Punjab State Board PSEB 6th Class Punjabi Book Solutions Punjabi Grammar Vishram Chin ਵਿਸਰਾਮ ਚਿੰਨ੍ਹ Exercise Questions and Answers.
PSEB 6th Class Punjabi Grammar ਵਿਸਰਾਮ ਚਿੰਨ੍ਹ
‘ਵਿਸਰਾਮ’ ਦਾ ਅਰਥ ਹੈ “ਠਹਿਰਾਓ’ । ‘ਵਿਸਰਾਮ ਚਿੰਨ੍ਹ’ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ । ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ । ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ
1. ਡੰਡੀ-(।) :
ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ , ਜਿਵੇਂ-
(ੳ) ਇਹ ਮੇਰੀ ਪੁਸਤਕ ਹੈ ।
(ਅ) ਮੈਂ ਸਕੂਲ ਜਾਂਦਾ ਹਾਂ ।
2. ਪ੍ਰਸ਼ਨਿਕ ਚਿੰਨ-(?) :
ਇਹ ਚਿੰਨ ਉਨ੍ਹਾਂ ਪੁਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ-
(ਉ) ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ ?
(ਅ) ਕੀ ਤੂੰ ਘਰ ਵਿਚ ਹੀ ਰਹੇਂਗਾ ?
3. ਵਿਸਮਿਕ ਚਿੰਨ੍ਹ-(!) :
ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ , ਜਿਵੇਂ-
ਸੰਬੋਧਨ ਕਰਨ ਸਮੇਂ-ਓਇ ਕਾਕਾ ! ਇਧਰ ਆ !
ਹੈਰਾਨੀ, ਖ਼ੁਸ਼ੀ ਤੇ ਗ਼ਮੀ ਭਰੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ-
(ਉ) ਸ਼ਾਬਾਸ਼ ! ਕਾਸ਼ !
(ਅ) ਵਾਹ ! ਕਮਾਲ ਹੋ ਗਿਆ !
(ੲ) ਹੈਂ! ਤੂੰ ਫ਼ੇਲ੍ਹ ਹੋ ਗਿਐਂ!
(ਸ) ਹਾਏ !
4. ਕਾਮਾ-(,) :
(ੳ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ-ਰੱਪਾ, ਸਭ ਦਾ ਸਿਰ ਖਾ ਰਿਹਾ ਸੀ ।
(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਹਨ , ਜਿਵੇਂ-
ਉਹ ਲੜਕੀ, ਜਿਹੜੀ ਕੱਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ ।
(ੲ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਨ੍ਹਾਂ ਤੋਂ ਪਹਿਲਾਂ ਤੇ ਮਗਰੋਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ; ਜਿਵੇਂ-
ਖਾਣਾ ਖਾ ਕੇ, ਹੱਥ ਧੋ ਕੇ, ਕੁੱਝ ਚਿਰ ਅਰਾਮ ਕਰ ਕੇ, ਸਾਰੇ ਪ੍ਰਾਹੁਣੇ ਚਲੇ ਗਏ ।
(ਸ) ਜਦੋਂ ਵਾਕ ਵਿਚ “ਕੀ’, ‘ਕਿਉਂਕਿ’, ‘ਤਾਂ ਜੋ, ਆਦਿ ਯੋਜਕ ਨਾ ਹੋਣ, ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ , ਜਿਵੇਂ-
ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸੱਚਾਈ ਦੀ ਜਿੱਤ ਹੁੰਦੀ ਹੈ ।
(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-
ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ ।
(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਓਂ, “ਇਸ ਲਈ, “ਸ’ ਅਤੇ ‘ਫਿਰ ਵੀ, ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-
ਹਰਜਿੰਦਰ ਧੋਖੇਬਾਜ਼ ਹੈ, ਤਾਹੀਓਂ ਤਾਂ ਮੈਂ ਉਸ ਨੂੰ ਚੰਗੀ ਨਹੀਂ ਸਮਝਦਾ ।
(ਖ) ਕਈ ਸਾਲ ਪਹਿਲਾ ਮੈਂ ਇਹ ਯੋਜਨਾ ਬਣਾਈ ਸੀ ਅਤੇ ਇਸ ਨੂੰ ਸਿਰੇ ਚੜ੍ਹਾਉਣ ਲਈ ਕਾਫ਼ੀ ਕੰਮ ਕੀਤਾ ਸੀ, ਪਰੰਤੂ ਮੈਨੂੰ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ ।
(ਗ) ਜਦੋਂ ਕਿਸੇ ਵਾਕ ਵਿਚ ਇਕੋ-ਜਿਹੇ ਵਾਕ-ਅੰਸ਼ ਜਾਂ ਉਪਵਾਕ ਹੋਣ ਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ ; ਜਿਵੇਂ-
ਰਾਮ ਦਾ ਘਰ 20 ਫੁੱਟ ਲੰਮਾ, 12 ਫੁੱਟ ਚੌੜਾ ਤੇ 150 ਫੁੱਟ ਉੱਚਾ ਹੈ ।
(ਘ) ਜਦੋਂ ਕਿਸੇ ਵਾਕ ਵਿਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਮਗਰੋਂ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਭਾਰਤੀ ਸੰਵਿਧਾਨ ਵਿਚ ਉਚ-ਨੀਚ, ਜਾਤ-ਪਾਤ ਅਤੇ ਅਮੀਰ-ਗ਼ਰੀਬ ਦਾ ਭੇਦ-ਭਾਵ ਨਹੀਂ ।
(ਙ) ਜਦੋਂ ਕਿਸੇ ਨਾਉਂ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ ਜਾਂ ‘ਅਤੇ ਲੱਗਦਾ ਹੈ ; ਜਿਵੇਂ-
‘ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ ।
(ਚ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ ।
5. ਬਿੰਦੀ ਕਾਮਾ (;) :
ਬਿੰਦੀ ਕਾਮਾ ਉਸ ਸਮੇਂ ਲੱਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ, ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-
(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ “ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ , ਜਿਵੇਂ-ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਂਵਾਂ ਨੂੰ ਨਾਉਂ ਆਖਿਆ ਜਾਂਦਾ ਹੈ; ਜਿਵੇਂ-
ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰਪੁਰ ।
(ਅ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ-ਵੱਖਰੇ ਕਰਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ-
ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ ; ਮਿਹਨਤ ਕਰਨ ਨਾਲ ਅਦੁੱਤੀ ਖ਼ੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ ।
6. ਦੁਬਿੰਦੀ (:) :
(ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ, ਤਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ-ਸ: (ਸਿਰਦਾਰ), ਪ੍ਰੋ: (ਪ੍ਰੋਫੈਸਰ) ।
(ਅ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਬਿੰਦੀ ਲਾਈ ਜਾਂਦੀ ਹੈ , ਜਿਵੇਂ-‘ਪੰਡਿਤ ਨਹਿਰੂ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਸਨ ; ਵੱਡੇ-ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ ।
7. ਡੈਸ਼ (_) :
(ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ ; ਜਿਵੇਂ-ਮੇਰੇ ਖ਼ਿਆਲ ਅਨੁਸਾਰ ਥੋੜ੍ਹਾ ਗਹੁ ਨਾਲ ਸੁਣਨਾ-ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ ।
(ਅ) ਨਾਟਕੀ ਵਾਰਤਾਲਾਪ ਸਮੇਂ-
ਪਰਮਿੰਦਰ-ਨੀਂ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ ।
ਕਿਰਨ-ਆਹੋ, ਤੂੰ ਕਿਹੜੀ ਘੱਟ ਏਂ ।
(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ ।
ਮੈਂ-ਮ-ਮੈਂ-ਅੱਜ, ਸ-ਸਕੂਲ ਨਹੀਂ ਗਿਆ ।
8. ਦੁਬਿੰਦੀ ਡੈਬ (:-)
(ੳ) ਦੁਕਾਨ ਤੇ ਜਾਓ ‘ਤੇ ਇਹ ਚੀਜ਼ਾਂ ਲੈ ਆਓ :- ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ ।
(ਅ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ ; ਜਿਵੇਂ :- ਮੋਹਨ, ਘਰ, ਜਲੰਧਰ ਤੇ ਕੁਰਸੀ ।
(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ , ਜਿਵੇਂ:-
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ-ਕਾਗਦ, ਕਾਦੀਆਂ, ਰਜ਼ਾ, ਹੁਕਮ, ਸ਼ਾਇਰ, ਕਲਮ ਆਦਿ ।
9. ਪੁੱਠੇ ਕਾਮੇ (” “) :
ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੇ ਦੋਹਰੇ ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੋਹਰੇ ਪੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ ; ਜਿਵੇਂ-ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮੱਦਦ ਕਰਾਂਗਾ ।”
(ਅ) ਕਿਸੇਂ ਉਪਨਾਮ, ਸ਼ਬਦ, ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ , ਜਿਵੇਂ-
ਇਹ ਸਤਰਾਂ ‘ਪੰਜਾਬੀ ਕਵਿਤਾ ਦੀ ਵੰਨਗੀ’ ਪੁਸਤਕ ਵਿਚ ਦਰਜ ਧਨੀ ਰਾਮ ‘ਚਾਤ੍ਰਿਕ` ਦੀ ਲਿਖੀ ਹੋਈ ਕਵਿਤਾ ‘ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ ।
10. ਬੈਕਟ (),[] :
(ੳ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ , ਜਿਵੇਂ-
ਸੀ-(ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ ।
(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ-
ਇਹ ਏ. ਆਈ. ਆਰ. (ਆਲ ਇੰਡੀਆ ਰੇਡੀਓ) ਦੀ ਬਿਲਡਿੰਗ ਹੈ ।
11. ਜੋੜਨੀ (-) :
ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ , ਜਿਵੇਂ-
(ਉ) ਉਨ੍ਹਾਂ ਵਲੋਂ ਪੁੱਜੀ ਸਹਾ-
ਇਤਾ ਬੜੇ ਕੰਮ ਆਈ ।
(ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ-
ਲੋਕ-ਸਭਾ, ਰਾਜ-ਸਭਾ, ਜੰਗ-ਬੰਦੀ ਆਦਿ ।
12. ਬਿੰਦੀ (.) :
(ਉ) ਅੰਕਾਂ ਨਾਲ ; ਜਿਵੇਂ-1. 2. 3. 4
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ-ਐੱਮ. ਏ., ਐੱਮ. ਐੱਲ. ਏ., ਐੱਸ. ਪੀ. ।
13. ਛੁਟ ਮਰੋੜੀ (‘) :
ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ ; ਜਿਵੇਂ| ’ਚੋਂ = ਵਿਚੋਂ ।’ਤੇ = ਉੱਤੇ ।
ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ । ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ
(ਉ) ਪ੍ਰਸ਼ਨ ਚਿੰਨ੍ਹ ()
(ਅ) ਪੁੱਠੇ ਕਾਮੇ ()
(ਈ) ਡੈਸ਼ ()
(ਸ) ਵਿਸਮਿਕ ()
(ਹ) ਜੋੜਨੀ ()
(ਕ) ਛੁੱਟ ਮਰੋੜੀ ()
(ਖ) ਬਿੰਦੀ ਕਾਮਾ ()।
ਉੱਤਰ :
(ੳ) ਪ੍ਰਸ਼ਨਿਕ ਚਿੰਨ੍ਹ (?)
(ਅ) ਪੁੱਠੇ ਕਾਮੇ (” “)
(ਇ) ਡੈਸ਼ (_)
(ਸ) ਵਿਸਮਿਕ (!))
(ਹ) ਜੋੜਨੀ (-)
(ਕ) ਛੁੱਟ ਮਰੋੜੀ (‘)
(ਖ) ਬਿੰਦੀ ਕਾਮਾ (;) ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ ਲਗਾਓ
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ :
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
(ਇ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
(ਸ) ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ , ਕਿਹਾ
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ-ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ।
ਉੱਤਰ :
(ੳ) ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ ?”
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ‘ਸਦਾ ਸੱਚ ਬੋਲੋ ; ਕਦੀ ਝੁਠ ਨਾ ਬੋਲੋ।”
(ਇ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ ।
(ਸ) “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ।” ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ ।
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ।
ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
(ੳ) ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ
(ਅ) ਕੱਛਕੰਮੀ ਕੁੱਝ ਚਿਰ ਚੁੱਪ ਰਹੀ ਤੇ ਫਿਰ ਬੋਲੀ ਤੂੰ ਹੀ ਦੱਸ ਭਲਾ ਸਦੀਆਂ ਦਾ ਰਿਸ਼ਤਾਂ ਏਨੀ ਛੇਤੀ ਕਿਵੇਂ ਟੁੱਟ ਜਾਏਗਾ ।
(ਇ) ਮੰਮੀ ਦੀ ਗੱਲ ਅਜੇ ਮਸਾਂ ਪੂਰੀ ਹੋਈ ਸੀ ਕਿ ਭਾਵਨਾ ਬੋਲ ਪਈ ਔਹ ਕੋਈ ਕੀ ਕਰ ਰਿਹਾ ਹੈ ।
ਉੱਤਰ :
(ਉ) ‘‘ਸਮਝ ਗਿਆ, ਸਮਝ ਗਿਆ |’ ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ । ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ।”
(ਅ) ਕੱਛੁਕੁੰਮੀ ਕੁੱਝ ਚਿਰ ਚੁੱਪ ਰਹੀ ਤੇ ਫਿਰ ਬੋਲੀ, “ਤੂੰ ਹੀ ਦੱਸ, ਭਲਾ ਸਦੀਆਂ ਦਾ ਰਿਸ਼ਤਾ ਏਨੀ ਛੇਤੀ ਕਿਵੇਂ ਟੁੱਟ ਜਾਏਗਾ ?”
(ਈ) ਮੰਮੀ ਦੀ ਗੱਲ ਅਜੇ ਮਸਾਂ ਪੂਰੀ ਹੋਈ ਸੀ ਕਿ ਭਾਵਨਾ ਬੋਲ ਪਈ, “ਔਹ ਕੋਈ ਕੀ ਕਰ ਰਿਹਾ ਹੈ ?”