Punjab State Board PSEB 8th Class Social Science Book Solutions Geography Chapter 4 ਸਾਡੀ ਖੇਤੀਬਾੜੀ Textbook Exercise Questions and Answers.
PSEB Solutions for Class 8 Social Science Geography Chapter 4 ਸਾਡੀ ਖੇਤੀਬਾੜੀ
SST Guide for Class 8 PSEB ਸਾਡੀ ਖੇਤੀਬਾੜੀ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਖੇਤੀਬਾੜੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਖੇਤੀਬਾੜੀ ਤੋਂ ਭਾਵ ਫ਼ਸਲਾਂ ਪੈਦਾ ਕਰਨਾ, ਪਸ਼ੂ ਪਾਲਣਾ ਅਤੇ ਹੋਰ ਖੇਤੀ ਧੰਦਿਆਂ ਤੋਂ ਹੈ । ਡੇਅਰੀ ਫਾਰਮਿੰਗ, ਮੁਰਗੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਮੱਛੀਆਂ ਪਾਲਣ, ਫੁੱਲਾਂ ਦੀ ਖੇਤੀ ਕਰਨਾ, ਗੁੜ ਬਣਾਉਣਾ, ਆਟਾ ਚੱਕੀ ਲਗਾਉਣਾ ਆਦਿ ਸਾਰੇ ਧੰਦੇ ਖੇਤੀ ਵਿਚ ਸ਼ਾਮਿਲ ਹਨ ।
ਪ੍ਰਸ਼ਨ 2.
ਖੇਤੀਬਾੜੀ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰ-
ਖੇਤੀਬਾੜੀ ਨੂੰ ਮੁੱਖ ਰੂਪ ਨਾਲ ਹੇਠ ਲਿਖੇ ਤੱਤ ਪ੍ਰਭਾਵਿਤ ਕਰਦੇ ਹਨ-
- ਜਲਵਾਯੂ
- ਧਰਾਤਲ
- ਮਿੱਟੀ ਦੀਆਂ ਕਿਸਮਾਂ
- ਸਿੰਚਾਈ ਦੀ ਵਿਵਸਥਾ
- ਖੇਤੀ ਕਰਨ ਦੇ ਢੰਗ
- ਮੰਡੀਆਂ ਦੀ ਸਹੂਲਤ
- ਆਵਾਜਾਈ ਦੇ ਸਾਧਨ
- ਬੈਂਕਾਂ ਦੀ ਸਹੂਲਤ ।
ਪ੍ਰਸ਼ਨ 3.
ਬਾਗਾਤੀ ਖੇਤੀ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਬਾਗਾਤੀ ਖੇਤੀ ਵਿਚ ਫ਼ਲਾਂ, ਸਬਜ਼ੀਆਂ, ਫੁੱਲਾਂ ਅਤੇ ਫੁੱਲਾਂ ਦੇ ਬੀਜਾਂ ਦੀ ਵੀ ਖੇਤੀ ਕੀਤੀ ਜਾਂਦੀ ਹੈ । ਇਸ ਵਿਚ ਖੇਤੀ ਦੀਆਂ ਆਧੁਨਿਕ ਵਿਧੀਆਂ ਪ੍ਰਯੋਗ ਵਿਚ ਲਿਆਈਆਂ ਜਾਂਦੀਆਂ ਹਨ । ਇਹ ਖੇਤੀ ਕਿਸਾਨਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੋ ਰਹੀ ਹੈ ।
ਪ੍ਰਸ਼ਨ 4.
ਅਨਾਜ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਮੁੱਖ ਅਨਾਜ ਫ਼ਸਲਾਂ ਚੌਲ, ਕਣਕ, ਮੱਕੀ, ਜਵਾਰ, ਬਾਜਰਾ, ਦਾਲਾਂ ਅਤੇ ਤੇਲ ਕੱਢਣ ਦੇ ਬੀਜ ਹਨ ।
ਪ੍ਰਸ਼ਨ 5.
ਕੱਦੂ ਕਰਨਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੌਲ ਪੈਦਾ ਕਰਨ ਲਈ ਪਹਿਲਾਂ ਪੌਦ ਅਥਵਾ ਪਨੀਰੀ ਤਿਆਰ ਕੀਤੀ ਜਾਂਦੀ ਹੈ । ਫਿਰ ਜਿਸ ਖੇਤ ਵਿਚ ਪੌਦ (ਪਨੀਰੀ) ਲਗਾਉਣੀ ਹੋਵੇ ਉਸਨੂੰ ਪੱਧਰਾ ਕਰਕੇ ਉਸ ਵਿਚ ਪਾਣੀ ਭਰ ਲਿਆ ਜਾਂਦਾ ਹੈ । ਇਸ ਨੂੰ ਖੇਤ ਨੂੰ ਕੱਦੂ ਕਰਨਾ ਕਹਿੰਦੇ ਹਨ ।
ਪ੍ਰਸ਼ਨ 6.
ਮੱਕੀ ਤੋਂ ਕੀ-ਕੀ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮੱਕੀ ਤੋਂ ਗੁਲੂਕੋਜ਼, ਕਲਫ਼ ਸਟਾਰਚ ਅਤੇ ਅਲਕੋਹਲ ਤਿਆਰ ਕੀਤਾ ਹੈ । ਇਸ ਤੋਂ ਬਨਸਪਤੀ ਤੇਲ ਵੀ ਤਿਆਰ ਕੀਤਾ ਜਾਂਦਾ ਹੈ ।
ਪ੍ਰਸ਼ਨ 7.
ਰੇਸ਼ੇ ਦੀ ਲੰਬਾਈ ਦੇ ਆਧਾਰ ‘ਤੇ ਕਪਾਹ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਹੋ ਸਕਦੀ ਹੈ ?
ਉੱਤਰ-
ਰੇਸ਼ੇ ਦੀ ਲੰਬਾਈ ਦੇ ਆਧਾਰ ‘ਤੇ ਕਪਾਹ ਤਿੰਨ ਕਿਸਮਾਂ ਦੀ ਹੁੰਦੀ ਹੈ-
- ਲੰਬੇ ਰੇਸ਼ੇ ਵਾਲੀ ਕਪਾਹ,
- ਮੱਧਮ ਦਰਜੇ ਦੇ ਰੇਸ਼ੇ ਵਾਲੀ ਕਪਾਹ ਅਤੇ
- ਛੋਟੇ ਰੇਸ਼ੇ ਵਾਲੀ ਕਪਾਹ ।
ਪ੍ਰਸ਼ਨ 8.
ਪਟਸਨ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਪਟਸਨ ਤੋਂ ਬੋਰੀਆਂ, ਰੱਸੀਆਂ, ਟਾਟ ਆਦਿ ਬਣਾਏ ਜਾਂਦੇ ਹਨ । ਇਸ ਤੋਂ ਸ਼ੋਅ-ਪੀਸ ਵੀ ਬਣਦੇ ਹਨ ।
ਪ੍ਰਸ਼ਨ 9.
ਚਾਹ ਦਾ ਪੌਦਾ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਚਾਹ ਦਾ ਪੌਦਾ ਇਕ ਝਾੜੀ ਵਰਗਾ ਹੁੰਦਾ ਹੈ । ਇਸ ਦੀਆਂ ਪੱਤੀਆਂ ਤੋਂ ਚਾਹ ਪੱਤੀ ਪ੍ਰਾਪਤ ਕੀਤੀ ਜਾਂਦੀ ਹੈ ।
ਪ੍ਰਸ਼ਨ 10.
ਕੌਫ਼ੀ ਦੀਆਂ ਤਿੰਨ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਕੌਫ਼ੀ ਦੀਆਂ ਤਿੰਨ ਕਿਸਮਾਂ ਹਨ-
- ਅਰੇਬਿਕਾ
- ਰੋਬਸਟਾ ਅਤੇ
- ਲਾਈਬੈਰਿਕਾ ।
ਪ੍ਰਸ਼ਨ 11.
ਯੂ. ਐੱਸ. ਏ. ਅਤੇ ਪੰਜਾਬ ਵਿਚ ਕਿੰਨੇ-ਕਿੰਨੇ ਪ੍ਰਤੀਸ਼ਤ ਲੋਕ ਖੇਤੀ ਦਾ ਧੰਦਾ ਕਰਦੇ ਹਨ ?
ਉੱਤਰ-
ਯੂ. ਐੱਸ. ਏ. ਵਿਚ 30%, ਜਦੋਂ ਕਿ ਪੰਜਾਬ ਵਿਚ ਲਗਪਗ 58% ਲੋਕ ਖੇਤੀ ਦਾ ਧੰਦਾ ਕਰਦੇ ਹਨ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਖੇਤੀ ਦੀਆਂ ਕਿਸਮਾਂ ਦੇ ਨਾਂ ਦੱਸ ਕੇ, ਸੰਘਣੀ ਅਤੇ ਵਿਸ਼ਾਲ ਖੇਤੀ ਵਿਚ ਅੰਤਰ ਲਿਖੋ ।
ਉੱਤਰ-
ਖੇਤੀ ਦੀਆਂ ਕਿਸਮਾਂ-ਖੇਤੀ ਹੇਠ ਲਿਖੀਆਂ ਕਈ ਕਿਸਮਾਂ ਦੀ ਹੁੰਦੀ ਹੈ-
- ਸਥਾਈ ਖੇਤੀ (Permanent Agriculture)
- ਸਥਾਨਅੰਤਰੀ ਖੇਤੀ (Shifting Agriculture)
- ਖ਼ੁਸ਼ੱਕ ਖੇਤੀ (Dry farming)
- ਗਿੱਲੀ ਖੇਤੀ (Wet farming)
- ਸੰਘਣੀ ਖੇਤੀ (Intensive farming
- ਵਿਸ਼ਾਲ ਖੇਤੀ (Extensive farming)
- ਮਿਸ਼ਰਿਤ ਖੇਤੀ (Mixed farming)
- ਬਾਗਬਾਨੀ ਖੇਤੀ (Horticulture
- ਨਿੱਜੀ ਖੇਤੀ (Private or individual agriculture)
- ਸਹਿਕਾਰੀ ਖੇਤੀ (Cooperative farming)
- ਸਾਂਝੀ ਖੇਤੀ (Collective farming)
- ਬਾਗਾਤੀ ਖੇਤੀ (Plantation agriculture)
- ਗੁਜ਼ਾਰੇਵੰਦੀ ਖੇਤੀ (Subsistence agriculture)
- ਵਪਾਰਿਕ ਖੇਤੀ (Commercial farming) ।
ਸੰਘਣੀ ਅਤੇ ਵਿਸ਼ਾਲ ਖੇਤੀ ਵਿਚ ਅੰਤਰ-
- ਸੰਘਣੀ ਖੇਤੀ ਘੱਟ ਭੂਮੀ ‘ਤੇ ਕੀਤੀ ਜਾਂਦੀ ਹੈ, ਜਦੋਂ ਕਿ ਵਿਸ਼ਾਲ ਖੇਤੀ ਵਿਚ ਖੇਤਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ ।
- ਸੰਘਣੀ ਖੇਤੀ ਵਿਚ ਸਿੰਚਾਈ ਸਾਧਨਾਂ ਅਤੇ ਖਾਦਾਂ ਦੇ ਪ੍ਰਯੋਗ ਨਾਲ ਉਤਪਾਦਨ ਵਧਾਇਆ ਜਾਂਦਾ ਹੈ । ਇਸਦੇ ਉਲਟ ਵਿਸ਼ਾਲ ਖੇਤੀ ਵਿਚ ਮਸ਼ੀਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ।
- ਸੰਘਣੀ ਖੇਤੀ ਭਾਰਤ ਦੇ ਪੰਜਾਬ ਰਾਜ ਵਿਚ ਕੀਤੀ ਜਾਂਦੀ ਹੈ, ਜਦੋਂ ਕਿ ਵਿਸ਼ਾਲ ਖੇਤੀ ਸੰਯੁਕਤ ਰਾਜ ਅਮਰੀਕਾ ਦੇ ਵੱਡੇ-ਵੱਡੇ ਖੇਤਾਂ ਵਿਚ ਕੀਤੀ ਜਾਂਦੀ ਹੈ ।
ਪ੍ਰਸ਼ਨ 2.
ਗੁਜ਼ਾਰੇਵੰਦੀ ਅਤੇ ਵਪਾਰਿਕ ਕਿਸਮ ਦੀ ਖੇਤੀ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਗੁਜ਼ਾਰੇਵੰਦੀ ਖੇਤੀ – ਗੁਜ਼ਾਰੇਵੰਦੀ ਖੇਤੀ ਛੋਟੇ ਪੱਧਰ ‘ਤੇ ਕੀਤੀ ਜਾਂਦੀ ਹੈ । ਇਸ ਵਿਚ ਕਿਸਾਨ ਆਪਣੀ ਲੋੜ ਅਨੁਸਾਰ ਆਪਣੇ ਗੁਜ਼ਾਰੇ ਲਈ ਫ਼ਸਲਾਂ ਉਗਾਉਂਦਾ ਹੈ । ਉਹ ਇਨ੍ਹਾਂ ਨੂੰ ਵੇਚ ਨਹੀਂ ਸਕਦਾ ਕਿਉਂਕਿ ਉਸਦੇ ਕੋਲ ਫਾਲਤੂ ਫ਼ਸਲ ਬਚਦੀ ਹੀ ਨਹੀਂ । ਜੇਕਰ ਉਹ ਥੋੜ੍ਹੀ ਬਹੁਤ ਵੇਚਦਾ ਵੀ ਹੈ ਤਾਂ ਉਹ ਉਨ੍ਹਾਂ ਪੈਸਿਆਂ ਨਾਲ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਘਰ ਦਾ ਸਾਮਾਨ ਖ਼ਰੀਦ ਲੈਂਦਾ ਹੈ ।
ਵਪਾਰਿਕ ਖੇਤੀ – ਇਸ ਪ੍ਰਕਾਰ ਦੀ ਖੇਤੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ । ਇਸ ਵਿਚ ਕਿਸਾਨ ਮਸ਼ੀਨਾਂ ਅਤੇ ਹੋਰ ਸਾਧਨਾਂ ਦਾ ਭਰਪੂਰ ਪ੍ਰਯੋਗ ਕਰਦੇ ਹਨ । ਉਪਜਾਂ ਨੂੰ ਬਾਜ਼ਾਰ ਵਿਚ ਵੇਚਣ ਲਈ ਉਗਾਇਆ ਜਾਂਦਾ ਹੈ ਤਾਂ ਕਿ ਨਕਦ ਧਨ ਕਮਾਇਆ ਜਾ ਸਕੇ । ਸੰਸਾਰ ਦੇ ਜ਼ਿਆਦਾ ਖੇਤਰਫਲ ਵਾਲੇ ਦੇਸ਼ਾਂ ਵਿਚ, ਜਿੱਥੇ ਕਿਸਾਨਾਂ ਕੋਲ ਵੱਡੀਆਂ-ਵੱਡੀਆਂ ਜ਼ਮੀਨਾਂ ਹਨ, ਆਮ ਤੌਰ ‘ਤੇ ਇਸੇ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ । ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਆਪਣੀ ਵਪਾਰਿਕ ਖੇਤੀ ਲਈ ਜਾਣੇ ਜਾਂਦੇ ਹਨ | ਹੁਣ ਭਾਰਤ ਵਿਚ ਵੀ ਵਪਾਰਿਕ ਖੇਤੀ ਦਾ ਪ੍ਰਚਲਨ ਵੱਧ ਰਿਹਾ ਹੈ ।
ਪ੍ਰਸ਼ਨ 3.
ਚਾਵਲ (ਚੌਲ) ਪੈਦਾ ਕਰਨ ਵਾਲੇ ਮੁੱਖ ਖੇਤਰ ਕਿਹੜੇ-ਕਿਹੜੇ ਹਨ ?
ਉੱਤਰ-
ਚਾਵਲ (ਚੌਲ) ਮੁੱਖ ਰੂਪ ਵਿਚ ਗਰਮ ਅਤੇ ਤਰ (ਨਮ ਜਲਵਾਯੂ ਵਾਲੇ ਦੇਸ਼ਾਂ ਵਿਚ ਪੈਦਾ ਕੀਤਾ ਜਾਂਦਾ ਹੈ । ਸੰਸਾਰ ਵਿਚ ਚੀਨ, ਭਾਰਤ, ਬੰਗਲਾ ਦੇਸ਼, ਜਾਪਾਨ ਅਤੇ ਦੱਖਣ-ਪੂਰਬੀ ਦੇਸ਼ ਚਾਵਲ (ਚੌਲ) ਦੇ ਉਤਪਾਦਨ ਲਈ ਪ੍ਰਸਿੱਧ ਹਨ । ਇਨ੍ਹਾਂ ਵਿਚੋਂ ਚੀਨ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ । ਉਹ ਸੰਸਾਰ ਦੇ ਕੁੱਲ ਚਾਵਲ ਦਾ 36% ਪੈਦਾ ਕਰਦਾ ਹੈ । ਉੱਥੋਂ ਦੀਆਂ ਯੰਗਸੀ ਕਿਆਂਗ ਦੀਆਂ ਨਹਿਰੀ ਘਾਟੀਆਂ ਚੌਲ ਦੇ ਉਤਪਾਦਨ ਲਈ ਜਾਣੀਆਂ ਜਾਂਦੀਆਂ ਹਨ । ਬੰਗਲਾ ਦੇਸ਼ ਵਿਚ ਚਾਵਲ (ਚੌਲ) ਪੈਦਾ ਕਰਨ ਵਾਲਾ ਮੁੱਖ ਖੇਤਰ ਡੈਲਟਾ ਹੈ । ਜਾਪਾਨ ਵਧੇਰੇ ਉਤਪਾਦਨ ਲਈ ਚੌਲਾਂ ਦੀ ‘ਜੈਪੋਨਿਕਾ ਕਿਸਮ ਦੀ ਬਿਜਾਈ ਕਰਦਾ ਹੈ ।
ਚਾਵਲ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਦੂਜਾ ਸਥਾਨ ਹੈ । ਸੰਸਾਰ ਦਾ 20% ਚਾਵਲ ਭਾਰਤ ਵਿਚ ਹੀ ਪੈਦਾ ਕੀਤਾ ਜਾਂਦਾ ਹੈ । ਭਾਰਤ ਦੇ ਚਾਵਲ ਪੈਦਾ ਕਰਨ ਵਾਲੇ ਰਾਜ ਪੱਛਮੀ ਬੰਗਾਲ, ਬਿਹਾਰ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼, ਤਾਮਿਲਨਾਡੂ, ਛੱਤੀਸਗੜ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਹਨ । ਪੰਜਾਬ ਵਿਚ ਚਾਵਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਸਭ ਤੋਂ ਜ਼ਿਆਦਾ ਹੈ । ਇਸ ਰਾਜ ਵਿਚ ਚਾਵਲ ਮੁੱਖ ਤੌਰ ‘ਤੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਉਗਾਇਆ ਜਾਂਦਾ ਹੈ ।
ਪ੍ਰਸ਼ਨ 4.
ਕਪਾਹ ਅਤੇ ਪਟਸਨ ਪੈਦਾ ਕਰਨ ਲਈ ਲੋੜੀਂਦੀਆਂ ਹਾਲਤਾਂ ਦਾ ਵਰਣਨ ਕਰੋ ।
ਉੱਤਰ-
ਕਪਾਹ ਪੈਦਾ ਕਰਨ ਲਈ ਲੋੜੀਦੀਆਂ ਹਾਲਤਾਂ-
ਤਾਪਮਾਨ – 20° ਸੈਲਸੀਅਸ ਤੋਂ 30° ਸੈਲਸੀਅਸ ਤਕ ਅਤੇ ਘੱਟ ਤੋਂ ਘੱਟ 20 ਕੋਹਰਾ ਰਹਿਤ ਦਿਨ ।
ਵਰਖਾ – 50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤਕ ।
ਧਰਾਤਲ – ਪੱਧਰੀ ਜਾਂ ਹਲਕੀ ਢਲਾਨ ਵਾਲੀ ਭੂਮੀ ।
ਮਿੱਟੀ – ਕਾਲੀ, ਜਲੌੜ ਮਿੱਟੀ ਅਤੇ ਖਾਦ ਦੀ ਲੋੜ ਹੁੰਦੀ ਹੈ ।
ਮਜ਼ਦੂਰ – ਕਪਾਹ ਚੁਗਣ ਲਈ ਸਸਤੇ ਅਤੇ ਸਿਖਲਾਈ ਪ੍ਰਾਪਤ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।
ਪਟਸਨ ਪੈਦਾ ਕਰਨ ਲਈ ਜ਼ਰੂਰੀ ਹਾਲਤਾਂ
ਤਾਪਮਾਨ – 24° ਸੈਲਸੀਅਸ ਤੋਂ 35° ਸੈਲਸੀਅਸ ।
ਵਰਖਾ- 120 ਸੈਂਟੀਮੀਟਰ ਤੋਂ 150 ਸੈਂਟੀਮੀਟਰ ਤਕ, 80 ਤੋਂ 90% ਸਾਪੇਖ ਨਮੀ ਜ਼ਰੂਰੀ ਹੈ ।
ਧਰਾਤਲ – ਪੱਧਰਾ ਧਰਾਤਲ ।
ਮਿੱਟੀ – ਜਲੌੜ, ਚੀਕਣੀ ਅਤੇ ਦੋਮਟ ਮਿੱਟੀ ।
ਮਜ਼ਦੂਰ – ਸਸਤੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 5.
ਪੰਜਾਬ ਵਿਚ ਕਪਾਹ ਦੀ ਪੈਦਾਵਾਰ ‘ ਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਹਰਿਆਣਾ ਨਾਲ ਮਿਲ ਕੇ ਦੇਸ਼ ਦੀ ਲਗਪਗ 25% ਕਪਾਹ ਪੈਦਾ ਕਰਦਾ ਹੈ । ਰਾਜ ਦੇ ਕਪਾਹ ਪੈਦਾ ਕਰਨ ਵਾਲੇ ਮੁੱਖ ਜ਼ਿਲ੍ਹੇ ਬਠਿੰਡਾ, ਫਿਰੋਜ਼ਪੁਰ ਅਤੇ ਸੰਗਰੂਰ ਹਨ । ਪੰਜਾਬ ਵਿਚ ਬੀ. ਟੀ. ਕਾਟਨ ਬੀਜ ਦੇ ਬਹੁਤ ਵਧੀਆ ਨਤੀਜੇ ਰਹੇ ਹਨ । ਰਾਜ ਦੇ ਮਾਲਵਾ ਖੇਤਰ ਵਿਚ ਕਪਾਹ ਨੂੰ ਸਫ਼ੈਦ ਸੋਨਾ ਜਾਂ ਸ਼ਵੇਤ ਸੋਨਾ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 6.
ਚਾਹ ਅਤੇ ਕੌਫੀ ਦੇ ਪੌਦਿਆਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਚਾਹ – ਚਾਹ ਦੇ ਪੌਦਿਆਂ ਨੂੰ ਸਾਫ਼ ਕੀਤੀਆਂ ਹੋਈਆਂ ਢਲਾਨਾਂ ‘ਤੇ ਲਾਇਆ ਜਾਂਦਾ ਹੈ । ਪੌਦਿਆਂ ਦੇ ਵਿਕਾਸ ਲਈ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਪਾਣੀ ਪੌਦਿਆਂ ਦੀਆਂ ਜੜਾਂ ਵਿਚ ਨਾ ਠਹਿਰੇ । ਪੌਦਿਆਂ ਦੇ ਠੀਕ ਢੰਗ ਨਾਲ ਵਿਕਾਸ ਲਈ ਇਨ੍ਹਾਂ ਦੀ ਕਾਂਟ-ਛਾਂਟ ਵੀ ਕੀਤੀ ਜਾਂਦੀ ਹੈ ।
ਕੌਫੀ – ਕੌਫੀ ਦੇ ਪੌਦਿਆਂ ਨੂੰ ਉੱਚਿਤ ਸਿੰਜਾਈ ਅਤੇ ਕਾਂਟ-ਛਾਂਟ ਦੀ ਲੋੜ ਹੁੰਦੀ ਹੈ । ਖੇਤਾਂ ਵਿਚ ਸਮੇਂ-ਸਮੇਂ ਤੇ ਖਾਦਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ।
ਪ੍ਰਸ਼ਨ 7.
ਯੂ. ਐੱਸ. ਏ. ਵਿਚ ਖੇਤੀਬਾੜੀ ਦੇ ਕੰਮਾਂ ਵਿਚ ਮਸ਼ੀਨਾਂ ਦੀ ਵਰਤੋਂ ‘ਤੇ ਇਕ ਨੋਟ ਲਿਖੋ ।
ਉੱਤਰ-
ਯੂ. ਐੱਸ. ਏ. ਵਿਚ ਭਾਰਤ ਦੀ ਤੁਲਨਾ ਵਿਚ ਕਿਸਾਨਾਂ ਕੋਲ ਵਧੇਰੇ ਭੂਮੀ ਜ਼ਿਆਦਾਤਰ ਖੇਤੀ ਭੂਮੀ ਹੈ । ਇਸ ਲਈ ਖੇਤਾਂ ਦਾ ਆਕਾਰ ਵੱਡਾ ਹੈ । ਇੱਥੋਂ ਦੇ ਇਕ ਫਾਰਮ ਦਾ ਔਸਤ ਆਕਾਰ 700 ਏਕੜ ਹੈ । ਖੇਤਾਂ ਦਾ ਆਕਾਰ ਵੱਡਾ ਹੋਣ ਦੇ ਕਾਰਨ ਇੱਥੇ ਵਿਸਤ੍ਰਿਤ (Extensive) ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ । ਇਸ ਵਿਚ ਮਸ਼ੀਨਾਂ ਦਾ ਪ੍ਰਯੋਗ ਬਹੁਤ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਅਸਲ ਵਿਚ ਯੂ. ਐੱਸ. ਏ. ਦੇ ਫਾਰਮਾਂ ਵਿਚ ਮਸ਼ੀਨਾਂ ਤੋਂ ਬਿਨਾਂ ਖੇਤੀ ਕਰਨਾ ਸੰਭਵ ਨਹੀਂ ਹੈ । ਫ਼ਸਲਾਂ ਦੀ ਬਿਜਾਈ ਤੋਂ ਲੈ ਕੇ ਫ਼ਸਲਾਂ ਨੂੰ ਸਟੋਰਾਂ ਅਤੇ ਮੰਡੀਆਂ ਤਕ ਲੈ ਜਾਣ ਤਕ ਦਾ ਸਾਰਾ ਕੰਮ ਮਸ਼ੀਨਾਂ ਦੁਆਰਾ ਹੀ ਕੀਤਾ ਜਾਂਦਾ ਹੈ । ਖੇਤੀ ਲਈ ਹੈਲੀਕਾਪਟਰਾਂ ਅਤੇ ਜਹਾਜ਼ਾਂ ਦਾ ਪ੍ਰਯੋਗ ਵੀ ਹੁੰਦਾ ਹੈ । ਇੱਥੋਂ ਦਾ ਕਿਸਾਨ ਮਿੱਟੀ ਦੀ ਕਿਸਮ, ਜਲਵਾਯੂ ਅਤੇ ਸਿੰਚਾਈ ਸਾਧਨਾਂ ਦਾ ਪੂਰਨ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਹੀ ਫ਼ਸਲ ਦੀ ਚੋਣ ਕਰਦਾ ਹੈ । ਕੀੜੇਮਾਰ ਦਵਾਈਆਂ ਦਾ ਵੀ ਕਾਫ਼ੀ ਪ੍ਰਯੋਗ ਕੀਤਾ ਜਾਂਦਾ ਹੈ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਕਣਕ ਦੀ ਖੇਤੀ ਲਈ ਲੋੜੀਂਦੀਆਂ ਹਾਲਤਾਂ ਦੱਸ ਕੇ ਕਣਕ ਪੈਦਾ ਕਰਨ ਵਾਲੇ ਖੇਤਰਾਂ ਦਾ ਵਰਣਨ ਕਰੋ ।
ਉੱਤਰ-
ਕਣਕ ਇਕ ਮਹੱਤਵਪੂਰਨ ਅਨਾਜ ਫ਼ਸਲ ਹੈ । ਸੰਸਾਰ ਦੇ ਅਮੀਰ ਦੇਸ਼ਾਂ ਦੇ ਲੋਕ ਚੌਲਾਂ ਦੀ ਤੁਲਨਾ ਵਿਚ ਕਣਕ ਖਾਣਾ ਜ਼ਿਆਦਾ ਪਸੰਦ ਕਰਦੇ ਹਨ । ਕਣਕ ਨੂੰ ਪ੍ਰੋਟੀਨ, ਕਾਰਬੋਹਾਈਡੇਂਟ ਅਤੇ ਵਿਟਾਮਿਨਾਂ ਨਾਲ ਭਰਪੂਰ ਅੰਨ ਮੰਨਿਆ ਜਾਂਦਾ ਹੈ ।
ਕਣਕ ਉਤਪਾਦਨ ਲਈ ਜ਼ਰੂਰੀ ਹਾਲਤਾਂ
ਤਾਪਮਾਨ – 10° ਸੈਲਸੀਅਸ ਤੋਂ 20° ਸੈਲਸੀਅਸ ਤਕ ।
ਵਰਖਾ – 50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤਕ ।
ਧਰਾਤਲ – ਪੱਧਰਾ ਜਾਂ ਥੋੜ੍ਹਾ ਢਲਾਨ ਵਾਲਾ ।
ਮਿੱਟੀ – ਦੋਮਟ, ਚੀਕਣੀ, ਕਾਲੀ ਜਾਂ ਲਾਲ ਮਿੱਟੀ ।
ਬੀਜ ਅਤੇ ਖਾਦਾਂ – ਵਧੀਆ ਬੀਜ ਅਤੇ ਖਾਦਾਂ (ਰਸਾਇਣਿਕ ਖਾਦਾਂ) ਉਤਪਾਦਨ ਵਧਾਉਣ ਲਈ ਬਹੁਤ ਜ਼ਰੂਰੀ ਹਨ ।
ਮਜ਼ਦੂਰ – ਫ਼ਸਲ ਦੀ ਬਿਜਾਈ ਅਤੇ ਕਟਾਈ ਸਮੇਂ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।
ਕਣਕ ਦੀ ਬਿਜਾਈ ਨਵੰਬਰ-ਦਸੰਬਰ ਵਿਚ ਕੀਤੀ ਜਾਂਦੀ ਹੈ । ਕਣਕ ਬੀਜਦੇਂ ਸਮੇਂ ਤਾਪਮਾਨ ਘੱਟ ਅਤੇ ਕੱਟਦੇ ਸਮੇਂ ਜ਼ਿਆਦਾ ਹੋਣਾ ਚਾਹੀਦਾ ਹੈ । ਫ਼ਸਲ ਪੱਕਣ ਸਮੇਂ ਮੌਸਮ ਗਰਮ ਅਤੇ ਖੁਸ਼ਕ ਹੋਣਾ ਚਾਹੀਦਾ ਹੈ | ਸਮੇਂ-ਸਮੇਂ ‘ਤੇ ਇਸ ਨੂੰ ਵਰਖਾ ਅਤੇ ਸਿੰਚਾਈ ਦੀ ਲੋੜ ਵੀ ਹੁੰਦੀ ਹੈ ।
ਕਣਕ ਪੈਦਾ ਕਰਨ ਵਾਲੇ ਖੇਤਰ – ਸੰਸਾਰ ਅਤੇ ਭਾਰਤ ਵਿਚ ਕਣਕ ਪੈਦਾ ਕਰਨ ਵਾਲੇ ਮੁੱਖ ਦੇਸ਼ ਹੇਠ ਲਿਖੇ ਹਨ| ਸੰਸਾਰ-ਸੰਸਾਰ ਵਿਚ ਚੀਨ, ਯੂ. ਐੱਸ. ਏ., ਰੂਸ, ਫ਼ਰਾਂਸ, ਕੈਨੇਡਾ ਅਤੇ ਜਰਮਨੀ ਕਣਕ ਪੈਦਾ ਕਰਨ ਵਾਲੇ ਮੁੱਖ ਦੇਸ਼ ਹਨ । ਇਨ੍ਹਾਂ ਦੇਸ਼ਾਂ ਵਿਚ ਭੂਮੀ ਦੀ ਅਧਿਕਤਾ ਅਤੇ ਮਸ਼ੀਨਾਂ ਦੇ ਪ੍ਰਯੋਗ ਕਾਰਨ ਕਣਕ ਦਾ ਉਤਪਾਦਨ ਬਹੁਤ ਜ਼ਿਆਦਾ ਹੁੰਦਾ ਹੈ । ਯੂ. ਐੱਸ. ਏ. ਦੇ ਕੰਸਾਸ, ਡਕੋਟਾ, ਮੋਨਟਾਨਾ, ਮਿਨੀਸੋਟਾ, ਟੈਕਸਾਸ ਅਤੇ ਮਹਾਨ ਝੀਲਾਂ ਦੇ ਆਲੇ-ਦੁਆਲੇ ਦੇ ਖੇਤਰ ਕਣਕ ਪੈਦਾ ਕਰਨ ਲਈ ਪ੍ਰਸਿੱਧ ਹਨ । ਕੈਨੇਡਾ ਦੇ ਮੁੱਖ ਕਣਕ ਉਤਪਾਦਕ ਖੇਤਰ ਉਂਟਾਰੀਓ ਅਤੇ ਬਿਟਿਸ਼ ਕੋਲੰਬੀਆ ਹਨ ।
ਭਾਰਤ – ਕਣਕ ਪੈਦਾ ਕਰਨ ਵਿਚ ਭਾਰਤ ਦਾ ਸੰਸਾਰ ਵਿਚ ਦੂਜਾ ਸਥਾਨ ਹੈ । ਦੇਸ਼ ਦੀ ਕੁੱਲ ਕਣਕ ਦਾ 72% ਤੋਂ ਵੀ ਜ਼ਿਆਦਾ ਹਿੱਸਾ ਉੱਤਰੀ ਭਾਰਤ ਦੇ ਤਿੰਨ ਰਾਜ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਪੈਦਾ ਕਰਦੇ ਹਨ । ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਰਾਜ ਵੀ ਕਣਕ ਉਗਾਉਂਦੇ ਹਨ । ਪੰਜਾਬ ਦੇ ਲਗਪਗ ਸਾਰੇ ਜ਼ਿਲਿਆਂ ਵਿਚ ਕਣਕ ਪੈਦਾ ਹੁੰਦੀ ਹੈ । ਪੰਜਾਬ ਵਿਚ ਆਈ ‘ਹਰੀ ਕ੍ਰਾਂਤੀ’ (Green Revolution) ਨੇ ਕਣਕ ਦੇ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਕੀਤਾ ਹੈ । ਉੱਤਮ ਬੀਜਾਂ, ਖਾਦਾਂ ਅਤੇ ਸਿੰਚਾਈ ਸਾਧਨਾਂ ਦੀ ਵਰਤੋਂ ਨਾਲ ਪੰਜਾਬ ਵਿਚ ਕਣਕ ਦਾ ਉਤਪਾਦਨ ਕਈ ਗੁਣਾ ਵੱਧ ਗਿਆ ਹੈ । ਕੇਂਦਰੀ ਅਨਾਜ ਵਿਚ ਪੰਜਾਬ ਦੀ ਕਣਕ ਦਾ ਯੋਗਦਾਨ ਬਾਕੀ ਸਾਰਿਆਂ ਰਾਜਾਂ ਤੋਂ ਜ਼ਿਆਦਾ ਹੈ ।
ਪ੍ਰਸ਼ਨ 2.
ਚਾਹ ਅਤੇ ਕੌਫ਼ੀ ਪੈਦਾ ਕਰਨ ਲਈ ਲੋੜੀਂਦੀਆਂ ਹਾਲਤਾਂ ਕਿਹੜੀਆਂ-ਕਿਹੜੀਆਂ ਹਨ ? ਭਾਰਤ ਵਿਚ ਚਾਹ ਅਤੇ ਕੌਫ਼ੀ ਦੇ ਮੁੱਖ ਖੇਤਰਾਂ ਦਾ ਵਰਣਨ ਕਰੋ ।
ਉੱਤਰ-
ਚਾਹ ਅਤੇ ਕੌਫ਼ੀ ਪੈਦਾ ਕਰਨ ਲਈ ਲੋੜੀਂਦੀਆਂ ਹਾਲਤਾਂ ਹੇਠ ਲਿਖੀਆਂ ਹਨ-
ਚਾਹ ਪੈਦਾ ਕਰਨ ਵਾਲੀਆਂ ਲੋੜੀਂਦੀਆਂ ਹਾਲਤਾਂ-
ਤਾਪਮਾਨ – 20° ਸੈਲਸੀਅਸ ਤੋਂ 30° ਸੈਲਸੀਅਸ ਤਕ ।
ਵਰਖਾ – 150 ਸੈਂਟੀਮੀਟਰ ਤੋਂ 300 ਸੈਂਟੀਮੀਟਰ ਤਕ, ਸਾਰਾ ਸਾਲ ਰੁਕ-ਰੁਕ ਕੇ ।
ਧਰਾਤਲ – ਢਲਾਨਦਾਰ ।
ਮਿੱਟੀ – ਦੋਮਟ ਮਿੱਟੀ, ਜੰਗਲੀ ਮਿੱਟੀ (ਜਿਸ ਵਿਚ ਲੋਹ ਅਤੇ ਜੈਵਿਕ ਤੱਤਾਂ ਦੀ ਅਧਿਕਤਾ ਹੋਵੇ ।)
ਮਜ਼ਦੂਰ – ਵਧੇਰੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।
ਮੰਡੀ – ਚਾਹ ਦਾ ਮੰਗ ਖੇਤਰ, ਜਿੱਥੇ ਚਾਹ ਵੇਚੀ ਜਾ ਸਕੇ ।
ਕੌਫ਼ੀ ਉਤਪਾਦਨ ਲਈ ਲੋੜੀਂਦੀਆਂ ਹਾਲਤਾਂਤਾਂ-
ਪਮਾਨ – 15° ਸੈਲਸੀਅਸ ਤੋਂ 28° ਸੈਲਸੀਅਸ ਤਕ ।
ਵਰਖਾ – 100 ਸੈਂਟੀਮੀਟਰ ਤੋਂ 200 ਸੈਂਟੀਮੀਟਰ ਤਕ ।
ਧਰਾਤਲ – ਪਰਬਤੀ ਅਤੇ ਢਲਾਨਦਾਰ ।
ਮਿੱਟੀ – ਦੋਮਟ ਜਾਂ ਜੈਵਿਕ ਤੱਤਾਂ ਵਾਲੀ ਮਿੱਟੀ ।
ਮਜ਼ਦੂਰ – ਕੌਫ਼ੀ ਦੇ ਭਿੰਨ-ਭਿੰਨ ਪ੍ਰਕਾਰ ਦੇ ਬੀਜਾਂ ਨੂੰ ਅਲੱਗ-ਅਲੱਗ ਕਰਨ ਲਈ ਸਿੱਖਿਅਤ ਮਜ਼ਦੂਰ ।
ਭਾਰਤ ਵਿਚ ਚਾਹ ਦੇ ਮੁੱਖ ਖੇਤਰ – ਚਾਹ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ । ਦੇਸ਼ ਦੇ ਚਾਹ ਪੈਦਾ ਕਰਨ ਵਾਲੇ ਮੁੱਖ ਰਾਜ ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ, ਤ੍ਰਿਪੁਰਾ ਅਤੇ ਕਰਨਾਟਕ ਹਨ ।
- ਭਾਰਤ ਦੀ ਕੁੱਲ ਚਾਹ ਦਾ 51% ਭਾਗ ਕੇਵਲ ਆਸਾਮ ਰਾਜ ਪੈਦਾ ਕਰਦਾ ਹੈ । ਇਸ ਰਾਜ ਦੀਆਂ ਕ੍ਰੀਮਪੁੱਤਰ ਅਤੇ ਸੁਰਮਾ ਘਾਟੀਆਂ ਚਾਹ ਦੇ ਉਤਪਾਦਨ ਲਈ ਪ੍ਰਸਿੱਧ ਹਨ | ਆਸਾਮ ਦੇ ਡਿਬਰੁਗੜ੍ਹ, ਲਖੀਮਪੁਰ, ਸਿਬਸਾਗਰ, ਰੰਗ, ਗੋਲਪਾੜਾ ਆਦਿ ਜ਼ਿਲ੍ਹੇ ਚਾਹ ਪੈਦਾ ਕਰਨ ਵਾਲੇ ਮੁੱਖ ਖੇਤਰ ਹਨ ।
- ਪੱਛਮੀ ਬੰਗਾਲ ਵਿਚ ਚਾਹ ਮੁੱਖ ਤੌਰ ‘ਤੇ ਦਾਰਜੀਲਿੰਗ, ਜਲਪੈਗੁਰੀ ਅਤੇ ਕੁਚ, ਬਿਹਾਰ ਦੇ ਜ਼ਿਲਿਆਂ ਵਿਚ ਉਗਾਈ ਜਾਂਦੀ ਹੈ ।
- ਤਾਮਿਲਨਾਡੂ ਵਿਚ ਚਾਹ ਨੀਲਗਿਰੀ ਅਤੇ ਅਨਾਮਲਾਈ ਦੀਆਂ ਪਹਾੜੀਆਂ ‘ਤੇ ਪੈਦਾ ਕੀਤੀ ਜਾਂਦੀ ਹੈ ।
- ਦੇਸ਼ ਦੇ ਹੋਰ ਚਾਹ ਉਤਪਾਦਕ ਖੇਤਰ ਕਰਨਾਟਕ ਦੇ ਹਸਨ ਅਤੇ ਚਿਕਮੰਗਲੂਰ ਅਤੇ ਕੇਰਲ ਦੇ ਕੋਟਾਯਾਮ, ਕੋਲਾਮ ਅਤੇ ਥਿਰੁਵਾਂਥਾਪੁਰਮ (ਤਿਰੁਵੰਤਾਪੁਰਮ ਜ਼ਿਲ੍ਹੇ ਹਨ ।
ਭਾਰਤ ਵਿਚ ਕੌਫ਼ੀ ਦੇ ਮੁੱਖ ਖੇਤਰ – ਭਾਰਤ ਸੰਸਾਰ ਦੀ ਕੇਵਲ 2.2% ਕੌਫ਼ੀ ਪੈਦਾ ਕਰਦਾ ਹੈ । ਦੇਸ਼ ਵਿਚ ਇਸਦਾ ਉਤਪਾਦਨ ਕਰਨ ਵਾਲੇ ਮੁੱਖ ਰਾਜ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਹਨ । ਭਾਰਤ ਦੀ ਕੌਫ਼ੀ ਦਾ 70% ਭਾਗ ਇਕੱਲਾ ਕਰਨਾਟਕ ਰਾਜ ਪੈਦਾ ਕਰਦਾ ਹੈ । ਕੇਰਲਾ ਦੇ ਕੋਡੰਗੂ, ਚਿਕਮੰਗਲੂਰ, ਸਿਮੋਗਾ ਅਤੇ ਕੋਲਮ ਜ਼ਿਲ੍ਹੇ ਅਤੇ ਤਾਮਿਲਨਾਡੂ ਦੇ ਨੀਲਗਿਰੀ, ਮਦੁਰੈ, ਸੇਲਮ ਅਤੇ ਕੋਇੰਬਟੂਰ ਜ਼ਿਲ੍ਹੇ ਕੌਫ਼ੀ ਦੇ ਮੁੱਖ ਉਤਪਾਦਕ ਖੇਤਰ ਹਨ ।
ਪ੍ਰਸ਼ਨ 3.
ਪਟਸਨ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ? ਪਟਸਨ ਦੀ ਵਰਤੋਂ ਅਤੇ ਸੰਸਾਰ ਵਿਚ ਇਸਦੀ ਵੰਡ ਬਾਰੇ ਵਿਸਥਾਰਪੂਰਵਕ ਲਿਖੋ ।
ਉੱਤਰ-
ਪਟਸਨ ਰੀੜ੍ਹ (reed) ਵਰਗਾ ਪਤਲਾ ਅਤੇ ਲੰਬਾ ਪੌਦਾ ਹੁੰਦਾ ਹੈ । ਇਸਦਾ ਰੇਸ਼ਾ ਬਹੁਤ ਹੀ ਉਪਯੋਗੀ ਹੁੰਦਾ ਹੈ । ਇਸ ਤੋਂ ਬੋਰੀਆਂ, ਰੱਸੀਆਂ, ਟਾਟ ਆਦਿ ਵਸਤੁਆਂ ਬਣਾਈਆਂ ਜਾਂਦੀਆਂ ਹਨ ਜੋ ਬਹੁਤ ਮਜ਼ਬੂਤ ਹੁੰਦੀਆਂ ਹਨ । ਪਰ ਪਲਾਸਟਿਕ ਅਤੇ ਬਨਾਉਟੀ ਰੇਸ਼ਿਆਂ ਦੇ ਵਧਦੇ ਪ੍ਰਯੋਗ ਨਾਲ ਪਟਸਨ ਤੋਂ ਬਣੀਆਂ ਵਸਤੂਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ, ਕਿਉਂਕਿ ਇਹ ਮਹਿੰਗੀਆਂ ਪੈਂਦੀਆਂ ਹਨ ।
ਪਟਸਨ ਦੀ ਖੇਤੀ – ਪਟਸਨ ਨੂੰ ਆਮ ਤੌਰ ‘ਤੇ ਫ਼ਰਵਰੀ-ਮਾਰਚ ਵਿਚ ਬੀਜਿਆ ਜਾਂਦਾ ਹੈ ਅਤੇ ਅਕਤੂਬਰ ਦੇ ਮਹੀਨੇ ਵਿਚ ਕੱਟ ਲਿਆ ਜਾਂਦਾ ਹੈ । ਅੱਜ-ਕਲ੍ਹ ਪਟਸਨ ਦੀਆਂ ਕਈ ਕਿਸਮਾਂ ਜਲਦੀ ਵੀ ਤਿਆਰ ਹੋ ਜਾਂਦੀਆਂ ਹਨ । ਪਟਸਨ ਦੀ ਫ਼ਸਲ ਨੂੰ ਕੱਟਣ ਤੋਂ ਬਾਅਦ ਉਸ ਦੀਆਂ ਗੱਠਾਂ ਬਣਾ ਲਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦੋ-ਤਿੰਨ ਹਫ਼ਤਿਆਂ ਲਈ ਖੜ੍ਹੇ ਪਾਣੀ ਦੇ ਹੇਠਾਂ ਰੱਖਿਆ ਜਾਂਦਾ ਹੈ । ਇਸ ਨਾਲ ਪੌਦਿਆਂ ਦਾ ਰੇਸ਼ਾ ਨਰਮ ਹੋ ਕੇ ਉੱਤਰਨ ਲੱਗਦਾ ਹੈ । ਫਿਰ ਇਨ੍ਹਾਂ ਨੂੰ ਪਾਣੀ ਵਿਚੋਂ ਕੱਢ ਕੇ ਸੁਕਾ ਲਿਆ ਜਾਂਦਾ ਹੈ ਅਤੇ ਰੇਸ਼ੇ ਨੂੰ ਅਲੱਗ ਕਰ ਲਿਆ ਜਾਂਦਾ ਹੈ । ਇਸ ਨੂੰ ਸਾਫ਼ ਕਰਕੇ ਭਿੰਨ-ਭਿੰਨ ਪ੍ਰਕਾਰ ਦੇ · ਪ੍ਰਯੋਗ ਵਿਚ ਲਿਆਇਆ ਜਾਂਦਾ ਹੈ ।
ਪਟਸਨ ਦੀ ਵੰਡ – ਪਟਸਨ ਗਰਮ ਅਤੇ ਸਿੱਲ੍ਹੇ ਜਲਵਾਯੂ ਵਾਲੇ ਖੇਤਰਾਂ ਵਿਚ ਪੈਦਾ ਹੁੰਦਾ ਹੈ । ਇਸਦਾ ਉਤਪਾਦਨ ਕਰਨ ਵਾਲੇ ਸੰਸਾਰ ਵਿਚ ਮੁੱਖ ਦੇਸ਼ ਚੀਨ, ਭਾਰਤ, ਬੰਗਲਾਦੇਸ਼, ਥਾਈਲੈਂਡ ਅਤੇ ਬਾਜ਼ੀਲ ਹਨ । ਭਾਰਤ ਅਤੇ ਬੰਗਲਾਦੇਸ਼ ਪਟਸਨ ਪੈਦਾ ਕਰਨ ਵਾਲੇ ਦੇਸ਼ਾਂ ਵਿਚ ਸਭ ਤੋਂ ਅੱਗੇ ਹਨ ।
ਭਾਰਤ ਵਿਚ ਪਟਸਨ ਦੀ ਖੇਤੀ ਗੰਗਾ-ਬ੍ਰਹਮਪੁੱਤਰ ਨਦੀਆਂ ਦੇ ਡੈਲਟਾਈ ਭਾਗਾਂ ਵਿਚ ਵੱਡੇ ਪੈਮਾਨੇ ‘ਤੇ ਕੀਤੀ ਜਾਂਦੀ ਹੈ । ਭਾਰਤ ਦੀ ਲਗਪਗ 99% ਪਟਸਨ ਦੇਸ਼ ਦੇ ਚਾਰ ਰਾਜ ਪੱਛਮੀ ਬੰਗਾਲ, ਬਿਹਾਰ, ਆਸਾਮ ਅਤੇ ਉੜੀਸਾ ਪੈਦਾ ਕਰਦੇ ਹਨ । ਪਟਸਨ ਦੀ ਖੇਤੀ ਦੀਆਂ ਅਨੁਕੂਲ ਹਾਲਤਾਂ ਹੋਣ ਕਾਰਨ ਇਕੱਲਾ ਪੱਛਮੀ ਬੰਗਾਲ ਦੇਸ਼ ਦੀ 80% ਪਟਸਨ ਪੈਦਾ ਕਰਦਾ ਹੈ । ਕੁੱਝ ਪਟਸਨ ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਕੇਰਲਾ ਵਿਚ ਵੀ ਪੈਦਾ ਹੁੰਦੀ ਹੈ । ਪੱਛਮੀ ਬੰਗਾਲ ਵਿਚ ਨਾਦੀਆ, ਮੁਰਸ਼ਿਦਾਬਾਦ, 24 ਪਰਗਨਾ, ਜਲਪਈੜੀ ਅਤੇ ਹੁਗਲੀ, ਬਿਹਾਰ ਵਿਚ ਪੁਰਨੀਆਂ ਅਤੇ ਦਰਭੰਗਾ ਅਤੇ ਆਸਾਮ ਵਿਚ ਗੋਲਪਾੜਾ, ਦੁਰਗ ਅਤੇ ਸਿੰਬ ਸਾਗਰ ਜ਼ਿਲ੍ਹੇ ਪਟਸਨ ਦੇ ਮੁੱਖ ਉਤਪਾਦਕ ਹਨ ।
ਪ੍ਰਸ਼ਨ 4.
ਪੰਜਾਬ ਅਤੇ ਯੂ. ਐੱਸ. ਏ. ਦੀ ਖੇਤੀ ਵਿਚ ਕੀ-ਕੀ ਸਮਾਨਤਾਵਾਂ ਅਤੇ ਭਿੰਨਤਾਵਾਂ ਮਿਲਦੀਆਂ ਹਨ ?
ਉੱਤਰ-
ਪੰਜਾਬ ਵਿਚ ਖੇਤੀਬਾੜੀ-
- ਪੰਜਾਬ ਦੇ ਲਗਪਗ 58% ਲੋਕ ਖੇਤੀ ਵਿਚ ਲੱਗੇ ਹੋਏ ਹਨ । ਰਾਜ ਦੀ ਕੁੱਲ ਆਮਦਨ ਵਿਚ ਖੇਤੀਬਾੜੀ ਦਾ ਯੋਗਦਾਨ 35% ਹੈ ।
- ਇੱਥੋਂ ਦੀ ਮਿੱਟੀ ਉਪਜਾਊ ਹੈ । ਮਿੱਟੀ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਕਿਸਾਨ ਖਾਦਾਂ ਦੀ ਵਰਤੋਂ ਕਰਦੇ ਹਨ ।
- ਪੰਜਾਬ ਦਾ ਕਿਸਾਨ ਆਪਣੇ ਖੇਤਾਂ ਵਿਚ ਅਲੱਗ-ਅਲੱਗ ਕਿਸਮਾਂ ਦੀ ਫ਼ਸਲ ਉਗਾਉਂਦਾ ਹੈ । ਵਧੇਰੇ ਉਤਪਾਦਨ ਲਈ ਉਹ ਵਿਕਸਿਤ ਬੀਜਾਂ ਦੀ ਵਰਤੋਂ ਕਰਦਾ ਹੈ । ਖੇਤ ਦੇ ਅਨੁਸਾਰ ਟਰੈਕਟਰ ਅਤੇ ਹਾਰਵੈਸਟਰ ਦੀ ਵਰਤੋਂ ਕੀਤੀ ਜਾਂਦੀ ਹੈ ।
- ਪੰਜਾਬ ਵਿਚ ਸਮੁੱਚੀ ਖੇਤੀ ਯੋਗ ਭੂਮੀ ਸਿੰਜਾਈ ‘ਤੇ ਨਿਰਭਰ ਕਰਦੀ ਹੈ ।
- ਖੇਤੀ ਵਿਚ ਉਪਜ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ ।
- ਪੰਜਾਬ ਦਾ ਕਿਸਾਨ ਭਾਵੇਂ ਮਸ਼ੀਨਾਂ ਦੀ ਵਰਤੋਂ ਕਰਦਾ ਹੈ ਫਿਰ ਵੀ ਉਸਨੂੰ ਮਜ਼ਦੂਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ ।
ਯੂ. ਐੱਸ. ਏ. ਵਿਚ ਖੇਤੀ-
- ਖੇਤੀ ਜਾਂ ਖੇਤੀਬਾੜੀ ਦੇ ਨਜ਼ਰੀਏ ਤੋਂ ਯੂ. ਐੱਸ.ਏ. ਇਕ ਵਿਕਸਿਤ ਦੇਸ਼ ਮੰਨਿਆ ਜਾਂਦਾ ਹੈ । ਇਸ ਦੇਸ਼ ਦੇ ਸਿਰਫ਼ 30% ਲੋਕ ਖੇਤੀਬਾੜੀ ਕਿੱਤੇ ਵਿਚ ਲੱਗੇ ਹੋਏ ਹਨ । ਇਸਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਖੇਤੀਬਾੜੀ ਦਾ ਸਾਰਾ ਕੰਮ ਮਨੁੱਖ ਦੀ ਥਾਂ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ ।
- ਖੇਤੀਬਾੜੀ ਦੇਸ਼ ਦੀ ਕੁੱਲ ਭੂਮੀ ਦੇ ਲਗਪਗ 20% ਹਿੱਸੇ ‘ਤੇ ਕੀਤੀ ਜਾਂਦੀ ਹੈ । ਦੇਸ਼ ਦੇ ਉੱਤਰੀ-ਪੱਛਮੀ, ਉੱਤਰਪੂਰਬੀ, ਤੱਟੀ ਖੇਤਰ ਅਤੇ ਅੰਦਰੂਨੀ ਮੈਦਾਨ ਖੇਤੀਬਾੜੀ ਲਈ ਜਾਣੇ ਜਾਂਦੇ ਹਨ । ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖਵੱਖ ਕਿਸਮਾਂ ਦੀਆਂ ਉਪਜਾਂ ਉਗਾਈਆਂ ਜਾਂਦੀਆਂ ਹਨ ।
- ਯੂ. ਐੱਸ. ਏ. ਵਿਚ ਭਾਰਤ ਦੀ ਤੁਲਨਾ ਵਿਚ ਕਿਸਾਨਾਂ ਕੋਲ ਜ਼ਿਆਦਾ ਭੂਮੀ ਹੈ । ਇਸ ਲਈ ਖੇਤਾਂ ਦਾ ਆਕਾਰ ਵੱਡਾ ਹੈ । ਇੱਥੋਂ ਦੇ ਇਕ ਫਾਰਮ ਦਾ ਔਸਤ ਆਕਾਰ 700 ਏਕੜ ਹੈ ।
- ਖੇਤਾਂ ਦਾ ਆਕਾਰ ਵੱਡਾ ਹੋਣ ਕਾਰਨ ਇੱਥੇ ਵਿਸ਼ਾਲ (Extensive) ਖੇਤੀ ਕੀਤੀ ਜਾਂਦੀ ਹੈ । ਖੇਤੀਬਾੜੀ ਵਿਚ ਮਸ਼ੀਨਾਂ ਦੀ ਵਰਤੋਂ ਬਹੁਤ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ | ਅਸਲ ਵਿਚ ਯੂ. ਐੱਸ. ਏ. ਦੇ ਫਾਰਮਾਂ ਵਿਚ ਮਸ਼ੀਨਾਂ ਦੇ ਬਿਨਾਂ ਖੇਤੀ ਕਰਨਾ ਲਗਪਗ ਅਸੰਭਵ ਹੈ ।ਇਕ ਫਾਰਮ ਵਿਚ ਇਕ ਹੀ ਕਿਸਮ (Single Crop) ਦੀ ਫ਼ਸਲ ਉਗਾਈ ਜਾਂਦੀ ਹੈ । ਫ਼ਸਲਾਂ ਨੂੰ ਬੀਜਣ ਤੋਂ ਲੈ ਕੇ ਫ਼ਸਲਾਂ ਨੂੰ ਸਟੋਰਾਂ ਅਤੇ ਮੰਡੀਆਂ ਤਕ ਲੈ ਜਾਣ ਦਾ ਸਾਰਾ ਕੰਮ ਮਸ਼ੀਨਾਂ ਦੁਆਰਾ ਹੀ ਕੀਤਾ ਜਾਂਦਾ ਹੈ ।
- ਖੇਤੀਬਾੜੀ ਲਈ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ।
- ਇੱਥੋਂ ਦਾ ਕਿਸਾਨ ਮਿੱਟੀ ਦੀ ਕਿਸਮ, ਜਲਵਾਯੂ ਅਤੇ ਸਿੰਜਾਈ ਸਾਧਨਾਂ ਦੀ ਪੂਰਨ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਹੀ ਫ਼ਸਲ ਦੀ ਚੋਣ ਕਰਦਾ ਹੈ ।
- ਫ਼ਸਲਾਂ ਨੂੰ ਦੋਸ਼ਾਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।
ਸੱਚ ਤਾਂ ਇਹ ਹੈ ਕਿ ਯੂ. ਐੱਸ. ਏ. ਦਾ ਕਿਸਾਨ ਇਕ ਕਿਸਾਨ ਦੀ ਤਰ੍ਹਾਂ ਨਹੀਂ ਬਲਕਿ ਇਕ ਵਪਾਰੀ ਦੀ ਤਰ੍ਹਾਂ ਖੇਤੀ ਕਰਦਾ ਹੈ ।
PSEB 8th Class Social Science Guide ਸਾਡੀ ਖੇਤੀਬਾੜੀ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਜੇਕਰ ਕਿਸੇ ਵਿਅਕਤੀ ਨੇ ਚਾਹ, ਕਾਫ਼ੀ ਅਤੇ ਕੋਕੋ ਦੀ ਫਸਲ ਦੀ ਪੈਦਾਵਾਰ ਕੀਤੀ ਹੈ ਤਾਂ ਉਹ ਕਿਸ ਪ੍ਰਕਾਰ ਦੀ ਫਸਲ ਹੈ ?
ਉੱਤਰ-
ਪੀਣ ਯੋਗ, ਫਸਲਾਂ ।
ਪ੍ਰਸ਼ਨ 2.
ਰਾਜਨ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ । ਉਸਨੂੰ ਅਨਾਜ ਦੀ ਕਿਹੜੀ ਫਸਲ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਉਤਪਾਦਨ ਹੋ ਸਕੇ ?
ਉੱਤਰ-
ਚੋਲ ।
ਪ੍ਰਸ਼ਨ 3.
ਅਹਿਮਦ ਆਪਣੇ ਪਿਤਾ ਜੀ ਨਾਲ ਮੰਡੀ ਗਿਆ । ਉੱਥੇ ਉਸਨੂੰ ਕਪਾਹ ਤੇ ਪਟਸਨ ਦੀਆਂ ਫਸਲਾਂ ਦਿਖਾਈ ਦਿੱਤੀਆ । ਉਸਨੇ ਪਿਤਾ ਜੀ ਨੂੰ ਕਿਹਾ ਨਾ ਹੀ ਇਹ ਅਨਾਜ ਫਸਲਾਂ ਹਨ ਤੇ ਨਾ ਹੀ ਕੋਈ ਸਬਜੀ ਹੈ । ਉਸ ਦੇ ਪਿਤਾ ਜੀ ਦਾ ਉੱਤਰ ਕੀ ਹੋਵੇਗਾ ?
ਉੱਤਰ-
ਰੇਸ਼ੇਦਾਰ ਫਸਲਾਂ ।
ਪ੍ਰਸ਼ਨ 4.
ਚਾਵਲ ਦੀ ਪੈਦਾਵਾਰ ਕਰਨ ਵਿੱਚ ਭਾਰਤ ਵਿਸ਼ਵ ਚ ਪਹਿਲਾ ਦੇਸ਼ ਹੈ, ਕੀ ਤੁਸੀਂ ਦਸ ਸਕਦੇ ਹੋ ਕਿ ਪਹਿਲੇ ਸਥਾਨ ਤੇ ਕਿਹੜਾ ਦੇਸ਼ ਹੈ ?
ਉੱਤਰ-
ਚੀਨ ।
ਪ੍ਰਸ਼ਨ 5.
ਪੰਜਾਬ ਵਿੱਚ 72% ਤੋਂ ਵੱਧ ਕਣਕ ਦਾ ਉਤਪਾਦਨ ਤਿੰਨ ਰਾਜ ਮਿਲ ਕੇ ਕਰਦੇ ਹਨ । ਉਨ੍ਹਾਂ ਵਿੱਚੋਂ ਦੋ ਉੱਤਰ ਦੇਸ਼ ਤੇ ਹਰਿਆਣਾ ਹਨ, ਕੀ ਤੁਸੀਂ ਤੀਸਰੇ ਰਾਜ ਦਾ ਨਾਮ ਦੱਸ ਸਕਦੇ ਹੋ ?
ਉੱਤਰ-
ਸਾਡਾ ਰਾਜ ਪੰਜਾਬ ।
ਪ੍ਰਸ਼ਨ 6.
ਪੰਜਾਬ ਵਿੱਚ ਜ਼ਿਆਦਾ ਮੀਂਹ ਨਹੀਂ ਪੈਂਦਾ । ਲੇਕਿਨ ਇੱਥੇ ਸਿੰਚਾਈ ਦੀਆਂ ਸਹੂਲਤਾਂ ਦੇ ਕਾਰਨ ਉਤਪਾਦਨ ਵੱਧ ਜਾਂਦਾ ਹੈ । ਕੀ ਤੁਸੀਂ ਦਸ ਸਕਦੇ ਹੋ ਕਿ ਪੰਜਾਬ ਦਾ ਕਿਸਾਨ ਕਿਸ ਕਿਸਮ ਦੀ ਖੇਤੀ ਕਰਦਾ ਹੈ ?
ਉੱਤਰ-
ਸੰਘਣ ਖੇਤੀ ।
ਪ੍ਰਸ਼ਨ 7.
ਅਰਜਿੰਦਰ ਸਿੰਘ ਧਾਗਾ ਬਣਾਉਣ ਦੀ ਫੈਕਟਰੀ ਲਗਾਉਣਾ ਚਾਹੁੰਦਾ ਹੈ । ਕੱਚੇ ਮਾਲ ਦੇ ਰੂਪ ਵਿੱਚ ਉਹ ਕਿਸ ਫਸਲ ਦਾ ਪ੍ਰਯੋਗ ਕਰੇਗਾ ।
ਉੱਤਰ-
ਕਪਾਹ ਦਾ ।
(ਅ) ਸਹੀ ਵਿਕਲਪ ਚੁਣੋ :
I.
ਪ੍ਰਸ਼ਨ 1.
ਚਿੱਤਰ ਵਿੱਚ ਦਿਖਾਈ ਗਈ ਗਤੀਵਿਧੀ ਕਿਸ ਪ੍ਰਕਾਰ ਦੇ ਕ੍ਰਿਆਕਲਾਪ ਨਾਲ ਸੰਬੰਧਿਤ ਹੈ ?
(i) ਉਦਯੋਗ
(ii) ਖਣਿਜ ਪ੍ਰਾਪਤੀ.
(iii) ਖੇਤੀ
(iv) ਜਨਸੰਖਿਆ ਨਿਯੰਤਰਣ ।
ਉੱਤਰ-
(iii) ਖੇਤੀ
ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰ ਵਿੱਚ ਕਿਹੜੀ ਫ਼ਸਲ ਨਾਲ ਸੰਬੰਧਤ ਕੰਮ ਹੋ ਰਿਹਾ ਹੈ ?
(i) ਝੋਨਾ (ਚਾਵਲ)
(ii) ਕਣਕ
(iii) ਮੱਕੀ
(iv) ਕਪਾਹ ।
ਉੱਤਰ-
(i) ਝੋਨਾ (ਚਾਵਲ)
ਪ੍ਰਸ਼ਨ 3.
ਹੇਠਾਂ ਦਿੱਤੇ ਹੋਏ ਚਿੱਤਰ ਵਿੱਚ ਔਰਤਾਂ ਕੀ ਕੰਮ ਕਰ ਰਹੀਆਂ ਹਨ ?
(i) ਚਾਹ ਦੇ ਪੌਦੇ ਬੀਜ ਰਹੀਆਂ ਹਨ
(ii) ਚੌਲਾਂ ਦੀ ਪਨੀਰੀ ਲਗਾ ਰਹੀਆਂ ਹਨ
(iii) ਕਪਾਹ ਚੁੱਗ ਰਹੀਆਂ ਹਨ
(iv) ਕਿੰਨੂ ਦੇ ਪੌਦੇ ਲਗਾ ਰਹੀਆਂ ਹਨ ।
ਉੱਤਰ-
(iii) ਕਪਾਹ ਚੁੱਗ ਰਹੀਆਂ ਹਨ
ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਦਰਸਾਈ ਫਸਲ ਕਿਸ ਭੂਮੀ ਵਿੱਚ ਬੀਜੀ ਜਾਂਦੀ ਹੈ ?
(i) ਮੈਦਾਨੀ ਦੇਸ਼ਾਂ ਵਿੱਚ
(ii) ਰੇਤਲੇ ਇਲਾਕਾ ਵਿੱਚ
(iii) ਕਾਲੀ ਮਿੱਟੀ ਦੀ ਪ੍ਰਦੇਸ਼ਾ ਵਿੱਚ
(iv) ਪਹਾੜੀ ਢਲਾਨਾਂ ਤੇ ।
ਉੱਤਰ-
(iv) ਪਹਾੜੀ ਢਲਾਨਾਂ ਤੇ ।
ਪ੍ਰਸ਼ਨ 5.
ਚਿੱਤਰ ਵਿਚ ਦਿਖਾਈ ਗਈ ਫਸਲ ਇੱਕ ਪੀਣ ਯੋਗ ਪਦਾਰਥ ਹੈ । ਇਸ ਦੇ ਪੌਦੇ ਦਾ ਜਨਮ ਦਾਤਾ ਕਿਸਨੂੰ ਕਿਹਾ ਜਾਂਦਾ ਹੈ ?
(i) ਭਾਰਤ (ਏਸ਼ੀਆ ਮਹਾਂਦੀਪ)
(ii) ਇਥੋਪੀਆ (ਅਫਰੀਕਾ ਮਹਾਂਦੀਪ)
(iii) ਬ੍ਰਾਜ਼ੀਲ (ਦੱਖਣੀ ਅਮਰੀਕਾ ਮਹਾਂਦੀਪ
(iv) ਕਨੇਡਾ (ਦੱਖਣੀ ਅਮਰੀਕਾ ਮਹਾਂਦੀਪ ।
ਉੱਤਰ-
(ii) ਇਥੋਪੀਆ (ਅਫਰੀਕਾ ਮਹਾਂਦੀਪ)
ਪ੍ਰਸ਼ਨ 6.
ਚਿੱਤਰ ਵਿੱਚ ਦਿਖਾਈ ਗਈ ਮਸ਼ੀਨ ਦਾ ਪ੍ਰਯੋਗ ਵੱਡੇ ਪੈਮਾਨੇ ਤੇ ਕਿੱਥੇ ਹੁੰਦਾ ਹੈ ? ਖੇਤੀ ਵਿੱਚ)
(i) ਪੰਜਾਬ
(ii) ਯੂ. ਐਸ. ਏ.
(iii) ਹਰਿਆਣਾ
(iv) ਆਸਟ੍ਰੇਲਿਆ ।
ਉੱਤਰ-
(ii) ਯੂ. ਐਸ. ਏ.
ਪ੍ਰਸ਼ਨ 7.
ਝੂਲਣ ਵੀ ਆਪਣੇ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕਰਦੀ ਹੈ ਪਰ ਉਸਦੇ ਪਰਿਵਾਰ ਨੂੰ ਭੂਮੀ ਦੀ ਉਪਜਾਊ
ਸ਼ਕਤੀ ਘੱਟ ਹੋਣ ਕਾਰਨ ਥੋੜ੍ਹੇ ਸਮੇਂ ਬਾਅਦ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਤੇ ਖੇਤੀ ਕਰਨ ਲਈ ਜਾਣਾ ਪੈਂਦਾ ਹੈ । ਇਹ ਕਿਰਿਆ ਖੇਤੀ ਦੀ ਕਿਹੜੀ ਕਿਸਮ ਨੂੰ ਦਰਸਾਉਂਦੀ ਹੈ ?
(i) ਸਥਾਈ ਖੇਤੀ
(ii) ਬਗਾਤੀ ਖੇਤੀ
(iii) ਵਿਸ਼ਾਲ ਖੇਤੀ
(iv) ਝੂਮ ਖੇਤੀ ।
ਉੱਤਰ-
(iv) ਝੂਮ ਖੇਤੀ ।
ਪ੍ਰਸ਼ਨ 8.
ਸਾਹਮਣੇ ਦਰਸਾਈ ਮਸ਼ੀਨ ਕਿਸ ਕੰਮ ਆਉਂਦੀ ਹੈ ?
(i) ਜ਼ਮੀਨ ਵਿੱਚੋਂ ਪੈਟ੍ਰੋਲ ਕੱਢਣ ਦੇ
(ii) ਕਣਕ ਅਤੇ ਝੋਨੇ ਦੀ ਵਾਢੀ ਲਈ
(ii) ਕਣਕ ਅਤੇ ਝੋਨਾਂ ਬੀਜਣ ਲਈ
(iv) ਕਪਾਹ ਕੱਢਣ / ਚੁਗਣ ਲਈ ।
ਉੱਤਰ-
(ii) ਕਣਕ ਅਤੇ ਝੋਨੇ ਦੀ ਵਾਢੀ ਲਈ
ਪ੍ਰਸ਼ਨ 9.
ਦਿੱਤੇ ਹੋਏ ਚਿੱਤਰ ਵਿਚ XXXX ਪੱਟੀ ਕਿਸ ਉਪਜ ਨਾਲ ਸੰਬੰਧਿਤ ਹੈ ?
(i) ਚੌਲ
(ii) ਕਣਕ
(iii) ਚੌਲ ਤੇ ਕਣਕ ਦੋਨੋਂ
(iv) ਦੋਨੋਂ ਵਿੱਚ ਕੋਈ ਨਹੀਂ ।
ਉੱਤਰ-
(iii) ਚੌਲ ਤੇ ਕਣਕ ਦੋਨੋਂ
II.
ਪ੍ਰਸ਼ਨ 1.
ਸੰਸਾਰ ਵਿਚ ਸਭ ਤੋਂ ਜ਼ਿਆਦਾ ਚਾਹ ਕਿਹੜਾ ਦੇਸ਼ ਪੈਦਾ ਕਰਦਾ ਹੈ ?
(i) ਚੀਨ
(ii) ਭਾਰਤ
(iii) ਸ੍ਰੀਲੰਕਾ
(iv) ਜਾਪਾਨ ।
ਉੱਤਰ-
(ii) ਭਾਰਤ
ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜੀ ਫ਼ਸਲ ਰੇਸ਼ੇਦਾਰ ਹੈ ?
(i) ਚਾਹ
(ii) ਪਟਸਨ
(iii) ਮੱਕੀ
(iv) ਬਾਜਰਾ ।
ਉੱਤਰ-
(ii) ਪਟਸਨ
ਪ੍ਰਸ਼ਨ 3.
ਬਾਗਾਤੀ ਖੇਤੀ ਵਿਚ ਆਮ ਤੌਰ ਤੇ ਕਿਹੜੀ ਫ਼ਸਲ ਦੇ ਬਾਗ਼ ਲਗਾਏ ਜਾਂਦੇ ਹਨ ?
(i) ਚਾਹ
(ii) ਰਬੜ
(iii) ਕਾਫ਼ੀ
(iv) ਇਹ ਸਾਰੇ ।
ਉੱਤਰ-
(iv) ਇਹ ਸਾਰੇ ।
(ਬ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ………………….. ਖੇਤੀ ਨੂੰ ਝੂਮਿੰਗ ਖੇਤੀ ਵੀ ਕਹਿੰਦੇ ਹਨ ।
2. ਖੁਸ਼ਕ ਖੇਤੀ ਜ਼ਿਆਦਾਤਰ …………………. ਭਾਗਾਂ (ਦੇਸ਼ਾਂ) ਵਿਚ ਕੀਤੀ ਜਾਂਦੀ ਹੈ ।
3. ਚਾਵਲ ਦੇ ਉਤਪਾਦਨ ਵਿਚ ………………….. ਸੰਸਾਰ ਵਿਚ ਪਹਿਲੇ ਸਥਾਨ ‘ਤੇ ਹੈ।
ਉੱਤਰ-
1. ਸਥਾਨਾਂਤਰੀ
2. ਮਾਰੂਥਲੀ
3. ਚੀਨ ।
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਮੱਕੀ ਦੇ ਪੌਦੇ ਦੀ ਉਤਪੱਤੀ ਸੰਯੁਕਤ ਰਾਜ ਅਮਰੀਕਾ ਵਿਚ ਹੋਈ ।
2. ਪੰਜਾਬ ਰਾਜ ਦੇ ਸਿਰਫ ਸੀਮਾਵਰਤੀ ਜ਼ਿਲ੍ਹਿਆਂ ਵਿਚ ਕਣਕ ਪੈਦਾ ਕੀਤੀ ਜਾਂਦੀ ਹੈ ।
3. ਚਾਹ ਪਹਾੜੀ ਢਲਾਨਾਂ ‘ਤੇ ਉਗਾਈ ਜਾਂਦੀ ਹੈ ।
ਉੱਤਰ-
1. (√)
2. (×)
3. (√)
(ਹ) ਸਹੀ ਜੋੜੇ ਬਣਾਓ :
1. ਵਿਸ਼ਾਲ ਖੇਤੀ | ਉਪਜਾਂ ਅਤੇ ਪਸ਼ੂ-ਪਾਲਣ |
2. ਮਿਸ਼ਰਿਤ ਖੇਤੀ | ਵਾਰ-ਵਾਰ ਉਪਜ ਪ੍ਰਾਪਤ ਕਰਨਾ |
3. ਸੰਘਣੀ ਖੇਤੀ | ਖੇਤੀ ਮਸ਼ੀਨਾਂ ਦੀ ਵਰਤੋਂ |
4. ਸਥਾਈ ਖੇਤੀ | ਪੰਜਾਬ ਰਾਜ । |
ਉੱਤਰ-
1. ਵਿਸ਼ਾਲ ਖੇਤੀ | ਖੇਤੀ ਮਸ਼ੀਨਾਂ ਦੀ ਵਰਤੋਂ |
2. ਮਿਸ਼ਰਿਤ ਖੇਤੀ | ਉਪਜਾਂ ਅਤੇ ਪਸ਼ੂ-ਪਾਲਣ |
3. ਸੰਘਣੀ ਖੇਤੀ | ਪੰਜਾਬ ਰਾਜ |
4. ਸਥਾਈ ਖੇਤੀ | ਵਾਰ-ਵਾਰ ਉਪਜ ਪ੍ਰਾਪਤ ਕਰਨਾ | |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਥਾਈ ਖੇਤੀ ਕੀ ਹੁੰਦੀ ਹੈ ?
ਉੱਤਰ-
ਜਦੋਂ ਕਿਸਾਨ ਇਕ ਹੀ ਸਥਾਨ ‘ਤੇ ਰਹਿ ਕੇ ਖੇਤੀ ਕਰਦੇ ਹਨ ਤਾਂ ਉਸ ਨੂੰ ਸਥਾਈ ਖੇਤੀ ਕਹਿੰਦੇ ਹਨ । ਇਸ ਪ੍ਰਕਾਰ ਦੀ ਖੇਤੀ ਵਿਚ ਉਸ ਜ਼ਮੀਨ ‘ਤੇ ਵਾਰ-ਵਾਰ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ । ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੁਦਰਤੀ (ਜੈਵਿਕ) ਅਤੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ।
ਪ੍ਰਸ਼ਨ 2.
ਮਿਸ਼ਰਿਤ ਖੇਤੀ ਤੋਂ ਕੀ ਭਾਵ ਹੈ ?
ਉੱਤਰ-
ਮਿਸ਼ਰਿਤ ਖੇਤੀ ਵਿਚ ਅਨਾਜ, ਫਲ, ਸਬਜ਼ੀਆਂ ਆਦਿ ਉਗਾਉਣ ਦੇ ਨਾਲ-ਨਾਲ ਕਿਸਾਨ ਪਸ਼ੂ ਵੀ ਪਾਲਦਾ ਹੈ । ਇਸ ਵਿਚ ਮੱਛੀਆਂ ਅਤੇ ਮਧੂ-ਮੱਖੀਆਂ ਵੀ ਪਾਲੀਆਂ ਜਾਂਦੀਆਂ ਹਨ । ਇਸ ਪ੍ਰਕਾਰ ਕਿਸਾਨ ਦੀ ਆਮਦਨ ਕਾਫ਼ੀ ਵੱਧ ਜਾਂਦੀ ਹੈ ।
ਪ੍ਰਸ਼ਨ 3.
ਬਾਗਾਤੀ ਖੇਤੀ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-
ਬਾਗਾਤੀ ਖੇਤੀ ਵਿਚ ਫ਼ਸਲਾਂ ਨੂੰ ਬਾਗ਼ ਦੇ ਰੂਪ ਵਿਚ ਲਗਾਇਆ ਜਾਂਦਾ ਹੈ ਅਤੇ ਵੱਡੇ ਪੱਧਰ ‘ਤੇ ਖੇਤੀ ਕੀਤੀ ਜਾਂਦੀ ਹੈ । ਚਾਹ, ਕੌਫੀ, ਨਾਰੀਅਲ ਅਤੇ ਰਬੜ ਦੇ ਬਾਗ਼ ਬਾਗਾਤੀ ਖੇਤੀ ਦਾ ਉਦਾਹਰਨ ਹਨ । ਇਨ੍ਹਾਂ ਬਾਗਾਂ ਤੋਂ ਲਗਾਤਾਰ ‘ ਕਈ ਸਾਲਾਂ ਤਕ ਫਲ ਪ੍ਰਾਪਤ ਕੀਤਾ ਜਾਂਦਾ ਹੈ ।
ਪ੍ਰਸ਼ਨ 4.
ਰੇਸ਼ੇਦਾਰ ਅਤੇ ਪੀਣ ਯੋਗ (ਪੇਅ) ਫ਼ਸਲਾਂ ਦੀ ਸੂਚੀ ਬਣਾਓ ।
ਉੱਤਰ-
ਰੇਸ਼ੇਦਾਰ ਫ਼ਸਲਾਂ (Fibre Crops)
ਕਪਾਹ
ਪਟਸਨ
ਸਣ
ਪੀਣ ਯੋਗ ਪੇਅ ਫ਼ਸਲਾਂ (Beverage Crops)
ਚਾਹ
ਕੌਫ਼ੀ
ਕੋਕੋ
ਪ੍ਰਸ਼ਨ 5.
ਕਪਾਹ ਦੀ ਕਿਹੜੀ ਕਿਸਮ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਅਤੇ ਭਾਰਤ ਵਿਚ ਕਪਾਹ ਪੈਦਾ ਕਰਨ ਵਾਲੇ ਕਿਸੇ ਇੱਕ ਰਾਜ ਦਾ ਨਾਮ ਦੱਸੋ ।
ਉੱਤਰ-
ਲੰਬੇ ਰੇਸ਼ੇ ਵਾਲੀ ਕਪਾਹ ਸਭ ਤੋਂ ਚੰਗੀ ਕਿਸਮ ਦੀ ਕਪਾਹ ਮੰਨੀ ਜਾਂਦੀ ਹੈ । ਭਾਰਤ ਵਿਚ ਮਹਾਂਰਾਸ਼ਟਰ ਅਤੇ ਗੁਜਰਾਤ ਦੋ ਮੁੱਖ ਕਪਾਹ ਉਤਪਾਦਨ ਰਾਜ ਹਨ ।
ਪ੍ਰਸ਼ਨ 6.
ਸੰਸਾਰ ਦੇ ਅਮੀਰ ਦੇਸ਼ਾਂ ਦੇ ਲੋਕ ਚੌਲਾਂ ਦੀ ਬਜਾਏ ਕਣਕ ਖਾਣਾ ਜ਼ਿਆਦਾ ਪਸੰਦ ਕਿਉਂ ਕਰਦੇ ਹਨ ?
ਉੱਤਰ-
ਕਣਕ ਨੂੰ ਪ੍ਰੋਟੀਨ, ਕਾਰਬੋਹਾਈਡੇਟ ਅਤੇ ਵਿਟਾਮਿਨਾਂ ਨਾਲ ਭਰਪੂਰ ਅਨਾਜ ਮੰਨਿਆ ਜਾਂਦਾ ਹੈ । ਇਸੇ ਕਰਕੇ ਸੰਸਾਰ ਦੇ ਅਮੀਰ ਦੇਸ਼ਾਂ ਦੇ ਲੋਕ ਚੌਲਾਂ ਦੀ ਬਜਾਏ ਕਣਕ ਖਾਣਾ ਜ਼ਿਆਦਾ ਪਸੰਦ ਕਰਦੇ ਹਨ ।
ਪ੍ਰਸ਼ਨ 7.
ਮੱਕੀ ਦੀ ਫ਼ਸਲ ਲਈ ਲੋੜੀਂਦੇ ਤਾਪਮਾਨ ਅਤੇ ਵਰਖਾ ਦੀ ਮਾਤਰਾ ਲਿਖੋ । ਇਸ ਦੇ ਲਈ ਕਿਹੋ ਜਿਹਾ ਧਰਾਤਲ ਹੋਣਾ ਚਾਹੀਦਾ ਹੈ ?
ਉੱਤਰ-
ਤਾਪਮਾਨ – 18° ਸੈਲਸੀਅਸ ਤੋਂ 27° ਸੈਲਸੀਅਸ ਤਕ, ਕੋਹਰਾ ਰਹਿਤ ਹੋਣਾ ਚਾਹੀਦਾ ਹੈ । ਵਰਖਾ-50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤਕ । ਧਰਾਤਲ-ਹਲਕੀ ਢਲਾਨ ਵਾਲਾ ।
ਪ੍ਰਸ਼ਨ 8.
ਤੇਲ ਵਾਲੇ ਬੀਜ ਕੀ ਹੁੰਦੇ ਹਨ ? ਤੇਲ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਉਹ ਬੀਜ ਜਿਸ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ, ਤੇਲ ਵਾਲੇ ਬੀਜ ਕਹਾਉਂਦੇ ਹਨ । ਇਨ੍ਹਾਂ ਵਿਚ ਸਰੋਂ, ਤਿਲ, ਸੂਰਜਮੁਖੀ ਦੇ ਬੀਜ ਸ਼ਾਮਿਲ ਹਨ । ਤੇਲ ਸਾਡੇ ਭੋਜਨ ਅਤੇ ਹੋਰ ਲੋੜਾਂ ਨੂੰ ਪੂਰਾ ਕਰਦੇ ਹਨ ।
ਪ੍ਰਸ਼ਨ 9.
ਰੇਸ਼ਾ ਸਾਨੂੰ ਕਿਹੜੇ-ਕਿਹੜੇ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ ? ਭੇਡ ਤੋਂ ਮਿਲਣ ਵਾਲਾ ਰੇਸ਼ਾ ਕਿਸ ਕੰਮ ਆਉਂਦਾ ਹੈ ?
ਉੱਤਰ-
ਰੇਸ਼ਾ ਸਾਨੂੰ ਜਾਨਵਰਾਂ ਅਤੇ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ । ਭੇਡ ਤੋਂ ਮਿਲਣ ਵਾਲਾ ਰੇਸ਼ਾ (ਉੱਨ) ਗਰਮ ਕੱਪੜੇ ਬਣਾਉਣ ਦੇ ਕੰਮ ਆਉਂਦਾ ਹੈ ।
ਪ੍ਰਸ਼ਨ 10.
ਕਪਾਹ ਦੇ ਰੇਸ਼ੇ ਦਾ ਕੀ ਉਪਯੋਗ ਹੈ ?
ਉੱਤਰ-
ਕਪਾਹ ਦਾ ਰੇਸ਼ਾ ਸੂਤੀ ਕੱਪੜਾ ਉਦਯੋਗ ਵਿਚ ਕੱਚੇ ਮਾਲ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਇਸ ਤੋਂ ਬਣਿਆ ਕੱਪੜਾ ਭਾਰ ਵਿਚ ਹਲਕਾ ਅਤੇ ਪਹਿਨਣ ਵਿਚ ਉੱਤਮ ਹੁੰਦਾ ਹੈ ।
ਪ੍ਰਸ਼ਨ 11.
ਭਾਰਤ ਵਿਚ ਕਪਾਹ ਪੈਦਾ ਕਰਨ ਵਾਲੇ ਮੁੱਖ ਰਾਜਾਂ ਦੇ ਨਾਂ ਦੱਸੋ । ਇਨ੍ਹਾਂ ਰਾਜਾਂ ਵਿਚ ਕਪਾਹ ਜ਼ਿਆਦਾ ਪੈਦਾ ਹੋਣ ਦਾ ਕੀ ਕਾਰਨ ਹੈ ?
ਉੱਤਰ-
ਭਾਰਤ ਵਿਚ ਕਪਾਹ ਪੈਦਾ ਕਰਨ ਵਾਲੇ ਮੁੱਖ ਰਾਜ ਮਹਾਂਰਾਸ਼ਟਰ, ਗੁਜਰਾਤ ਅਤੇ ਤੇਲੰਗਾਨਾ ਹਨ । ਇਹ ਰਾਜ ਦੇਸ਼ ਦੀ 60% ਤੋਂ ਵੀ ਜ਼ਿਆਦਾ ਕਪਾਹ ਪੈਦਾ ਕਰਦੇ ਹਨ । ਇਨ੍ਹਾਂ ਰਾਜਾਂ ਵਿਚ ਵਧੇਰੇ ਕਪਾਹ ਪੈਦਾ ਹੋਣ ਦਾ ਮੁੱਖ ਕਾਰਨ ਇੱਥੇ ਮਿਲਣ ਵਾਲੀ ਕਾਲੀ ਮਿੱਟੀ ਹੈ ।
ਪ੍ਰਸ਼ਨ 12.
ਚਾਹ ਦੀ ਖੇਤੀ ਪਹਾੜੀ ਢਲਾਨਾਂ ‘ਤੇ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਚਾਹ ਦੇ ਪੌਦੇ ਨੂੰ ਸਾਰਾ ਸਾਲ ਇਕ ਸਮਾਨ ਵਰਖਾ ਦੀ ਲੋੜ ਹੁੰਦੀ ਹੈ । ਪਰ ਵਰਖਾ ਦਾ ਪਾਣੀ ਪੌਦੇ ਦੀਆਂ ਜੜ੍ਹਾਂ ਵਿਚ ਖੜ੍ਹਾ ਨਹੀਂ ਹੋਣਾ ਚਾਹੀਦਾ | ਪਹਾੜੀ ਢਲਾਨਾਂ ਇਨ੍ਹਾਂ ਗੱਲਾਂ ਲਈ ਅਨੁਕੂਲ ਹੁੰਦੀਆਂ ਹਨ ।
ਪ੍ਰਸ਼ਨ 13.
ਕੌਫ਼ੀ ਪਾਊਡਰ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਇਸਦਾ ਕਿਹੜਾ ਤੱਤ ਸਾਡੇ ਸਰੀਰ ਵਿਚ ਉਤੇਜਨਾ ਪੈਦਾ ਕਰਦਾ ਹੈ ?
ਉੱਤਰ-
ਕੌਫ਼ੀ ਪਾਊਡਰ ਕੌਫ਼ੀ ਦੇ ਬੀਜਾਂ ਨੂੰ ਸੁਕਾ ਕੇ, ਭੁੰਨ ਕੇ ਅਤੇ ਪੀਸ ਕੇ ਤਿਆਰ ਕੀਤਾ ਜਾਂਦਾ ਹੈ । ਕੌਫ਼ੀ ਦਾ ‘ਕੈਫ਼ੀਨ’ ਨਾਂ ਦਾ ਤੱਤ ਸਾਡੇ ਸਰੀਰ ਵਿਚ ਉਤੇਜਨਾ ਪੈਦਾ ਕਰਦਾ ਹੈ ।
ਪ੍ਰਸ਼ਨ 14.
ਕੌਫ਼ੀ ਦਾ ਪੌਦਾ ਕਿਵੇਂ ਉਗਾਇਆ ਜਾਂਦਾ ਹੈ ?
ਉੱਤਰ-
ਕੌਫ਼ੀ ਦੇ ਪੌਦੇ ਪਹਿਲਾਂ ਨਰਸਰੀ ਵਿਚ ਉਗਾਏ ਜਾਂਦੇ ਹਨ । ਛੇ ਜਾਂ ਅੱਠ ਮਹੀਨੇ ਬਾਅਦ ਇਨ੍ਹਾਂ ਨੂੰ ਤਿਆਰ ਖੇਤਾਂ ਵਿਚ ਲਗਾ ਦਿੱਤਾ ਜਾਂਦਾ ਹੈ । ਜਦੋਂ ਪੌਦੇ ਤਿੰਨ-ਚਾਰ ਸਾਲ ਦੇ ਹੋ ਜਾਂਦੇ ਹਨ, ਤਾਂ ਇਹ ਫਲ ਦੇਣ ਲਗਦੇ ਹਨ ।
ਪ੍ਰਸ਼ਨ 15.
ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿਚ ਖੇਤੀ ਦੇ ਵਿਕਾਸ ਵਿਚ ਕਾਫ਼ੀ ਭਿੰਨਤਾਵਾਂ ਦੇਖਣ ਨੂੰ ਮਿਲਦੀਆਂ ਹਨ । ਇਸਦਾ ਇਕ ਉਦਾਹਰਨ ਦਿਓ । ‘
ਉੱਤਰ-
ਅਫ਼ਰੀਕਾ ਮਹਾਂਦੀਪ ਦੇ ਬਹੁਤ ਸਾਰੇ ਭਾਗਾਂ ਵਿਚ ਖੇਤੀ ਅਜੇ ਵੀ ਪਿਛੜੀ ਅਵਸਥਾ ਵਿਚ ਹੈ । ਦੂਜੇ ਪਾਸੇ ਉੱਤਰੀ ਅਮਰੀਕਾ ਮਹਾਂਦੀਪ ਦੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿਚ ਖੇਤੀ ਇਕ ਬਹੁਤ ਹੀ ਲਾਭਦਾਇਕ ਧੰਦਾ ਮੰਨਿਆ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਥਾਨਅੰਤਰੀ ਖੇਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸਥਾਨਅੰਤਰੀ ਖੇਤੀ ਆਮ ਤੌਰ ‘ਤੇ ਪਰਬਤੀ ਖੇਤਰਾਂ ਅਤੇ ਖੁੱਲ੍ਹੇ ਜੰਗਲਾਂ ਵਿਚ ਰਹਿਣ ਵਾਲੇ ਲੋਕ ਕਰਦੇ ਹਨ । ਉਹ ਜੰਗਲ ਦੇ ਇਕ ਟੁਕੜੇ ਦੇ ਰੁੱਖ-ਪੌਦੇ ਸਾਫ਼ ਕਰਕੇ ਉੱਥੇ ਕੁੱਝ ਸਮੇਂ ਲਈ ਖੇਤੀ ਕਰਦੇ ਹਨ । ਜਦੋਂ ਉਸ ਸਥਾਨ ਦੀ ਉਪਜਾਊ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਇਹ ਲੋਕ ਉਸ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ ‘ਤੇ ਜਾ ਕੇ ਖੇਤੀ ਕਰਨ ਲੱਗਦੇ ਹਨ । ਇਸ ਪ੍ਰਕਾਰ ਦੀ ਖੇਤੀ ਲੋਕ ਆਮ ਤੌਰ ‘ਤੇ ਆਪਣਾ ਗੁਜ਼ਾਰਾ ਕਰਨ ਲਈ ਕਰਦੇ ਹਨ । ਸਥਾਨਅੰਤਰੀ ਖੇਤੀ ਨੂੰ ਝੂਮਿੰਗ ਖੇਤੀ (Zhuming Cultivation) ਵੀ ਕਹਿੰਦੇ ਹਨ | ਅਜੇ ਵੀ ਸੰਸਾਰ ਦੇ ਕਈ ਦੇਸ਼ਾਂ ਵਿਚ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ ।
ਪ੍ਰਸ਼ਨ 2.
ਖੁਸ਼ਕ ਖੇਤੀ ਅਤੇ ਗਿੱਲੀ ਖੇਤੀ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਖੁਸ਼ਕ ਖੇਤੀ | ਗਿੱਲੀ ਖੇਤੀ |
(1) ਇਸ ਪ੍ਰਕਾਰ ਦੀ ਖੇਤੀ ਘੱਟ ਵਰਖਾ ਵਾਲੇ ਖੇਤਰਾਂ ਵਿਚ ਕੀਤੀ ਜਾਂਦੀ ਹੈ । ਇਨ੍ਹਾਂ ਖੇਤਰਾਂ ਵਿਚ ਵਰਖਾ 50 ਸੈਂ. ਮੀ. ਤੋਂ ਵੀ ਘੱਟ ਹੁੰਦੀ ਹੈ । | (1) ਇਸ ਪ੍ਰਕਾਰ ਦੀ ਖੇਤੀ ਵਧੇਰੇ ਵਰਖਾ ਵਾਲੇ ਖੇਤਰਾਂ ਵਿਚ ਕੀਤੀ ਜਾਂਦੀ ਹੈ । ਇਨ੍ਹਾਂ ਖੇਤਰਾਂ ਵਿਚ ਵਰਖਾ 200 ਸੈਂ.ਮੀ. ਜਾਂ ਉਸ ਤੋਂ ਵਧੇਰੇ ਹੁੰਦੀ ਹੈ । |
(2) ਇਹ ਖੇਤੀ ਸੰਸਾਰ ਦੇ ਮਾਰੂਥਲੀ ਭਾਗਾਂ, ਜਿਨ੍ਹਾਂ ਵਿਚ ਰਾਜਸਥਾਨ ਵੀ ਸ਼ਾਮਿਲ ਹੈ, ਵਿਚ ਕੀਤੀ ਜਾਂਦੀ ਹੈ । | (2) ਇਹ ਖੇਤੀ ਏਸ਼ੀਆ ਦੇ ਅਧਿਕ ਵਰਖਾ ਵਾਲੇ ਦੱਖਣੀ-ਪੂਰਬੀ ਭਾਗਾਂ ਵਿਚ ਕੀਤੀ ਜਾਂਦੀ ਹੈ । ਭਾਰਤ ਵਿਚ ਇਸ ਪ੍ਰਕਾਰ ਦੀ ਖੇਤੀ ਪੱਛਮੀ ਬੰਗਾਲ, ਉੜੀਸਾ ਅਤੇ ਦੱਖਣੀ ਭਾਰਤ ਦੇ ਵਧੇਰੇ ਵਰਖਾ ਵਾਲੇ ਭਾਗਾਂ ਵਿਚ ਹੁੰਦੀ ਹੈ । |
(3) ਖੁਸ਼ਕ ਖੇਤੀ ਵਿਚ ਦਾਲਾਂ, ਜੌ, ਮੱਕੀ ਆਦਿ ਫ਼ਸਲਾਂ ਉਗਾਈਆਂ ਜਾਂਦੀਆਂ ਹਨ । | (3) ਗਿੱਲੀ ਖੇਤੀ ਦੀ ਮੁੱਖ ਫ਼ਸਲ ਚੌਲ ਹੈ । |
ਪ੍ਰਸ਼ਨ 3.
ਨਿੱਜੀ ਖੇਤੀ ਅਤੇ ਸਾਂਝੀ ਖੇਤੀ ਵਿਚ ਅੰਤਰ ਦੱਸੋ ।
ਉੱਤਰ-
ਨਿੱਜੀ ਖੇਤੀ – ਨਿੱਜੀ ਖੇਤੀ ਵਿਚ ਕਿਸਾਨ ਖੁਦ ਜ਼ਮੀਨ ਦਾ ਮਾਲਕ ਹੁੰਦਾ ਹੈ । ਖੇਤੀ ਵਿਚ ਵਰਤੇ ਜਾਣ ਵਾਲੇ ਸਾਰੇ ਸੰਦ, ਖਾਦ ਅਤੇ ਵਸਤੂਆਂ ਦਾ ਨਿਯੰਤਰਨ ਕਿਸਾਨ ਦੇ ਆਪਣੇ ਹੱਥ ਵਿਚ ਹੁੰਦਾ ਹੈ । ਜ਼ਮੀਨ ਤੋਂ ਹੋਣ ਵਾਲੀ ਪੂਰੀ ਆਮਦਨ ਕਿਸਾਨ ਦੀ ਆਪਣੀ ਨਿੱਜੀ ਆਮਦਨ ਹੁੰਦੀ ਹੈ ।
ਸਾਂਝੀ ਖੇਤੀ – ਇਸ ਪ੍ਰਕਾਰ ਦੀ ਖੇਤੀ ਵਿਚ ਜ਼ਮੀਨ ‘ਤੇ ਸਰਕਾਰ ਦਾ ਅਧਿਕਾਰ ਹੁੰਦਾ ਹੈ । ਖੇਤੀ ਤੋਂ ਪ੍ਰਾਪਤ ਆਮਦਨ ਦਾ ਕੁੱਝ ਭਾਗ ਸਰਕਾਰ ਨੂੰ ਕਰ ਦੇ ਰੂਪ ਵਿਚ ਚਲਾ ਜਾਂਦਾ ਹੈ । ਬਾਕੀ ਲਾਭ ਜ਼ਮੀਨ ‘ਤੇ ਕੰਮ ਕਰਨ ਵਾਲੇ ਕਿਸਾਨਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਦੀ ਖੇਤੀ ਪੂਰਵ ਸੋਵੀਅਤ ਸੰਘ (USSR) ਦੇ ਦੇਸ਼ਾਂ ਵਿਚ ਵਧੇਰੇ ਪ੍ਰਚਲਿਤ ਸੀ ।
ਪ੍ਰਸ਼ਨ 4.
ਸਹਿਕਾਰੀ ਖੇਤੀ ਦੇ ਬਾਰੇ ਵਿਚ ਲਿਖੋ ।
ਉੱਤਰ-
ਸਹਿਕਾਰੀ ਖੇਤੀ ਵਿਚ ਕਿਸਾਨ ਆਪਸ ਵਿਚ ਮਿਲ ਕੇ ਇਕ ਸਹਿਕਾਰੀ ਸੰਸਥਾ ਬਣਾ ਲੈਂਦੇ ਹਨ । ਸਾਰੇ ਮੈਂਬਰ ਕਿਸਾਨ ਆਪਣੀ-ਆਪਣੀ ਜ਼ਮੀਨ ‘ਤੇ ਖੇਤੀ ਕਰਦੇ ਹਨ । ਫ਼ਸਲ ਆਦਿ ਦਾ ਸਾਰਾ ਹਿਸਾਬ-ਕਿਤਾਬ ਸਹਿਕਾਰੀ ਸੰਸਥਾ ਦੇ ਹੱਥਾਂ ਵਿਚ ਹੁੰਦਾ ਹੈ । ਸੰਸਥਾ ਦੁਆਰਾ ਉਹ ਹੀ ਫ਼ੈਸਲਾ ਲਿਆ ਜਾਂਦਾ ਹੈ ਜਿਹੜਾ ਸਾਰੇ ਮੈਂਬਰਾਂ ਦੇ ਹਿਤ ਵਿਚ ਹੁੰਦਾ ਹੈ । ਖੇਤੀ ਤੋਂ ਪ੍ਰਾਪਤ ਲਾਭ ਨੂੰ ਸਾਰੇ ਮੈਂਬਰਾਂ ਦੇ ਵਿਚਾਲੇ ਉਨ੍ਹਾਂ ਦੀ ਜ਼ਮੀਨ ਦੇ ਅਨੁਪਾਤ ਵਿਚ ਵੰਡਿਆ ਜਾਂਦਾ ਹੈ । ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਘੱਟ ਹੁੰਦੀ ਹੈ, ਉਨ੍ਹਾਂ ਲਈ ਤਾਂ ਸਹਿਕਾਰੀ ਖੇਤੀ ਵਰਦਾਨ ਸਿੱਧ ਹੋਈ ਹੈ । ਇਸ ਲਈ ਸਰਕਾਰ ਇਸ ਪ੍ਰਕਾਰ ਦੀ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ ।
ਪ੍ਰਸ਼ਨ 5.
ਚੌਲਾਂ ਦੀ ਖੇਤੀ ਲਈ ਅਨੁਕੂਲ ਹਾਲਤਾਂ ਦੀ ਸੂਚੀ ਬਣਾਓ ।
ਉੱਤਰ-
ਤਾਪਮਾਨ- 20° ਸੈਲਸੀਅਸ ਤੋਂ 30° ਸੈਲਸੀਅਸ ਤਕ ।
ਵਰਖਾ – 100 ਤੋਂ 200 ਸੈਂਟੀਮੀਟਰ ਤਕ । ਘੱਟ ਵਰਖਾ ਵਾਲੇ ਖੇਤਰਾਂ ਵਿਚ ਸਿੰਚਾਈ ਸਹੂਲਤ ਉਪਲੱਬਧ ਹੋਣੀ ਚਾਹੀਦੀ ਹੈ ।
ਮਿੱਟੀ – ਜਲੌੜ, ਚੀਕਣੀ, ਦੋਮਟ, ਡੈਲਟਾਈ ਜਾਂ ਕਾਲੀ ਮਿੱਟੀ ।
ਧਰਾਤਲ – ਜ਼ਮੀਨ ਪੱਧਰੀ ਹੋਣੀ ਚਾਹੀਦੀ ਹੈ ਤਾਂ ਕਿ ਵਰਖਾ ਜਾਂ ਸਿੰਚਾਈ ਦੁਆਰਾ ਪ੍ਰਾਪਤ ਪਾਣੀ ਖੇਤਾਂ ਵਿਚ ਖੜ੍ਹਾ ਰਹਿ ਸਕੇ ।
ਮਜ਼ਦੂਰ – ਚੌਲਾਂ ਦੀ ਖੇਤੀ ਲਈ ਵਿਸ਼ੇਸ਼ ਕਰਕੇ ਜਦੋਂ ਚੌਲਾਂ ਦੀ ਪਨੀਰੀ ਲਗਾਉਣ ਅਤੇ ਫ਼ਸਲ ਕੱਟਣ ਦੇ ਸਮੇਂ ਵਧੇਰੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ । ਮਜ਼ਦੂਰ ਸਿਖਲਾਈ ਪ੍ਰਾਪਤ ਅਤੇ ਕੁਸ਼ਲ ਹੋਣੇ ਚਾਹੀਦੇ ਹਨ ।
ਪ੍ਰਸ਼ਨ 6.
ਸੰਸਾਰ ਅਤੇ ਭਾਰਤ ਵਿਚ ਮੱਕੀ ਪੈਦਾ ਕਰਨ ਵਾਲੇ ਖੇਤਰਾਂ ਦੀ ਸੰਖੇਪ ਜਾਣਕਾਰੀ ਦਿਓ ।’ ‘
ਉੱਤਰ-
ਸੰਸਾਰ – ਸੰਸਾਰ ਵਿਚ ਮੱਕੀ ਪੈਦਾ ਕਰਨ ਵਾਲੇ ਮੁੱਖ ਦੇਸ਼ ਯੂ. ਐੱਸ. ਏ., ਚੀਨ ਅਤੇ ਬ੍ਰਾਜ਼ੀਲ ਹਨ । ਸੰਸਾਰ ਦੀ ਲਗਪਗ ਅੱਧੀ ਮੱਕੀ ਇਕੱਲਾ ਯੂ. ਐੱਸ. ਏ. ਪੈਦਾ ਕਰਦਾ ਹੈ । ਯੂ. ਐੱਸ. ਏ. ਦੀ ਮੱਕਾ ਪੇਟੀ (Corn Belt) ਸੰਸਾਰ ਭਰ ਵਿਚ ਪ੍ਰਸਿੱਧ ਹੈ । ਇੱਥੇ ਸੁਰ, ਘੋੜੇ ਅਤੇ ਹੋਰ ਪਸ਼ੂ ਮੱਕੀ ‘ਤੇ ਪਾਲੇ ਜਾਂਦੇ ਹਨ । ਬਾਜ਼ੀਲ ਅਤੇ ਅਰਜਨਟੀਨਾ ਵਿਚ ਵੀ ਮੱਕੀ ਦਾ ਬਹੁਤ ਜ਼ਿਆਦਾ ਉਤਪਾਦਨ ਹੁੰਦਾ ਹੈ ।
ਭਾਰਤ – ਭਾਰਤ ਦੀ ਅੱਧੀ ਤੋਂ ਵੀ ਜ਼ਿਆਦਾ ਮੱਕੀ ਦਾ ਉਤਪਾਦਨ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਰਾਜਸਥਾਨ ਰਾਜ ਕਰਦੇ ਹਨ । ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮਹਾਂਰਾਸ਼ਟਰ, ਗੁਜਰਾਤ ਅਤੇ ਪੰਜਾਬ ਮੱਕੀ ਪੈਦਾ ਕਰਨ ਵਾਲੇ ਰਾਜ ਹਨ । ਪੰਜਾਬ ਦੇ ਰੂਪ ਨਗਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਮੱਕੀ ਦੀ ਖੇਤੀ ਲਈ ਪ੍ਰਸਿੱਧ ਹਨ ।
ਪ੍ਰਸ਼ਨ 7.
ਪੰਜਾਬ ਵਿਚ ਖੇਤੀ ਦੇ ਵਿਕਾਸ ‘ਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਖੇਤੀ ਵਿਚ ਭਾਰਤ ਦੇ ਹੋਰ ਰਾਜਾਂ ਤੋਂ ਅੱਗੇ ਹੈ । ਇੱਥੋਂ ਦੀ ਖੇਤੀ ਦੇ ਵਿਕਾਸ ਦੀ ਝਲਕ ਹੇਠ ਲਿਖੀਆਂ ਗੱਲਾਂ ਵਿਚ ਦੇਖੀ ਜਾ ਸਕਦੀ ਹੈ-
- ਪੰਜਾਬ ਦੇ ਲਗਪਗ 58% ਲੋਕ ਖੇਤੀ ਵਿਚ ਲੱਗੇ ਹੋਏ ਹਨ | ਰਾਜ ਦੀ ਕੁੱਲ ਆਮਦਨ ਵਿਚ ਖੇਤੀ ਦਾ ਯੋਗਦਾਨ 35% ਹੈ ।
- ਇੱਥੋਂ ਦੀ ਮਿੱਟੀ ਉਪਜਾਊ ਹੈ । ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰੱਖਣ ਲਈ ਕਿਸਾਨ ਖਾਦਾਂ ਦਾ ਪ੍ਰਯੋਗ ਕਰਦੇ ਹਨ ।
- ਪੰਜਾਬ ਦਾ ਕਿਸਾਨ ਆਪਣੇ ਖੇਤਾਂ ਵਿਚ ਅਲੱਗ-ਅਲੱਗ ਪ੍ਰਕਾਰ ਦੀ ਫ਼ਸਲ ਉਗਾਉਂਦਾ ਹੈ । ਵਧੇਰੇ ਉਤਪਾਦਨ ਲਈ ਉਹ ਵਿਕਸਿਤ ਬੀਜਾਂ ਦਾ ਪ੍ਰਯੋਗ ਕਰਦਾ ਹੈ । ਖੇਤ ਦੇ ਅਨੁਰੂਪ ਟਰੈਕਟਰ ਅਤੇ ਹਾਰਵੈਸਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ ।
- ਪੰਜਾਬ ਵਿਚ ਸਾਰੀ ਖੇਤੀ ਯੋਗ ਜ਼ਮੀਨ ਸਿੰਚਾਈ ‘ਤੇ ਨਿਰਭਰ ਕਰਦੀ ਹੈ ।
- ਖੇਤੀ ਵਿਚ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰ ਦਵਾਈਆਂ ਦਾ ਪ੍ਰਯੋਗ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।
- ਪੰਜਾਬ ਦਾ ਕਿਸਾਨ ਬੇਸ਼ੱਕ ਮਸ਼ੀਨਾਂ ਦਾ ਪ੍ਰਯੋਗ ਕਰਦਾ ਹੈ, ਫਿਰ ਵੀ ਉਸਨੂੰ ਮਜ਼ਦੂਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਕਪਾਹ ਕਿਹੋ ਜਿਹੀ ਫ਼ਸਲ ਹੈ ? ਇਸਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ? ਕਪਾਹ ਪੈਦਾ ਕਰਨ ਵਾਲੇ ਖੇਤਰਾਂ ਦੇ , ਬਾਰੇ ਵਿਚ ਲਿਖੋ ।
ਉੱਤਰ-
ਕਪਾਹ ਇਕ ਰੇਸ਼ੇਦਾਰ ਫ਼ਸਲ ਹੈ । ਇਸ ਦੀ ਵਰਤੋਂ ਸੂਤੀ ਕੱਪੜਾ ਉਦਯੋਗ ਵਿਚ ਕੱਚੇ ਮਾਲ ਦੇ ਰੂਪ ਵਿਚ ਕੀਤੀ ਜਾਂਦੀ ਹੈ । ਇਸ ਤੋਂ ਬਣਨ ਵਾਲਾ ਕੱਪੜਾ ਭਾਰ ਵਿਚ ਹਲਕਾ ਅਤੇ ਪਹਿਨਣ ਵਿਚ ਉੱਤਮ ਕੁਆਲਟੀ ਦਾ ਮੰਨਿਆ ਜਾਂਦਾ ਹੈ । ਕਪਾਹ ਨੂੰ ਰੇਸ਼ਿਆਂ ਦੇ ਆਧਾਰ ‘ਤੇ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ-ਲੰਬੇ ਰੇਸ਼ਿਆਂ ਵਾਲੀ ਕਪਾਹ, ਮੱਧਮ ਦਰਜੇ ਦੇ ਰੇਸ਼ਿਆਂ ਵਾਲੀ ਕਪਾਹ ਅਤੇ ਛੋਟੇ ਰੇਸ਼ਿਆਂ ਵਾਲੀ ਕਪਾਹ । ਲੰਬੇ ਰੇਸ਼ਿਆਂ ਵਾਲੀ ਕਪਾਹ ਸਭ ਤੋਂ ਵਧੀਆ ਅਤੇ ਕੀਮਤ ਵਿਚ ਮਹਿੰਗੀ ਹੁੰਦੀ ਹੈ ।
ਕਪਾਹ ਦੀ ਖੇਤੀ – ਕਪਾਹ ਮੈਦਾਨੀ ਭਾਗਾਂ ਵਿਚ ਅਪਰੈਲ-ਮਈ ਵਿਚ ਬੀਜੀ ਜਾਂਦੀ ਹੈ ਅਤੇ ਕੋਹਰਾ ਸ਼ੁਰੂ ਹੋਣ ਤੋਂ ਪਹਿਲਾਂ ਦਸੰਬਰ ਤਕ ਚੁਗ ਲਈ ਜਾਂਦੀ ਹੈ । ਭਾਰਤ ਦੇ ਦੱਖਣੀ ਭਾਗਾਂ ਵਿਚ ਕਪਾਹ ਦੀ ਫ਼ਸਲ ਅਕਤੂਬਰ ਤੋਂ ਲੈ ਕੇ ਅਪਰੈਲਮਈ ਤਕ ਹੁੰਦੀ ਹੈ, ਕਿਉਂਕਿ ਉੱਥੇ ਠੰਡ ਜਾਂ ਕੋਹਰੇ ਦੀ ਕੋਈ ਸੰਭਾਵਨਾ ਨਹੀਂ ਹੁੰਦੀ । ਕਪਾਹ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਚੰਗੇ ਬੀਜਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਕਪਾਹ ਦੇ ਫੁੱਲ ਜਾਂ ਡੋਡੇ ਚੁਗਣ ਲਈ ਸਸਤੇ ਅਤੇ ਕੁਸ਼ਲ ਮਜ਼ਦੂਰਾਂ ਕਾਮਿਆਂ ਦੀ ਲੋੜ ਹੁੰਦੀ ਹੈ ।
ਕਪਾਹ ਪੈਦਾ ਕਰਨ ਵਾਲੇ ਖੇਤਰ-ਸੰਸਾਰ – ਕਪਾਹ ਪੈਦਾ ਕਰਨ ਵਿਚ ਯੂ. ਐੱਸ. ਏ. ਸੰਸਾਰ ਵਿਚ ਪਹਿਲੇ ਸਥਾਨ ‘ਤੇ ਅਤੇ ਚੀਨ ਦੂਜੇ ਸਥਾਨ ‘ਤੇ ਹੈ । ਭਾਰਤ ਨੂੰ ਕਪਾਹ ਪੈਦਾ ਕਰਨ ਵਿਚ ਤੀਜਾ ਸਥਾਨ ਪ੍ਰਾਪਤ ਹੈ । ਕਪਾਹ ਦੇ ਹੋਰ ਮੁੱਖ ਉਤਪਾਦਕ ਪੂਰਵ ਸੋਵੀਅਤ ਸੰਘ ਦੇ ਦੇਸ਼, ਮੈਕਸੀਕੋ, ਮਿਸਰ, ਸੂਡਾਨ ਅਤੇ ਪਾਕਿਸਤਾਨ ਹਨ । ਮਿਸਰ ਆਪਣੇ ਲੰਬੇ ਰੇਸ਼ੇ ਵਾਲੀ ਕਪਾਹ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ । ਯੂ. ਐੱਸ. ਏ. ਵਿਚ ਕਪਾਹ ਦਾ ਉਤਪਾਦਨ ਹੌਲੀ-ਹੌਲੀ ਘੱਟ ਹੋ ਰਿਹਾ ਹੈ ।
ਭਾਰਤ – ਭਾਰਤ ਵਿਚ ਕਾਲੀ ਮਿੱਟੀ ਵਾਲੇ ਰਾਜ ਕਪਾਹ ਪੈਦਾ ਕਰਨ ਵਿਚ ਹੋਰ ਰਾਜਾਂ ਤੋਂ ਅੱਗੇ ਹਨ । ਭਾਰਤ ਵਿਚ ਵੀ ਵਧੀਆ ਕਿਸਮ ਦੇ ਬੀਜ ਅਤੇ ਰਸਾਇਣਿਕ ਖਾਦਾਂ ਦੀ ਸਹਾਇਤਾ ਨਾਲ ਲੰਬੇ ਰੇਸ਼ੇ ਵਾਲੀ ਕਪਾਹ ਪੈਦਾ ਕੀਤੀ ਜਾਂਦੀ ਹੈ । ਦੇਸ਼ ਵਿਚ ਕਪਾਹ ਪੈਦਾ ਕਰਨ ਵਾਲੇ ਰਾਜਾਂ ਵਿਚ ਮਹਾਂਰਾਸ਼ਟਰ, ਗੁਜਰਾਤ, ਤੇਲੰਗਾਨਾ ਅਤੇ ਸੀਮਾਂਤਰ ਮੁੱਖ ਹਨ । ਇਹ ਰਾਜ ਦੇਸ਼ ਦੇ 60% ਤੋਂ ਵੀ ਜ਼ਿਆਦਾ ਕਪਾਹ ਪੈਦਾ ਕਰਦੇ ਹਨ । ਇਨ੍ਹਾਂ ਦੇਸ਼ਾਂ ਵਿਚ ਮੁੱਖ ਤੌਰ ‘ਤੇ ਕਾਲੀ ਮਿੱਟੀ ਪਾਈ ਜਾਂਦੀ ਹੈ ਹੈ, ਜਿਹੜੀ ਕਪਾਹ ਪੈਦਾ ਕਰਨ ਲਈ ਉੱਤਮ ਮੰਨੀ ਜਾਂਦੀ ਹੈ ।
ਪੰਜਾਬ ਅਤੇ ਹਰਿਆਣਾ ਦੋਵੇਂ ਰਾਜ ਮਿਲ ਕੇ ਦੇਸ਼ ਦੀ ਲਗਪਗ 25% ਕਪਾਹ ਪੈਦਾ ਕਰਦੇ ਹਨ । ਦੇਸ਼ ਵਿਚ ਅਮਰਾਵਤੀ, ਨੰਦੇੜ, ਵਾਰਧਾ ਅਤੇ ਜਲਗਾਉਂ (ਮਹਾਂਰਾਸ਼ਟਰ), ਸੁਰਿੰਦਰ ਨਗਰ ਅਤੇ ਵਧੋਦਰਾ (ਗੁਜਰਾਤ), ਗੰਟੂਰ ਅਤੇ ਪਰਕਾਸਮ (ਸਾਬਕਾ ਆਂਧਰਾ ਪ੍ਰਦੇਸ਼ ਅਤੇ ਬਠਿੰਡਾ, ਫ਼ਿਰੋਜ਼ਪੁਰ ਅਤੇ ਸੰਗਰੂਰ (ਪੰਜਾਬ ਆਦਿ ਜ਼ਿਲ੍ਹੇ ਕਪਾਹ ਪੈਦਾ ਕਰਨ ਲਈ ਪ੍ਰਸਿੱਧ ਹਨ । ਪੰਜਾਬ ਵਿਚ ਬੀ. ਟੀ. ਕਾਟਨ ਬੀਜ ਦੇ ਚੰਗੇ ਨਤੀਜੇ ਨਿਕਲੇ ਹਨ । ਪੰਜਾਬ ਦੇ ਮਾਲਵਾ ਖੇਤਰ ਵਿਚ ਇਸ ਨੂੰ ਸਫੈਦ ਸੋਨਾ ਜਾਂ ਸ਼ਵੇਤ ਸੋਨਾ ਵੀ ਕਿਹਾ ਜਾਂਦਾ ਹੈ ।