਲੇ ਇਹ ਕਾਰਵਾਈ ਜਾਰੀ ਸੀ ਕਿ 27 ਜੂਨ, 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਚਲ ਵਸਿਆ ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਿੱਖ-ਅਫ਼ਗਾਨ ਸੰਬੰਧਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪਲੜਾ ਭਾਰੀ ਰਿਹਾ । ਉਸ ਨੇ ਅਜਿੱਤ ਕਹੇ ਜਾਣ ਵਾਲੇ ਅਫ਼ਗਾਨਾਂ ਨੂੰ ਕਈ ਫ਼ੈਸਲਾਕੁੰਨ ਲੜਾਈਆਂ ਵਿੱਚ ਹਰਾਇਆ । ਇਨ੍ਹਾਂ ਸ਼ਾਨਦਾਰ ਜਿੱਤਾਂ ਕਾਰਨ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਵੀ ਬਹੁਤ ਵਾਧਾ ਹੋਇਆ ।
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਵਿੱਚ (North-West Frontier Policy of Maharaja Ranjit Singh)
ਪ੍ਰਸ਼ਨ 2.
ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਵਰਣਨ ਕਰੋ । (Discuss the North-West Frontier Policy of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਨਿਰੀਖਣ ਕਰੋ । ਇਸ ਦਾ ਕੀ ਮਹੱਤਵ ਸੀ ? (Examine the main features of the North-West frontier Policy of Ranjit Singh. What was its significance ?)
ਜਾਂ
ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨਾਲ ਸੰਬੰਧਿਤ ਨੀਤੀ ਦੀ ਆਲੋਚਨਾਤਮਕ ਚਰਚਾ ਕਰੋ । ਉਸ ਦੀ ਇਹ ਨੀਤੀ ਕਿਸ ਹੱਦ ਤਕ ਸਫਲ ਰਹੀ ?
(Critically examine the North-West Frontier Policy of Ranjit Singh. To what extent was his policy successful ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀ ਵਿਆਖਿਆ ਕਰੋ । (Explain the North-West Frontier Policy of Maharaja Ranjit Singh.)
ਉੱਤਰ-
ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਪੰਜਾਬ ਅਤੇ ਭਾਰਤ ਦੇ ਹਾਕਮਾਂ ਲਈ ਹਮੇਸ਼ਾਂ ਇੱਕ ਸਿਰਦਰਦੀ ਦਾ ਕਾਰਨ ਬਣੀ ਰਹੀ ਹੈ । ਇਸ ਦਾ ਕਾਰਨ ਇਹ ਸੀ ਕਿ ਇਸ ਪਾਸੇ ਤੋਂ ਵਿਦੇਸ਼ੀ ਹਮਲਾਵਰ ਪੰਜਾਬ ਤੇ ਭਾਰਤ ਵਿੱਚ ਆ ਕੇ ਤਬਾਹੀ ਮਚਾਉਂਦੇ ਰਹੇ । ਇਸ ਤੋਂ ਇਲਾਵਾ ਇਸ ਸਾਰੇ ਦੇਸ਼ ਵਿੱਚ ਬੜੇ ਹੀ ਖੰਖਾਰ ਕਬੀਲੇ ਰਹਿੰਦੇ ਸਨ । ਉਹ ਆਪਣੇ ਸੁਭਾਅ ਤੋਂ ਹੀ ਅਨੁਸ਼ਾਸਨ ਵਿਰੋਧੀ ਸਨ । ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਾਜਸੀ ਸੂਝਬੂਝ ਅਤੇ ਕੂਟਨੀਤੀ ਰਾਹੀਂ ਨਾ ਕੇਵਲ ਇਨ੍ਹਾਂ ਕਬੀਲਿਆਂ ਉੱਤੇ ਹੀ ਜਿੱਤ ਪ੍ਰਾਪਤ ਕੀਤੀ ਸਗੋਂ ਉਨ੍ਹਾਂ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਵੀ ਮਜਬੂਰ ਕੀਤਾ ।
I. ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ (Main Features of the North-West Frontier Policy)
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
1. ਉੱਤਰ-ਪੱਛਮੀ ਦੇਸ਼ਾਂ ਦੀਆਂ ਜਿੱਤਾਂ (Conquests of North-Western Territories) – ਮਹਾਰਾਜਾ ਰਣਜੀਤ ਸਿੰਘ ਦੀਆਂ ਉੱਤਰ-ਪੱਛਮੀ ਦੇਸ਼ਾਂ ਦੀਆਂ ਜਿੱਤਾਂ ਦੇ ਦੋ ਪੜਾਅ ਸਨ । ਉਸ ਨੇ ਅਟਕ, ਮੁਲਤਾਨ ਅਤੇ ਕਸ਼ਮੀਰ ਦੀਆਂ ਜਿੱਤਾਂ ਤੋਂ ਬਾਅਦ ਦਰਿਆ ਸਿੰਧ ਦੇ ਪਾਰ ਦੇ ਦੇਸ਼ਾਂ ਵੱਲ ਧਿਆਨ ਦਿੱਤਾ । ਉਸ ਨੇ 1818 ਈ. ਵਿੱਚ ਪਿਸ਼ਾਵਰ, 1820 ਈ. ਵਿੱਚ ਬਹਾਵਲਪੁਰ ਅਤੇ 1821 ਈ. ਵਿੱਚ ਡੇਰਾ ਇਸਮਾਈਲ ਖ਼ਾਂ ਤੇ ਮਨਕੇਰਾ ਨਾਂ ਦੇ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕੀਤੀ । ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਇਨ੍ਹਾਂ ਦੇਸ਼ਾਂ ਨੂੰ ਸਾਲਾਨਾ ਖਿਰਾਜ ਦੇ ਬਦਲੇ ਮੁਸਲਮਾਨਾਂ ਦੇ ਅਧੀਨ ਹੀ ਰਹਿਣ ਦਿੱਤਾ ਸੀ । 1827 ਈ. ਤੋਂ 1831 ਈ. ਦੇ ਦੌਰਾਨ ਤਕ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਬਹੁਤ ਵੱਧ ਗਈ ਸੀ । ਇਸ ਲਈ ਉਸ ਨੇ ਇਨ੍ਹਾਂ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ । ਸਿੱਟੇ ਵਜੋਂ ਮਹਾਰਾਜੇ ਨੇ 1831 ਈ. ਵਿੱਚ ਡੇਰਾ ਗਾਜ਼ੀ ਖ਼ਾਂ, 1832 ਈ. ਵਿੱਚ ਟੌਕ, 1833 ਈ. ਵਿੱਚ ਬੰਨੂੰ, 1834 ਈ. ਵਿੱਚ ਪਿਸ਼ਾਵਰ ਅਤੇ 1836 ਈ. ਵਿੱਚ ਡੇਰਾ ਇਸਮਾਈਲ ਖਾਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ ।
2. ਅਫ਼ਗਾਨਿਸਤਾਨ ‘ਤੇ ਕਬਜ਼ਾ ਨਾ ਕਰਨ ਦਾ ਫ਼ੈਸਲਾ (Decision of not conquering Afghanistan) – ਮਹਾਰਾਜਾ ਰਣਜੀਤ ਸਿੰਘ ਬੜਾ ਸੂਝਵਾਨ ਸੀ । ਇਸ ਲਈ ਉਸ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਕਦੇ ਕੋਈ ਯਤਨ ਨਹੀਂ ਕੀਤਾ । ਉਸ ਨੂੰ ਉੱਤਰ-ਪੱਛਮੀ ਸੀਮਾ ਦੇ ਦੇਸ਼ਾਂ ਵਿੱਚ ਹੀ ਪਹਿਲਾਂ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਅਜਿਹੀ ਸਥਿਤੀ ਵਿੱਚ ਉਹ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਕੇ ਆਪਣੇ ਲਈ ਕੋਈ ਨਵੀਂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ । ਸ਼ਾਇਦ ਕੇਵਲ ਇੱਕ ਮੌਕੇ ਉੱਤੇ ਹੀ ਉਸ ਨੇ ਗੰਭੀਰਤਾ ਨਾਲ ਅਫ਼ਗਾਨਿਸਤਾਨ ‘ਤੇ ਹਮਲਾ ਕਰਨ ਬਾਰੇ ਸੋਚਿਆ ਸੀ ਕਿਉਂਕਿ ਉਹ ਹਰੀ ਸਿੰਘ ਨਲਵੇ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ । ਛੇਤੀ ਹੀ ਪਿੱਛੋਂ ਜਦੋਂ ਮਹਾਰਾਜੇ ਦਾ ਗੁੱਸਾ ਉਤਰ ਗਿਆ ਤਾਂ ਉਸ ਨੇ ਅਫ਼ਗਾਨਿਸਤਾਨ ਉੱਤੇ ਹਮਲਾ ਕਰਨ ਦੇ ਆਪਣੇ ਵਿਚਾਰ ਨੂੰ ਛੱਡ ਦਿੱਤਾ । ਇਹ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੂਨ, 1838· ਈ. ਵਿੱਚ ਤੈ-ਪੱਖੀ ਸੰਧੀ ਵਿੱਚ ਸ਼ਾਮਲ ਹੋਇਆ ਸੀ । ਉਹ ਇਸ ਸੰਧੀ ਵਿੱਚ ਇਸ ਲਈ ਸ਼ਾਮਲ ਹੋਇਆ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਉਸ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ ।
3. ਕਬੀਲਿਆਂ ਨੂੰ ਕੁਚਲਣ ਦੇ ਯਤਨ (Efforts to crush the Tribes) – ਮਹਾਰਾਜਾ ਰਣਜੀਤ ਸਿੰਘ ਅਧੀਨ ਉੱਤਰ-ਪੱਛਮੀ ਦੇਸ਼ਾਂ ਵਿੱਚ ਅਨੇਕਾਂ ਅਫ਼ਗਾਨ ਕਬੀਲੇ ਸਨ । ਉਨ੍ਹਾਂ ਦਾ ਮੁੱਖ ਪੇਸ਼ਾ ਲੁੱਟਮਾਰ ਕਰਨਾ ਸੀ । ਉਹ ਕਦੇ ਵੀ ਕਿਸੇ ਦੇ ਅਧੀਨ ਨਹੀਂ ਰਹਿ ਸਕਦੇ ਸਨ । 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨੇ ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਕਬੀਲਿਆਂ ਨੂੰ ਸਿੱਖਾਂ ਵਿਰੁੱਧ ਭੜਕਾਇਆ । ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਕਬੀਲਿਆਂ ਨੂੰ ਕੁਚਲਣ ਲਈ ਕਈ ਸੈਨਿਕੇ ਮੁਹਿੰਮਾਂ ਭੇਜੀਆਂ | ਸੱਯਦ ਅਹਿਮਦ 1831 ਈ. ਵਿੱਚ ਬਾਲਾਕੋਟ ਵਿਖੇ ਸਹਿਜ਼ਾਦਾ ਸ਼ੇਰ ਸਿੰਘ ਨਾਲ ਲੜਦਾ ਹੋਇਆ ਆਪਣੇ 500 ਸਾਥੀਆਂ ਸਮੇਤ ਮਾਰਿਆ ਗਿਆ ਸੀ । 1834 ਈ. ਵਿੱਚ ਜਦੋਂ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਤਾਂ ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ | ਹਰੀ ਸਿੰਘ ਨਲਵਾ ਨੇ ਇਨ੍ਹਾਂ ਕਬੀਲਿਆਂ ਨੂੰ ਕੁਚਲਣ ਲਈ ਬੜੀ ਸਖ਼ਤ ਨੀਤੀ ਅਪਣਾਈ ।
4. ਉੱਤਰ-ਪੱਛਮੀ ਸੀਮਾ ਸੁਰੱਖਿਆ ਦੇ ਕਾਰਜ (Measures for the defence of the North-West Frontiers) – ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ । ਉਸ ਨੇ ਕਈ ਨਵੇਂ ਕਿਲਿਆਂ ਜਿਵੇਂ ਅਟਕ, ਖੈਰਾਬਾਦ, ਜਹਾਂਗੀਰਾ, ਜਮਰੌਦ ਅਤੇ ਫ਼ਤਹਿਗੜ ਨਾਂ ਦੇ ਕਿਲ੍ਹਿਆਂ ਦੀ ਉਸਾਰੀ ਕਰਵਾਈ । ਇਨ੍ਹਾਂ ਤੋਂ ਇਲਾਵਾ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕੀਤਾ ਗਿਆ । ਇਨ੍ਹਾਂ ਕਿਲਿਆਂ ਵਿੱਚ ਵਿਸ਼ੇਸ਼ ਸਿੱਖਿਅਤ ਸੈਨਾ ਰੱਖੀ ਗਈ । ਚਲਦੇ-ਫਿਰਦੇ ਸੈਨਿਕ ਦਸਤੇ ਕਾਇਮ ਕੀਤੇ ਗਏ, ਇਹ ਖਰੂਦੀ ਕਬੀਲਿਆਂ ਵਿਰੁੱਧ ਕਾਰਵਾਈ ਕਰਦੇ ਸ਼ਨ । ਇਨ੍ਹਾਂ ਦਸਤਿਆਂ ਨੇ ਅਫ਼ਗਾਨ ਕਬੀਲਿਆਂ ਦੇ ਦਿਲਾਂ ਵਿੱਚ ਇੰਨਾ ਆਤੰਕ ਪੈਦਾ ਕੀਤਾ ਕਿ ਉਹ ਹੌਲੀ-ਹੌਲੀ ਬਗਾਵਤ ਕਰਨੀ ਭੁੱਲ ਗਏ ।
5. ਉੱਤਰ-ਪੱਛਮੀ ਸੀਮਾ ਪ੍ਰਦੇਸ਼ ਦਾ ਸ਼ਾਸਨ ਪ੍ਰਬੰਧ (Administration of the North-West Frontier Territories) – ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਕਬੀਲਿਆਂ ਨੂੰ ਕਾਬੂ ਹੇਠ ਰੱਖਣ ਲਈ ਮਹਾਰਾਜੇ ਨੇ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ । ਉਸ ਨੇ ਇਸ ਦੇਸ਼ ਦੇ ਰਾਜ ਪ੍ਰਬੰਧ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ | ਪੁਰਾਣੇ ਪ੍ਰਚਲਿਤ ਕਾਨੂੰਨਾਂ ਅਤੇ ਰਸਮਾਂ ਨੂੰ ਕਾਇਮ ਰੱਖਿਆ ਗਿਆ । ਹਰੇਕ ਖ਼ਾਂ (ਕਬੀਲੇ ਦਾ ਨੇਤਾ) ਆਪਣੇ ਕਬੀਲੇ ਦੇ ਲੋਕਾਂ ਤੋਂ ਕਰ ਇਕੱਠਾ ਕਰਦਾ ਸੀ । ਉਸ ਨੂੰ ਲਾਹੌਰ ਸਰਕਾਰ ਦੀ ਸਰਵ-ਉੱਚਤਾ ਨੂੰ ਮੰਨਣਾ ਪੈਂਦਾ ਸੀ ਅਤੇ ਲਗਾਨ ਸੰਬੰਧੀ ਮੰਗਾਂ ਨੂੰ ਪੂਰਾ ਕਰਨਾ ਪੈਂਦਾ ਸੀ । ਮਹਾਰਾਜਾ ਬਿਨਾਂ ਕਿਸੇ ਵਜ਼ਾ ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦਾ ਸੀ । ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿੱਚ ਨਹਿਰਾਂ ਅਤੇ ਖੂਹ ਖੁਦਵਾਏ ਗਏ ਭੂਮੀ ਲਗਾਨ ਦੀਆਂ ਦਰਾਂ ਵਿੱਚ ਕਾਫ਼ੀ ਕਮੀ ਕੀਤੀ ਗਈ । ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ ਗਿਆ । ਇਨ੍ਹਾਂ ਸਾਰੇ ਯਤਨਾਂ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਦੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ । ਗੜਬੜੀ ਕਰਨ ਵਾਲੇ ਕਬੀਲਿਆਂ ਦੇ ਵਿਰੁੱਧ ਕਠੋਰ ਕਦਮ ਚੁੱਕੇ ਗਏ ।
II. ਉੱਤਰ-ਪੱਛਮੀ ਸੀਮਾ ਨੀਤੀ ਦਾ ਮਹੱਤਵ (Importance of N.W.F. Policy)
ਮਹਾਰਾਜਾ ਰਣਜੀਤ ਸਿੰਘ ਆਪਣੀ ਉੱਤਰ-ਪੱਛਮੀ ਸੀਮਾ ਨੀਤੀ ਵਿੱਚ ਕਾਫ਼ੀ ਹੱਦ ਤਕ ਸਫਲ ਰਿਹਾ ਸੀ । ਇਹ ਸਚਮੁੱਚ ਹੀ ਮਹਾਰਾਜਾ ਰਣਜੀਤ ਸਿੰਘ ਦੀਆਂ ਮਹਾਨ ਉਪਲੱਬਧੀਆਂ ਵਿੱਚੋਂ ਇੱਕ ਸੀ । ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ । ਉਸ ਨੇ ਉੱਤਰ-ਪੱਛਮੀ ਸੀਮਾ ਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ । ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ ! ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਬਹੁਤ ਕਮੀ ਕਰ ਦਿੱਤੀ ਗਈ । ਸਿੱਟੇ ਵਜੋਂ ਨਾ ਕੇਵਲ ਉੱਥੋਂ ਦੇ ਲੋਕ ਖੁਸ਼ਹਾਲ ਹੋਏ ਸਗੋਂ ਰਣਜੀਤ ਸਿੰਘ ਦੇ ਵਪਾਰ ਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਿਆ | ਡਾਕਟਰ ਜੀ. ਐੱਸ. ਨਈਅਰ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘ “ਅਨੰਗਪਾਲੇ ਤੋਂ ਬਾਅਦ ਪਹਿਲੀ ਵਾਰ ਉੱਤਰ-ਪੱਛਮੀ ਸੀਮਾ ਤੋਂ ਹੋਣ ਵਾਲੇ ਹਮਲਿਆਂ ਨੂੰ ਰੋਕਿਆ ਅਤੇ ਕਬਾਇਲੀਆਂ ‘ ਤੇ ਸ਼ਾਸਨ ਕੀਤਾ ਜਾ ਸਕਿਆ ।” 1
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ । (Write a brief note on the battle of Hazro or Haidru or Chachh.)
ਉੱਤਰ-
ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲਾ ਪ੍ਰਾਪਤ ਕਰ ਲਿਆ ਸੀ । ਜਦੋਂ ਫ਼ਤਿਹ ਖਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ । ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀ ਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਮਾਂ ਦੀਆਂ ਫ਼ੌਜਾਂ ਵਿਚਾਲੇ ਇੱਕ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ ।
ਪ੍ਰਸ਼ਨ 2.
ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Give a brief account of Shah Shuja’s relations with Maharaja Ranjit Singh.)
ਜਾਂ
ਸ਼ਾਹ ਸ਼ਜਾਹ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Shah Shuja.)
ਉੱਤਰ-
ਸ਼ਾਹ ਸੁਜਾਹ 1803 ਈ. ਤੋਂ 1809 ਈ. ਤਕ ਅਫ਼ਗਾਨਿਸਤਾਨ ਦਾ ਬਾਦਸ਼ਾਹ ਰਿਹਾ । 1809 ਈ. ਵਿੱਚ ਸ਼ਾਹ ਮਹਿਮੂਦ ਨੇ ਉਸ ਤੋਂ ਗੱਦੀ ਖੋਹ ਲਈ । ਸ਼ਾਹ ਸ਼ੁਜਾਹ ਨੂੰ ਕਸ਼ਮੀਰ ਦੇ ਅਫ਼ਗਾਨ ਸੂਬੇਦਾਰ ਅੱਤਾ ਮੁਹੰਮਦ ਖਾਂ ਨੇ 1812 ਈ. ਵਿਚ ਗ੍ਰਿਫ਼ਤਾਰ ਕਰ ਲਿਆ ਸੀ । 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਦਿੱਤਾ। 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ ਪੱਖੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਗਿਆ ਪਰ ਇਹ ਸਫਲ ਨਾ ਹੋਇਆ ।
ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ । (Give a brief account of the relations between Maharaja Ranjit Singh and Dost Mohammad.)
ਉੱਤਰ-
ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ ।ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ ਖੇਤਰਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਪ੍ਰਭਾਵ ਤੋਂ ਪਰੇਸ਼ਾਨ ਸੀ । ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਕਬਜ਼ਾ ਕਰ ਲਿਆ । ਦੋਸਤ ਮੁਹੰਮਦ ਖ਼ਾਂ ਨੇ 1837 ਈ. ਵਿੱਚ ਆਪਣੇ ਪੁੱਤਰ ਅਕਬਰ ਖਾਂ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਭੇਜੀ । ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ । ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁੱਖ ਨਾ ਕੀਤਾ ।
ਪ੍ਰਸ਼ਨ 4.
ਸੱਯਦ ਅਹਿਮਦ ‘ਤੇ ਇੱਕ ਨੋਟ ਲਿਖੋ । (Write a brief note on Sayyed Ahmed.).
ਜਾਂ
ਸੱਯਦ ਅਹਿਮਦ ਦੇ ਧਰਮ ਯੁੱਧ ਉੱਪਰ ਇੱਕ ਸੰਖੇਪ ਨੋਟ ਲਿਖੋ । (Write a note on the ‘Jihad’ (Religious War) of Sayyed Ahmed.)
ਉੱਤਰ-
ਸੱਯਦ ਅਹਿਮਦ ਨੇ 1827 ਈ. ਤੋਂ 1831 ਈ. ਦੇ ਸਮੇਂ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਰੱਖਿਆ ਸੀ । ਉਹ ਬਰੇਲੀ ਦਾ ਰਹਿਣ ਵਾਲਾ ਸੀ । ਉਸ ਦਾ ਕਹਿਣਾ ਸੀ, “ਅੱਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਉਸ ਦੇ ਪੈਰੋਕਾਰ ਬਣ ਗਏ । ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ । 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ।
ਪ੍ਰਸ਼ਨ 5.
ਜਮਰੌਦ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the Battle of Jamraud.)
ਉੱਤਰ-
ਹਰੀ ਸਿੰਘ ਨਲਵਾ ਨੇ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ । ਇਹ ਦੋਸਤ ਮੁਹੰਮਦ ਖ਼ਾਂ ਲਈ ਇੱਕ ਵੰਗਾਰ ਸੀ। ਉਸ ਨੇ ਆਪਣੇ ਪੁੱਤਰ ਅਕਬਰ ਖ਼ਾਂ ਅਧੀਨ ਇੱਕ ਵਿਸ਼ਾਲ ਫ਼ੌਜ ਜਮਰੌਦ ਵੱਲ ਭੇਜੀ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ‘ਤੇ ਜ਼ੋਰਦਾਰ ਹਮਲਾ ਕੀਤਾ । ਪਰ ਅਚਾਨਕ ਦੋ ਗੋਲੀਆਂ ਨਾਲ ਹਰੀ ਸਿੰਘ ਨਲਵੇ ਦੀ ਮੌਤ ਹੋ ਗਈ । ਇਸ ਦੇ ਬਾਵਜੂਦ ਸਿੱਖਾਂ ਨੇ ਅਫ਼ਗਾਨਾਂ ਨੂੰ 30 ਅਪਰੈਲ, 1837 ਈ. ਨੂੰ ਇੱਕ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਹਾਰ ਜਾਣ ਮੰਗਰੋਂ ਅਫ਼ਗਾਨਾਂ ਨੇ ਪਿਸ਼ਾਵਰ ਨੂੰ ਮੁੜ ਜਿੱਤਣ ਦਾ ਕਦੇ ਸੁਪਨਾ ਨਾ ਲਿਆ ।
ਪ੍ਰਸ਼ਨ 6.
ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Akali Phula Singh.)
ਜਾਂ
ਅਕਾਲੀ ਫੂਲਾ ਸਿੰਘ ਦੀਆਂ ਸੈਨਿਕ ਸਫਲਤਾਵਾਂ ‘ਤੇ ਇੱਕ ਨੋਟ ਲਿਖੋ । (Write a note on the achievements of Akali Phula Singh.)
ਉੱਤਰ-
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਸਿੱਖ ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ । 1807 ਈ. ਵਿੱਚ ਮਹਾਰਾਜਾ ਅਕਾਲੀ ਫੁਲਾ ਸਿੰਘ ਦੀ ਬਹਾਦਰੀ ਕਾਰਨ ਕਸੂਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ 1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ । 1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਸਨ । ਉਹ 14 ਮਾਰਚ, 1823 ਈ. ਨੂੰ ਅਫ਼ਗਾਨਾਂ ਨਾਲ ਹੋਈ ਨੌਸ਼ਹਿਰਾ ਦੀ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ ।
ਪ੍ਰਸ਼ਨ 7.
ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Hari Singh Nalwa.).
ਜਾਂ
ਹਰੀ ਸਿੰਘ ਨਲਵਾ ਕੌਣ ਸੀ ? ਉਸ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (Who was Hari Singh Nalwa ? What do you know about him ?)
ਜਾਂ
ਸਰਦਾਰ ਹਰੀ ਸਿੰਘ ਨਲਵਾ ‘ਤੇ ਸੰਖੇਪ ਨੋਟ ਲਿਖੋ । (Write a note on. Sardar Hari Singh Nalwa.).
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਮਹਾਨ ਯੋਧਾ ਅਤੇ ਸੈਨਾਪਤੀ ਸਨ । ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕਾਂ ਮੁਹਿੰਮਾਂ ਵਿੱਚ ਹਿੱਸਾ ਲਿਆ | ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ ਰਹੇ । ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਅਨੇਕਾਂ ਮਹੱਤਵਪੂਰਨ ਸੁਧਾਰ ਲਾਗੂ ਕੀਤੇ । ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ ।
ਪ੍ਰਸ਼ਨ 8.
ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਲਿਖੋ । (Write down main features of the North-West Frontier Policy of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe main features of North-West Froniter Policy of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸੋ । (Write down the three main features of the North-West Frontier Policy of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ । ਇਨ੍ਹਾਂ ਕਿਲ੍ਹਿਆਂ ਵਿੱਚ ਸਿੱਖਿਅਤ ਸੈਨਾ ਰੱਖੀ ਗਈ । ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ । ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਨਾ ਕੀਤੀ ਗਈ । ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ ।
ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ ? (What is the significance of the North-West Frontier Policy of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ । ਇਸ ਤੋਂ ਮਹਾਰਾਜੇ ਦੀ ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ । ਮਹਾਰਾਜਾ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ । ਉਸ ਨੇ ਇਨ੍ਹਾਂ ਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ । ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ ਗਿਆ | ਖੇਤੀ-ਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ । ਇਨ੍ਹਾਂ ਤੋਂ ਇਲਾਵਾ ਮਹਾਰਾਜਾ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ ।
ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ I (Answer in one Word to one Sentence)
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਸਮੇਂ ਅਫ਼ਗਾਨਿਸਤਾਨ ਦੇ ਕਿਸੇ ਇੱਕ ਬਾਦਸ਼ਾਹ ਦਾ ਨਾਂ ਦੱਸੋ ।
ਉੱਤਰ-
ਸ਼ਾਹ ਸੁਜਾਹ ।
ਪ੍ਰਸ਼ਨ 2.
ਕਿਸੇ ਦੋ ਬਰਕਜ਼ਾਈ ਭਰਾਵਾਂ ਦੇ ਨਾਂ ਦੱਸੋ ?
ਉੱਤਰ-
ਦੋਸਤ ਮੁਹੰਮਦ ਖ਼ਾਂ ਅਤੇ ਯਾਰ ਮੁਹੰਮਦ ਖਾਂ ।
ਪ੍ਰਸ਼ਨ 3.
ਸ਼ਾਹ ਜ਼ਮਾਨ ਕੌਣ ਸੀ ?
ਉੱਤਰ-
ਅਫ਼ਗਾਨਿਸਤਾਨ ਦਾ ਬਾਦਸ਼ਾਹ ।
ਪ੍ਰਸ਼ਨ 4.
ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਦੋਂ ਕਬਜ਼ਾ ਕੀਤਾ ਸੀ ?
ਉੱਤਰ-
27 ਨਵੰਬਰ, 1798 ਈ. ।
ਪ੍ਰਸ਼ਨ 5.
ਸ਼ਾਹ ਜ਼ਮਾਨ ਦੇ ਲਾਹੌਰ ‘ਤੇ 1798 ਈ. ਵਿੱਚ ਕਬਜ਼ਾ ਕਰਨ ਸਮੇਂ ਕਿਸ ਦਾ ਸ਼ਾਸਨ ਸੀ ?
ਉੱਤਰ-
ਤਿੰਨ ਭੰਗੀ ਸਰਦਾਰਾਂ ਦਾ ।
ਪ੍ਰਸ਼ਨ 6.
ਫ਼ਤਿਹ ਮਾਂ ‘ ਕੌਣ ਸੀ ?
ਉੱਤਰ-
ਅਫ਼ਗਾਨਿਸਤਾਨ ਦੇ ਬਾਦਸ਼ਾਹ ਮਹਿਮੁਦੇ ਦੇ ਵਜ਼ੀਰ ।
ਪ੍ਰਸ਼ਨ 7.
ਮਹਾਰਾਜਾ ਰਣੌਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ ਸੀ ?
ਉੱਤਰ-
1813 ਈ. ਵਿੱਚ ।
ਪ੍ਰਸ਼ਨ 8.
ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ ?
ਉੱਤਰ-
ਰੋਹਤਾਸ ।
ਪ੍ਰਸ਼ਨ 9.
ਹਜ਼ਰੋ ਜਾਂ ਹੈਦਰੋ ਦੀ ਲੜਾਈ ਕਦੋਂ ਹੋਈ ਸੀ ?
ਉੱਤਰ-
13 ਜੁਲਾਈ, 1813 ਈ. ।
ਪ੍ਰਸ਼ਨ 10.
ਹਜ਼ਰੋ ਦੀ ਲੜਾਈ ਦੀ ਮਹੱਤਤਾ ਦੱਸੋ ।
ਉੱਤਰ-
ਅਫ਼ਗਾਨਾਂ ਦੀ ਸ਼ਕਤੀ ਨੂੰ ਕਰਾਰੀ ਸੱਟ ਲੱਗੀ ।
ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਆਪਣੇ ਅਧੀਨ ਕੀਤਾ ਸੀ ?
ਉੱਤਰ-
1819 ਈ. ।
ਪ੍ਰਸ਼ਨ 12.
ਨੌਸ਼ਹਿਰਾ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
14 ਮਾਰਚ, 1823 ਈ. ।
ਪ੍ਰਸ਼ਨ 13.
ਨੌਸ਼ਹਿਰਾ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ਸੀ ?
ਉੱਤਰ-
ਆਜ਼ਮ ਖਾਂ ।
ਪ੍ਰਸ਼ਨ 14.
ਅਕਾਲੀ ਫੂਲਾ ਸਿੰਘ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਨਰੈਲ ।
ਪ੍ਰਸ਼ਨ 15.
ਅਕਾਲੀ ਨੇਤਾ ਫੂਲਾ ਸਿੰਘ ਕਿਸ ਲੜਾਈ ਵਿੱਚ ਲੜਦਾ ਹੋਇਆ ਸ਼ਹੀਦ ਹੋਇਆ ?
मां
ਉਸ ਲੜਾਈ ਦਾ ਨਾਂ ਲਿਖੋ ਜਿਸ ਵਿੱਚ ਅਕਾਲੀ ਫੂਲਾ ਸਿੰਘ ਮਾਰਿਆ ਗਿਆ । ਉੱਤਰ-ਨੌਸ਼ਹਿਰਾ ਦੀ ਲੜਾਈ ।
ਪ੍ਰਸ਼ਨ 16.
ਸੱਯਦ ਅਹਿਮਦ ਕੌਣ ਸੀ ?
ਉੱਤਰ-
ਸੱਯਦ ਅਹਿਮਦ ਆਪਣੇ ਆਪ ਨੂੰ ਮੁਸਲਮਾਨਾਂ ਦਾ ਖਲੀਫ਼ਾ ਅਖਵਾਉਂਦਾ ਸੀ ।
ਪ੍ਰਸ਼ਨ 17.
ਸੱਯਦ ਅਹਿਮਦ ਨੇ ਕਦੋਂ ਸਿੱਖਾਂ ਵਿਰੁੱਧ ਵਿਦਰੋਹ ਕੀਤਾ ਸੀ ?
ਉੱਤਰ-
1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ।
ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ?
ਉੱਤਰ-
1834 ਈ. 1
ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਪਿਸ਼ਾਵਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ?
ਉੱਤਰ-
ਹਰੀ ਸਿੰਘ ਨਲਵਾ ।
ਪ੍ਰਸ਼ਨ 20.
ਜਮਰੌਦ ਦੀ ਲੜਾਈ ਕਦੋਂ ਹੋਈ ? ਉੱਤਰ-
1837 ਈ.
ਪ੍ਰਸ਼ਨ 21.
ਹਰੀ ਸਿੰਘ ਨਲਵਾ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਜਰਨੈਲ ।
ਪ੍ਰਸ਼ਨ 22.
ਤਿੰਨ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
26 ਜੂਨ, 1838 ਈ. ।
ਪ੍ਰਸ਼ਨ 23.
ਤਿੰਨ-ਪੱਖੀ ਸੰਧੀ ਦੀ ਕੋਈ ਇੱਕ ਮੁੱਖ ਸ਼ਰਤ ਦੱਸੋ ।
ਉੱਤਰ-
ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਸੰਬੰਧੀ ਕਿਸੇ ਇੱਕ ਸਮੱਸਿਆ ਦਾ ਵਰਣਨ ਕਰੋ ।
ਉੱਤਰ-
ਉੱਤਰ-
ਪੱਛਮੀ ਦੇਸ਼ਾਂ ਦੇ ਕਬੀਲਿਆਂ ਨਾਲ ਨਜਿੱਠਣ ਦੀ ਸਮੱਸਿਆ ।
ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀ ਕੋਈ ਇੱਕ ਮੁੱਖ ਵਿਸ਼ੇਸ਼ਤਾ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਕਦੇ ਕੋਈ ਯਤਨ ਨਾ ਕੀਤਾ ।
ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉੱਤਰ-ਪੱਛਮੀ ਦੇਸ਼ਾਂ ਵਿੱਚ ਸਥਿਤ ਕਿਸੇ ਇੱਕ ਖੂੰਖਾਰ ਕਬੀਲੇ ਦਾ ਨਾਂ ਦੱਸੋ ।
ਉੱਤਰ-
ਯੂਸਫ਼ਜ਼ਈ ।
ਪ੍ਰਸ਼ਨ 27.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੋਈ ਇੱਕ ਪ੍ਰਭਾਵ ਦੱਸੋ । ਉੱਤਰ-ਇਸ ਕਾਰਨ
ਉੱਤਰ-
ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਹੋਈ ।..
ਖ਼ਾਲੀ ਥਾਂਵਾਂ ਭਰੋ (Fill in the Blanks)
ਨੋਟ :-ਖਾਲੀ ਥਾਂਵਾਂ ਭਰੋ-
1. ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ‘ਤੇ ਬੈਠਣ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ …………………. ਸੀ ।
ਉੱਤਰ-
(ਸ਼ਾਹ ਜ਼ਮਾਨ)
2. 1800 ਈ. ਵਿੱਚ ……………………………. ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ ।
ਉੱਤਰ-
(ਸ਼ਾਹ ਮਹਿਮੂਦ)
3. 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ……………………… ਵਿਖੇ ਸਮਝੌਤਾ ਹੋਇਆ ।
ਉੱਤਰ-
(ਰੋਹਤਾਸ)
4. ਮਹਾਰਾਜਾ ਰਣਜੀਤ ਸਿੰਘ ਨੇ 1813 ਈ. ਵਿੱਚ ਜਹਾਂਦਾਦ ਖ਼ਾਂ ਤੋਂ ………………………….. ਦਾ ਪ੍ਰਦੇਸ਼ ਪ੍ਰਾਪਤ ਕੀਤਾ ।
ਉੱਤਰ-
(ਅਟਕ)
5. ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨਾਂ ਵਿਚਾਲੇ ਨੌਸ਼ਹਿਰਾ ਦੀ ਲੜਾਈ …………………………. ਵਿੱਚ ਹੋਈ ।
ਉੱਤਰ-
(1823 ਈ.)
6. ਮਹਾਰਾਜਾ ਰਣਜੀਤ ਨੇ ਪਿਸ਼ਾਵਰ ਨੂੰ ……………………… ਵਿੱਚ ਸਿੱਖ ਸਾਮਰਾਜ ਵਿੱਚ ਸ਼ਾਮਲ ਕੀਤਾ ।
ਉੱਤਰ-
(1834 ਈ.).
7. 1838 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਅਤੇ ……………………. ਵਿਚਾਲੇ ਤੂੰ-ਪੱਖੀ ਸੰਧੀ ਹੋਈ ਸੀ ।
ਉੱਤਰ-
(ਸ਼ਾਹ ਸ਼ੁਜ਼ਾਹ)
8. ਹਰੀ ਸਿੰਘ ਨਲਵਾ ਦੀ ਮੌਤ ………………….. ਵਿੱਚ ਹੋਈ ।
ਉੱਤਰ-
(1837 ਈ.)
ਠੀਕ ਜਾਂ ਗਲਤ (True or False)
ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-
1. ਸ਼ਾਹ ਜ਼ਮਾਨ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ ।
ਉੱਤਰ-
ਠੀਕ
2. ਸ਼ਾਹ ਮਹਿਮੂਦ 1805 ਈ. ਵਿੱਚ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ।
ਉੱਤਰ-
ਗਲਤ
3. ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ 1813 ਈ. ਵਿੱਚ ਰੋਹਤਾਸ ਵਿਖੇ ਸਮਝੌਤਾ ਹੋਇਆ ।
ਉੱਤਰ-
ਠੀਕ
4. ਹਜ਼ਰੋ ਦੀ ਲੜਾਈ 13 ਜੁਲਾਈ, 1813 ਈ. ਨੂੰ ਹੋਈ ।
ਉੱਤਰ-
ਠੀਕ
5. 1818 ਈ.ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ ਸੀ ।
ਉੱਤਰ-
ਠੀਕ
6. ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ
7. 1820 ਈ. ਵਿੱਚ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਸੀ ।
ਉੱਤਰ-
ਠੀਕ
8. ਸਰਦਾਰ ਹਰੀ ਸਿੰਘ ਨਲਵਾ ਨੂੰ ਜਫ਼ਰਜੰਗ ਦਾ ਖਿਤਾਬ ਦਿੱਤਾ ਗਿਆ ।
ਉੱਤਰ-
ਗ਼ਲਤ
9. ਨੌਸ਼ਹਿਰਾ ਦੀ ਲੜਾਈ 14 ਮਾਰਚ, 1828 ਈ. ਨੂੰ ਹੋਈ ਸੀ ।
ਉੱਤਰ-
ਗਲਤ
10. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ ।
ਉੱਤਰ-
ਠੀਕ
11. ਜਮਰੌਦ ਦੀ ਲੜਾਈ 1838 ਈ. ਵਿੱਚ ਹੋਈ ਸੀ ।
ਉੱਤਰ-
ਗਲਤ
12. ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕਾਫ਼ੀ ਹੱਦ ਤਕ ਸਫਲ ਰਿਹਾ ਸੀ । ਪਰ
ਉੱਤਰ-
ਠੀਕ
ਬਹੁਪੱਖੀ ਪ੍ਰਸ਼ਨ (Multiple Choice Questions)
ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-
ਪ੍ਰਸ਼ਨ 1.
ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਦੋਂ ਕਰ ਲਿਆ ਸੀ ?
(i) 1796 ਈ. ਵਿੱਚ
(ii) 1797 ਈ. ਵਿੱਚ
(iii) 1798 ਈ. ਵਿੱਚ
(iv) 1799 ਈ. ਵਿੱਚ ।
ਉੱਤਰ-
(iii) 1798 ਈ. ਵਿੱਚ ।
ਪ੍ਰਸ਼ਨ 2.
ਫ਼ਤਿਹ ਖਾਂ ਕੌਣ ਸੀ ?
(i) ਅਫ਼ਗਾਨਿਸਤਾਨ ਦਾ ਵਜ਼ੀਰ
(ii) ਰਣਜੀਤ ਸਿੰਘ ਦਾ ਵਜ਼ੀਰ
(iii) ਈਰਾਨ ਦਾ ਵਜ਼ੀਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਅਫ਼ਗਾਨਿਸਤਾਨ ਦਾ ਵਜ਼ੀਰ ।
ਪ੍ਰਸ਼ਨ 3.
ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ ?
(i) 1803 ਈ. ਵਿੱਚ
(ii) 1805 ਈ. ਵਿੱਚ
(iii) 1809 ਈ. ਵਿੱਚ
(iv) 1813 ਈ. ਵਿੱਚ ।
ਉੱਤਰ-
(iv) 1813 ਈ. ਵਿੱਚ ।
ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ ?
(i) ਰੋਹਤਾਸ ਵਿਖੇ
(ii) ਰੋਹਤਾਂਗ ਵਿਖੇ
(iii) ਸੁਪੀਨ ਵਿਖੇ
(iv) ਹਜਰੋ ਵਿਖੇ ।
ਉੱਤਰ-
(i) ਰੋਹਤਾਸ ਵਿਖੇ ।
ਪ੍ਰਸ਼ਨ 5.
ਅਕਾਲੀ ਫੂਲਾ ਸਿੰਘ ਅਫ਼ਗਾਨਾਂ ਨਾਲ ਲੜਦੇ ਹੋਏ ਕਦੋਂ ਸ਼ਹੀਦ ਹੋਇਆ ਸੀ ?
(i) 1813 ਈ. ਵਿੱਚ
(ii) 1815 ਈ. ਵਿੱਚ
(iii) 1819 ਈ. ਵਿੱਚ
(iv) 1823 ਈ. ਵਿੱਚ ।
ਉੱਤਰ-
(iv) 1823 ਈ. ਵਿੱਚ ।
ਪ੍ਰਸ਼ਨ 6.
ਸੱਯਦ ਅਹਿਮਦ ਨੇ ਕਿਹੜੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਕੀਤਾ ਸੀ ?
(i) ਅਟਕ ਤੇ ਪਿਸ਼ਾਵਰ
(ii) ਪਿਸ਼ਾਵਰ ਤੇ ਕਸ਼ਮੀਰ
(iii) ਕਸ਼ਮੀਰ ਤੇ ਮੁਲਤਾਨ
(iv) ਮੁਲਤਾਨ ਤੇ ਅਟਕ ।
ਉੱਤਰ-
(i) ਅਟਕ ਤੇ ਪਿਸ਼ਾਵਰ ।
ਪ੍ਰਸ਼ਨ 7.
ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਕਦੋਂ ਵਿਦਰੋਹ ਕੀਤਾ ਸੀ ?
(i) 1823 ਈ. ਵਿੱਚ
(ii) 1825 ਈ. ਵਿੱਚ
(iii) 1827 ਈ. ਵਿੱਚ
(iv) 1831 ਈ. ਵਿੱਚ ।
ਉੱਤਰ-
(iii) 1827 ਈ. ਵਿੱਚ ।
ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ ?
(i) 1823 ਈ. ਵਿੱਚ
(ii) 1831 ਈ. ਵਿੱਚ
(iii) 1834 ਈ. ਵਿੱਚ
(iv) 1837 ਈ. ਵਿੱਚ,
ਉੱਤਰ-
(ii) 1831 ਈ. ਵਿੱਚ ।
ਪ੍ਰਸ਼ਨ 9.
ਹਰੀ ਸਿੰਘ ਨਲਵਾ ਕਿਸ ਪ੍ਰਸਿੱਧ ਲੜਾਈ ਵਿੱਚ ਮਾਰਿਆ ਗਿਆ ਸੀ ?
(i) ਜਮਰੌਦ ਦੀ ਲੜਾਈ
(ii) ਨੌਸ਼ਹਿਰਾ ਦੀ ਲੜਾਈ
(iii) ਹਜਰੋ ਦੀ ਲੜਾਈ
(iv) ਸੁਪੀਨ ਦੀ ਲੜਾਈ ।
ਉੱਤਰ-
(i) ਜਮਰੌਦ ਦੀ ਲੜਾਈ ।
ਪ੍ਰਸ਼ਨ 10.
ਤੂੰ-ਪੱਖੀ ਸੰਧੀ ਅਨੁਸਾਰ ਕਿਸ ਨੂੰ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਾਏ ਜਾਣ ਦਾ ਐਲਾਨ ਕੀਤਾ ਗਿਆ?
(i) ਸ਼ਾਹ ਜ਼ਮਾਨ
(ii) ਸ਼ਾਹ ਸ਼ੁਜਾਹ
(iii) ਸ਼ਾਹ ਮਹਿਮੂਦ
(iv) ਦੋਸਤ ਮੁਹੰਮਦ ਖ਼ਾਂ ।
ਉੱਤਰ-
(ii) ਸ਼ਾਹ ਸ਼ੁਜਾਹ ।
Source Based Questions
ਨੋਟ ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-
1. 1800 ਈ. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖਾਨਾਜੰਗੀ ਸ਼ੁਰੂ ਹੋ ਗਈ । ਸ਼ਾਹ ਜ਼ਮਾਨ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ । ਉਸ ਨੇ ਕੇਵਲ ਤਿੰਨ ਵਰਿਆਂ (1800-03 ਈ. ) ਤਕ ਸ਼ਾਸਨ ਕੀਤਾ । 1803 ਈ. ਵਿੱਚ ਸ਼ਾਹ ਸ਼ੁਜਾਹ ਨੇ ਸ਼ਾਹ ਮਹਿਮੂਦ ਤੋਂ ਗੱਦੀ ਹਥਿਆ ਲਈ । ਉਸ ਨੇ 1809 ਈ. ਤਕ ਸ਼ਾਸਨ ਕੀਤਾ ।ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ । ਇਸ ਕਾਰਨ ਅਫ਼ਗਾਨਿਸਤਾਨ ਵਿੱਚ ਅਰਾਜਕਤਾ ਫੈਲ ਗਈ । ਇਹ ਸੁਨਹਿਰੀ ਮੌਕਾ ਵੇਖ ਕੇ ਅਟਕ, ਕਸ਼ਮੀਰ, ਮੁਲਤਾਨ ਤੇ ਡੇਰਾਜਾਤ ਆਦਿ ਦੇ ਅਫ਼ਗਾਨ ਸੂਬੇਦਾਰਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਬਲ ਸਰਕਾਰ ਦੀ ਕਮਜ਼ੋਰੀ ਦਾ ਪੂਰਾ ਲਾਭ ਉਠਾਇਆ ਅਤੇ ਕਸੂਰ, ਝੰਗ, ਖੁਸ਼ਾਬ ਅਤੇ ਸਾਹੀਵਾਲ ਨਾਂ ਦੇ ਅਫ਼ਗਾਨ ਦੇਸ਼ਾਂ ‘ਤੇ ਕਬਜ਼ਾ ਕਰ ਲਿਆ । 1809 ਈ. ਵਿੱਚ ਸ਼ਾਹ ਸ਼ੁਜਾਹ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਤੇ ਉਸ ਦੀ ਥਾਂ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਦੋਬਾਰਾ ਬਾਦਸ਼ਾਹ ਬਣਿਆ । ਕਿਉਂਕਿ ਰਾਜਗੱਦੀ ਪ੍ਰਾਪਤ ਕਰਨ ਵਿੱਚ ਸ਼ਾਹ ਮਹਿਮੂਦ ਨੂੰ ਫ਼ਤਿਹ ਮਾਂ ਨੇ ਹਰ ਸੰਭਵ ਸਹਾਇਤਾ ਦਿੱਤੀ ਸੀ ਇਸ ਲਈ ਉਸ ਨੂੰ ਸ਼ਾਹ ਮਹਿਮੂਦ ਨੇ ਆਪਣਾ ਵਜ਼ੀਰ ਪ੍ਰਧਾਨ ਮੰਤਰੀ) ਨਿਯੁਕਤ ਕਰ ਲਿਆ ।
1. ……………………….. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖਾਨਾਜੰਗੀ ਸ਼ੁਰੂ ਹੋ ਗਈ ਸੀ ।
2. ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਪਹਿਲੀ ਵਾਰ ਬਾਦਸ਼ਾਹ ਕਦੋਂ ਬਣਿਆ ?
3. ਸ਼ਾਹ ਸੁਜ਼ਾਹ ਕਿਹੋ ਜਿਹਾ ਸ਼ਾਸਕ ਸੀ ?
4. ਫ਼ਤਿਹ ਖਾਂ ਕੌਣ ਸੀ?
5. ਸ਼ਾਹ ਸ਼ੁਜਾਹ ਨੂੰ ਕਦੋਂ ਗੱਦੀ ਤੋਂ ਲਾਹ ਦਿੱਤਾ ਗਿਆ ਸੀ ?
ਉੱਤਰ-
1. 1800 ਈ. ।
2. ਸ਼ਾਹ ਮਹਿਮੂਦ ਪਹਿਲੀ ਵਾਰ 1800 ਈ. ਵਿੱਚ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਿਆ ਸੀ ।
3. ਸ਼ਾਹ ਸ਼ੁਜਾਹ ਇੱਕ ਅਯੋਗ ਸ਼ਾਸਕ ਸੀ ।
4. ਫ਼ਤਿਹ ਖਾਂ ਸ਼ਾਹ ਮੁਹੰਮਦ ਦਾ ਵਜ਼ੀਰ ਸੀ ।
5. ਸ਼ਾਹ ਸ਼ੁਜਾਹ ਨੂੰ 1809 ਈ. ਵਿੱਚ ਗੱਦੀ ਤੋਂ ਲਾਹ ਦਿੱਤਾ ਗਿਆ ਸੀ ।
2. ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਦੁਆਰਾ ਕੀਤੇ ਗਏ ਧੋਖੇ ਕਾਰਨ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ । ਉਸ ਨੇ ਫੌਰਨ ਫ਼ਕੀਰ ਅਜ਼ੀਜ਼ਉੱਦੀਨ ਨੂੰ ਅਟਕ ‘ਤੇ ਕਬਜ਼ਾ ਕਰਨ ਲਈ ਭੇਜਿਆ । ਅਟਕ ਸ਼ਾਸਕ ਜਹਾਂਦਾਦ ਖ਼ਾਂ ਨੇ 1 ਲੱਖ ਰੁਪਏ ਦੀ ਜਾਗੀਰ ਦੇ ਬਦਲੇ ਅਟਕ ਦਾ ਇਲਾਕਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਜਦੋਂ ਫ਼ਤਿਹ ਖਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ । ਉਸ ਨੇ ਕਸ਼ਮੀਰ ਦਾ ਸ਼ਾਸਨ ਪਬੰਧ ਆਪਣੇ ਭਰਾ ਆਜ਼ਿਮ ਸ਼ਾਂ ਨੂੰ ਸੌਂਪਿਆ ਅਤੇ ਆਪ ਇੱਕ ਵਿਸ਼ਾਲ ਸੈਨਾ ਲੈ ਕੇ ਅਟਕ ਵਿਚੋਂ ਸਿੱਖਾਂ ਨੂੰ ਕੱਢਣ ਲਈ ਤੁਰ ਪਿਆ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ । ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ । ਇਸ ਵਿੱਚ ਸਿੱਖਾਂ ਦੀ ਜਿੱਤ ਕਾਰਨ ਅਫ਼ਗਾਨਾਂ ਦੀ ਸ਼ਕਤੀ ਨੂੰ ਇੱਕ ਜ਼ਬਰਦਸਤ ਧੱਕਾ ਲੱਗਿਆ ਅਤੇ ਸਿੱਖਾਂ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ ।
1. ਫ਼ਤਿਹ ਖਾਂ ਕੌਣ ਸੀ?
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਕੌਣ ਸੀ ?
3. ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਕਿਹੜੀ ਸੀ ?
4. ਹਜ਼ਰੋ ਦੀ ਲੜਾਈ ਕਦੋਂ ਹੋਈ ਸੀ ?
(i) 1811 ਈ.
(ii) 1812 ਈ.
(iii) 1813 ਈ.
(iv) 1814 ਈ. ।
5. ਹਜ਼ਰੋ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ ?
ਉੱਤਰ-
1. ਫ਼ਤਿਹ ਖਾਂ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਮਹਿਮੂਦ ਦਾ ਵਜ਼ੀਰ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਜਹਾਂਦਾਦ ਖ਼ਾਂ ਸੀ ।
3. ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਹਜ਼ਰੋ ਦੀ ਸੀ ।
4. 1813 ਈ. ।
5. ਹਜ਼ਰੋ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ ।
3. 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਧਾਰਮਿਕ ਨੇਤਾ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ । ਉਹ ਬਰੇਲੀ ਦਾ ਰਹਿਣ ਵਾਲਾ ਸੀ । ਉਸ ਦਾ ਕਹਿਣਾ ਸੀ, ‘ਅੱਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਪ੍ਰਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ । ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ । ਥੋੜ੍ਹੇ ਹੀ ਸਮੇਂ ਵਿੱਚ ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ । ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਲਈ ਇੱਕ ਵੰਗਾਰ ਸੀ । ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੂ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ । ਇਨ੍ਹਾਂ ਹਾਰਾਂ ਦੇ ਬਾਵਜੂਦ ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ । ਅੰਤ ਮਈ, 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ । ਇਸ ਤਰ੍ਹਾਂ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ ।
1. ਸੱਯਦ ਅਹਿਮਦ ਕੌਣ ਸੀ?
2. ਸੱਯਦ ਅਹਿਮਦ ਕਿੱਥੋਂ ਦਾ ਰਹਿਣ ਵਾਲਾ ਸੀ ?
3. ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਕਿਹੜੀਆਂ ਦੋ ਥਾਂਵਾਂ ‘ਤੇ ਹਰਾਇਆ ਸੀ ?
4. ਸੱਯਦ ਅਹਿਮਦ ਕਿੱਥੇ ਅਤੇ ਕਿਸ ਨਾਲ ਲੜਦੇ ਹੋਏ ਮਾਰਿਆ ਗਿਆ ਸੀ ?
5. ਸੱਯਦ ਅਹਿਮਦ ਕਦੋਂ ਮਾਰਿਆ ਗਿਆ ਸੀ ?
(i) 1813 ਈ.
(ii) 1821 ਈ.
(iii) 1827 ਈ.
iv) 1831 ਈ. ।
ਉੱਤਰ-
1. ਸੱਯਦ ਅਹਿਮਦ ਮੁਸਲਮਾਨਾਂ ਦਾ ਇੱਕ ਧਾਰਮਿਕ ਨੇਤਾ ਸੀ ।
2. ਸੱਯਦ ਅਹਿਮਦ ਬਰੇਲੀ ਦਾ ਰਹਿਣ ਵਾਲਾ ਸੀ ।
3. ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਸੈਦੂ ਅਤੇ ਪਿਸ਼ਾਵਰ ਵਿਖੇ ਹਰਾਇਆ ਸੀ ।
4. ਸੱਯਦ ਅਹਿਮਦ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ਸੀ ।
5. 1831 ਈ. ।
4. ਦੋਸਤ ਮੁਹੰਮਦ ਖ਼ਾਂ ਸਿੱਖਾਂ ਹੱਥੋਂ ਹੋਏ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ । ਦੂਜੇ ਪਾਸੇ ਸਿੱਖ ਵੀ ਪਿਸ਼ਾਵਰ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਸਨ । ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ । ਹਰੀ ਸਿੰਘ ਨਲਵਾ ਦੀ ਇਸ ਕਾਰਵਾਈ ਨੂੰ ਰੋਕਣ ਲਈ ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸਦੀਨ ਦੀ ਅਗਵਾਈ ਹੇਠ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਭੇਜੀ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਹਰੀ ਸਿੰਘ ਨਲਵਾ ਉਸ ਸਮੇਂ ਪਿਸ਼ਾਵਰ ਵਿਖੇ ਸਖ਼ਤ ਬੀਮਾਰ ਪਿਆ ਸੀ । ਜਦੋਂ ਉਸ ਨੂੰ ਅਫ਼ਗਾਨਾਂ ਦੇ ਇਸ ਹਮਲੇ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਆਪਣੇ 10,000 ਸੈਨਿਕਾਂ ਨੂੰ ਨਾਲ ਲੈ ਕੇ ਜਮਰੌਦ ਵਿਖੇ ਅਫ਼ਗਾਨਾਂ ਉੱਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਸੀ ਪਰ ਸਿੱਖਾਂ ਨੇ ਅਫ਼ਗਾਨ ਫ਼ੌਜਾਂ ਵਿੱਚ ਅਜਿਹੀ ਤਬਾਹੀ ਮਚਾਈ ਕਿ ਉਨ੍ਹਾਂ ਨੇ ਮੁੜ ਕਦੇ ਪਿਸ਼ਾਵਰ ਵੱਲ ਆਪਣਾ ਮੂੰਹ ਨਾ ਕੀਤਾ ।
1. ਦੋਸਤ ਮੁਹੰਮਦ ਖਾਂ ਕੌਣ ਸੀ ?
2. ਜਮਰੌਦ ਕਿਲ੍ਹੇ ਦਾ ਨਿਰਮਾਣ ਕਿਸ ਨੇ ਕੀਤਾ ਸੀ ?
3. ਜਮਰੌਦ ਕਿਲ੍ਹੇ ‘ਤੇ ਹਮਲਾ ……………………….. ਨੂੰ ਕੀਤਾ ਗਿਆ ।
4. ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਜਰਨੈਲ ਸ਼ਹੀਦ ਹੋਇਆ ?
5. ਜਮਰੌਦ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ ?
ਉੱਤਰ-
1. ਦੋਸਤ ਮੁਹੰਮਦ ਖ਼ਾਂ ਪਿਸ਼ਾਵਰ ਦਾ ਸ਼ਾਸਕ ਸੀ ।
2. ਜਮਰੌਦ ਕਿਲ੍ਹੇ ਦਾ ਨਿਰਮਾਣ ਸਰਦਾਰ ਹਰੀ ਸਿੰਘ ਨਲਵਾ ਨੇ ਕੀਤਾ ।
3. 28 ਅਪਰੈਲ, 1837 ਈ. ।
4. ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਸੀ ।
5. ਜਮਰੌਦ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ ਸਨ ।